Paddy Varieties: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਨੇ ਝੋਨੇ ਦੀਆਂ ਗੈਰ-ਸਿਫਾਰਸ਼ੀ ਕਿਸਮਾਂ ਦੀ ਵਰਤੋਂ ਦੀ ਜਾਂਚ ਅਤੇ ਧਰਤੀ ਹੇਠਲੇ ਪਾਣੀ ਦੀ ਕਮੀ ਦੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਕਿਸਾਨਾਂ ਨੂੰ ਝੋਨੇ ਦੀਆਂ ਕਿਸਮਾਂ ਅਨੁਸਾਰ ਨਰਸਰੀ ਬਿਜਾਈ ਅਤੇ ਲੁਆਈ ਦੀ ਯੋਜਨਾ ਬਣਾਉਣ ਦਾ ਸੱਦਾ ਦਿੱਤਾ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੁਆਰਾ ਵਿਕਸਤ ਘੱਟ ਤੋਂ ਦਰਮਿਆਨਾ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਪੰਜਾਬ ਵਿੱਚ ਤਕਰੀਬਨ 70% ਤੋਂ ਵੱਧ ਰਕਬੇ ਉੱਪਰ ਲਗਾਈਆਂ ਜਾਂਦੀਆਂ ਹਨ। ਇਹ ਕਿਸਮਾਂ ਸਿੰਚਾਈ ਵਾਲੇ ਪਾਣੀ ਦੀ ਬਚਤ ਕਰਦੀਆਂ ਹਨ ਕਿਉਂਕਿ ਇਹ ਮੌਨਸੂਨ ਦੀ ਸ਼ੁਰੂਆਤ ਦੇ ਨੇੜੇ ਲਗਾਏ ਜਾਣ ’ਤੇ ਵਧੀਆ ਝਾੜ ਦਿੰਦੀਆਂ ਹਨ।
ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਚੌਲਾਂ ਦੀਆਂ ਕਿਸਮਾਂ ਦੇ ਅਸਾਧਾਰਨ ਫਾਇਦਿਆਂ ਦਾ ਹਵਾਲਾ ਦਿੰਦਿਆਂ ਡਾ. ਗੋਸਲ ਨੇ ਦੱਸਿਆ ਕਿ ਪੀ.ਏ.ਯੂ. ਦੀਆਂ ਸਿਫ਼ਾਰਸ਼ ਕਿਸਮਾਂ ਘੱਟ ਖੇਤੀ ਲਾਗਤਾਂ, ਘੱਟ ਸਿੰਚਾਈ ਵਾਲੇ ਪਾਣੀ ਦੀਆਂ ਲੋੜਾਂ ਦੇ ਨਾਲ ਨਾਲ ਵਧੀਆ ਝਾੜ ਅਤੇ ਮੁਨਾਫਾ ਦਿੰਦੀਆਂ ਹਨ। ਇਹ ਕਿਸਮਾਂ ਕਣਕ ਅਤੇ ਹੋਰ ਫ਼ਸਲਾਂ ਦੀ ਬਿਜਾਈ ਲਈ ਖੇਤ ਨੂੰ ਸਮੇਂ ਸਿਰ ਖਾਲੀ ਵੀ ਕਰ ਦਿੰਦੀਆਂ ਹਨ।
ਕਿਸਾਨਾਂ ਨੂੰ ਪੀਏਯੂ ਦੀ ਸਿਫ਼ਾਰਸ਼ ਕੀਤੀ ਸਮਾਂ ਸਾਰਣੀ ਦੀ ਪਾਲਣਾ ਕਰਨ ਦੀ ਸਲਾਹ ਦਿੰਦਿਆਂ ਪਸਾਰ ਸਿੱਖਿਆ ਦੇ ਨਿਰਦੇਸ਼ਕ ਡਾ. ਐਮ.ਐਸ.ਭੁੱਲਰ ਨੇ ਦੱਸਿਆ ਕਿ ਝੋਨੇ ਦੀਆਂ ਕਿਸਮਾਂ ਪੀ ਆਰ 131, 129, 128, 121, 114 ਅਤੇ 113 ਦੀ ਪਨੀਰੀ ਦੀ ਬਿਜਾਈ ਦਾ ਢੁੱਕਵਾਂ ਸਮਾਂ 20 ਤੋਂ 25 ਮਈ ਤੱਕ ਹੈ। ਪੀ ਆਰ, 130, 127 ਅਤੇ ਐੱਚ.ਕੇ.ਆਰ 47 ਕਿਸਮਾਂ ਲਈ ਪਨੀਰੀ ਦੀ ਬਿਜਾਈ 25 ਤੋਂ 31 ਮਈ ਤੱਕ ਕਰਨੀ ਚਾਹੀਦੀ ਹੈ। ਜਦੋਂਕਿ, ਸਭ ਤੋਂ ਘੱਟ ਸਮਾਂ ਲੈਣ ਵਾਲੀ ਕਿਸਮ ਪੀ ਆਰ 126 ਦੇ ਮਾਮਲੇ ਵਿੱਚ, ਪਨੀਰੀ ਦੀ ਬਿਜਾਈ ਦਾ ਢੁੱਕਵਾਂ ਸਮਾਂ 25 ਮਈ ਤੋਂ 20 ਜੂਨ ਤੱਕ ਹੈ।
ਇਹ ਵੀ ਪੜ੍ਹੋ : Organic Fertilizer: ਗਊ ਮੂਤਰ ਅਤੇ ਗੋਬਰ ਵਿੱਚ ਮਿਲਾਓ ਇਹ ਚੀਜ਼ਾਂ ਅਤੇ ਤਿਆਰ ਕਰੋ ਜੈਵਿਕ ਖਾਦ, ਘੱਟ ਸਮੇਂ ਵਿੱਚ ਮਿਲੇਗਾ ਵੱਧ ਉਤਪਾਦਨ
ਡਾ. ਭੁੱਲਰ ਨੇ ਦੱਸਿਆ ਝੋਨੇ ਦੀਆਂ ਇਨ੍ਹਾਂ ਕਿਸਮਾਂ ਦੀ ਲੁਆਈ ਨੂੰ 20 ਜੂਨ ਤੋਂ ਅੱਧ ਜੁਲਾਈ ਤੱਕ ਵੰਡਿਆ ਜਾ ਸਕਦਾ ਹੈ। ਝੋਨੇ ਦੀ ਲੁਆਈ ਸਮੇਂ ਪੀ ਆਰ 126 ਦੀ 25-30 ਦਿਨ ਦੀ ਪਨੀਰੀ ਵਰਤੋਂ ਜਦਕਿ ਬਾਕੀ ਕਿਸਮਾਂ ਦੀ 30-35 ਦਿਨ ਦੀ ਪਨੀਰੀ ਵਰਤੋ। 25 ਜੂਨ ਦੇ ਆਸ-ਪਾਸ ਲਗਾਏ ਜਾਣ ਨਾਲ ਜ਼ਿਆਦਾਤਰ ਕਿਸਮਾਂ ਦਾ ਸਭ ਤੋਂ ਵੱਧ ਝਾੜ ਮਿਲਦਾ ਹੈ ਜਦੋਂਕਿ ਪੀਆਰ 126 ਦੀ ਲੁਆਈ 10 ਜੁਲਾਈ ਤੱਕ ਕਰਨ ਨਾਲ ਹੋਰ ਵੀ ਵਧੀਆ ਝਾੜ ਮਿਲਦਾ ਹੈ ਅਤੇ ਪਾਣੀ ਦੀ ਬੱਚਤ ਹੁੰਦੀ ਹੈ। ਪੀ ਆਰ 126 ਦੀ ਲੁਆਈ ਜੂਨ ਵਿੱਚ ਤਾਂ ਹੀ ਕੀਤੀ ਜਾਵੇ ਜੇਕਰ ਕਿਸਾਨ ਝੋਨੇ ਤੋਂ ਬਾਅਦ ਆਲੂ/ਮਟਰ ਬੀਜਣਾ ਚਾਹੁੰਦੇ ਹੋਣ।
ਡਾ. ਭੁੱਲਰ ਨੇ ਕਿਸਾਨਾਂ ਨੂੰ ਵੱਧ ਮੁਨਾਫ਼ਾ ਕਮਾਉਣ, ਧਰਤੀ ਹੇਠਲੇ ਪਾਣੀ ਦੀ ਬੱਚਤ, ਝੋਨੇ ਦੀ ਰਹਿੰਦ-ਖੂੰਹਦ ਦੇ ਆਸਾਨ ਪ੍ਰਬੰਧਨ ਅਤੇ ਅਗਲੀ ਕਣਕ ਅਤੇ ਹੋਰ ਫ਼ਸਲਾਂ ਦੀ ਸਮੇਂ ਸਿਰ ਬਿਜਾਈ ਕਰਨ ਲਈ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀਆਂ ਛੋਟੀਆਂ/ਮੱਧਮ ਮਿਆਦ ਵਾਲੀਆਂ ਕਿਸਮਾਂ ਨੂੰ ਅਪਣਾਉਣ ਦੀ ਅਪੀਲ ਕੀਤੀ।
Summary in English: PAU released nursery sowing and transplanting schedule according to rice varieties