KVK Fatehgarh Sahib: ਪੰਜਾਬ ਦੀ 70% ਆਬਾਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀਬਾੜੀ ਨਾਲ ਜੁੜੀ ਹੋਈ ਹੈ। ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਆਪਣੀ ਜੀ-ਤੌੜ ਮਿਹਨਤ, ਅਨੂਕੂਲ਼ ਵਾਤਾਵਰਣ ਅਤੇ ਕੁਦਰਤੀ ਸਰੌਤਾਂ ਦੀ ਉਪਲੱਬਧਤਾ ਸਦਕਾ ਖੇਤੀ ਵਿੱਚ ਨਵੀਆਂ ਮੱਲਾਂ ਮਾਰੀਆਂ ਹਨ। ਇਹਨਾਂ ਸਭ ਖੂਬੀਆਂ ਕਰਕੇ ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਦਾ ਤਾਜ਼ ਵੀ ਮਿਲਿਆ ਹੈ ਅਤੇ ਇਸ ਸੂਬੇ ਦੀ ਗਿਣਤੀ ਦੇਸ਼ ਦੇ ਮੋਹਰੀ ਸੁਬਿਆਂ ਵਿੱਚ ਆਉਂਦੀ ਹੈ। ਪਰ ਇੰਨਾ ਕੁਝ ਹੋਣ ਦੇ ਬਾਵਜੂਦ ਅਜੋਕੇ ਸਮੇਂ ਵਿੱਚ, ਖੇਤੀ ਵਿੱਚ ਖੜੌਤ ਆਉਣ ਕਾਰਨ ਪੰਜਾਬ ਵਿੱਚ ਕਿਸਾਨਾਂ ਦਾ ਰੁਝਾਨ ਖੇਤੀ ਤੋਂ ਪਿੱਛੇ ਹੱਟਦਾ ਜਾ ਰਿਹਾ ਹੈ। ਅਜਿਹੇ 'ਚ ਲੋੜ ਹੈ ਖੇਤੀ ਸੰਬੰਧਿਤ ਉਹਨਾਂ ਸਹਾਇਕ ਕਿੱਤਿਆਂ ਨੂੰ ਅਪਣਾਉਣ ਦੀ ਜਿਹਨਾਂ ਨਾਲ ਖੇਤੀ ਆਮਦਨ ਵਿੱਚ ਵਾਧਾ ਵੀ ਹੋਵੇ ਤੇ ਨਾਲ ਹੀ ਸਾਡਾ ਨੌਜਵਾਨ ਵਰਗ ਪੰਜਾਬ ਵਿੱਚ ਰਹਿ ਕੇ ਹੀ ਖੇਤੀ ਧੰਦੇ ਨੂੰ ਇੱਕ ਨਿਵੇਕਲਾ ਰੂਪ ਦੇਣ।
ਜੇਕਰ ਗੱਲ ਕਰੀਏ ਖੇਤੀ ਨਾਲ ਜੁੜੇ ਹੋਏ ਸਹਾਇਕ ਕਿੱਤਿਆਂ ਦੀ ਤਾਂ ਖੇਤੀ ਨਾਲ ਸੰਬੰਧਿਤ ਕਈ ਸਹਾਇਕ ਕਿੱਤੇ ਹਨ ਜਿਵੇਂ ਕਿ ਮਧੂ-ਮੱਖੀ ਪਾਲਣ, ਡੇਅਰੀ, ਬੱਕਰੀ ਪਾਲਣ, ਸੂਰ-ਪਾਲਣ, ਖੁੰਬ ਉਤਪਾਦਨ, ਮੁਰਗੀ ਪਾਲਣ ਆਦਿ ਕਾਫੀ ਮੱਹਤਵਪੂਰਨ ਸਹਾਇਕ ਕਿੱਤੇ ਹਨ।
ਕਿਸਾਨਾਂ ਵੱਲੋਂ ਇਨ੍ਹਾਂ ਸਹਾਇਕ ਕਿੱਤਿਆਂ ਨੂੰ ਅਪਨਾਉਣ ਅਤੇ ਇਸ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਕ੍ਰਿਸ਼ੀ ਵਿਗਆਨ ਕੇਂਦਰ ਵੱਲੋਂ ਸਮੇਂ-ਸਮੇਂ 'ਤੇ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਦਾ ਮਕਸਦ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਠੱਲ੍ਹ ਪਾਉਣਾ ਅਤੇ ਪਰਿਵਾਰ ਦੀ ਆਮਦਨ ਵਿੱਚ ਵਾਧਾ ਕਰਨਾ ਹੈ, ਤਾਂ ਜੋ ਵੱਧ ਤੋਂ ਵੱਧ ਲੋਕ ਆਤਮ-ਨਿਰਭਰ ਬਣ ਸਕਣ। ਇਸ ਲੜੀ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਫਤਿਹਗੜ੍ਹ ਸਾਹਿਬ ਵਿਖੇ "ਮੁਰਗੀ ਪਾਲਣ" ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਦਾ ਆਅਯੋਜਨ ਕੀਤਾ ਗਿਆ, ਜਿਸ ਵਿੱਚ ਕਿਸਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ। ਆਓ ਜਾਣਦੇ ਹਾਂ ਕੀ ਕੁਝ ਖਾਸ ਰਿਹਾ...
ਪੰਜਾਬ ਐਗਰੀਕਲਚਰਲ ਯੂਨੀਵਰਿਸਟੀ, ਲੁਧਿਆਣਾ ਦੀ ਦੇਖ-ਰੇਖ ਅਧੀਨ ਕੰਮ ਕਰ ਰਹੇ ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਵਿਖੇ "ਮੁਰਗੀ ਪਾਲਣ" ਸਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਮਿਤੀ 12 ਤੋਂ 20 ਜੂਨ, 2024 ਤੱਕ ਲਗਾਇਆ ਗਿਆ, ਜਿਸ ਵਿੱਚ 16 ਕਿਸਾਨਾਂ ਨੇ ਭਾਗ ਲਿਆ। ਸਿਖਲਾਈ ਕੋਰਸ ਦੌਰਾਨ ਡਾ. ਜੀ. ਪੀ. ਐਸ. ਸੇਠੀ, ਸਹਿਯੋਗੀ ਪ੍ਰੋਫੈਸਰ (ਪਸ਼ੂ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਵੱਲੋਂ ਮੁਰਗੀ ਪਾਲਣ ਸਬੰਧੀ ਤਕਨੀਕੀ ਜਾਣਕਾਰੀ ਵਿਸਥਾਰ ਨਾਲ ਸਾਂਝੀ ਕੀਤੀ ਗਈ, ਜਿਸ ਵਿੱਚ ਮੁਰਗੀਆਂ ਦੀਆਂ ਨਸਲਾਂ ਬਾਰੇ, ਅੰਡਿਆਂ ਵਿੱਚੋਂ ਚੂਚੇ ਕੱਢਣ, ਚੂਚਿਆਂ ਦਾ ਪਾਲਣ-ਪੋਸ਼ਣ, ਮੁਰਗੀਆਂ ਦੀ ਸਾਂਭ ਸੰਭਾਲ, ਨਵੇ ਸ਼ੈਡਾਂ ਦੀ ਉਸਾਰੀ ਅਤੇ ਸਾਜੋ-ਸਮਾਨ, ਖੁਰਾਕ ਤਿਆਰ ਕਰਨ, ਮੰਡੀਕਰਨ ਅਤੇ ਮੁਰਗੀਆਂ ਦੀਆਂ ਬਿਮਾਰੀਆਂ ਅਤੇ ਉਹਨਾਂ ਦੀ ਰੋਕਥਾਮ, ਆਦਿ, ਸ਼ਾਮਿਲ ਸੀ।
ਇਹ ਵੀ ਪੜ੍ਹੋ : Krishi Vigyan Kendra ਫਤਿਹਗੜ੍ਹ ਸਾਹਿਬ ਵੱਲੋਂ PM KISAN SAMMAN NIDHI ਸਮਾਰੋਹ ਦਾ ਆਯੋਜਨ, ਕਿਸਾਨਾਂ ਨਾਲ ਸਾਂਝੀ ਕੀਤੀ ਇਨ੍ਹਾਂ Fertilizers ਬਾਰੇ ਵਧੀਆ ਜਾਣਕਾਰੀ
ਡਾ. ਮਨੀਸ਼ਾ ਭਾਟਿਆ, ਸਹਿਯੋਗੀ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਪੌਸ਼ਟਿਕ ਮਹਤੱਤਾ ਅਤੇ ਅਪਣੀ ਖੁਰਾਕ ਵਿੱਚ ਅੰਡਾ ਅਤੇ ਮੀਟ ਨੂੰ ਸ਼ਾਮਲ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਸਿਖਲਾਈ ਕੋਰਸ ਦੌਰਾਨ ਸਿਖਿਆਰਥੀਆਂ ਨੂੰ ਅਗਾਂਹਵਾਧੂ ਕਿਸਾਨ ਦੇ ਮੁਰਗੀ ਫਾਰਮ ਤੇ ਵੀ ਦੌਰਾ ਕਰਵਾਇਆ ਗਿਆ ਜਿਸ ਵਿਚ ਅਗਾਂਹਵਾਧੂ ਕਿਸਾਨ ਨੇ ਆਪਣਾ ਤਜਰਬਾ ਸਾਰਿਆਂ ਨਾਲ ਸਾਂਝਾ ਕੀਤਾ।
ਸਿਖਲਾਈ ਦੇ ਅੰਤ ਵਿੱਚ ਸਿਖਿਆਰਥੀਆਂ ਨਾਲ ਰੂਬਰੂ ਹੁੰਦਿਆਂ, ਡਾ. ਵਿਪਨ ਕੁਮਾਰ ਰਾਮਪਾਲ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਸਾਰੇ ਸਿਖਿਆਰਥੀਆਂ ਨੂੰ ਕੋਰਸ ਦੇ ਸਫਲਤਾਪੂਰਵਕ ਮੁਕੰਮਲ ਹੋਣ ਲਈ ਵਧਾਈ ਦਿੱਤੀ ਅਤੇ ਇਸ ਸਿਖਲਾਈ ਨੂੰ ਵਧੀਆ ਸਫਲ ਬਣਾਉਣ ਲਈ ਆਪਣਾ ਕੀਮਤੀ ਸਮਾਂ ਬਤੀਤ ਕਰਨ ਲਈ ਸਮੂਹ ਸਿਖਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਸਿਖਿਆਰਥੀਆਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਪ੍ਰੇਰਿਆ ਅਤੇ ਸਹਾਇਕ ਧੰਦੇ ਅਪਣਾ ਕੇ ਵਧੇਰਾ ਮੁਨਾਫਾ ਪ੍ਰਾਪਤ ਕਰਨ ਲਈ ਕਿਹਾ।
Summary in English: Increasing trend of farmers towards auxiliary occupations, Krishi Vigyan Kendra Fatehgarh Sahib organizes vocational training on "Poultry Farming"