September Kisan Mela 2024: ਕਿਸਾਨਾਂ ਲਈ ਮਸੀਹਾ ਮੰਨੀ ਜਾਂਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University) ਸਮੇਂ-ਸਮੇਂ 'ਤੇ ਨਵੇਕਲੇ ਕਦਮ ਚੁੱਕਦੀ ਰਹਿੰਦੀ ਹੈ, ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲ ਸਕਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ। ਇਸ ਲੜੀ ਨੂੰ ਅੱਗੇ ਤੋਰਦਿਆਂ ਪੀਏਯੂ (PAU) ਨੇ ਕਿਸਾਨਾਂ ਨਾਲ ਸ਼ਾਨਦਾਰ ਜਾਣਕਾਰੀ ਸਾਂਝੀ ਕੀਤੀ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਨੇ ਕਿਸਾਨੀ ਨਾਲ ਆਪਣੇ 62 ਸਾਲ ਪੁਰਾਣੇ ਖੇਤੀ ਸਬੰਧ ਨੂੰ ਕਾਇਮ ਰੱਖਦੇ ਹੋਏ ਸਤੰਬਰ 2024 (September 2024) ਵਿੱਚ ਹੋਣ ਵਾਲੇ 7 ਕਿਸਾਨ ਮੇਲਿਆਂ ਦੀ ਲੜੀ ਦਾ ਪ੍ਰੋਗਰਾਮ ਜਾਰੀ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਕਿਸਾਨ ਮੇਲਿਆਂ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦੇ ਜਿਵੇਂ ਕਿ ਮਧੂ ਮੱਖੀਆਂ ਪਾਲਣ, ਖੁੰਬ ਉਤਪਾਦਨ, ਦੋਗਲੇ ਬੀਜ ਉਤਪਾਦਨ, ਕੱਪੜਿਆਂ ਦੀ ਰੰਗਾਈ, ਘਰੇਲੂ ਬਗੀਚੀ, ਸਬਜ਼ੀਆਂ ਪੈਦਾ ਕਰਨਾ, ਫਲਾਂ ਅਤੇ ਸਬਜ਼ੀਆਂ ਦੀ ਸਾਂਭ ਸੰਭਾਲ, ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ, ਪਸ਼ੂ ਪਾਲਣ ਆਦਿ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਮੁਹੱਇਆ ਕਰਵਾਈ ਜਾਂਦੀ ਹੈ। ਇਨ੍ਹਾਂ ਮੇਲਿਆਂ ਵਿੱਚ ਖੇਤੀ ਵਪਾਰਿਕ ਪ੍ਰਦਰਸ਼ਨੀਆਂ ਦਾ ਸਰਕਾਰੀ, ਅਰਧ ਸਰਕਾਰੀ ਅਤੇ ਨੀਜੀ ਸੰਸਥਾਵਾਂ ਵੱਲੋਂ ਸੰਯੋਜਨ ਕੀਤਾ ਜਾਂਦਾ ਹੈ। ਇਨ੍ਹਾਂ ਵਿੱਚ ਟਰੈਕਟਰ, ਕੰਬਾਇਨਾਂ, ਮੋਟਰਾਂ, ਖੇਤੀ ਮਸ਼ੀਨਾਂ, ਸਪਰੇਅ ਪੰਪਾਂ, ਲੇਜ਼ਰ ਕਰਾਹਾ, ਬਾਗਬਾਨੀ ਸੰਧਾਂ, ਕਟਾਈ ਮਸ਼ੀਨਾਂ, ਖੇਤੀ ਰਸਾਇਣਾਂ, ਬੈਂਕਾਂ ਆਦਿ ਦੀਆਂ ਪ੍ਰਦਰਸ਼ਨੀਆਂ ਲਗਾ ਕੇ ਕਿਸਾਨਾਂ ਦੇ ਗਿਆਨ ਵਿੱਚ ਵਾਧਾ ਕੀਤਾ ਜਾਂਦਾ ਹੈ।
ਇਸ ਤਰ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵੱਲੋਂ ਵੀ ਵੱਖ-ਵੱਖ ਫ਼ਸਲਾਂ ਦੀ ਬਿਜਾਈ ਵਾਲੀ ਮਸ਼ੀਨਾਂ, ਛੋਟੇ ਸੰਦ, ਪਾਵਰ ਵੀਡਰ, ਝੋਨੇ ਦੀ ਮਸ਼ੀਨੀ ਲਵਾਈ ਵਾਲੀਆ ਮਸ਼ੀਨਾਂ, ਝੋਨੇ ਦੀ ਮਸ਼ੀਨੀ ਲਵਾਈ ਲਈ ਮੈਟ ਟਾਈਪ ਨਰਸਰੀ ਸੀਡਰ, ਆਦਿ ਦੀ ਨੁਮਾਇਸ਼ ਵੀ ਲਗਾਈ ਜਾਂਦੀ ਹੈ। ਪਾਣੀ ਦੀ ਸੁਚੱਜੀ ਵਰਤੋਂ ਲਈ ਤੁਪਕਾ ਅਤੇ ਫੁਹਾਰਾ ਸਿੰਚਾਈ ਵਿੱਚ ਵਰਤੇ ਜਾਣ ਵਾਲੇ ਸਿਸਟਮ ਦੀ ਨਮਾਇਸ਼ ਵੀ ਲਗਾਈ ਜਾਂਦੀ ਹੈ।
ਦੱਸ ਦੇਈਏ ਕਿ ਕਿਰਸਾਨੀ ਵਿੱਚ ਮੱਲਾਂ ਮਾਰਨ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਜੋ ਦੂਜੇ ਕਿਸਾਨ ਵੀਰ ਵੀ ਇਨ੍ਹਾਂ ਦੇ ਕਦਮਾਂ ਤੇ ਚੱਲ ਸਕਣ ਅਤੇ ਖੇਤੀਬਾੜੀ ਕਿੱਤੇ ਨੂੰ ਹੋਰ ਵੀ ਪ੍ਰਫੂਲੱਤ ਕਰ ਸਕਣ। ਇਸ ਤਰ੍ਹਾਂ ਹੀ ਕਿਸਾਨ ਮੇਲਿਆਂ ਵਿੱਚ ਕਿਸਾਨਾਂ ਵੱਲੋਂ ਲਗਾਈਆਂ ਗਈਆਂ ਜਿਣਸਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਅਤੇ ਵਧੀਆ ਕਿਸਮ ਅਤੇ ਉੱਤਮ ਦਰਜੇ ਦੀ ਫਸਲ, ਫ਼ਲ, ਸਬਜ਼ੀਆਂ ਅਤੇ ਫੁੱਲ ਪੈਦਾ ਕਰਨ ਵਾਲੇ ਕਿਸਾਨ ਵੀਰਾਂ ਨੂੰ ਇਨਾਮ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ: ਪੰਜਾਬ ਵਿੱਚ ਪਰਾਲੀ ਨੂੰ ਊਰਜਾ ਵਿੱਚ ਬਦਲਣ ਦਾ ਕੰਮ ਕਰ ਰਹੀ ਹੈ ਜਰਮਨ ਕੰਪਨੀ VERBIO: ਜਰਮਨ ਰਾਜਦੂਤ ਡਾ. ਫਿਲਿਪ ਐਕਰਮੈਨ
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਮੇਲੇ 3 ਸਤੰਬਰ 2024 ਤੋਂ ਸ਼ੁਰੂ ਹੋ ਕੇ 27 ਸਤੰਬਰ 2024 ਤੱਕ ਚੱਲਣਗੇ, ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਨਾਗ ਕਲਾਂ ਜਹਾਂਗੀਰ ਤੋਂ ਹੋਵੇਗੀ। ਇਨ੍ਹਾਂ ਮੇਲਿਆਂ ਬਾਰੇ ਹੋਰ ਜਾਣਨ ਲਈ ਹੇਠਾਂ ਦਿੱਤੇ ਸਫ਼ਰਨਾਮੇ ਨੂੰ ਪੜ੍ਹੋ।
ਸਾਂਝੇ ਕੀਤੇ ਗਏ ਸਫ਼ਰਨਾਮੇ ਦੇ ਅਨੁਸਾਰ:
● ਲੜੀ ਦੀ ਸ਼ੁਰੂਆਤ 3 ਸਤੰਬਰ 2024 ਨੂੰ ਨਾਗ ਕਲਾਂ ਜਹਾਂਗੀਰ, ਅੰਮ੍ਰਿਤਸਰ ਵਿਖੇ ਪਹਿਲੇ ਕਿਸਾਨ ਮੇਲੇ ਨਾਲ ਹੋਵੇਗੀ।
● ਇਸ ਤੋਂ ਬਾਅਦ 6 ਸਤੰਬਰ 2024 ਨੂੰ ਬੱਲੋਵਾਲ ਸੌਂਖੜੀ 'ਚ ਕਿਸਾਨ ਮੇਲੇ ਦਾ ਪ੍ਰਬੰਧ ਕੀਤਾ ਗਿਆ ਹੈ।
● 10 ਸਤੰਬਰ 2024 ਨੂੰ ਫਰੀਦਕੋਟ ਵਿਖੇ ਕਿਸਾਨ ਮੇਲੇ ਦਾ ਆਯੋਜਨ।
● ਪੀਏਯੂ ਕੈਂਪਸ, ਲੁਧਿਆਣਾ ਵਿਖੇ ਦੋ ਰੋਜ਼ਾ ਕਿਸਾਨ ਮੇਲਾ 13 ਅਤੇ 14 ਸਤੰਬਰ 2024 ਨੂੰ ਹੋਵੇਗਾ।
● 18 ਸਤੰਬਰ 2024 ਨੂੰ ਗੁਰਦਾਸਪੁਰ ਵਿਖੇ ਕਿਸਾਨ ਮੇਲੇ ਦਾ ਆਯੋਜਨ।
● 24 ਸਤੰਬਰ 2024 ਨੂੰ ਪਟਿਆਲਾ ਵਿਖੇ ਕਿਸਾਨ ਮੇਲੇ ਦਾ ਆਯੋਜਨ।
● ਬਠਿੰਡਾ ਵਿਖੇ 27 ਸਤੰਬਰ 2024 ਨੂੰ ਕਿਸਾਨ ਮੇਲੇ ਦਾ ਪ੍ਰਬੰਧ।
Summary in English: Kisan Mela 2024: Full details of Kisan Melas to be held in the month of September, click here