1. Home
  2. ਖਬਰਾਂ

ਸਾਉਣੀ ਸੀਜ਼ਨ 2024 ਲਈ Punjab Agricultural University ਵੱਲੋਂ ਝੋਨੇ ਦੀਆਂ ਕਿਸਮਾਂ PR 126 ਅਤੇ PR 131 ਦੀ ਕਾਸ਼ਤ ਲਈ ਕਿਸਾਨਾਂ ਨੂੰ ਸਿਫ਼ਾਰਸ਼

ਮੁਲਕ ਦੀਆਂ ਅਨਾਜ ਲੋੜਾਂ ਦੀ ਪੂਰਤੀ ਅਤੇ ਕੁਦਰਤੀ ਸਰੋਤਾਂ ਦੀ ਸੂਝ-ਬੂਝ ਨਾਲ ਵਰਤੋਂ ਕਰਨ ਦੇ ਸੰਦਰਭ ਵਿੱਚ ਘੱਟ ਪਾਣੀ ਅਤੇ ਘੱਟ ਖਰਚੇ ਨਾਲ ਜ਼ਿਆਦਾ ਝਾੜ ਦੇਣ ਵਾਲੀਆਂ ਤਕਨੀਕਾਂ ਨੂੰ ਅਪਣਾਉਣ ਦੀ ਲੋੜ ਹੈ। ਅਜਿਹੀਆਂ ਤਕਨੀਕਾਂ ਤਹਿਤ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ (ਜਿਵੇਂ ਕਿ ਪੀ. ਆਰ. 126, ਪੀ. ਆਰ. 131 ਆਦਿ) ਅਤੇ ਉਨ੍ਹਾਂ ਲਈ ਸਿਫਾਰਿਸ਼ ਕਾਸ਼ਤਕਾਰੀ ਢੰਗਾਂ ਦੀ ਇੰਨ-ਬਿੰਨ ਪਾਲਣਾ ਅਹਿਮ ਯੋਗਦਾਨ ਪਾ ਸਕਦੀਆਂ ਹਨ।

Gurpreet Kaur Virk
Gurpreet Kaur Virk
ਸਾਉਣੀ ਸੀਜ਼ਨ 2024 ਲਈ ਝੋਨੇ ਦੀਆਂ ਕਿਸਮਾਂ ਦੀ ਸਿਫ਼ਾਰਸ਼

ਸਾਉਣੀ ਸੀਜ਼ਨ 2024 ਲਈ ਝੋਨੇ ਦੀਆਂ ਕਿਸਮਾਂ ਦੀ ਸਿਫ਼ਾਰਸ਼

Paddy Varieties: ਸਾਉਣੀ ਦੇ ਮੌਸਮ ਵਿੱਚ ਦੇਸ਼ ਦੇ ਕਿਸਾਨ ਭਰਾਵਾਂ ਲਈ ਝੋਨੇ ਦੀ ਫ਼ਸਲ ਸਭ ਤੋਂ ਵੱਧ ਫਲਦਾਇਕ ਮੰਨੀ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਝੋਨੇ ਦੀ ਫ਼ਸਲ ਤੋਂ ਚੰਗਾ ਉਤਪਾਦਨ ਲੈਣ ਲਈ ਝੋਨੇ ਦੀਆਂ ਉੱਨਤ ਕਿਸਮਾਂ ਨੂੰ ਅਪਣਾਉਣਾ ਚਾਹੀਦਾ ਹੈ।

ਸਾਡੇ ਦੇਸ਼ ਵਿੱਚ ਕੁਝ ਕਿਸਾਨ ਅਜਿਹੇ ਹਨ ਜੋ ਝੋਨੇ ਦੀਆਂ ਚੰਗੀਆਂ ਕਿਸਮਾਂ ਬਾਰੇ ਨਹੀਂ ਜਾਣਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਨਾ ਤਾਂ ਫਸਲ ਦਾ ਚੰਗਾ ਉਤਪਾਦਨ ਮਿਲਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਜ਼ਿਆਦਾ ਮੁਨਾਫਾ ਮਿਲਦਾ ਹੈ। ਇਸ ਸਬੰਧ ਵਿੱਚ ਅੱਜ ਅਸੀਂ ਤੁਹਾਨੂੰ ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਉਨ੍ਹਾਂ ਕਿਸਮਾਂ ਬਾਰੇ ਦੱਸਣ ਜਾ ਰਹੇ ਹਾਂ, ਜਿੰਨਾ ਦੀ ਪੀ.ਏ.ਯੂ. ਨੇ ਸਾਉਣੀ ਸੀਜ਼ਨ 2024 (Kharif Season 2024) ਲਈ ਸਿਫਾਰਸ਼ ਕੀਤੀ ਹੈ।

ਪੰਜਾਬ ਵਿੱਚ 30.0 ਲੱਖ ਹੈਕਟੇਅਰ ਤੋਂ ਵੱਧ ਦੇ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾ ਰਹੀ ਹੈ। ਮੁਲਕ ਵਿੱਚ ਸਭ ਤੋਂ ਵੱਧ ਉਤਪਾਦਕਤਾ ਵਾਲਾ ਇਹ ਸੂਬਾ ਹਰ ਸਾਲ ਕੇਂਦਰੀ ਪੂਲ ਵਿੱਚ 20% ਤੋਂ ਵੱਧ ਝੋਨੇ ਦਾ ਯੋਗਦਾਨ ਪਾਉਂਦਾ ਹੈ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਪਾਣੀ ਦੀ ਵੱਧ ਵਰਤੋਂ ਹੋਣ ਕਰਕੇ ਝੋਨੇ ਦੀ ਕਾਸ਼ਤ ਸੂਬੇ ਦੇ ਉਪਲਬਧ ਜਲ ਸਰੋਤਾਂ ਲਈ ਗੰਭੀਰ ਖਤਰਾ ਪੈਦਾ ਕਰਦੀ ਹੈ। ਇਸ ਬਾਰੇ ਗੱਲਬਾਤ ਕਰਦਿਆਂ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਅਤੇ ਪੰਜਾਬ ਦੇ ਲਗਭਗ 80% ਰਕਬੇ ਵਿੱਚੋਂ ਲੋੜ ਤੋਂ ਵੱਧ ਪਾਣੀ ਧਰਤੀ ਹੇਠਾਂ ਕੱਢਿਆਂ ਜਾ ਰਿਹਾ ਹੈੈ। ਝੋਨੇ ਦੀਆਂ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਅਗੇਤੀ ਲੁਆਈ ਨੂੰ ਸੂਬੇ ਵਿੱਚ ਪਾਣੀ ਦਾ ਪੱਧਰ ਡਿੱਗਣ ਦਾ ਇੱਕ ਵੱਡਾ ਕਾਰਨ ਮੰਨਿਆ ਜਾਂਦਾ ਹੈ।

2009 ਵਿੱਚ ’ਪੰਜਾਬ ਪ੍ਰੀਜ਼ਰਵੇਸ਼ਨ ਆਫ਼ ਸਬ-ਸੋਇਲ ਵਾਟਰ ਐਕਟ’ ਦੇ ਲਾਗੂ ਹੋਣ ਦੇ ਨਤੀਜੇ ਵਜੋਂ 2008-2014 ਦੌਰਾਨ ਭੂਮੀਗਤ ਪਾਣੀ ਦੀ ਗਿਰਾਵਟ ਘਟ ਕੇ 50 ਸੈਂਟੀਮੀਟਰ ਪ੍ਰਤੀ ਸਾਲ ਰਹਿ ਗਈ ਜੋ ਕਿ ਸਾਲ 2000-2008 ਦੌਰਾਨ 85 ਸੈਂਟੀਮੀਟਰ ਸਲਾਨਾ ਸੀ। ਉਹਨਾਂ ਅਨੁਸਾਰ ਮੁਲਕ ਦੀਆਂ ਅਨਾਜ ਲੋੜਾਂ ਦੀ ਪੂਰਤੀ ਅਤੇ ਕੁਦਰਤੀ ਸਰੋਤਾਂ ਦੀ ਸੂਝ-ਬੂਝ ਨਾਲ ਵਰਤੋਂ ਕਰਨ ਦੇ ਸੰਦਰਭ ਵਿੱਚ ਘੱਟ ਪਾਣੀ ਅਤੇ ਘੱਟ ਖਰਚੇ ਨਾਲ ਜ਼ਿਆਦਾ ਝਾੜ ਦੇਣ ਵਾਲੀਆਂ ਤਕਨੀਕਾਂ ਨੂੰ ਅਪਣਾਉਣ ਦੀ ਲੋੜ ਹੈ। ਅਜਿਹੀਆਂ ਤਕਨੀਕਾਂ ਤਹਿਤ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ (ਜਿਵੇਂ ਕਿ ਪੀ. ਆਰ. 126, ਪੀ. ਆਰ. 131 ਆਦਿ) ਅਤੇ ਉਹਨਾਂ ਲਈ ਸਿਫਾਰਿਸ਼ ਕਾਸ਼ਤਕਾਰੀ ਢੰਗਾਂ ਦੀ ਇੰਨ-ਬਿੰਨ ਪਾਲਣਾ ਅਹਿਮ ਯੋਗਦਾਨ ਪਾ ਸਕਦੀਆਂ ਹਨ।

ਹੋਰ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਸੰਨ 2013 ਤੋਂ 2022 ਤੱਕ ਪੀ ਏ ਯੂ, ਲੁਧਿਆਣਾ ਨੇ ਪਰਮਲ ਝੋਨੇ ਦੀਆਂ 11 ਕਿਸਮਾਂ ਦੀ ਸਿਫ਼ਾਰਸ਼ ਕੀਤੀ ਹੈ, ਜਿਨ੍ਹਾਂ ਵਿੱਚ ਪੀ. ਆਰ. 121, ਪੀ. ਆਰ. 122, ਪੀ. ਆਰ. 126, ਪੀ. ਆਰ. 128 ਅਤੇ ਪੀ. ਆਰ. 131 ਪ੍ਰਮੁੱਖ ਹਨ। ਸਾਉਣੀ 2012 ਦੌਰਾਨ ਗੈਰ-ਬਾਸਮਤੀ ਸ਼੍ਰੇਣੀ ਵਿੱਚ 39.0 ਪ੍ਰਤੀਸ਼ਤ ਰਕਬਾ ਲੰਮੀ ਮਿਆਦ ਦੀਆਂ ਕਿਸਮਾਂ (ਜਿਵੇਂ ਕਿ ਪੂਸਾ 44, ਪੀਆਰ 118 ਆਦਿ) ਅਧੀਨ ਸੀ ਜਦਕਿ ‘ਪੀ. ਆਰ’ ਕਿਸਮਾਂ ਅਧੀਨ 33.0 ਪ੍ਰਤੀਸ਼ਤ ਰਕਬਾ ਸੀ।

ਇਹ ਵੀ ਪੜ੍ਹੋ : Zaid ਅਤੇ Kharif Season ਵਿੱਚ ਕਰੋ ਉੜਦ ਦੀ ਕਾਸ਼ਤ, 50 ਡਿਗਰੀ ਸੈਲਸੀਅਸ ਵਿੱਚ ਵੀ ਮਿਲੇਗਾ 20 ਕੁਇੰਟਲ ਪ੍ਰਤੀ ਹੈਕਟੇਅਰ ਝਾੜ

ਘੱਟ ਸਮੇਂ ਦੀ ਮਿਆਦ, ਜਿਆਦਾ ਝਾੜ, ਰੋਗ ਰੋਧਕ ਅਤੇ ਬਿਹਤਰ ਮਿਲਿੰਗ ਗੁਣਵੱਤਾ ਵਾਲੀਆਂ ਵਾਲੀਆਂ ਪੀ. ਆਰ. ਕਿਸਮਾਂ ਜਿਵੇਂ ਕਿ ਪੀ. ਆਰ. 121, ਪੀ. ਆਰ. 126, ਪੀ. ਆਰ. 128 ਅਤੇ ਪੀ. ਆਰ. 131 ਦੇ ਜਾਰੀ ਹੋਣ ਕਾਰਨ ਸੰਨ 2023 ਦੌਰਾਨ ਘੱਟ ਤੋਂ ਦਰਮਿਆਨੀ ਮਿਆਦ ਵਾਲੀਆਂ ਕਿਸਮਾਂ ਦਾ ਰਕਬਾ ਵਧ ਕੇ 70.0 ਪ੍ਰਤੀਸ਼ਤ ਹੋ ਗਿਆ। ਸੰਨ 2023 ਦੌਰਾਨ ਪੀ. ਆਰ. 126 ਸਭ ਤੋਂ ਹਰਮਨ ਪਿਆਰੀ ਕਿਸਮ ਰਹੀ ਜੋ ਕਿ ਲਗਭਗ 33% ਰਕਬੇ ਉੱਪਰ ਬੀਜੀ ਗਈ। ਮੌਜੂਦਾ ਸੀਜ਼ਨ ਦੌਰਾਨ ਪੀ ਆਰ 126 ਅਤੇ ਪੀ ਆਰ 131 ਕਿਸਮਾਂ ਕਿਸਾਨਾਂ ਲਈ ਮੁੱਖ ਆਕਰਸ਼ਣ ਹਨ, ਇਹ ਬੀਜਣ ਤੋਂ ਬਾਅਦ ਕ੍ਰਮਵਾਰ 93 ਅਤੇ 110 ਦਿਨਾਂ ਵਿੱਚ ਪੱਕ ਜਾਂਦੀਆਂ ਹਨ।

ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਖੋਜ ਡਾ. ਗੁਰਜੀਤ ਸਿੰਘ ਮਾਂਗਟ ਨੇ ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨਵੀਆਂ ਵਿਕਸਤ ਕਿਸਮਾਂ ਦੀ ਵੱਧ ਉਤਪਾਦਕਤਾ ਲਈ ਮੇਲ ਖਾਂਦੀਆਂ ਉਤਪਾਦਨ ਤਕਨੀਕਾਂ (ਲੁਆਈ ਵੇਲੇ ਪਨੀਰੀ ਦੀ ਸਹੀ ਉਮਰ, ਖਾਦ ਦੀ ਵਰਤੋਂ ਦੀ ਸਮਾਂ-ਸਾਰਣੀ ਅਤੇ ਲੁਆਈ ਦੀ ਮਿਤੀ) ਨੂੰ ਵੀ ਵਿਕਸਤ ਕੀਤਾ ਗਿਆ ਹੈ। ਇਨ੍ਹਾਂ ਕਿਸਮਾਂ (ਪੀ. ਆਰ. 126, ਪੀ. ਆਰ. 131) ਦੀ ਲੁਆਈ ਦੇ ਸਮੇ ਦਾ ਸਿੰਚਾਈ ਵਾਲੇ ਪਾਣੀ ਤੇ ਅਸਰ ਸਬੰਧੀ ਤਜਰਬਿਆਂ ਦੇ ਉਤਸ਼ਾਹਜਨਕ ਨਤੀਜੇ ਮਿਲੇ ਹਨ ਅਤੇ ਮੱਧਮ ਮਿਆਦ ਵਾਲੀਆਂ ਕਿਸਮ ਦੀ 15 ਜੂਨ ਤੋਂ ਬਾਅਦ ਲੁਆਈ ਕਰਨ ਨਾਲ ਸਿੰਚਾਈ ਵਾਲੇ ਪਾਣੀ ਵਿੱਚ ਮਹੱਤਵਪੂਰਨ ਬੱਚਤ ਹੁੰਦੀ ਹੈ। ਘੱਟ ਤੋਂ ਦਰਮਿਆਨਾ ਸਮਾਂ ਅਤੇ ਲ਼ੰਮਾ ਸਮਾਂ (ਪੂਸਾ-44) ਲੈਣ ਵਾਲੀਆਂ ਕਿਸਮਾਂ ਦੇ ਵਿਚਕਾਰ ਅੰਕੜਿਆਂ ਦੀ ਤੁਲਨਾ ਨੇ ਕ੍ਰਮਵਾਰ 9 ਸਿੰਚਾਈਆਂ (35 ਸੈਂਟੀਮੀਟਰ) ਅਤੇ 5 ਸਿੰਚਾਈਆਂ (20 ਸੈਂਟੀਮੀਟਰ) ਦੇ ਬਰਾਬਰ ਪਾਣੀ ਦੀ ਬੱਚਤ ਦਰਸਾਈ।

ਇਹ ਵੀ ਪੜ੍ਹੋ : ਕਿਸਾਨ ਹੁਣ ਹਰ ਸੀਜ਼ਨ 'ਚ ਕਰ ਸਕਦੇ ਹਨ Vegetable Farming, ਵਿਗਿਆਨੀਆਂ ਨੇ ਵਿਕਸਿਤ ਨਵੀਂ ਤਕਨੀਕ

ਸਾਉਣੀ ਸੀਜ਼ਨ 2024 ਲਈ ਝੋਨੇ ਦੀਆਂ ਕਿਸਮਾਂ ਦੀ ਸਿਫ਼ਾਰਸ਼

ਸਾਉਣੀ ਸੀਜ਼ਨ 2024 ਲਈ ਝੋਨੇ ਦੀਆਂ ਕਿਸਮਾਂ ਦੀ ਸਿਫ਼ਾਰਸ਼

ਪੀ.ਏ.ਯੂ. ਦੇ ਪ੍ਰਸਿੱਧ ਝੋਨਾ ਵਿਗਿਆਨੀ ਡਾ. ਬੂਟਾ ਸਿੰਘ ਢਿੱਲੋਂ ਨੇ ਹੋਰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੀ ਆਰ ਕਿਸਮਾਂ ਹੇਠ ਰਕਬਾ ਵਧਣ ਕਾਰਨ ਪੰਜਾਬ ਵਿੱਚ ਪਿਛਲੇ ਸਾਲਾਂ ਦੌਰਾਨ ਝੋਨੇ ਦੀ ਭਰਪੂਰ ਪੈਦਾਵਾਰ ਹੋਈ ਹੈ। ਸਾਉਣੀ 2023 ਦੇ ਦੌਰਾਨ ਪੰਜਾਬ ਨੇ 6744 ਕਿਲੋਗ੍ਰਾਮ/ਹੈਕਟੇਅਰ ਦਾ ਸਭ ਤੋਂ ਵੱਧ ਝੋਨੇ ਦੀ ਉਤਪਾਦਕਤਾ ਦਾ ਪੱਧਰ ਦਰਜ ਕੀਤਾ ਹੈ। ਇਹ ਪਿਛਲੇ ਅੰਕੜਿਆਂ ਨੂੰ ਪਛਾੜਦਾ ਹੈ, ਜੋ ਕਿ 2020 ਦੌਰਾਨ 6543 ਕਿਲੋਗ੍ਰਾਮ/ਹੈਕਟੇਅਰ ਸੀ।

ਪਿਛਲੇ ਪੰਜ ਸਾਲਾਂ (2014-17, 2023) ਵਿੱਚ ਘੱਟ ਬਾਰਿਸ਼ ਦੇ ਬਾਵਜੂਦ, ਮੱਧਮ ਘੱਟ ਤੋਂ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਯਕੀਨੀ ਤੌਰ ’ਤੇ ਜਲ ਸਰੋਤਾਂ ਦੀ ਸੰਭਾਲ ਵਿੱਚ ਯੋਗਦਾਨ ਪਾਇਆ ਹੈ। ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ 20-25 ਜੂਨ ਅਤੇ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ 25 ਜੂਨ-10 ਜੁਲਾਈ ਦੇ ਆਸ-ਪਾਸ ਲੁਆਈ ਕਰਨਾ ਉਤਪਾਦਕਤਾ ਅਤੇ ਪਾਣੀ ਦੀ ਬੱਚਤ ਦੇ ਲਿਹਾਜ਼ ਨਾਲ ਇੱਕ ਵਧੀਆ ਵਿਕਲਪ ਹੋਵੇਗਾ। ਇਨ੍ਹਾਂ ਤਰੀਕਾਂ ਤੇ ਲੁਆਈ ਕਰਨ ਨਾਲ ਝੋਨੇ ਦੀ ਕਟਾਈ ਅਤੇ ਹਾੜੀ ਦੀਆਂ ਅਗਲੀਆਂ ਫਸਲਾਂ ਦੀ ਬਿਜਾਈ ਦੇ ਵਿਚਕਾਰ ਕਾਫ਼ੀ ਸਮਾਂ ਵੀ ਮਿਲ ਜਾਂਦਾ ਹੈ।

ਘੱਟ ਸਮੇ ਵਿੱਚ ਵੱਧ ਝਾੜ ਦੇਣ ਵਾਲੀਆਂ ਕਿਸਮਾਂ, ਪੀ.ਆਰ. 126 ਅਤੇ ਪੀ. ਆਰ. 131 ਜੋ ਕਿ ਕ੍ਰਮਵਾਰ 2017 ਅਤੇ 2022 ਵਿੱਚ ਜਾਰੀ ਕੀਤੀਆਂ, ਲੰਮੀ ਮਿਆਦ ਵਾਲੀਆਂ ਕਿਸਮਾਂ (ਪੂਸਾ 44, ਪੀਲੀ ਪੂਸਾ ਅਤੇ ਪੀ.ਆਰ. 118) ਨਾਲੋਂ ਲਗਭਗ 3-4 ਹਫ਼ਤੇ ਘੱਟ ਲੈਂਦੀਆਂ ਹਨ। ਘੱਟ ਸਮੇਂ ਵਿੱਚ ਪੱਕਣ ਕਰਕੇ ਇਹ ਕਿਸਮਾਂ ਕੀੜੇ-ਮਕੌੜੇ/ਬਿਮਾਰੀਆਂ ਅਤੇ ਮੌਸਮੀ ਤਬਦੀਲੀਆਂ ਆਦਿ ਦੇ ਅਸਰ ਤੋਂ ਵੀ ਬਚ ਜਾਂਦੀਆਂ ਹਨ। ਇਹਨਾਂ ਕਿਸਮਾਂ ਦੀ ਪਰਾਲੀ ਘੱਟ ਹੋਣ ਕਾਰਨ, ਇਸਤੋਂ ਉਪਰੰਤ ਹਾੜੀ ਦੀਆਂ ਫਸਲਾਂ ਦੀ ਬਿਜਾਈ ਵੀ ਸੌਖੀ ਅਤੇ ਸਮੇਂ ਸਿਰ ਹੋ ਜਾਂਦੀ ਹੈ ਅਤੇ ਇਸ ਲਈ ਕਣਕ ਵਿੱਚ ਨਦੀਨਾਂ ਦੀ ਸਮੱਸਿਆ ਵੀ ਘੱਟ ਹੁੰਦੀ ਹੈ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Punjab Agricultural University recommends farmers to cultivate paddy varieties PR 126 and PR 131 for kharif season 2024

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters