ਮੁਹਾਲੀ 'ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਦਫਤਰ ਦੀ ਇਮਾਰਤ 'ਤੇ ਸ਼ੱਕੀ ਰਾਕੇਟ ਡਿੱਗਣ ਦੀ ਖ਼ਬਰ ਤੋਂ ਬਾਅਦ ਸਨਸਨੀ ਫੈਲ ਗਈ। ਧਮਾਕੇ ਨਾਲ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ।
ਮੋਹਾਲੀ 'ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ 'ਤੇ ਹਮਲਾ ਹੋਇਆ ਹੈ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਹ ਹਮਲਾ ਇੰਟੈਲੀਜੈਂਸ ਵਿੰਗ ਦੀ ਦੂਜੀ ਮੰਜ਼ਿਲ 'ਤੇ ਹੋਇਆ ਹੈ। ਹਮਲਾ ਸਾਹਮਣੇ ਵਾਲੇ ਪਾਸੇ ਹੋਇਆ ਦੱਸਿਆ ਜਾ ਰਿਹਾ ਹੈ, ਜਿਸ ਕਾਰਨ ਦਫਤਰ ਦੇ ਸ਼ੀਸ਼ੇ ਟੁੱਟ ਗਏ। ਹਾਲਾਂਕਿ, ਮੁਹਾਲੀ ਦੇ ਐਸਪੀ ਰਵਿੰਦਰ ਪਾਲ ਸਿੰਘ ਨੇ ਇਸਨੂੰ ਮਾਮੂਲੀ ਧਮਾਕਾ ਦੱਸਿਆ ਹੈ। ਦੱਸ ਦਈਏ ਕਿ ਇਹ ਹਮਲਾ ਇਮਾਰਤ ਦੇ ਬਾਹਰੋਂ ਹੋਇਆ। ਇਸ 'ਤੇ ਰਾਕੇਟ ਵਰਗੀ ਚੀਜ਼ ਨਾਲ ਹਮਲਾ ਕੀਤਾ ਗਿਆ ਹੈ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ, ਫਿਲਹਾਲ, ਸੀਨੀਅਰ ਅਧਿਕਾਰੀ ਅਤੇ ਐਫਐਸਐਲ ਟੀਮ ਇਸ ਦੀ ਜਾਂਚ ਕਰ ਰਹੀ ਹੈ।
ਹਮਲੇ ਬਾਰੇ ਦੂਜੇ ਦਿਨ ਵੀ ਪੰਜਾਬ ਪੁਲੀਸ ਅਧਿਕਾਰੀ ਕੁੱਝ ਵੀ ਬੋਲਣ ਤੋਂ ਕਤਰਾ ਰਹੇ ਹਨ। ਉਂਝ ਪੁਲੀਸ ਨੇ ਇੰਟੈਲੀਜੈਂਸ ਵਿੰਗ ਦਫ਼ਤਰ ਦੇ ਨੇੜਲੇ ਮੋਬਾਈਲ ਟਾਵਰਾਂ ਦੀ ਰੇਂਜ ਵਾਲੇ ਕਰੀਬ 7 ਹਜ਼ਾਰ ਮੋਬਾਈਲ ਫੋਨਾਂ ਦਾ ਡੰਪ ਚੁੱਕਿਆ ਅਤੇ ਦਿਨ ਵੇਲੇ ਇਸ ਖੇਤਰ ਵਿੱਚ ਜ਼ਿਆਦਾ ਸਮਾਂ ਰਹੇ ਵਿਅਕਤੀਆਂ ਨੂੰ ਸ਼ੱਕ ਦੀ ਨਿਗ੍ਹਾ ਨਾਲ ਦੇਖਿਆ ਜਾ ਰਿਹਾ ਹੈ।
ਸੀਸੀਟੀਵੀ ਫੁਟੇਜ ਵਿੱਚ ਸ਼ੱਕੀ ਸਵਿਫ਼ਟ ਕਾਰ ਵੀ ਇੰਟੈਲੀਜੈਂਸ ਵਿੰਗ ਦੇ ਨੇੜੇ-ਤੇੜੇ ਗੇੜੇ ਮਾਰਦੀ ਨਜ਼ਰ ਆ ਰਹੀ ਹੈ। ਇਸ ਕਾਰ ਵਿੱਚ ਤਿੰਨ ਚਾਰ ਵਿਅਕਤੀ ਸਵਾਰ ਦੱਸੇ ਜਾ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਰੇਕੀ ਕੀਤੀ ਗਈ ਸੀ। ਇਸ ਹਮਲੇ ਤੋਂ ਬਾਅਦ ਮੁਹਾਲੀ ਕੌਮਾਂਤਰੀ ਏਅਰਪੋਰਟ ਅਤੇ ਰੇਲਵੇ ਸਟੇਸ਼ਨ ’ਤੇ ਵੀ ਸੁਰੱਖਿਆ ਵਧਾਈ ਗਈ ਹੈ।
ਦੱਸ ਦਈਏ ਕਿ ਇਸ ਹਲਮੇ ਦੀ ਖ਼ਬਰ ਤੋਂ ਬਾਅਦ ਸੂਬੇ ਭਰ ਵਿੱਚ ਸਨਸਨੀ ਫੈਲ ਗਈ ਹੈ। ਧਮਾਕੇ ਨਾਲ ਇਮਾਰਤ ਦੀਆਂ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ ਹਨ। ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਗੁਆਂਢੀ ਸੂਬਿਆਂ ਨਾਲ ਲੱਗਦੀਆਂ ਹੱਦਾਂ ਵੀ ਸੀਲ ਕਰਨ ਦੀ ਗੱਲ ਕਹੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਅੱਤਵਾਦੀ ਹਮਲਾ ਹੋ ਸਕਦਾ ਹੈ, ਇਸ ਪਹਿਲੂ ਨੂੰ ਵੀ ਖ਼ਾਰਿਜ ਨਹੀਂ ਕੀਤਾ ਜਾ ਸਕਦਾ। ਇਸ ਸਬੰਧੀ ਬਾਰੀਕੀ ਨਾਲ ਜਾਂਚ ਚੱਲ ਰਹੀ ਹੈ।
ਇਹ ਵੀ ਪੜ੍ਹੋ : Patiala Violence: ਆਈਜੀ ਨੇ ਕਿਹਾ- ਅਫਵਾਹਾਂ ਕਾਰਨ ਵਾਪਰੀ ਘਟਨਾ
ਜਿਕਰਯੋਗ ਹੈ ਕਿ ਪੁਲਿਸ ਦੇ ਕਈ ਉੱਚ ਅਧਿਕਾਰੀ ਮੌਕੇ 'ਤੇ ਮੌਜੂਦ ਸਨ ਅਤੇ ਮਾਮਲੇ ਦੀ ਜਾਂਚ ਵਿੱਚ ਜੁੱਟ ਗਏ ਹਨ। ਫਿਲਹਾਲ, ਪੁਲਿਸ ਨੇ ਧਮਾਕੇ ਦਾ ਕਾਰਨ ਜਾਣਨ ਲਈ ਮੌਕੇ 'ਤੇ ਫੋਰੈਂਸਿਕ ਟੀਮ ਸੱਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਧਮਾਕੇ ਦੀ ਰਿਪੋਰਟ ਮੰਗੀ ਹੈ। ਮਾਨ ਨੇ ਕਿਹਾ ਕਿ ਮੁਹਾਲੀ 'ਚ ਹੋਏ ਬਲਾਸਟ ਦੀ ਜਾਂਚ ਪੰਜਾਬ ਪੁਲਿਸ ਕਰ ਰਹੀ ਹੈ। ਜਿਸ ਕਿਸੇ ਨੇ ਵੀ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Summary in English: Mohali Blast: Attack outside the Intelligence Office! Team investigating the case!