ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਪੰਜਾਬ ਵਿੱਚ ਬਾਸਮਤੀ ਦੀ ਕਾਸ਼ਤ ਨੂੰ ਹੋਰ ਲਾਹੇਵੰਦ ਬਣਾਉਣ ਲਈ ਕੀਤੇ ਜਾ ਰਹੇ ਖੋਜ ਉੱਦਮਾਂ ਸਦਕਾ ਇੱਕ ਨਵੀਂ ਬਾਸਮਤੀ ਕਿਸਮ ‘ਪੰਜਾਬ ਬਾਸਮਤੀ 7’ ਵਿਕਸਤ ਕੀਤੀ ਗਈ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਅਪਰ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਦੱਸਿਆ ਕਿ ਇਹ ਕਿਸਮ ਰਵਾਇਤੀ ਬਾਸਮਤੀ 386 ਅਤੇ ਪ੍ਰਚਲਤ ਬਾਸਮਤੀ ਕਿਸਮ ਪੂਸਾ ਬਾਸਮਤੀ 1121 ਦੇ ਸੁਮੇਲ ਤੋਂ ਤਿਆਰ ਕੀਤੀ ਗਈ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਦਿਆਂ ਡਾ. ਮਾਂਗਟ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਇਸ ਕਿਸਮ ਨੂੰ 64 ਵੱਖ-ਵੱਖ ਤਜਰਬਿਆਂ ਵਿੱਚ ਪਰਖਿਆ ਗਿਆ। ਪੰਜਾਬ ਬਾਸਮਤੀ 7 ਦਾ ਔਸਤਨ ਝਾੜ ਪ੍ਰਚੱਲਿਤ ਕਿਸਮਾਂ ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1718 ਤੋਂ ਕ੍ਰਮਵਾਰ 11.4 ਅਤੇ 6.1 ਪ੍ਰਤੀਸ਼ਤ ਵੱਧ ਪਾਇਆ ਗਿਆ। ਨਵੀਂ ਕਿਸਮ ‘ਪੰਜਾਬ ਬਾਸਮਤੀ 7’ ਨੇ ਔਸਤਨ 48.58 ਕੁ/ਹੈਕ. (19.4 ਕੁਇੰਟਲ/ਏਕੜ) ਝਾੜ ਦਿੱਤਾ।
ਇਸ ਦੀ ਲੁਆਈ ਜੁਲਾਈ ਦੇ ਪਹਿਲੇ ਪੰਦਰਵਾੜੇ ਦੌਰਾਨ ਕਰਨੀ ਚਾਹੀਦੀ ਹੈ। ਪੰਜਾਬ ਬਾਸਮਤੀ 7 ਕਿਸਮ, ਪੂਸਾ ਬਾਸਮਤੀ 1121 ਅਤੇ ਪੂਸਾ ਬਾਸਮਤੀ 1718 ਤੋਂ ਲੱਗਭੱਗ ਇੱਕ ਹਫ਼ਤਾ ਪਹਿਲਾਂ ਪੱਕ ਜਾਂਦੀ ਹੈ। ਇਸ ਕਿਸਮ ਦਾ ਕੱਦ ਵੀ ਪ੍ਰਚਲਤ ਕਿਸਮਾਂ ਤੋਂ ਘੱਟ ਹੋਣ ਕਰਕੇ ਇਸਦਾ ਪਰਾਲ ਵੀ ਘੱਟ ਹੁੰਦਾ ਹੈ।
ਹੋਰ ਜਾਣਕਾਰੀ ਦਿੰਦਿਆਂ ਝੋਨਾ ਮਾਹਿਰਾ ਡਾ. ਆਰਐੱਸ ਗਿੱਲ ਨੇ ਕਿਹਾ ਕਿ ਪੰਜਾਬ ਬਾਸਮਤੀ 7 ਕਿਸਮ ਪੰਜਾਬ ਵਿੱਚ ਪ੍ਰ੍ਚੱਲਿਤ ਝੁਲ਼ਸ ਰੋਗ ਦੀਆਂ ਸਾਰੀਆਂ 10 ਪ੍ਰਜਾਤੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ ਜਦੋਂ ਕਿ ਪੂਸਾ ਬਾਸਮਤੀ 1121 ਵਿੱਚ ਇਹ ਗੁਣ ਨਹੀਂ ਹੈ। ਪੰਜਾਬ ਬਾਸਮਤੀ 7 ਦੀ ਖਾਸੀਅਤ ਹੈ ਕਿ ਇਹ ਰਵਾਇਤੀ ਬਾਸਮਤੀ ਕਿਸਮਾਂ ਵਾਂਗ ਉੱਤਮ ਖੁਸ਼ਬੂ ਵਾਲੀ ਕਿਸਮ ਹੈ। ਇਸ ਕਿਸਮ ਦੇ ਬਾਕੀ ਸਾਰੇ ਗੁਣ ਜਿਵੇਂ ਚੌਲਾਂ ਦੀ ਲੰਬਾਈ, ਛੜਾਈ ਆਦਿ ਪ੍ਰਚਲਿੱਤ ਕਿਸਮ ਪੂਸਾ ਬਾਸਮਤੀ 1121 ਆਦਿ ਨਾਲ ਮੇਲ ਖਾਂਦੇ ਹਨ।
ਪ੍ਰਸਿੱਧ ਝੋਨਾ ਮਾਹਿਰ ਡਾ. ਬੂਟਾ ਸਿੰਘ ਢਿੱਲੋਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੱਧੀ ਬਿਜਾਈ ਅਧੀਨ ਪਰਖ ਤਜਰਬਿਆਂ ਵਿੱਚ ਪੰਜਾਬ ਬਾਸਮਤੀ 7 ਨੇ ਪੂਸਾ ਬਾਸਮਤੀ 1121 ਤੋਂ 17.7 ਪ੍ਰਤੀਸ਼ਤ ਜ਼ਿਆਦਾ ਝਾੜ ਦਿੱਤਾ। ਵਧੇਰੇ ਝਾੜ, ਪਤਲੇ, ਜ਼ਿਆਦਾ ਲੰਮੇ ਜ਼ਾਇਕੇਦਾਰ, ਸੁਆਦੀ ਅਤੇ ਉੱਤਮ ਖੁਸ਼ਬੂ ਵਾਲੇ ਚੌਲ ਇਸ ਕਿਸਮ ਨੂੰ ਨਿਵੇਕਲਾ ਬਣਾਉਂਦੇ ਹਨ ਅਤੇ ਕਿਸਾਨ ਵੀਰਾਂ ਅਤੇ ਹੋਰ ਸਬੰਧਿਤ ਹਿੱਸੇਦਾਰਾਂ ਲਈ ਇਹ ਕਿਸਮ ਇੱਕ ਵਧੀਆ ਬਦਲ ਸਾਬਤ ਹੋਵੇਗੀ।
ਇਸ ਕਿਸਮ ਅਤੇ ਹੋਰ ਕਿਸਮਾਂ ਦਾ ਬੀਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵੱਖ-ਵੱਖ ਜ਼ਿਲਿਆਂ ਵਿੱਚ ਸਥਿਤ ਖੋਜ ਕੇਂਦਰਾਂ, ਬੀਜ ਫਾਰਮਾਂ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮਰ ਸਲਾਹ ਸੇਵਾਵਾਂ ਕੇਂਦਰਾਂ ਵਿਖੇ ਉਪਲਬਧ ਹੈ।
ਇਹ ਵੀ ਪੜ੍ਹੋ :- ਪੰਜਾਬ: ਕਿਸਾਨਾਂ ਨੂੰ ਬੈਂਕ ਖਾਤੇ' ਚ ਮਿਲੇਗੀ MSP 'ਤੇ ਵੇਚੀ ਗਈ ਫਸਲ ਦੀ ਕੀਮਤ : ਪੀਯੂਸ਼ ਗੋਇਲ
Summary in English: PAU developed an improved variety of paddy ‘Basmati 7’,