ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵਲੋਂ ’ਕੌਮੀ ਮੱਛੀ ਪਾਲਕ ਦਿਵਸ’ ਮਨਾਇਆ ਗਿਆ।ਇਸ ਦਿਵਸ ਦਾ ਮੰਤਵ ਮੱਛੀ ਪਾਲਕਾਂ ਵਲੋਂ ਰਾਸ਼ਟਰੀ ਆਰਥਿਕਤਾ ਅਤੇ ਭੋਜਨ ਸੁਰੱਖਿਆ ਵਿਚ ਪਾਏ ਯੋਗਦਾਨ ਨੂੰ ਯਾਦ ਕਰਨਾ ਹੈ ਜਿਸ ਨਾਲ ਕਿ ਭਾਰਤ ਇਸ ਵਕਤ ਵਿਸ਼ਵ ਦਾ ਦੂਸਰਾ ਸਭ ਤੋਂ ਵੱਡਾ ਮੱਛੀ ਉਤਪਾਦਕ ਮੁਲਕ ਬਣ ਚੁੱਕਾ ਹੈ।
ਇਸ ਦਿਵਸ ’ਤੇ ਮੱਛੀ ਪਾਲਣ ਦੇ ਖੇਤਰ ਵਿਚ ਕਾਰਜ ਕਰ ਰਹੇ ਵਿਗਿਆਨੀਆਂ ਨੂੰ ਵੀ ਸਲਾਹਿਆ ਜਾਂਦਾ ਹੈ ਜਿਨ੍ਹਾਂ ਨੇ ਨਵੀਆਂ ਤਕਨੀਕਾਂ ਅਤੇ ਤਕਨਾਲੋਜੀ ਦੇ ਮਾਧਿਅਮ ਰਾਹੀਂ ਮੱਛੀ ਉਤਪਾਦਨ ਨੂੰ ਵਧਾਉਣ ਤੇ ਉਨ੍ਹਾਂ ਦੀ ਪੈਦਾਇਸ਼ ਨੂੰ ਬਿਹਤਰ ਕਰਨ ਸੰਬੰਧੀ ਉਪਰਾਲੇ ਕੀਤੇ ਹਨ।ਇਸ ਖੇਤਰ ਦੀਆਂ ਮਾਣਮੱਤੀਆਂ ਸ਼ਖ਼ਸੀਅਤਾਂ ਡਾ. ਹੀਰਾਲਾਲ ਚੌਧਰੀ ਅਤੇ ਡਾ. ਕੇ ਐਚ ਅਲੀਕੁਨਹੀ ਦਾ ਵੀ ਆਭਾਰ ਵਿਅਕਤ ਕੀਤਾ ਗਿਆ ਕਿ ਉਨ੍ਹਾਂ ਨੇ ’ਨੀਲੇ ਇਨਕਲਾਬ’ ਦੇ ਖੇਤਰ ਵਿਚ ਬਹੁਤ ਨਿੱਘਰ ਭੂਮਿਕਾ ਅਦਾ ਕੀਤੀ ਹੈ।
ਆਨਲਾਈਨ ਕੀਤੇ ਗਏ ਇਸ ਸਮਾਗਮ ਨੂੰ ਦੋ ਸੈਸ਼ਨਾਂ ਵਿਚ ਵੰਡਿਆ ਗਿਆ ਸੀ ਜਿਨ੍ਹਾਂ ਵਿਚੋਂ ਇਕ ਵਿਚ ਵਿਦਿਆਰਥੀਆਂ ਨੇ ਖੇਤਰ ਵਿਚ ਕੰਮ ਕਰ ਰਹੇ ਮੱਛੀ ਪਾਲਕਾਂ ਨੂੰ ਲੇਖਾਂ, ਪੋਸਟਰਾਂ ਅਤੇ ਕਵਿਤਾਵਾਂ ਦੇ ਮਾਧਿਅਮ ਰਾਹੀਂ ਭਾਰਤੀ ਆਰਥਿਕਤਾ ਵਿਚ ਯੋਗਦਾਨ ਪਾਉਣ ਲਈ ਸਲਾਹਿਆ।ਕਿਸਾਨਾਂ ਦੇ ਸੈਸ਼ਨ ਵਿਚ ਵੱਖੋ-ਵੱਖਰੇ ਮੱਛੀ ਪਾਲਕਾਂ ਦੀ ਵੀਡੀਓ ਫਿਲਮ 100 ਤੋਂ ਵਧੇਰੇ ਪ੍ਰਤੀਭਾਗੀਆਂ ਨਾਲ ਸਾਂਝੀ ਕੀਤੀ ਗਈ।ਮੱਛੀ ਪਾਲਕਾਂ ਅਤੇ ਔਰਤ ਉਦਮੀਆਂ ਨੇ ਆਪਣੇ ਤਜਰਬਿਆਂ ਦੀ ਯਾਤਰਾ ਸਾਰਿਆਂ ਨਾਲ ਸਾਂਝੀ ਕੀਤੀ ਅਤੇ ਇਸ ਖੇਤਰ ਵਿਚ ਆਉਣ ਲਈ ਨੌਜਵਾਨਾਂ ਨੂੰ ਪ੍ਰੇਰਿਆ।ਉਨ੍ਹਾਂ ਨੇ ਵੈਟਨਰੀ ਯੂਨੀਵਰਸਿਟੀ ਨਾਲ ਆਪਣੀ ਸਾਂਝ ਦਾ ਉਚੇਚਾ ਜ਼ਿਕਰ ਕੀਤਾ ਕਿ ਯੂਨੀਵਰਸਿਟੀ ਕੋਲੋਂ ਉਨ੍ਹਾਂ ਨੂੰ ਸਦਾ ਸੁਚੱਜੀ ਸਲਾਹ, ਸਿਖਲਾਈ ਅਤੇ ਨਵੀਆਂ ਤਕਨੀਕਾਂ ਉਪਲਬਧ ਹੁੰਦੀਆਂ ਹਨ।
ਡਾ. ਵਨੀਤ ਇੰਦਰ ਕੌਰ, ਪ੍ਰਮੁੱਖ ਵਿਗਿਆਨੀ ਨੇ ਜਾਣਕਾਰੀ ਦਿੱਤੀ ਕਿ ਇਹ ਗਤੀਵਿਧੀ ਸਾਡੇ ਮੁਲਕ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਅਧੀਨ ’ਭਾਰਤ ਕਾ ਅਮਰੂਤ ਮਹੋਤਸਵ’ ਸੰਕਲਪ ਅਧੀਨ ਕਰਵਾਈ ਗਈ।ਖੇਤੀਬਾੜੀ ਸੰਬੰਧੀ ਉਚੇਰੀ ਸਿੱਖਿਆ ਦੇ ਪ੍ਰਾਜੈਕਟ ਅਧੀਨ ਡਾ. ਸ਼ਾਂਤਨਾਗੌੜਾ ਅਤੇ ਡਾ. ਸਚਿਨ ਨੇ ਵਿਦਿਆਰਥੀਆਂ ਦਾ ਸੈਸ਼ਨ ਤੇ ਡਾ. ਗਰਿਸ਼ਮਾ ਤਿਵਾੜੀ ਅਤੇ ਡਾ. ਰਜਿੰਦਰ ਕੌਰ ਨੇ ਕਿਸਾਨਾਂ ਦੇ ਸੈਸ਼ਨ ਦਾ ਸੰਯੋਜਨ ਕੀਤਾ।
ਡਾ. ਮੀਰਾ ਡੀ ਆਂਸਲ, ਡੀਨ, ਫ਼ਿਸ਼ਰੀਜ਼ ਕਾਲਜ ਨੇ ਕਿਸਾਨਾਂ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਉਨ੍ਹਾਂ ਨੇ ਭੋਜਨ ਸੁਰੱਖਿਆ ਅਤੇ ਰੁਜ਼ਗਾਰ ਦੇ ਬਿਹਤਰ ਮੌਕੇ ਪੈਦਾ ਕਰਕੇ ਕੌਮੀ ਆਰਥਿਕਤਾ ਵਿਚ ਭਰਪੂਰ ਯੋਗਦਾਨ ਪਾਇਆ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਕੌਮੀ ਦਿਵਸ ’ਤੇ ਮੱਛੀ ਪਾਲਕਾਂ ਦਾ ਉਤਸਾਹ ਵਧਾਇਆ ਅਤੇ ਕਿਹਾ ਕਿ ਉਹ ਮਾਹਿਰਾਂ ਨਾਲ ਜੁੜ ਕੇ ਰਹਿਣ ਤਾਂ ਜੋ ਵਿਗਿਆਨਕ ਲੀਹਾਂ ’ਤੇ ਸਮਰੱਥਾ ਉਸਾਰੀ ਦਾ ਵਿਕਾਸ ਕੀਤਾ ਜਾ ਸਕੇ।ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਯਤਨਾਂ ਨਾਲ ਅਸੀਂ ਉਤਪਾਦਨ ਨੂੰ ਹੋਰ ਬਿਹਤਰ ਕਰ ਸਕਾਂਗੇ ਅਤੇ ਇਸ ਵਿਕਾਸ ਨੂੰ ਟਿਕਾਊ ਤੌਰ ’ਤੇ ਸੰਭਾਲ ਸਕਾਂਗੇ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: National Fisheries Day celebrated at Veterinary University