Agriculture Industry: ਪੀ.ਏ.ਯੂ. ਵੱਲੋਂ ਖੇਤੀ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਉੱਦਮੀਆਂ ਨੂੰ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਦੇ ਇੱਕ ਸਿਖਲਾਈ ਪ੍ਰਾਪਤ ਉੱਦਮੀ ਕੁਮਾਰੀ ਰਿਤੂ ਅਗਰਵਾਲ ਨੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਯੋਗ ਮਾਹਿਰਾਂ ਦੀ ਹਾਜ਼ਰੀ ਵਿਚ ਮੋਟੇ ਅਨਾਜਾਂ ਤੋਂ ਬਣੇ ਵੱਖ-ਵੱਖ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ।
ਰਿਤੂ ਅਗਰਵਾਲ ਨੇ ਆਪਣੀ ਸੂਝ ਅਤੇ ਖੋਜੀ ਬਿਰਤੀ ਨਾਲ ਮੋਟੇ ਅਨਾਜਾਂ ਤੋਂ ਬਣਾਈਆਂ ਵੱਖ-ਵੱਖ ਪੋਸ਼ਕ ਚੀਜ਼ਾਂ ਦਿਖਾਈਆਂ। ਇਸ ਮੌਕੇ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨਾਲ ਮਿਲਖ ਅਧਿਕਾਰੀ ਡਾ. ਰਿਸ਼ੀਇੰਦਰਾ ਸਿੰਘ ਗਿੱਲ, ਕੰਟਰੋਲਰ ਇਮਤਿਹਾਨ ਡਾ. ਵਿਸ਼ਵਜੀਤ ਸਿੰਘ ਹਾਂਸ, ਬਿਜ਼ਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਮੌਜੂਦ ਸਨ।
ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੁੰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਉਦੇਸ਼ ਖੇਤੀ ਉਤਪਾਦਨ ਦੇ ਨਾਲ-ਨਾਲ ਖੇਤੀ ਉਦਯੋਗ ਦੀ ਸਿਖਲਾਈ ਦੇ ਕੇ ਉੱਦਮੀਆਂ ਨੂੰ ਵੱਧ ਤੋਂ ਵੱਧ ਇਸ ਖੇਤਰ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਕਿਹਾ ਕਿ ਬੀਤੇ ਸਮੇਂ ਵਿਚ ਪੌਸ਼ਟਿਕਤਾ ਵੱਲ ਧਿਆਨ ਵਧਿਆ ਹੈ।
ਬੀਤੇ ਵਰ੍ਹੇ ਨੂੰ ਮੋਟੇ ਅਨਾਜਾਂ ਦੇ ਸਾਲ ਵਜੋਂ ਮਨਾਏ ਜਾਣ ਦੀ ਗੱਲ ਕਰਦਿਆਂ ਵਾਈਸ ਚਾਂਸਲਰ ਨੇ ਖੇਤੀ ਉੱਦਮ ਨਾਲ ਜੁੜੇ ਉੱਦਮੀਆਂ ਨੂੰ ਕਿਹਾ ਕਿ ਉਹ ਪੰਜਾਬ ਖਿੱਤੇ ਵਿਚ ਇੱਥੋਂ ਦੇ ਹਾਲਾਤ ਅਤੇ ਲੋੜਾਂ ਮੁਤਾਬਿਕ ਕਾਰੋਬਾਰੀ ਪਹਿਲਕਦਮੀਆਂ ਵੱਲ ਧਿਆਨ ਦੇਣ। ਇਸ ਨਾਲ ਨਾ ਸਿਰਫ ਉੱਚ ਪੱਧਰੀ ਉਤਪਾਦ ਗਾਹਕਾਂ ਦੀ ਮੰਗ ਅਨੁਸਾਰ ਤਿਆਰ ਹੋਣਗੇ ਬਲਕਿ ਉਤਪਾਦਨ ਦੀ ਖਪਤ ਦਾ ਘੇਰਾ ਵੀ ਵਧੇਗਾ।
ਇਹ ਵੀ ਪੜੋ: MFOI 2023: ਉਦਯੋਗ ਸੰਘਾਂ ਨੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਭੂਮਿਕਾ ਨਿਭਾਈ
ਬਿਜ਼ਨਸ ਸਟੱਡੀਜ਼ ਸਕੂਲ ਦੇ ਨਿਰਦੇਸ਼ਕ ਡਾ. ਰਮਨਦੀਪ ਸਿੰਘ ਨੇ ਕੁਮਾਰੀ ਅਗਰਵਾਲ ਦੇ ਕਾਰਜਾਂ ਬਾਰੇ ਗੱਲ ਕਰਦਿਆਂ ਉਹਨਾਂ ਵੱਲੋਂ ਤਿਆਰ ਕੀਤੇ ਉਤਪਾਦਾਂ ਅਤੇ ਅਪਣਾਈਆਂ ਵਿਕਰੀ ਰਣਨੀਤੀਆਂ ਦੀ ਚਰਚਾ ਕੀਤੀ। ਉਹਨਾਂ ਨੇ ਉਤਪਾਦਕਾਂ ਅਤੇ ਪ੍ਰੋਸੈੱਸਰਾਂ ਵਿਚਕਾਰ ਸਾਂਝ ਉੱਪਰ ਜ਼ੋਰ ਦਿੰਦਿਆਂ ਪੀ.ਏ.ਯੂ. ਵੱਲੋਂ ਵਸਤੂ ਉਤਪਾਦ ਲੜੀ ਬਨਾਉਣ ਦੀ ਸਿਖਲਾਈ ਬਾਰੇ ਦੱਸਿਆ। ਇਸਦੇ ਨਾਲ ਹੀ ਉਹਨਾਂ ਨੇ ਕੁਮਾਰੀ ਅਗਰਵਾਲ ਦੇ ਸਮਰਪਣ ਅਤੇ ਖੋਜੀ ਢੰਗਾਂ ਦੀ ਸਲਾਹੁਤਾ ਕੀਤੀ।
ਇਹ ਵੀ ਪੜ੍ਹੋ: ਵੈਟਨਰੀ ਯੂਨੀਵਰਸਿਟੀ ਵੱਲੋਂ ‘Viksit Bharat @ 2047: Voice of Youth’ ਮੁਹਿੰਮ ਵਿੱਚ ਸ਼ਮੂਲੀਅਤ
ਡਾ. ਰਮਨਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਉਹ ਨਿਧੀ-ਟੀ ਬੀ ਆਈ ਪ੍ਰੋਜੈਕਟ ਦੇ ਮੁੱਖ ਨਿਗਰਾਨ ਹਨ ਅਤੇ ਇਹ ਪ੍ਰੋਜੈਕਟ ਵੱਖ-ਵੱਖ ਵਿਭਾਗਾਂ ਜਿਵੇਂ ਭੋਜਨ ਅਤੇ ਪੋਸ਼ਣ ਵਿਭਾਗ, ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ, ਪਸਾਰ, ਭੋਜਨ ਇੰਜਨੀਅਰਿੰਗ ਅਤੇ ਤਕਨਾਲੋਜੀ, ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਬਿਜ਼ਨਸ ਸਟੱਡੀਜ਼ ਸਕੂਲ ਵਿਚਕਾਰ ਇਕ ਸਾਂਝ ਦਾ ਸੂਤਰ ਬਣਾਉਂਦੀ ਹੈ। ਉਹਨਾਂ ਦੱਸਿਆ ਕਿ ਕੁਮਾਰੀ ਅਗਰਵਾਲ ਪੀ.ਏ.ਯੂ. ਕਿਸਾਨ ਕਲੱਬ ਦੇ ਔਰਤ ਵਿੰਗ ਦੇ ਜੀਵਨ ਮੈਂਬਰ ਹਨ।
ਕੁਮਾਰੀ ਰਿਤੂ ਅਗਰਵਾਲ ਨੇ ਆਪਣੇ ਸਫਰ ਬਾਰੇ ਗੱਲ ਕਰਦਿਆਂ ਮੋਟੇ ਅਨਾਜਾਂ ਦੇ ਅਧਾਰ ਤੇ ਬਣਾਏ ਜਾਣ ਵਾਲੇ ਵੱਖ-ਵੱਖ ਉਤਪਾਦਾਂ ਬਾਰੇ ਗੱਲ ਕੀਤੀ। ਉਹਨਾਂ ਦੱਸਿਆ ਕਿ ਉਹ ਕੁਕੀਜ਼, ਕੇਕ, ਮਫਿਨਜ਼, ਪ੍ਰੋਟੀਨ ਪਾਊਡਰ, ਇਡਲੀ, ਢੋਕਲਾ, ਡੋਸਾ ਅਤੇ ਕਟਲੇਟ ਬਣਾਉਂਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਦੱਸਿਆ ਕਿ ਉਹ ਵੱਖ-ਵੱਖ ਮੋਟੇ ਅਨਾਜ ਕੰਗਣੀ, ਕੋਧਰਾ, ਕੁਟਕੀ, ਸੁਆਂਕ ਅਤੇ ਹਰੀ ਕੰਗਣੀ ਆਦਿ ਅਨਾਜਾਂ ਦੀ ਵਰਤੋਂ ਕਰਕੇ ਵੱਖ-ਵੱਖ ਉਤਪਾਦ ਤਿਆਰ ਕਰਦੇ ਹਨ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: PAU boosts agriculture industry, initiates training program for new entrepreneurs