1. Home
  2. ਖਬਰਾਂ

PAU ਦੇ ਵਾਈਸ ਚਾਂਸਲਰ ਵੱਲੋਂ 6 ਜ਼ਿਲ੍ਹਿਆਂ ਦਾ ਦੌਰਾ, ਫਸਲਾਂ ਦੇ ਨਿਰੀਖਣ ਦੌਰਾਨ ਕਿਸਾਨਾਂ ਨਾਲ ਗੱਲਬਾਤ

Punjab Agricultural University ਦੇ ਵੀਸੀ ਡਾ. ਸਤਬੀਰ ਸਿੰਘ ਗੋਸਲ ਨੇ 6 ਜ਼ਿਲ੍ਹਿਆਂ ਦਾ ਕੀਤਾ ਦੌਰਾ, ਫਸਲਾਂ ਦੇ ਨਿਰੀਖਣ ਦੌਰਾਨ ਝੋਨੇ ਦੀ ਪਰਾਲੀ ਦੀ ਇਨ-ਸੀਟੂ ਸੰਭਾਲ ਕਰਦੇ ਹੋਏ ਕਿਸਾਨਾਂ ਨਾਲ ਗੱਲਬਾਤ।

Gurpreet Kaur Virk
Gurpreet Kaur Virk
ਪੀਏਯੂ ਦੇ ਵਾਈਸ ਚਾਂਸਲਰ ਨੇ 6 ਜ਼ਿਲ੍ਹਿਆਂ ਦਾ ਕੀਤਾ ਦੌਰਾ

ਪੀਏਯੂ ਦੇ ਵਾਈਸ ਚਾਂਸਲਰ ਨੇ 6 ਜ਼ਿਲ੍ਹਿਆਂ ਦਾ ਕੀਤਾ ਦੌਰਾ

Crop Inspection: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਜ਼ਿਲ੍ਹਾ ਲੁਧਿਆਣਾ, ਰੋਪੜ, ਫਤਹਿਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਅਤੇ ਮਲੇਰਕੋਟਲਾ ਦੇ ਵੱਖ-ਵੱਖ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਕੇ ਖੇਤਾਂ ਦੀਆਂ ਫ਼ਸਲਾਂ ਦਾ ਮੁਆਇਨਾ ਕੀਤਾ। ਇਸ ਦੇ ਨਾਲ ਹੀ ਡਾ. ਸਤਬੀਰ ਸਿੰਘ ਗੋਸਲ ਨੇ ਉਨ੍ਹਾਂ ਕਿਸਾਨਾਂ ਨਾਲ ਖਾਸ ਤੌਰ 'ਤੇ ਗੱਲਬਾਤ ਕੀਤੀ ਜਿਹੜੇ ਝੋਨੇ ਦੀ ਪਰਾਲੀ ਦੀ ਇਨ-ਸੀਟੂ ਸੰਭਾਲ ਦਾ ਅਭਿਆਸ ਕਰ ਰਹੇ ਹਨ। 

ਡਾ. ਐਸ.ਐਸ. ਗੋਸਲ ਨੇ ਦੱਸਿਆ ਕਿ ਫ਼ਸਲ ਆਮਤੌਰ ਤੇ ਚੰਗੀ ਹਾਲਤ ਵਿੱਚ, ਚੇਪਾ ਅਤੇ ਪੀਲੀ ਕੁੰਗੀ ਤੋਂ ਮੁਕਤ ਹੈ ਅਤੇ ਬੱਲੀਆਂ ਵਿੱਚ ਦਾਣਿਆਂ ਦਾ ਵਿਕਾਸ ਹੋ ਰਿਹਾ ਹੈ। ਉਹਨਾਂ ਦੇਖਿਆ ਕਿ ਜ਼ਿਆਦਾਤਰ ਕਿਸਾਨ ਆਪਣੀਆਂ ਫਸਲਾਂ ਨੂੰ ਸਿਫ਼ਾਰਸ਼ਾਂ ਅਨੁਸਾਰ ਪਾਣੀ ਲਗਾ ਰਹੇ ਹਨ ਅਤੇ ਕਿਸਾਨਾਂ ਦਾ ਮੰਨਣਾ ਹੈ ਕਿ ਤਾਪਮਾਨ ਅਜੇ ਤੱਕ ਐਨਾ ਨਹੀਂ ਵਧਿਆ ਕਿ ਉਹ ਫਸਲ ਨੂੰ ਪ੍ਰਭਾਵਿਤ ਕਰ ਸਕੇ।

ਕਣਕ ਦੀ ਸਤ੍ਹਾ ਉੱਪਰ ਬਿਜਾਈ (ਸਰਫੇਸ ਸੀਡਿੰਗ) ਬਾਰੇ ਡਾ. ਗੋਸਲ ਨੇ ਟਿੱਪਣੀ ਕੀਤੀ ਕਿ ਕਿਸੇ ਵੀ ਥਾਂ ਤੇ ਇਸ ਤਕਨੀਕ ਨਾਲ ਬੀਜੀ ਕਣਕ ਨਹੀਂ ਡਿੱਗੀ, ਜਿਸ ਬਾਰੇ ਪਹਿਲਾਂ ਕੁਝ ਖਦਸ਼ੇ ਪਾਏ ਗਏ ਸਨ। ਸਮਰਾਲਾ ਲਾਗਲੇ ਪਿੰਡ ਮੁੱਤੋ ਵਿੱਚ 25 ਏਕੜ ਜ਼ਮੀਨ ਵਿੱਚ ਕਣਕ ਦੀ ‘ਸਰਫੇਸ ਸੀਡਿੰਗ’ ਤਕਨੀਕ ਨਾਲ ਬਿਜਾਈ ਕਰਨ ਵਾਲੇ ਸ. ਹਰਿੰਦਰ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਦੀ ਮਲਚ ਹੋਣ ਕਰਕੇ ਗੁੱਲੀ ਡੰਡਾ ਬਹੁਤ ਘੱਟ ਜੰਮਿਆ ਅਤੇ ਨਦੀਨਾਂ ਦੀ ਰੋਕਥਾਮ ਕਰਨ ਦੀ ਲੋੜ ਹੀ ਨਹੀਂ ਪਈ।

ਇਹ ਵੀ ਪੜ੍ਹੋ : PAU ਵੱਲੋਂ 24 ਅਤੇ 25 ਮਾਰਚ ਨੂੰ Ludhiana Kisan Mela

ਕਿਸਾਨਾਂ ਨੇ ਦਾਅਵਾ ਕੀਤਾ ਕਿ ਬਿਜਾਈ ਦੇ ਖਰਚਿਆਂ ਵਿੱਚ ਹੋਰ ਤਕਨੀਕਾਂ ਦੇ ਮੁਕਾਬਲੇ 1500 ਤੋਂ 2500 ਰੁਪਏ ਪ੍ਰਤੀ ਏਕੜ ਦੀ ਬੱਚਤ ਹੁੰਦੀ ਹੈ। ਇਸ ਤਕਨੀਕ ਨੂੰ ਅਪਨਾਉਣ ਵਾਲੇ ਬਾਕੀ ਪਿੰਡਾਂ ਦੇ ਕਿਸਾਨਾਂ ਨੇ ਵੀ ਇਹ ਪ੍ਰਗਟਾਵਾ ਕੀਤਾ।

ਪਿੰਡ ਡੂਮਛੇੜੀ, ਜ਼ਿਲ੍ਹਾ ਰੋਪੜ ਦੇ ਸ. ਅਜੀਤਪਾਲ ਸਿੰਘ ਨੇ ਪਿਛਲੇ ਸਾਲ ਇੱਕ ਏਕੜ ਵਿੱਚ ਸਰਫੇਸ ਸੀਡਿੰਗ ਤਕਨੀਕ ਨੂੰ ਪਰਖਣ ਉਪਰੰਤ ਮੌਜੂਦਾ ਸੀਜ਼ਨ ਵਿੱਚ ਆਪਣਾ 5 ਏਕੜ ਰਕਬਾ ਇਸ ਤਕਨੀਕ ਅਧੀਨ ਲਿਆਂਦਾ। ਉਹਨਾਂ ਦੱਸਿਆ ਕਿ ਬਿਜਾਈ ਦੀ ਸੌਖ ਅਤੇ ਨਦੀਨਾਂ ਦਾ ਘੱਟ ਉੱਗਣਾ, ਇਸ ਤਕਨੀਕ ਨੂੰ ਅਪਨਾਉਣ ਦੇ ਮੁੱਖ ਕਾਰਨ ਹਨ। ਉਹ ਅਗਲੇ ਸਾਲ ਕਣਕ ਦੀ ਸਾਰੀ ਬਿਜਾਈ ਇਸੇ ਤਕਨੀਕ ਨਾਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਪਿੰਡ ਮੂਲੇਪੁਰ ਦੇ ਵਸਨੀਕ ਸ. ਗੁਰਭੇਜ ਸਿੰਘ ਨੇ ਇਸ ਤਕਨੀਕ ਨੂੰ 40 ਏਕੜ ਰਕਬੇ ਤੱਕ ਅਪਣਾ ਲਿਆ ਹੈ।

ਇਹ ਵੀ ਪੜ੍ਹੋ : ਕ੍ਰਿਸ਼ੀ ਜਾਗਰਣ ਦੀ ਟੀਮ ਨੇ KVK ਰੋਪੜ ਦੁਆਰਾ ਆਯੋਜਿਤ ਕਿਸਾਨ ਮੇਲੇ ਵਿੱਚ ਲਿਆ ਭਾਗ

ਰਵਾਇਤੀ ਢੰਗਾਂ ਦੇ ਮੁਕਾਬਲੇ ਬਿਜਾਈ ਤੇ ਘੱਟ ਲਾਗਤ, ਘੱਟੋ ਘੱਟ ਇੱਕ ਸਿੰਚਾਈ (ਇੱਕ ਪਾਣੀ) ਦੀ ਬੱਚਤ ਅਤੇ ਨਦੀਨਾਂ ਦੀ ਸਮੱਸਿਆ ਨਾਮਾਤਰ ਹੋਣ ਕਰਕੇ ਇਹ ਤਕਨੀਕ ਕਿਸਾਨਾਂ ਵਿੱਚ ਪ੍ਰਚਲਿਤ ਹੋ ਰਹੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ, ਮੋਟੀ ਮਲਚ ਦੀ ਤਹਿ ਵਿੱਚੋਂ 4-5 ਦਿਨਾਂ ਵਿੱਚ ਕਣਕ ਅਗੇਤੀ ਜੰਮਦੀ ਹੈ। ਪੱਤਿਆਂ ਦਾ ਰੰਗ ਗੂੜ੍ਹਾ ਹਰਾ, ਬਿਨਾਂ ਕਿਸੇ ਭਾਰੀ ਮਸ਼ੀਨਰੀ ਵਰਤੇ ਬਿਜਾਈ ਦਾ ਸਮੇਂ ਸਿਰ ਹੋ ਜਾਣਾ ਆਦਿ ਇਸ ਦੇ ਹੋਰ ਫਾਇਦੇ ਹਨ। ਜਿਨ੍ਹਾਂ ਕਿਸਾਨਾਂ ਨੇ ਇਸ ਤਕਨੀਕ ਨੂੰ ਪਿਛਲੇ ਸਾਲ ਅਪਣਾਇਆ ਸੀ, ਉਹਨਾਂ ਨੂੰ ਝਾੜ ਵੀ ਇੱਕ ਕੁਇੰਟਲ ਪ੍ਰਤੀ ਏਕੜ ਜ਼ਿਆਦਾ ਪ੍ਰਾਪਤ ਹੋਇਆ।

ਕਣਕ ਦੀ ਫ਼ਸਲ ਤੋਂ ਇਲਾਵਾ ਪਿੰਡ ਮਹਿਤਾਬਗੜ੍ਹ ਵਿਖੇ ਸ. ਜਸਵਿੰਦਰ ਸਿੰਘ ਹੋਰਾਂ ਦੇ ਇੱਕ ਕਿਸਾਨ ਸਮੂਹ ਨੇ ਗੋਭੀ ਸਰ੍ਹੋਂ ਅਤੇ ਜਵੀ ਦੀ ਫ਼ਸਲ ਨੂੰ ਵੀ ਇਸੇ ਤਕਨੀਕ ਨਾਲ ਉਪਜਾਇਆ ਹੋਇਆ ਸੀ। ਇਹਨਾਂ ਕਿਸਾਨਾਂ ਨੇ ਬਾਕੀ ਕਿਸਾਨਾਂ ਨੂੰ ਵੀ ਇਸ ਤਕਨੀਕ ਬਾਬਤ ਸਿਖਲਾਈ ਦੇਣ ਲਈ ਬੇਨਤੀ ਕੀਤੀ।

ਵਾਈਸ ਚਾਂਸਲਰ ਨੇ ਪੀ.ਏ.ਯੂ. ਦੀਆਂ ਤਕਨੀਕਾਂ ਨੂੰ ਅਪਨਾਉਣ ਲਈ ਕਿਸਾਨਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ 24-25 ਮਾਰਚ, 2023 ਨੂੰ ਪੀ.ਏ.ਯੂ. ਲੁਧਿਆਣਾ ਵਿਖੇ ਹੋਣ ਵਾਲੇ ਕਿਸਾਨ ਮੇਲੇ ਲਈ ਸੱਦਾ ਦਿੱਤਾ।

Summary in English: PAU VC visited 6 districts, interacted with farmers during crop inspection

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters