ਪਿਆਰੇ ਕਿਸਾਨ ਵੀਰੋ ਸਾਨੂੰ ਇਸ ਗੱਲ 'ਤੇ ਲੰਮੀ ਘੋਖ ਵਿਚਾਰ ਤੇ ਸਮਝ ਨਾਲ ਪੜਤਾਲ ਕਰਨੀ ਬੇਹੱਦ ਜ਼ਰੂਰੀ ਹੈ ਕਿ ਅਸੀਂ ਸਾਰੀਆਂ ਵੱਖੋ ਵੱਖ ਬਰਾਦਰੀਆਂ ਦੀਆਂ ਖੇਤੀ ਦਵਾਈਆਂ ਦੀ ਸਪਰੇਅ ਮਿਕਸ ਕਰਕੇ ਫ਼ਸਲ ਨੂੰ ਕਰ ਸਕਦੇ ਹਾਂ ? ਕਿਉਂਕਿ ਖੇਤੀਬਾੜੀ ਖੇਤਰ ਬਹੁਤ ਹੀ ਵਿਸ਼ਾਲ ਖੇਤਰ ਹੈ, ਜਿਸਦਾ ਕਿ ਮਨੁੱਖ ਭਾਵੇਂ ਕਿੱਡਾ ਕੁ ਵੀ ਅਲੱਗ ਅਲੱਗ ਫ਼ਸਲ ਨੂੰ ਤਜ਼ਰਬੇ ਤੋਂਰ ਤੇ ਦੇਖ਼ਣ ਸਮਝਣ ਦੇ ਪਹਿਲੂਆਂ ਤੋਂ ਤਜ਼ਰਬੇਕਾਰ ਬਣ ਜਾਵੇ, ਤਾਂ ਵੀ ਉਸ ਨੂੰ ਵੀ ਵਧੇਰੇ ਝਾੜ ਤੇ ਝੱਟ ਕੰਮ ਨਿਬੇੜਨ ਦੀ ਕਾਹਲ ਵਿੱਚ ਕਿਸੇ ਨਾ ਕਿਸੇ ਦੀ ਸੰਸਥਾ ਜਾਂ ਵਿਦਵਾਨ ਜਾਂ ਸਿਫਾਰਸ਼ੀ ਲਿਟਰੇਚਰ ਤੋਂ ਸਲਾਹ ਲੈਣੀ ਜ਼ਰੂਰੀ ਹੋਵੇਗੀ।
ਅਗ਼ਰ ਉਹ ਅਜਿਹਾ ਨਹੀਂ ਕਰੇਗਾ ਤਾਂ ਵਧੇਰੇ ਆਰਥਿਕਤਾ ਤੇ ਫ਼ਸਲੀ ਨੁਕਸਾਨ ਤੇ ਦੋਹਰੇ ਕੈਮੀਕਲ ਸਪਰੇਅ ਦੇ ਮਾਰ ਹੇਠਾਂ ਵੀ ਉਹ ਆਪ ਹੀ ਜਾਣਬੁੱਝ ਪਛਤਾਵੇ ਨਾਲ ਆਵੇਗਾ। ਅੱਜ ਖੇਤੀ ਕਿੱਤੇ ਨੂੰ ਕੇਵਲ ਸਮਝ ਕੇ ਵਿਚਾਰ ਵਟਾਂਦਰਾ ਨਾਲ ਚੱਲਣਾ ਹੀ ਵੱਡੀ ਗੱਲ ਹੈ।
ਇੱਕ ਤਾਜ਼ੀ ਉਦਾਹਰਨ ਸਮਾਜ 'ਚ ਚੱਲਦੀ ਕੀਤੀ ਕਿ ਸ਼ਾਇਦ ਤਾਂ ਜੋਂ ਉਸ ਦਾ ਫ਼ਾਇਦਾ ਤੇ ਨੁਕਸਾਨ ਬਾਰੇ ਗੱਲ ਝੱਟ ਸਮਝ ਪੈ ਜਾਵੇ। ਪਿਆਰੇ ਦੋਸਤੋਂ ਜਿਵੇਂ ਅੱਜ ਕਿਸੇ ਵਿਅਕਤੀ ਨਾਲ ਮੋਬਾਈਲ ਫੋਨ ਨੂੰ ਵੇਖਣ ਦੇ ਰੁਝਾਨ ਬਾਰੇ ਗੱਲਬਾਤ ਕਰੋਗੇ ਤਾਂ ਬਹੁਤ ਵਾਰ ਅਜਿਹਾ ਸੁਣਿਆ ਜਾਂਦਾ ਹੈ ਕਿ ਲਗਾਤਾਰ ਦੇਖਣ ਨਾਲ ਅੱਖਾਂ ਤਾਂ ਪੀੜ ਕਰਦੀਆਂ ਹੀ ਹਨ, ਪਰ ਦਿਮਾਗ਼ ਨਾਲ ਜੁੜੀਆਂ ਪੁੱਰਪੜੀਆਂ ਵੀ ਦੁੱਖਣ ਲੱਗ ਜਾਂਦੀਆਂ ਹਨ। ਏਥੋਂ ਤੱਕ ਕਿ ਮਾਈਗ੍ਰੇਨ ਸ਼ੁਰੂ ਹੋ ਜਾਂਦੀ ਤੇ ਬੰਦੇ ਨੂੰ ਅਖ਼ੀਰ ਨੁਕਸਾਨ ਕਰਵਾਉਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਗਲਤੀ ਕਿਥੇ ਹੋਈ ਹੈ। ਏਸੇ ਤਰ੍ਹਾਂ ਜ਼ਿਆਦਾ ਮੋਬਾਈਲ ਚਲਾਉਣ ਨਾਲ ਅੱਖਾਂ ਨੂੰ ਝੋਉਲੇ ਤੱਕ ਪੈਣ ਲੱਗਦੇ ਨੇ ਤੇ ਦੂਰ ਦੀ ਨਿਗ੍ਹਾ ਤੱਕ ਘੱਟ ਜਾਂਦੀ ਹੈ। ਦੋਸਤੋ ਏਥੇ ਏਂ ਸਮਝਣ ਦੀ ਲੋੜ ਹੈ ਕਿ ਮੋਬਾਈਲ ਮਾੜਾ ਨਹੀਂ, ਟੈੱਕਨੋਲੋਜੀ ਮਾੜੀ ਨਹੀਂ, ਉਸ ਦੀ ਸਹੀ ਵਰਤੋਂ, ਸਹੀ ਸਮੇਂ ਮੁਤਾਬਿਕ ਨਾ ਕਰਨੀ ਹੀ ਸਾਡੀ ਸਿਹਤ ਨੂੰ ਖ਼ਰਾਬ ਕਰਦੀ ਹੈ।
ਕਿਸਾਨ ਵੀਰੋ ਏਸੇ ਤਰ੍ਹਾਂ ਖੇਤੀ ਦਵਾਈਆਂ ਕੋਈ ਵੀ ਹੋਵੇ ਜੇਕਰ ਸਹੀ ਸਮੇਂ ਤੇ ਵਰਤੋਂ ਅਤੇ ਸਹੀ ਮਾਤਰਾ ਵਿਚ ਵਰਤੋਂ, ਨਾਲ ਸਪਰੇਅ ਹੋਵੇਗੀ ਤਾਂ ਸ਼ਾਇਦ ਨਾ ਕਿਸਾਨ ਨੂੰ ਦੂਜੀ ਵਾਰ ਸਪਰੇਅ ਕਰਨ ਨਾਲ ਆਰਥਿਕ ਨੁਕਸਾਨ ਹੋਵੇਗਾ ਤੇ ਨਾਲ ਹੀ ਫ਼ਸਲ ਨੂੰ ਕੋਈ ਸਾੜ ਆਦਿ ਦਾ ਸਾਹਮਣਾ ਕਰਨਾ ਪਵੇਗਾ। ਸਾਨੂੰ ਸਮਝਣ ਦੀ ਲੋੜ ਹੈ ਕਿ ਕਿਹੜੀ ਦਵਾਈ ਸੰਘਣੀ ਹੈਂ ਤੇ ਕਿਹੜੀ ਦਵਾਈ ਪਤਲੀ। ਉਸ ਦਵਾਈ ਦਾ ਚੰਗਾ ਨਤੀਜਾ ਲੈਣ ਲਈ ਉਸ ਵਿੱਚ ਕਿੰਨਾ ਪਾਣੀ ਮਿਲਾਇਆ ਜਾਵੇ।
ਖ਼ੇਤਾਂ ਚ ਚੱਲਦੇ ਰੁਝਾਨ ਦੀ ਗੱਲ ਕਰੀਏ ਤਾਂ ਅਕਸਰ ਖੇਤ ਵਿੱਚ ਸਪਰੇਅ ਕਰਨ ਲਈ ਜਦੋਂ ਕੈਮੀਕਲ ਕੀੜੇਮਾਰ, ਉਲੀ, ਤਾਕ਼ਤ ਵਾਲੀ ਸਪਰੇਅ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ। ਉਸ ਨੂੰ ਚੇਤਾ ਭਾਵੇਂ ਕਿਸੇ ਨੂੰ ਕੰਮ ਕਰਦੇ ਵੱਲ ਦੇਖ ਕੇ ਆਵੇ ਜਾਂ ਆਪਣੀ ਸੋਚ ਮੁਤਾਬਕ ਸਮਝ ਨਾਲ ਆਵੇਂ, ਕਹਿਣ ਨੂੰ ਕਿ ਜ਼ਿਆਦਾਤਰ ਇਕੱਠੀਆਂ ਸਪਰੇਅ ਮਿਕਸ ਕਰਕੇ ਸਪਰੇਅ ਕਰਨ ਦਾ ਮਨ ਕਿਸਾਨ ਵੀਰ ਦਾ ਜ਼ਿਆਦਾ ਬਣਦਾ ਹੈ ਕਿ ਫ਼ਸਲ ਚ ਇੱਕੋ ਵਾਰ ਨਿਬੇੜਾ ਕਰੀਏ ਤਾਂ ਖੇਤ ਚ ਬਾਰ ਬਾਰ ਵੜਨ ਦਾ ਜੱਬ, ਦੂਜਾ ਸਪਰੇਅ ਜ਼ਿਆਦਾਤਰ ਕਿਰਾਏ ਤੇ ਕਰਵਾਉਣੀ।
ਏਸ ਮਿਕਸ ਤੇ ਤੇਜ ਦਵਾਈਆਂ ਦਾ ਪ੍ਰਕੋਪ ਕਿੱਥੇ ਤੇ ਕਦੋਂ ਨਜ਼ਰ ਆਉਂਦਾ ਹੈ ਜਿਵੇਂ ਪਹਿਲਾ ਕੱਚੇ ਦੋਧੀ ਦਾਣੇ ਤੇ ਹੋਈ ਸਪਰੇਅ ਨਾਲ ਦਾਣੇ ਉਪਰਲੇ ਹਿੱਸੇ ਜਾਂ ਹੇਠਲੇ ਕਵਰ ਵਿਚ ਉੱਲੀ ਰੂੰ ਰੂਪ ਵਿੱਚ ਵੀ ਲੱਗੀ ਦਿਸਦੀ ਹੈ। ਜਿਥੇ ਬਾਅਦ ਵਿੱਚ ਅਕਸਰ ਤੇਲਾ ਬੈਠ ਖਾਂਹ ਕੇ ਹਮਲਾ ਕਰਦਾ ਹੈ। ਫੇਰ ਅਸੀਂ ਤੇਲੇ ਦੀ ਸਪਰੇਅ ਵੱਲ ਅਣਜਾਣੇ ਚ ਹੋ ਜਾਂਦੇ। ਦੂਜਾ ਵੱਡਾ ਨੁਕਸਾਨ ਨਿਸਾਰੇ ਤੇ ਪੋਲਨ ਦੇ ਸੜਨ ਨਾਲ ਦਾਣੇ ਵਿਚਲੇ ਮਾਦਾ(ਫੀਮੇਲ) ਵਾਲਾ ਹਿੱਸੇ ਦਾ ਵੀ ਦਾਣੇ ਅੰਦਰ ਹੀ ਸੜ ਜਾਣੇ ਸਾਹਮਣੇ ਆਉਂਦਾ ਹੈ। ਜੋਂ ਦਾਣੇ ਵਿਚ ਕਾਲਾ ਹੋਇਆ ਪੋਲਨ ਤਿੰਨ ਤੋਂ ਚਾਰ ਦਵਾਈ ਸਪਰੇਅ ਹੋਂਣ ਤੋਂ ਬਾਅਦ ਦੇਖਿਆ ਗਿਆ ਹੈ। ਜਿਹੜਾ ਕਿ ਅੱਗੇ ਚੱਲ ਕੇ ਦਾਣੇ ਵਿਚ ਫੋਕ ਵਧਾਉਦਾ ਹੈ। ਜਿਸ ਨਾਲ ਫ਼ਸਲ ਦਾ ਝਾੜ ਅਣਜਾਣੇ ਵਿੱਚ ਹੇਠਾਂ ਆਵੇਗਾ।
ਕਿਸਾਨ ਵੀਰੋ ਏਂ ਵੀ ਸਮਝਣ ਦੀ ਲੋੜ ਹੈ ਕਿ ਕਿਹੜੀ ਦਵਾਈ ਦੀ, ਕਿਹੜੀ ਕਿਹੜੀ ਬਰਾਦਰੀ ਵਾਲੀ ਦਵਾਈ ਲਈ ਅਲੱਗ ਅਲੱਗ ਕਿੰਨੇ ਪਾਣੀ ਦੀ ਸਿਫਾਰਸ਼ ਮੁਤਾਬਕ ਲੋੜ ਹੈ। ਮੰਨ ਲਵੋ ਜਦੋਂ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਕਰਦੇ ਹਾਂ ਤਾਂ ਸਾਨੂੰ ਕੇਵਲ ਪ੍ਰਤੀ ਏਕੜ 80-100 ਲੀਟਰ ਪਾਣੀ ਲਗਾ ਕੇ ਸਪਰੇਅ ਨੇਪਰੇ ਚਾੜ੍ਹਨ ਦੀ ਲੋੜ ਹੁੰਦੀ ਹੈ। ਉਥੇ ਜੇਕਰ ਉਲੀ ਨਾਸ਼ਕ ਦੀ ਸਪਰੇਅ ਕਰਦੇ ਹਾਂ ਤਾਂ ਪਾਣੀ ਦਵਾਈ ਨਾਲ 150-200 ਲੀਟਰ ਤੱਕ ਲਗਾਉਂਦੇ ਹਾਂ। ਅਜਿਹੇ ਵਿਚ ਦਵਾਈ ਜੇਕਰ ਫ਼ਸਲ ਨੂੰ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਤਾਕਤ ਰੂਪੀ ਹੈ ਤਾਂ ਪਾਣੀ ਦੀ 200 ਲੀਟਰ ਸਿਫਾਰਸ਼ ਕੀਤੀ ਹੈ।
ਇਹ ਵੀ ਪੜੋ: PAU-KVK, Sangrur ਵੱਲੋਂ ਵਾਤਾਵਰਣ ਅਨੁਕੂਲ ਸਫਾਈ ਏਜੰਟ ਤਿਆਰ ਕਰਨ ਲਈ Vocational Training Course ਦਾ ਆਯੋਜਨ
ਅੱਜ ਕੱਲ੍ਹ ਏਂ ਵੀ ਵੱਡੇ ਪੱਧਰ ਤੇ ਦੇਖ਼ਣ ਯੋਗ ਹੈ ਕਿ ਕੋਈ ਵੀ ਕੀਟਨਾਸ਼ਕ ਜਾਂ ਤਾਕਤ ਵਾਲੀ ਹੋਵੇ, ਕਿਸਾਨ ਨਾ ਚਾਹੁੰਦਿਆਂ ਹੋਇਆਂ ਵੀ ਖ਼ਰੀਦਣ ਲਈ ਮਜਬੂਰ ਹੁੰਦਾ ਹੈਂ। ਕਿਉਂਕਿ ਉਸ ਵਿੱਚ ਦੋ ਤੋਂ ਲੈ ਕੇ ਚਾਰ ਸਾਲਟ ਤੱਕ ਹੁੰਦੇ ਨੇ ਤੇ ਕਿਸਾਨ ਕੀਤੇ ਨਾ ਕੀਤੇ ਇਕ ਸਾਲਟ ਹੇਂਠ ਤਾਂ ਮੰਨਣ ਲਈ ਆ ਹੀ ਜਾਂਦਾ ਹੈ। ਦੁਕਾਨਦਾਰ ਸਾਲਟ ਵੱਧਣ ਨਾਲ ਉਸ ਦਵਾਈ ਦਾ ਰੇਟ ਵੱਧਣ ਬਾਰੇ ਜ਼ਿਕਰ ਨਹੀਂ ਕਰਦਾ। ਕਿਉਂਕਿ ਕਿਸਾਨ ਉਸ ਦਵਾਈ ਨੂੰ ਛੱਡ ਵੀ ਸਕਦਾ ਹੈ। ਏਸ ਲੁੱਕੀ ਹੋਈ ਗੱਲ ਨੂੰ ਛੱਡ ਅਖ਼ੀਰ ਉਹ ਖ਼ਰੀਦ ਲੈਂਦਾ ਹੈ।
ਏਥੇ ਅਸੀਂ ਖੇਤੀਬਾੜੀ ਖੇਤਰ ਵਿੱਚ ਰੋਜ਼ਾਨਾ ਦੇ ਚੱਲ ਰਹੇ ਰੁਝਾਨਾਂ ਦੀ ਗੱਲ ਕਰੀਏ ਤਾਂ ਹੋ ਕੀ ਰਿਹਾ ਹੈ, ਦਵਾਈ ਦੇ ਉਲਾਮੇ ਆਉਂਣੇ ਮਤਲਬ ਕਈ ਵਾਰ ਨਤੀਜੇ ਨਾ ਆਉਂਣੇ ਤੇ ਕਦੇ ਫ਼ਸਲਾਂ ਦੇ ਨੁਕਸਾਨ ਹੋਣੇਂ ਸਾੜ ਨਾਲ ਆਮ ਜਿਹੀ ਗੱਲ ਅਸੀਂ ਬਣਾ ਲਈ ਹੈ। ਫ਼ਸਲ ਤੇ ਮੁੜ ਘੱਟ ਅਸਰ ਦਵਾਈ ਦਾ ਦੇਖ ਕੇ ਹੋਰ ਸਪਰੇਅ ਕਰਨ ਨੂੰ ਪਹਿਲਾਂ ਹੀ ਤਿਆਰ ਹੋ ਜਾਂਦੇ ਹਾਂ। ਦੂਸਰਾ ਜਿਸ ਦਵਾਈ ਦੇ ਅਸਰ ਨਾਲ ਫ਼ਸਲ ਤੇ ਨੁਕਸਾਨ ਦਿੱਸੇ ਤਾਂ ਉਸ ਨੂੰ ਜਲਦਬਾਜ਼ੀ ਚ ਠੀਕ ਕਰਨ ਲਈ ਵੀ ਤੇ ਉਸ ਤੇ ਹੋਏ ਘਾਤਕ ਮਿਕਸ ਦਵਾਈ ਦੇ ਸਪਰੇਅ ਦੇ ਅਸਰ ਨੂੰ ਘਟਾਉਣ ਲਈ ਉਸ ਉਪਰ ਫਿਰ ਕੋਈ ਹੋਰ ਸਪਰੇਅ ਕਰਨ ਦੀ ਭੱਜਦੋੜ ਆਮ ਸੁਣੀਂ ਜਾਂਦੀ ਹੈ । ਜਿਸ ਨਾਲ ਅਸੀਂ ਆਪ ਬੇਸਮਝੀ ਕਰਕੇ ਵਧੇਰੇ ਖੇਤੀ ਸਮੱਗਰੀ ਦੀ ਵਰਤੋਂ ਫ਼ਸਲ ਨੂੰ ਤੇ ਦੁਕਾਨਾਂ ਦੀ ਸੇਲ ਦੇ ਖ਼ਰਚ ਨੂੰ ਆਪ ਜਾਣਬੁੱਝ ਕੇ ਵਧਾ ਲੈਂਦੇ ਹਾਂ।
ਜੇਕਰ ਏਥੇ ਤੁਸੀਂ ਇੱਕ ਕੀਟਨਾਸ਼ਕ ਦਵਾਈਆਂ ਨੂੰ ਤੇ ਉਲੀਨਾਸ਼ਕ ਸਪਰੇਅ ਨੂੰ ਅਤੇ ਤਾਕਤ ਵਾਲੀ ਦਵਾਈ ਨਾਲ ਮਿਕਸ ਕਰਕੇ ਖੇਤ ਚ ਫ਼ਸਲ ਨੂੰ ਸਪਰੇਅ ਕਰਦੇ ਹੋ ਤਾਂ ਪਹਿਲਾ ਨੁਕਸਾਨ ਏਂ ਹੁੰਦਾ ਹੈ ਕਿ ਜਿਹੜੀ ਦਵਾਈ ਤੇਜ਼ ਹੁੰਦੀ ਹੈ ਉਹ ਆਪਣਾਂ ਅਸਰ ਕਰ ਜਾਂਦੀ ਤੇ ਹਲਕੀ ਦਾ ਅਸਰ ਮਿਕਸ ਹੋਂਣ ਕਰਕੇ ਰਹਿ ਜਾਂਦਾ ਹੈ। ਦੂਜਾ ਏਂ ਕਿ ਜਿਸ ਦਵਾਈ ਨੂੰ ਘੱਟ ਪਾਣੀ ਲਗਾਉਂਣ ਦੀ ਲੋੜ ਸੀ, ਉਸ ਨੂੰ ਅਸੀਂ ਘੱਟ ਦੀ ਬਜਾਏ ਵੱਧ ਲੱਗਾ ਲਿਆ ਅਸਰ ਘਟਾਉਣ ਲਈ। ਤੀਜਾ ਨੁਕਸਾਨ ਜਿਸ ਦਵਾਈ ਨੂੰ ਵਧੇਰੇ ਪਾਣੀ ਦੀ ਲੋੜ ਸੀ ਉਸ ਨੂੰ ਜੇਕਰ ਦਰਮਿਆਨਾ ਲੱਗ ਗਿਆ ਤਾਂ ਫ਼ਸਲ ਪੱਤਿਆਂ ਤੇ ਦਵਾਈ ਨਾਲ ਚੱਟਾਕ ਦੇ ਨਿਸ਼ਾਨ ਪੈ ਜਾਂਦੇ ਹਨ। ਜਿਸ ਦਾ ਖਦਸ਼ਾ ਫ਼ਸਲ ਦੀ ਸਿਹਤ ਤੋਂ ਝਾੜ ਘੱਟ ਕਰਨ ਵੱਲ ਜਾਂਦਾ ਹੈ। ਸਿੱਟੇ ਵਜੋਂ ਕਿਸਾਨ ਫਸਲ ਨੂੰ ਦੇਖ ਕੇ ਘਬਰਾ ਜਾਂਦਾ ਹੈ ਤੇ ਹੋਰ ਫਜ਼ੂਲ ਖਰਚੇ ਤੇ ਸਪਰੇਆਂ ਦੀ ਸ਼ੁਰੂਆਤ ਕਰ ਬੈਠਦਾ ਹੈ।
ਇਹ ਵੀ ਪੜੋ: Dr. Jatinder Paul Singh Gill ਨੇ ਵੈਟਨਰੀ ਯੂਨੀਵਰਸਿਟੀ ਦੇ Vice-Chancellor ਦਾ ਕਾਰਜਭਾਰ ਸੰਭਾਲਿਆ
ਹਾਲਾਂਕਿ, ਕੋਈ ਵੀ ਖੇਤੀ ਸੰਸਥਾਵਾਂ ਨਦੀਨਾਂ, ਕੀਟਾਂ, ਉਲੀਆਂ, ਤਾਕਤਾਂ ਦੇ ਘੋਲ ਇਕੱਠੇ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕਰਦੇ। ਉਹ ਵੀ ਇਕੱਲੀ ਇਕੱਲੀ ਸਪਰੇਅ ਨੂੰ ਕਰ ਚੰਗੇ ਨਤੀਜੇ ਸਾਹਮਣੇ ਆਉਣ ਬਾਰੇ ਕਹਿਣਗੇ। ਜੇਕਰ ਕਿਸਾਨ ਵੀਰੋ ਫੇਰ ਵੀ ਜੇਕਰ ਕੀਤੇ ਜ਼ਰੂਰੀ ਕੰਮ ਲਈ ਤੁਹਾਨੂੰ ਬਾਹਰ ਅੰਦਰ ਜਾਣ ਲਈ ਕਰਕੇ ਸਮਾਂ ਨਹੀਂ ਮਿਲਦਾ ਤਾਂ ਪਹਿਲੀ ਤੋਂ ਬਾਅਦ ਦੂਜੀ ਸਪਰੇਅ ਕਰਨ ਵਿਚ 5-7 ਦਿਨਾਂ ਦਾ ਵਕਫਾ ਜ਼ਰੂਰ ਰੱਖੋ। ਕਿਉਂਕਿ ਕੀਟਨਾਸ਼ਕਾਂ ਦਾ ਨਤੀਜਾ ਏਨੇਂ ਦਿਨਾਂ ਚ ਦਿਸ ਜਾਂਦਾ ਹੈ ਤੇ ਨਦੀਨਾਂ ਦਾ ਕੁੱਝ ਹੋਰ ਸਮਾਂ ਲੱਗਦਾ ਹੈ।
ਬਹੁਤ ਵਾਰ ਤਾਂ ਦੇਖ਼ਣ ਵਿਚ ਆਉਂਦਾ ਹੈ ਕਿ ਜਦੋਂ ਨਦੀਨਾਂ ਦਾ ਲੱਕ ਟੁੱਟਦਾ ਹੈ ਤਾਂ ਕਿਸਾਨ ਵੀਰ ਖੇਤ ਨੂੰ ਪਾਣੀ ਤੱਕ ਲਗਾ ਕੇ ਫਿਰ ਹਰਾ ਕਰ ਬੈਠਦਾ ਹੈ। ਨੋਜ਼ਲਾਂ ਦੀ ਚੋਣ ਬਾਰੇ ਗੱਲ ਕਰੀਏ ਤਾਂ ਉਲੀ ਨਾਸ਼ਕ ਸਪਰੇਅ ਕਰਨ ਲਈ ਫਲੈਟ ਫ਼ੈਨ, ਕੀਟਨਾਸ਼ਕਾਂ ਲਈ ਕੋਨ ਨੋਜ਼ਲਾਂ ਦੀ ਵਰਤੋਂ, ਨਦੀਨਾਂ ਦੀ ਸਪਰੇਆਂ ਲਈ ਕੱਟ ਵਾਲੀ ਨੋਜ਼ਲਾਂ ਦੀ ਵਰਤੋਂ ਧਿਆਨ ਹੇਠ ਲਿਆਉਣ ਦੀ ਲੋੜ ਹੈ। ਫ਼ਸਲ ਤੋਂ ਉਂਚਾਈ ਵੀ ਫੁੱਟ ਜਾਂ ਡੇਢ਼ ਫੁੱਟ ਤੋਂ ਉਪਰ ਨਾ ਰੱਖੀਂ ਜਾਵੇ ਬਹੁਤ ਵਾਰ ਤੇਜ਼ੀ ਨਾਲ ਰਫ਼ਤਾਰ ਮਾਰਦਿਆਂ ਉੱਚਾ ਚੁੱਕ ਕੇ ਵੀ ਆਮ ਦੇਖਿਆ ਜਾਂਦਾ ਹੈ। ਏਂ ਵੀ ਯਾਦ ਰੱਖਣ ਦੀ ਲੋੜ ਹੈ ਕਿ ਫ਼ਸਲ ਨੂੰ ਸਪਰੇਅ ਨਾਲ ਚੰਗੀ ਤਰ੍ਹਾਂ ਧੋਣ ਤੇ ਹੀ ਵਧੇਰੇ ਛਿੜਕਾਅ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ ਬਾਕੀ ਦਵਾਈ ਦੀ ਬਰਾਦਰੀ ਮੁਤਾਬਕ।
ਕਿਸਾਨ ਵੀਰੋ ਅਜਿਹੀਆ ਮੋਟੀਆਂ ਮੋਟੀਆਂ ਸਾਵਧਾਨੀਆਂ ਆਪ ਨਾਲ ਤਾਂ ਹੀ ਸਾਂਝੀ ਕੀਤੀ ਹੈ ਕਿ ਕੁੱਝ ਹੱਦ ਤੱਕ ਖੇਤੀ ਸਮੱਗਰੀ ਨੂੰ ਅਧਿਐਨ ਕਰਨ ਨਾਲ ਖੇਤੀ ਖਰਚਿਆਂ ਦਾ ਸਹੀ ਉਪਯੋਗ ਕਰਕੇ ਵਧੇਰੇ ਨਤੀਜੇ ਲੈਣ ਦੇ ਨਾਲ ਤੇ ਫ਼ਜ਼ੂਲ ਨਜਾਇਜ਼ ਹੁੰਦੇ ਕਿਸਾਨ ਦੇ ਖ਼ੇਤੀ ਖ਼ਰਚ ਘਟਾਏ ਜਾ ਸਕਣ।
ਸਰੋਤ: ਕਮਲਇੰਦਰਜੀਤ ਬਾਜਵਾ, ਬਲਾਕ ਟੈੱਕਨੋਲੋਜੀ ਮੈਨੇਜਰ, ਖੇਤੀਬਾੜੀ ਵਿਭਾਗ ਬਲਾਕ, ਕਾਹਨੂੰਵਾਨ, ਜ਼ਿਲ੍ਹਾ ਗੁਰਦਾਸਪੁਰ
Summary in English: Is it beneficial for farmers to mix agricultural drugs and spray them on the crop or does this trend reduce to losses by saving labor and time?