Punjab Government: ਪੰਜਾਬ ਸਰਕਾਰ ਵੱਲੋਂ ਪੈਟਰੋਲ ਤੇ 61 ਪੈਸੇ ਅਤੇ ਡੀਜ਼ਲ ਤੇ 92 ਪੈਸੇ ਪ੍ਰਤੀ ਲਿਟਰ ਵੈਟ ਦੇ ਰੂਪ ਵਿੱਚ ਵਾਧਾ ਕਰਕੇ ਕੀਮਤ ਵਿੱਚ ਵਾਧਾ ਕਰਨ ਖਿਲਾਫ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਗਈ ਅਤੇ ਸੂਬੇ ਭਰ ਵਿੱਚ ਪੁਤਲੇ ਫੂਕੇ ਗਏ।
ਦੱਸ ਦੇਈਏ ਕਿ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਸਠਿਆਲੀ ਪੁਲ ਤੇ ਜਿਲੇ ਦੇ ਜੌਨ ਸੰਤ ਬਾਬਾ ਲਾਲ ਸਿੰਘ ਕੁੱਲੀ ਵਾਲੇ, ਜੌਨ ਸਠਿਆਲੀ, ਜੌਨ ਸ਼ਹੀਦ ਬੀਬੀ ਸੁੰਦਰੀ ਜੀ, ਜੌਨ ਬੁਰਜ ਸਾਹਿਬ ਦੇ ਕਿਸਾਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਪੁਤਲੇ ਸਾੜ ਕੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਵਧਾਈਆਂ ਕੀਮਤਾਂ ਵਾਪਿਸ ਲੈਣ ਦੀ ਮੰਗ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਪ੍ਰੈਸ ਸਕੱਤਰ ਗੁਰਪ੍ਰੀਤ ਨਾਨੋਵਾਲ,ਗੁਰਮੁਖ ਸਿੰਘ, ਨਿਸ਼ਾਨ ਸਿੰਘ, ਸੁਖਜਿੰਦਰ ਸਿੰਘ ਨੇ ਲਿਖਤੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ 2022 ਵਿੱਚ ਪਿਛਲੀ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਨੂੰ ਪ੍ਰਤੀ ਯੂਨਿਟ 3 ਰੁਪਏ ਦੀ ਸਬਸਿਡੀ ਦਿੱਤੀ ਗਈ ਸੀ ਜਿਸ ਨੂੰ ਕੱਲ੍ਹ ਹੋਈ ਕੈਬਨਟ ਦੀ ਮੀਟਿੰਗ ਵਿੱਚ ਮਾੜੀ ਨੀਤੀ ਤਹਿਤ ਖਤਮ ਕਰ ਦਿੱਤਾ ਗਿਆ ਹੈ, ਜਿਸ ਨਾਲ ਆਉਂਦੇ ਸਮੇਂ ਵਿੱਚ ਖਪਤਕਾਰਾਂ ਦੀ ਲੁੱਟ ਕਰਨ ਦੇ ਰਾਹ ਖੋਲ੍ਹੇ ਗਏ ਹਨ, ਇਸ ਫੈਸਲੇ ਨੂੰ ਤੁਰੰਤ ਵਾਪਸ ਲਿਆ ਜਾਵੇ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦੇ ਇਸ ਫੈਸਲੇ ਨਾਲ ਢੋਆ-ਢੋਆਈ ਤੇ ਰੇਟਾਂ ਵਿੱਚ ਵਾਧਾ ਹੋਣ ਕਾਰਨ ਖਾਣ ਪੀਣ ਦੀਆਂ ਚੀਜ਼ਾਂ ਤੋਂ ਲੈ ਕੇ ਆਮ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਇਸ ਕਦਮ ਨੂੰ ਸਰਕਾਰ ਦੀ ਕਮਾਈ ਵਧਾਉਣ ਵਾਲਾ ਦੱਸ ਰਹੀ ਹੈ ਜੋ ਕਿ ਬੇਹੱਦ ਸ਼ਰਮਨਾਕ ਬਿਆਨ ਹੈ ਕਿਉ ਕਿ ਇਹ ਲੋਕਾਂ ਦਾ ਖ਼ੂਨ ਚੂਸਣ ਵਾਲਾ ਕਦਮ ਹੈ।
ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੁਰੰਤ ਇਸ ਵਾਧੇ ਨੂੰ ਵਾਪਿਸ ਲਵੇ ਨਹੀਂ ਤਾਂ ਜਥੇਬੰਦੀ ਵੱਲੋਂ ਤਿੱਖੇ ਐਕਸ਼ਨ ਪ੍ਰੋਗਰਾਮ ਵੀ ਉਲੀਕੇ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਚਰਨ ਸਿੰਘ,ਸਤਨਾਮ ਸਿੰਘ,ਅਨੂਪ ਸਿੰਘ,ਰਣਜੀਤ ਸਿੰਘ ਚੰਦਰਭਾਨ,ਕੈਪਟਨ ਸ਼ਮਿੰਦਰ ਸਿੰਘ,ਰਣਜੀਤ ਸਿੰਘ,ਭਗਤ ਸਿੰਘ,ਸੁਖਵਿੰਦਰ ਸਿੰਘ,ਹਰਜੀਤ ਸਿੰਘ ਬੁੱਢਾ ਕੋਟ ਅਤੇ ਹੋਰ ਵੱਡੀ ਗਿਣਤੀ ਵਿਚ ਕਿਸਾਨ ਹਾਜਿਰ ਹੋਏ।
ਸਰੋਤ: ਗੁਰਪ੍ਰੀਤ ਨਾਨੋਵਾਲ
Summary in English: Protest by Kisan Mazdoor Sangharsh Committee against increase in Petrol-Diesel prices and abolition of electricity subsidy, effigies of Punjab Sarkar blown up