Loksabha Election 2024: ਦੁਨਿਆ ਦੇ ਸਭ ਤੋਂ ਵੱਡੇ ਲੋਕਤੰਤਰ ਕਹੇ ਜਾਣ ਵਾਲੇ ਦੇਸ਼ ਭਾਰਤ ਵਿੱਚ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਵੋਟਾਂ ਪੈ ਰਹੀਆਂ ਹਨ। ਗੱਲ ਚੋਣਾਂ ਦੀ ਹੋ ਰਹੀ ਹੈ ਤਾਂ ਦੱਸ ਦੇਈਏ ਕਿ ਭਾਰਤ ਵਿੱਚ ਪਹਿਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੁਣ ਤੱਕ ਚੋਣ ਪ੍ਰਕਿਰਿਆ ਵਿੱਚ ਕਈ ਬਦਲਾਅ ਹੋਏ ਹਨ। ਜਿਵੇਂ ਈਵੀਐਮ ਮਸ਼ੀਨ ਨੇ ਬੈਲਟ ਬਾਕਸ ਦੀ ਥਾਂ ਲੈ ਲਈ ਹੈ।
ਪਰ ਇੱਕ ਗੱਲ ਹੈ ਜੋ ਦਹਾਕਿਆਂ ਤੋਂ ਇੱਕੋ ਜਿਹੀ ਹੈ, ਅਸੀਂ ਗੱਲ ਕਰ ਰਹੇ ਹਾਂ ਚੋਣ ਇੰਕ ਬਾਰੇ, ਉਹੀ ਸਿਆਹੀ ਜੋ ਦਰਸਾਉਂਦੀ ਹੈ ਕਿ ਕਿਸੇ ਵਿਅਕਤੀ ਨੇ ਆਪਣੀ ਵੋਟ ਪਾਈ ਹੈ ਜਾਂ ਨਹੀਂ। ਇਸ ਸਿਆਹੀ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਹਨ। ਆਓ ਜਾਣਦੇ ਹਾਂ ਇਸ ਨਾਲ ਜੁੜੇ ਲੋਕਾਂ ਦੇ ਸਵਾਲਾਂ ਦੇ ਜਵਾਬ।
ਵੋਟ ਕਰਨ ਤੋਂ ਬਾਅਦ ਤੁਸੀਂ ਅਕਸਰ ਹੀ ਦੇਖਿਆ ਹੋਣਾ ਕਿ ਚੋਣ ਅਧਿਕਾਰੀ ਵੱਲੋਂ ਸਾਡੇ ਉਂਗਲ 'ਤੇ ਇਕ ਸਿਆਹੀ ਲਾ ਦਿੱਤੀ ਜਾਂਦੀ ਹੈ। ਜਿਸ ਦੀਆਂ ਕਈ ਫੋਟਵਾਂ ਤੁਸੀਂ ਕਈ ਵਾਰ ਆਪਣੇ ਸੋਸ਼ਲ ਮੀਡਿਆ 'ਤੇ ਦੇਖੀਆਂ ਹੋਣੀਆਂ, ਕਿ ਵੋਟ ਕਰਨ ਤੋਂ ਬਾਅਦ ਲੋਕ ਸਿਆਹੀ ਲਗੀ ਉਂਗਲ ਚੱਕ ਕੇ ਦਿਖਾਂਦੇ ਹਨ। ਇਹ ਸਿਆਹੀ 72 ਘੰਟਿਆ ਤੱਕ ਤੁਹਾਡੀ ਉਗਲੀ ਤੋਂ ਨਹੀਂ ਉਤਰਦੀ, ਇਹ ਇਸ ਕਰਕੇ ਲਾਈ ਜਾਂਦੀ ਹੈ ਤਾਕਿ ਚੋਣਾਂ ਵਿੱਚ ਕਿਸੇ ਤਰ੍ਹਾਂ ਦਾ ਘਪਲਾ ਜਾਂ ਕੋਈ ਦੋਬਾਰਾ ਵੋਟ ਨਾ ਪਾ ਸਕੇ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਆਹੀ ਕੌਣ ਬਣਾਉਂਦਾ ਹੈ ਅਤੇ ਇਹ ਕਦੋਂ ਤੋਂ ਲਾਉਣੀ ਸ਼ੁਰੂ ਹੋਈ।
ਪਹਿਲੀ ਵਾਰ ਕਦੋਂ ਵਰਤੋਂ ਵਿੱਚ ਆਈ
ਖੱਬੇ ਹੱਥ ਦੀ ਇੰਡੈਕਸ ਉਂਗਲ 'ਤੇ ਇਹ ਗੂੜ੍ਹੀ ਨੀਲੀ/ਵਾਇਲੇਟ ਸਿਆਹੀ ਅੱਜ ਭਾਰਤ ਵਿੱਚ ਚੋਣ ਪ੍ਰਕਿਰਿਆ ਦਾ ਸਮਾਨਾਰਥੀ ਬਣ ਗਈ ਹੈ। ਪਹਿਲੀਆਂ ਆਮ ਚੋਣਾਂ (1951-52) ਵਿੱਚ, ਭਾਰਤੀ ਚੋਣ ਕਮਿਸ਼ਨ (ਈਸੀਆਈ) ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਸਿਆਹੀ ਕੱਚ ਦੀ ਸਿਲਾਈ ਨਾਲ ਲਗਾਈ ਗਈ ਸੀ। ਰਿਪੋਰਟ ਦੇ ਅਨੁਸਾਰ, "ਇਹ ਸਿਆਹੀ ਕਾਫ਼ੀ ਤਸੱਲੀਬਖਸ਼ ਸਾਬਤ ਹੋਈ ਹੈ, ਜਿਸਦਾ ਸਬੂਤ ਇਸ ਤੱਥ ਤੋਂ ਮਿਲਦਾ ਹੈ ਕਿ ਕਈ ਸੂਬਿਆਂ ਵਿੱਚ ਹੋਈਆਂ ਪਹਿਲੀਆਂ ਚੋਣਾਂ ਵਿੱਚ ਵੀ ਇਸਦੀ ਵਰਤੋਂ ਕੀਤੀ ਜਾ ਰਹੀ ਸੀ।" ਇਹ ਸਿਆਹੀ ਚੋਣ ਕਮਿਸ਼ਨ ਵੱਲੋਂ ਖਰੀਦੀ ਗਈ ਸੀ। ਸੂਬਿਆਂ ਦੀਆਂ ਪਹਿਲੀਆਂ ਚੋਣਾਂ ਲਈ ਤਿੰਨ ਲੱਖ ਉਨਾਸੀ ਹਜਾਰ ਅੱਠ ਸੋ ਸੋਲ੍ਹਾ ਸ਼ੀਸ਼ੀਆ ਇਸ ਦੀਆਂ ਖਰੀਦਿਆਂ ਗਈਆਂ ਸੀ। ਹੁਣ ਦੀ ਗੱਲ ਕਰੀਏ ਤਾਂ, ਕਰਨਾਟਕ ਸਰਕਾਰ ਦੇ ਅਧੀਨ ਇੱਕ ਕੰਪਨੀ, ਮੈਸੂਰ ਪੇਂਟਸ ਅਤੇ ਵਾਰਨਿਸ਼ ਲਿਮਿਟੇਡ ਨੇ 2024 ਦੀਆਂ ਆਮ ਚੋਣਾਂ ਲਈ 10 ਮਿਲੀਲੀਟਰ ਦੀਆਂ 26.5 ਲੱਖ ਫੋਇਲ (ਛੋਟੀਆਂ ਸ਼ੀਸ਼ੀਆਂ) ਤਿਆਰ ਕੀਤੀਆਂ ਹਨ। ਹਰੇਕ ਫਾਈਲ ਜਾਂ ਸ਼ੀਸ਼ੀ ਦੀ ਕੀਮਤ ਲਗਭਗ 174 ਰੁਪਏ ਹੈ।
ਸਿਆਹੀ ਬਨਾਉਣ ਲਈ ਕਿਸ ਚੀਜ਼ ਦੀ ਕੀਤੀ ਜਾਂਦੀ ਹੈ ਵਰਤੋਂ?
ਸਿਆਹੀ ਲਗਾਉਣ ਦੀ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਵੋਟਰ ਪੋਲਿੰਗ ਸਟੇਸ਼ਨ 'ਤੇ ਆਪਣੀ ਪਛਾਣ ਦੀ ਜਾਂਚ ਕਰਵਾਉਂਦੇ ਹਨ। ਇਸ ਤੋਂ ਬਾਅਦ ਈਵੀਐਮ ਦਾ ਬਟਨ ਦਬਾਉਣ ਤੋਂ ਪਹਿਲਾਂ ਵੋਟਰ ਦੀ ਉਂਗਲ 'ਤੇ ਇਹ ਸਿਆਹੀ ਲਗਾਈ ਜਾਂਦੀ ਹੈ। ਇਹੀ ਪ੍ਰਕਿਰਿਆ ਸਾਲਾਂ ਤੋਂ ਚੱਲੀ ਆ ਰਹੀ ਹੈ, ਭਾਵੇਂ ਈਵੀਐਮ ਨੇ ਬੈਲਟ ਪੇਪਰਾਂ ਦੀ ਥਾਂ ਲੈ ਲਈ ਹੈ। ਇਸ ਸਿਆਹੀ ਨੂੰ ਬਣਾਉਣ ਲਈ ਸਿਲਵਰ ਨਾਈਟ੍ਰੇਟ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇੱਕ ਰੰਗਹੀਣ ਰਸਾਇਣ ਹੈ ਜੋ ਅਲਟਰਾਵਾਇਲਟ ਕਿਰਨਾਂ ਜਾਂ ਸੂਰਜ ਦੀ ਰੌਸ਼ਨੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਦਿਖਾਈ ਦਿੰਦਾ ਹੈ।
ਸਿਆਹੀ ਵਿੱਚ ਸਿਲਵਰ ਨਾਈਟ੍ਰੇਟ ਦੀ ਮਾਤਰਾ ਜਿੰਨੀ ਜ਼ਿਆਦਾ ਹੋਵੇਗੀ, ਸਿਆਹੀ ਦੀ ਗੁਣਵੱਤਾ ਉਨੀ ਹੀ ਬਿਹਤਰ ਹੋਵੇਗੀ। ਇਸ ਤੋਂ ਇਲਾਵਾ ਸਿਆਹੀ 'ਚ ਅਲਕੋਹਲ ਵੀ ਹੁੰਦੀ ਹੈ ਜਿਸ ਨਾਲ ਸਿਆਹੀ ਉਂਗਲ 'ਤੇ ਲੱਗਦੇ ਹੀ ਸੁੱਕ ਜਾਂਦੀ ਹੈ। ਇਹ ਸਿਆਹੀ ਲਗਭਗ 72 ਘੰਟਿਆਂ ਤੱਕ ਸਾਬਣ, ਡਿਟਰਜੈਂਟ ਅਤੇ ਹੋਰ ਕਿਸੇ ਪਦਾਰਥ ਨਾਲ ਹੱਥ ਧੋਣ ਨਾਲ ਵੀ ਨਹੀਂ ਧੋਤੀ ਜਾਂਦੀ। ਭਾਰਤ ਦੇ ਚੋਣ ਕਮਿਸ਼ਨ ਨੇ ਇਸ ਸਿਆਹੀ ਦੀ ਮੰਗ ਕੀਤੀ ਸੀ ਅਤੇ CSIR ਦੇ ਵਿਗਿਆਨੀਆਂ ਨੇ 1960 ਵਿੱਚ ਇਸ ਸਿਆਹੀ 'ਤੇ ਕੰਮ ਕਰਨਾ ਸ਼ੁਰੂ ਕੀਤਾ ਸੀ। ਬਾਅਦ ਵਿੱਚ ਇਸਨੂੰ ਨੈਸ਼ਨਲ ਰਿਸਰਚ ਡਿਵੈਲਪਮੈਂਟ ਕਾਰਪੋਰੇਸ਼ਨ ਦੁਆਰਾ ਪੇਟੈਂਟ ਕੀਤਾ ਗਿਆ ਸੀ।
1962 ਵਿੱਚ ਪਹਿਲੀ ਵਾਰ ਮੈਸੂਰ ਪੇਂਟਸ ਐਂਡ ਵਾਰਨਿਸ਼ ਲਿਮਟਿਡ ਨੂੰ ਤੀਜੀਆਂ ਆਮ ਚੋਣਾਂ ਲਈ ਇਸ ਸਿਆਹੀ ਨੂੰ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ ਅਤੇ ਉਦੋਂ ਤੋਂ ਇਹੀ ਕੰਪਨੀ ਇਸ ਚੋਣ ਸਿਆਹੀ ਵਿੱਚ ਰੰਗ ਮਿਲਾ ਰਹੀ ਹੈ। ਅਜਿਹਾ ਨਹੀਂ ਹੈ ਕਿ ਸਿਰਫ਼ ਭਾਰਤ ਵਿੱਚ ਹੀ ਚੋਣਾਂ ਦੌਰਾਨ ਇਸ ਸਿਆਹੀ ਦੀ ਵਰਤੋਂ ਕੀਤੀ ਜਾਂਦੀ ਹੈ। ਦੁਨਿਆ ਦੇ ਲਗਭਗ 25 ਦੇਸ਼ਾਂ ਵਿੱਚ ਇਸ ਸਿਆਹੀ ਨੂੰ ਭੇਜਿਆ ਜਾਂਦਾ ਹੈ। ਜਿਨ੍ਹਾਂ ਵਿੱਚ ਕੈਨੇਡਾ, ਨੇਪਾਲ ਅਤੇ ਦਖਣੀ ਅਫਰੀਕਾ ਵੀ ਸ਼ਾਮਲ ਹਨ। ਹਾਲਾਂਕਿ, ਸਿਆਹੀ ਲਾਉਂਣ ਦਾ ਤਰੀਕਾ ਹਰ ਦੇਸ਼ ਵਿਚ ਵੱਖੋ-ਵੱਖਰਾ ਹੈ।
Summary in English: Loksabha Election 2024, Voting Ink, What is the story of the ink applied on the finger after voting?