ਇੰਦਰਾ ਗਾਂਧੀ ਐਗਰੀਕਲਚਰਲ ਯੂਨੀਵਰਸਿਟੀ (IGAU) ਵਿਖੇ ਆਯੋਜਿਤ ਪ੍ਰੈੱਸ ਕਾਨਫ਼ਰੰਸ ਅਨੁਸਾਰ ਛੱਤੀਸਗੜ੍ਹ ਵਿਖੇ ਅੰਤਰਰਾਸ਼ਟਰੀ ਖੇਤੀ ਮੇਲਾ ਲਗਾਇਆ ਜਾ ਰਿਹਾ ਹੈ। ਇਸ `ਚ 12 ਦੇਸ਼ਾਂ ਦੇ ਖੇਤੀਬਾੜੀ ਖੇਤਰ `ਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਵਿਗਿਆਨੀ ਤੇ ਉੱਦਮੀ ਹਿੱਸਾ ਲੈਣਗੇ। ਇਸ ਮੇਲੇ ਦਾ ਮੁੱਖ ਉਦੇਸ਼ ਖੇਤੀਬਾੜੀ ਖੇਤਰ `ਚ ਤਕਨਾਲੋਜੀ ਦਾ ਆਦਾਨ-ਪ੍ਰਦਾਨ ਤੇ ਗਰੀਬ ਦੇਸ਼ਾਂ `ਚ ਭੋਜਨ ਦੀ ਸਮੱਸਿਆ ਨੂੰ ਹੱਲ ਕਰਨਾ ਹੈ। ਇਸ ਮੇਲੇ ਰਾਹੀਂ ਛੱਤੀਸਗੜ੍ਹ ਦੇ ਸਥਾਨਕ ਕਿਸਾਨ ਤੇ ਨੌਜਵਾਨ ਬਾਜ਼ਾਰ ਆਧਾਰਿਤ ਖੇਤੀ ਤੇ ਉੱਦਮ ਆਧਾਰਿਤ ਸਿੱਖਿਆ ਬਾਰੇ ਵੀ ਜਾਣ ਸਕਣਗੇ।
ਇੰਦਰਾ ਗਾਂਧੀ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਗਿਰੀਸ਼ ਚੰਦੇਲ ਨੇ ਖੇਤੀਬਾੜੀ ਦੇ ਬਦਲਦੇ ਸੁਭਾਅ 'ਤੇ ਕਿਹਾ ਕਿ ਇਸ ਬਦਲਦੇ ਯੁੱਗ 'ਚ ਖੇਤੀ ਦਾ ਸਰੂਪ ਵੀ ਬਦਲ ਗਿਆ ਹੈ। ਇਸ ਲਈ ਸਾਡੇ ਨੌਜਵਾਨ ਕਿਸਾਨਾਂ ਨੂੰ ਮੰਡੀ ਆਧਾਰਿਤ ਖੇਤੀ ਕਰਨ ਦੀ ਲੋੜ ਹੈ। ਇਸ ਲਈ ਆਈ.ਜੀ.ਏ.ਯੂ ਵੱਲੋਂ 14 ਤੋਂ 18 ਅਕਤੂਬਰ ਤੱਕ ਯੂਨੀਵਰਸਿਟੀ ਕੈਂਪਸ `ਚ ਇੰਟਰਨੈਸ਼ਨਲ ਐਗਰੀਕਲਚਰ ਮਡਾਈ ਐਗਰੀ ਕਾਰਨੀਵਲ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਪ੍ਰੋਗਰਾਮ `ਚ ਦੁਨੀਆ ਭਰ ਦੇ ਖੇਤੀ ਵਿਗਿਆਨੀ ਖੇਤੀ `ਚ ਨਵੀਂ ਤਕਨੀਕ ਦੀ ਵਰਤੋਂ ਤੇ ਛੱਤੀਸਗੜ੍ਹ ਦੇ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਦੇਣ ਬਾਰੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰਨਗੇ। ਇਸ ਸਮਾਗਮ `ਚ ਸੂਬਾ ਸਰਕਾਰ ਦੇ ਖੇਤੀਬਾੜੀ ਵਿਭਾਗ, ਛੱਤੀਸਗੜ੍ਹ ਬਾਇਓਟੈਕਨਾਲੋਜੀ ਪ੍ਰਮੋਸ਼ਨ ਸੋਸਾਇਟੀ, ਨਾਬਾਰਡ, ਕੰਸਲਟੇਟਿਵ ਗਰੁੱਪ ਔਫ ਇੰਟਰਨੈਸ਼ਨਲ ਐਗਰੀਕਲਚਰਲ ਰਿਸਰਚ, ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਐਕਸਪੋਰਟ ਡਿਵੈਲਪਮੈਂਟ ਅਥਾਰਟੀ (APEDA), ਐਨ.ਏ.ਬੀ.ਐਲ ਤੇ ਹੋਰ ਸੰਸਥਾਵਾਂ ਆਪਣੇ ਪੱਧਰ 'ਤੇ ਸਹਿਯੋਗ ਕਰਨਗੇ।
ਇਹ ਵੀ ਪੜ੍ਹੋ : Golden Chance: ICAR-IARI `ਚ ਬਿਨਾਂ ਪ੍ਰੀਖਿਆ ਤੋਂ ਭਰਤੀ, 31 ਹਜ਼ਾਰ ਰੁਪਏ ਤਨਖ਼ਾਹ
ਜਾਣਕਾਰੀ ਲਈ ਦੱਸ ਦਈਏ ਕਿ ਛੱਤੀਸਗੜ੍ਹ ਵਿਧਾਨ ਸਭਾ ਦੇ ਸਪੀਕਰ ਡਾ: ਚਰਨਦਾਸ ਮਹੰਤ ਇਸ ਪ੍ਰੋਗਰਾਮ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਤੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਰਾਜਪਾਲ ਅਨੁਸੂਈਆ ਉਈਕੇ ਹੋਣਗੇ। ਇਸਦੇ ਨਾਲ ਹੀ ਪ੍ਰੋਗਰਾਮ ਦੀ ਪ੍ਰਧਾਨਗੀ ਰਾਜ ਦੇ ਖੇਤੀਬਾੜੀ ਮੰਤਰੀ ਰਵਿੰਦਰ ਚੌਬੇ ਕਰਨਗੇ ਤੇ ਮੁੱਖ ਮੰਤਰੀ ਭੁਪੇਸ਼ ਬਘੇਲ 16 ਅਕਤੂਬਰ ਨੂੰ ਮੇਲੇ `ਚ ਲੋਕਾਂ ਨੂੰ ਸੰਬੋਧਨ ਕਰਨਗੇ।
ਡਾ: ਗਿਰੀਸ਼ ਚੰਦੇਲ ਨੇ ਪ੍ਰੋਗਰਾਮ ਦੇ ਉਦੇਸ਼ ਬਾਰੇ ਦੱਸਦਿਆਂ ਕਿਹਾ ਕਿ ਇਸ ਸਮੇਂ ਪੱਛਮੀ ਅਫ਼ਰੀਕਾ ਤੇ ਪੂਰਬੀ ਏਸ਼ੀਆ ਦੇ 12 ਦੇਸ਼ ਭੁੱਖਮਰੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਨ੍ਹਾਂ `ਚ ਸੇਸ਼ੇਲਜ਼, ਮੈਡਾਗਾਸਕਰ, ਕੀਨੀਆ, ਜ਼ੈਂਬੀਆ, ਨਾਈਜੀਰੀਆ, ਯੂਗਾਂਡਾ, ਮੋਜ਼ਾਮਬੀਕ, ਤਨਜ਼ਾਨੀਆ, ਘਾਨਾ, ਬੰਗਲਾਦੇਸ਼, ਭੂਟਾਨ ਤੇ ਨੇਪਾਲ ਵਰਗੇ ਨਾਮ ਸਾਡੇ ਸਾਹਮਣੇ ਆਏ ਹਨ। ਇਸ ਪ੍ਰੋਗਰਾਮ ਦੌਰਾਨ ਇਨ੍ਹਾਂ ਦੇਸ਼ਾਂ `ਚ ਭੁੱਖਮਰੀ ਤੇ ਭੋਜਨ ਦੀ ਸਮੱਸਿਆ ਨੂੰ ਹੱਲ ਕਰਨ ਲਈ ਇੰਟਰਨੈਸ਼ਨਲ ਰਾਈਸ ਰਿਸਰਚ ਇੰਸਟੀਚਿਊਟ, ਫਿਲੀਪੀਨਜ਼ 12 ਦੇਸ਼ਾਂ ਦੇ ਖੇਤੀ ਵਿਗਿਆਨੀਆਂ ਨੂੰ ਉੱਨਤ ਚੌਲਾਂ ਦੀਆਂ ਕਿਸਮਾਂ ਵਿਕਸਿਤ ਕਰਨ ਦੀਆਂ ਤਕਨੀਕਾਂ ਸਿਖਾਏਗਾ।
Summary in English: International agricultural fair will be organized in Chhattisgarh