Biogas Plant Technology: ਪੀ.ਏ.ਯੂ. ਨੇ ਬਾਲਕ ਇੰਡਸਟ੍ਰੀਜ਼ ਪ੍ਰਾਈਵੇਟ ਲਿਮਿਟਡ, 237 ਮੰਡੀ ਹਿਮਾਚਲ ਪ੍ਰਦੇਸ਼ ਨਾਲ ਨਾਲ ਇੱਕ ਸਮਝੌਤੇ ਉੱਪਰ ਦਸਤਖਤ ਕੀਤੇ। ਇਹ ਸਮਝੌਤਾ ਪੱਕੇ ਗੁੰਬਦ ਵਾਲੇ ਫੈਮਿਲੀ ਸਾਈਜ਼ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਪਸਾਰ ਲਈ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤਕਨੀਕ ਨਾਲ ਬਣਾਇਆ ਬਾਇਓਗੈਸ ਪਲਾਂਟ ਹਰ ਰੋਜ਼ 1 ਘਣਮੀਟਰ ਪ੍ਰਤੀ ਦਿਨ ਤੋਂ ਲੈ ਕੇ 25 ਘਣਮੀਟਰ ਪ੍ਰਤੀ ਦਿਨ ਤੱਕ ਗੈਸ ਪੈਦਾ ਕਰਨ ਦੀ ਸਮਰਥਾ ਰੱਖਦਾ ਹੈ। ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਫਰਮ ਵੱਲੋਂ ਸ੍ਰੀ ਰਾਹੁਲ ਸ਼ਰਮਾ ਨੇ ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ। ਇਸ ਸਮਝੌਤੇ ਮੁਤਾਬਿਕ ਇਸ ਬਾਇਓਗੈਸ ਪਲਾਂਟ ਦੀ ਤਕਨੀਕ ਦੇ ਵਪਾਰੀਕਰਨ ਦੇ ਅਧਿਕਾਰ ਸੰਬੰਧਿਤ ਫਰਮ ਕੋਲ ਹੋਣਗੇ।
ਇਸ ਮੌਕੇ ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ, ਡਾ. ਪੀ ਪੀ ਐੱਸ ਪੰਨੂ ਨੇ ਨਵਿਆਉਣਯੋਗ ਊਰਜਾ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਰਾਜਨ ਅਗਰਵਾਲ ਅਤੇ ਡਾ. ਸਰਬਜੀਤ ਸਿੰਘ ਸੂਚ ਨੂੰ ਇਸ ਤਕਨੀਕ ਦੇ ਵਿਕਾਸ ਲਈ ਵਧਾਈ ਦਿੱਤੀ। ਡਾ. ਰਾਜਨ ਅਗਰਵਾਲ ਨੇ ਇਸ ਤਕਨੀਕ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿਧੀ ਰਾਹੀਂ ਗੈਸ ਬਨਾਉਣ ਲਈ ਪਸ਼ੂਆਂ ਦਾ ਗੋਹਾ ਅਤੇ ਪੋਲਟਰੀ ਫਾਰਮ ਦੀ ਰਹਿੰਦ-ਖੂੰਹਦ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਤਰਾਂ ਨਾ ਸਿਰਫ ਬਿਹਤਰ ਮਿਆਰ ਦੀ ਖਾਣਾ ਬਨਾਉਣ ਵਾਲੀ ਗੈਸ ਬਲਕਿ ਊਰਜਾ ਵੀ ਪੈਦਾ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : Veterinary University 03 ਦਸੰਬਰ 2023 ਨੂੰ ਕਰਵਾਏਗੀ Dog Show
ਇਸ ਮੌਕੇ ਡਾ. ਐੱਸ ਐੱਸ ਸੂਚ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤਰਾਂ ਦੇ ਪਲਾਂਟ ਦੀ ਉਸਾਰੀ ਇੱਟਾਂ ਨਾਲ ਕੀਤੀ ਜਾ ਸਕਦੀ ਹੈ। ਇਹ ਢਾਂਚਾ ਦੇਸ਼ ਦੇ ਸਾਰੇ ਹਿੱਸਿਆਂ ਵਿੱਚ ਵਰਤੋਂ ਲਈ ਢੁੱਕਵਾਂ ਹੈ। ਇਸ ਤਰਾਂ ਬਣਾਏ ਬਾਇਓਗੈਸ ਪਲਾਂਟ ਦਾ ਖਰਚਾ ਰਵਾਇਤੀ ਪਲਾਂਟਾਂ ਦੇ ਮੁਕਾਬਲੇ 60-70 ਪ੍ਰਤੀਸ਼ਤ ਘੱਟ ਹੈ ਅਤੇ ਇਸ ਦੀ ਮੁਰੰਮਤ ਉੱਪਰ ਖਰਚ ਵੀ ਘੱਟ ਆਉਂਦਾ ਹੈ।
ਇਸ ਮੌਕੇ ਤਕਨਾਲੋਜੀ ਮਾਰਕੀਟਿੰਗ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ ਨੇ ਦੱਸਿਆ ਕਿ ਪੀ.ਏ.ਯੂ. ਦਾ ਉਦੇਸ਼ ਨਾ ਸਿਰਫ ਕਿਸਾਨੀ ਸਮਾਜ ਨੂੰ ਬਲਕਿ ਆਮ ਸ਼ਹਿਰੀਆਂ ਨੂੰ ਵੀ ਕੁਦਰਤੀ ਸਾਧਨਾਂ ਤੋਂ ਪੈਦਾ ਹੋਣ ਵਾਲੀ ਊਰਜਾ ਦੀ ਤਕਨੀਕ ਮੁਹੱਈਆ ਕਰਾਉਣਾ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: PAU signs agreement with Mandi based firm for biogas plant