1. Home
  2. ਖਬਰਾਂ

Modern Irrigation System: ਪੀ.ਏ.ਯੂ. ਵਿਖੇ ਪਹਿਲੀ ਆਧੁਨਿਕ ਕੇਂਦਰੀ ਧਰੁਵੀ ਸਿੰਚਾਈ ਪ੍ਰਣਾਲੀ ਦਾ ਹੋਇਆ ਉਦਘਾਟਨ

ਡਾ. ਗੋਸਲ ਨੇ ਪੀਏਯੂ ਵਿਖੇ ਕੇਂਦਰੀ ਧਰੁਵੀ ਪ੍ਰਣਾਲੀ ਦੀ ਸਥਾਪਨਾ ਵਿੱਚ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਅਤੇ ਨਾਬਾਰਡ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਇਹ ਕਦਮ ਉੱਤਰੀ ਭਾਰਤ ਵਿੱਚ ਪਹਿਲਾ ਅਤੇ ਨਿਵੇਕਲਾ ਹੋਵੇਗਾ।

Gurpreet Kaur Virk
Gurpreet Kaur Virk
ਪਹਿਲੀ ਆਧੁਨਿਕ ਕੇਂਦਰੀ ਧਰੁਵੀ ਸਿੰਚਾਈ ਪ੍ਰਣਾਲੀ ਦਾ ਉਦਘਾਟਨ

ਪਹਿਲੀ ਆਧੁਨਿਕ ਕੇਂਦਰੀ ਧਰੁਵੀ ਸਿੰਚਾਈ ਪ੍ਰਣਾਲੀ ਦਾ ਉਦਘਾਟਨ

First Modern Irrigation System at PAU: ਸਿੰਚਾਈ ਸੰਬੰਧੀ ਸਹੂਲਤਾਂ ਨੂੰ ਆਧੁਨਿਕ ਦਿਸ਼ਾ ਦੇਣ ਦੇ ਸਬੱਬ ਨਾਲ ਬੀਤੇ ਕੱਲ੍ਹ ਪੰਜਾਬ ਦੇ ਭੂਮੀ ਅਤੇ ਪਾਣੀ ਸੰਭਾਲ, ਖਾਣਾਂ ਅਤੇ ਭੂ-ਵਿਗਿਆਨ ਅਤੇ ਜਲ ਸਰੋਤ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ, ਸਥਾਨਕ ਸਰਕਾਰ, ਉਦਯੋਗ ਅਤੇ ਵਣਜ, ਨਿਵੇਸ਼ ਅਤੇ ਬਿਜਲੀ ਬਾਰੇ ਮੰਤਰੀ ਸ੍ਰੀ ਸੰਜੀਵ ਅਰੋੜਾ ਦੀ ਮੌਜੂਦਗੀ ਵਿੱਚ ਪੀ ਏ ਯੂ ਵਿਖੇ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਦੁਆਰਾ ਸਥਾਪਿਤ ‘ਕੇਂਦਰੀ ਧਰੁਵੀ ਸਿੰਚਾਈ ਪ੍ਰਣਾਲੀ’ ਦਾ ਉਦਘਾਟਨ ਹੋਇਆ।

ਇਸ ਮੌਕੇ ਪੀ ਏ ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਸ਼੍ਰੀਮਤੀ ਪੂਨਮ ਸਿੰਘ, ਪੀਸੀਐਸ, ਏਡੀਸੀ ਲੁਧਿਆਣਾ, ਸ਼੍ਰੀ ਬੀ. ਰਮੇਸ਼ ਬਾਬੂ, ਮੁੱਖ ਜਨਰਲ ਮੈਨੇਜਰ, ਨਾਬਾਰਡ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਸਮਾਰੋਹ ਦਾ ਹਿੱਸਾ ਬਣੇ। ਇਸ ਸਮਾਗਮ ਵਿੱਚ ਪੀ ਏ ਯੂ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਬਾਰੇ ਵਿਭਾਗਾਂ ਤੋਂ ਇਲਾਵਾ ਰਾਜ ਸਰਕਾਰ ਦੇ ਪਾਣੀ ਸੰਭਾਲ, ਖੇਤੀਬਾੜੀ, ਬਾਗਬਾਨੀ ਅਤੇ ਹੋਰ ਰਾਜ ਵਿਭਾਗ ਆਦਿ ਵਿਭਾਗਾਂ ਦੇ ਅਧਿਕਾਰੀਆਂ, ਪ੍ਰਗਤੀਸ਼ੀਲ ਕਿਸਾਨਾਂ, ਵਿਗਿਆਨੀਆਂ ਨੇ ਵੀ ਹਿੱਸਾ ਲਿਆ।

ਮਾਨਯੋਗ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਪਾਲ ਆਡੀਟੋਰੀਅਮ ਵਿਖੇ ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਰਾਜ ਦੇ ਜਲ ਸਰੋਤਾਂ ਦੀ ਸਥਿਤੀ ਅਤੇ ਸੰਭਾਲ ਦੀਆਂ ਕੋਸ਼ਿਸ਼ਾਂ 'ਤੇ ਚਾਨਣਾ ਪਾਇਆ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਲਈ ਸਹਾਈ ਆਧੁਨਿਕ ਸਿੰਚਾਈ ਤਕਨੀਕਾਂ ਨੂੰ ਅਪਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਭੂਮੀ ਹੇਠਲੇ ਪਾਣੀ ਦੀ ਸੰਭਾਲ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਖੇਤੀਬਾੜੀ ਖੇਤਰ ਵਿੱਚ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਲਈ ਚੁੱਕੇ ਕਦਮਾਂ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਪੰਜਾਬ ਰਾਜ ਵਿੱਚ ਆਧੁਨਿਕ 'ਕੇਂਦਰੀ ਧਰੁਵੀ ਸਿੰਚਾਈ ਪ੍ਰਣਾਲੀ' ਲਿਆਉਣ ਲਈ ਵਿਭਾਗ ਦੀ ਸ਼ਲਾਘਾ ਕੀਤੀ ਅਤੇ ਪੀ ਏ ਯੂ ਵਿਖੇ ਇਸ ਪਹਿਲਕਦਮੀ ਦੀ ਇਮਦਾਦ ਲਈ ਨਾਬਾਰਡ ਦਾ ਧੰਨਵਾਦ ਵੀ ਕੀਤਾ।

ਸ਼੍ਰੀ ਸੰਜੀਵ ਅਰੋੜਾ ਨੇ ਰਾਜ ਵਿੱਚ ਬਿਜਲੀ ਉਤਪਾਦਨ ਅਤੇ ਖਪਤ ਦੇ ਹਾਲਾਤ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਬਿਜਲੀ ਖੇਤਰ ਵਿੱਚ ਕਿਸਾਨਾਂ ਅਤੇ ਆਮ ਲੋਕਾਂ ਲਈ ਵੱਖ-ਵੱਖ ਸਰਕਾਰੀ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ‘ਕੇਂਦਰੀ ਧਰੁਵੀ ਸਿੰਚਾਈ ਪ੍ਰਣਾਲੀ’ ਦੀ ਸਥਾਪਨਾ ਦੀ ਸ਼ਲਾਘਾ ਕੀਤੀ ਜੋ ਲੰਬੇ ਸਮੇਂ ਵਿੱਚ ਵੱਡੇ ਪੱਧਰ ‘ਤੇ ਅਪਣਾਏ ਜਾਣ ਨਾਲ ਪਾਣੀ ਦੇ ਨਾਲ-ਨਾਲ ਬਿਜਲੀ ਦੀ ਬਚਤ ਕਰਨ ਵਿੱਚ ਸਹਾਇਤਾ ਕਰੇਗੀ।

ਇਸ ਮੌਕੇ ਬੋਲਦਿਆਂ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਹਾਜ਼ਰੀਨ ਨੂੰ ਰਾਜ ਦੇ ਕੀਮਤੀ ਜਲ ਸਰੋਤਾਂ ਨੂੰ ਬਚਾਉਣ ਦਾ ਸੱਦਾ ਦਿੱਤਾ। ਡਾ. ਗੋਸਲ ਨੇ ਸਿੰਚਾਈ ਦੇ ਪਾਣੀ ਨੂੰ ਬਚਾਉਣ ਸੰਬੰਧੀ ਸਿੰਚਾਈ ਦੇ ਕੇਂਦਰੀ ਧਰੁਵੀ ਪ੍ਰਣਾਲੀ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਹ ਵਿਧੀ ਫਸਲਾਂ ਦੀ ਉਤਪਾਦਨ ਸਮਰੱਥਾ ਵਿੱਚ ਵਾਧਾ ਕਰੇਗੀ। ਆਪਣੇ ਸੰਬੋਧਨ ਦੌਰਾਨ ਡਾ. ਗੋਸਲ ਨੇ ਕਿਹਾ ਕਿ ਪੀ ਏ ਯੂ ਦੇ ਖੋਜੀ ਮਾਹਿਰ ਵੱਖ-ਵੱਖ ਫਸਲਾਂ ਲਈ ਇਸ ਨਵੀਨਤਮ ਸਿੰਚਾਈ ਪ੍ਰਣਾਲੀ ਦੀ ਜਾਂਚ ਕਰਨੇ ਅਤੇ ਇਸ ਪ੍ਰਣਾਲੀ ਦੀ ਕੁਸ਼ਲਤਾ ਨੂੰ ਹੋਰ ਵਧਾਉਣ ਲਈ ਅਗਲੇਰੀ ਖੋਜ ਜਾਰੀ ਰਹੇਗੀ।

ਡਾ. ਗੋਸਲ ਨੇ ਪੀਏਯੂ ਵਿਖੇ ਕੇਂਦਰੀ ਧਰੁਵੀ ਪ੍ਰਣਾਲੀ ਦੀ ਸਥਾਪਨਾ ਵਿੱਚ ਭੂਮੀ ਅਤੇ ਪਾਣੀ ਸੰਭਾਲ ਵਿਭਾਗ ਅਤੇ ਨਾਬਾਰਡ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਕਿਹਾ ਕਿ ਇਹ ਕਦਮ ਉੱਤਰੀ ਭਾਰਤ ਵਿੱਚ ਪਹਿਲਾ ਅਤੇ ਨਿਵੇਕਲਾ ਹੋਵੇਗਾ। ਡਾ. ਗੋਸਲ ਨੇ ਪੀ ਏ ਯੂ ਵਿਚ ਸਥਾਪਿਤ ਵਿਸ਼ਵ ਪੱਧਰੀ ਸਿੰਚਾਈ ਪ੍ਰੋਜੈਕਟ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਕਿਸਾਨ ਭਾਈਚਾਰੇ ਨੂੰ ਸ਼ੁੱਧਤਾ ਅਤੇ ਸਵੈਚਾਲਿਤ ਸਿੰਚਾਈ ਪ੍ਰਣਾਲੀਆਂ ਦਾ ਪ੍ਰਦਰਸ਼ਨ ਕਰਨ ਵਿੱਚ ਸਹਾਈ ਹੋਵੇਗਾ।

ਇਹ ਵੀ ਪੜ੍ਹੋ: World Water Day: ਵਿਸ਼ਵ ਜਲ ਦਿਵਸ ਦੇ ਮੌਕੇ 'ਤੇ ਸੁਚੱਜਾ ਸਿੰਚਾਈ ਪ੍ਰਬੰਧਨ ਕਰਨ ਵਾਲੇ 15 ਅਗਾਂਹਵਧੂ ਕਿਸਾਨ ਸਨਮਾਨਿਤ

ਸ਼੍ਰੀ ਰਮੇਸ਼ ਬਾਬੂ, ਮੁੱਖ ਜਨਰਲ ਮੈਨੇਜਰ, ਨਾਬਾਰਡ ਨੇ ਪੰਜਾਬ ਰਾਜ ਵਿੱਚ ਆਮ ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਇਲਾਵਾ ਖੇਤੀਬਾੜੀ ਖੇਤਰ ਵਿੱਚ ਲਾਗੂ ਕੀਤੇ ਜਾ ਰਹੇ ਨਾਬਾਰਡ ਦੇ ਵੱਖ-ਵੱਖ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਸੰਗਠਨ ਵੱਲੋਂ ਅਜਿਹੇ ਨਵੀਨ ਅਤੇ ਅਗਾਂਹਵਧੂ ਵਿਚਾਰਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ, ਨਾਲ ਹੀ ਨਾਬਾਰਡ ਦੁਆਰਾ ਸਹਾਇਤਾ ਪ੍ਰਾਪਤ ਨਿਯਮਤ ਤੌਰ 'ਤੇ ਚੱਲ ਰਹੇ ਹੋਰ ਪ੍ਰੋਜੈਕਟਾਂ ਵਿੱਚ ਵੱਧ ਤੋਂ ਵੱਧ ਸੰਭਵ ਸਹਾਇਤਾ ਦਾ ਭਰੋਸਾ ਦਿਵਾਇਆ।

ਪੰਜਾਬ ਦੇ ਮੁੱਖ ਭੂਮੀ ਸੰਭਾਲ ਅਧਿਕਾਰੀ ਸ੍ਰੀ ਮਹਿੰਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਲਟਾ ਛਿੜਕਾਅ ਪ੍ਰਣਾਲੀਆਂ 60 ਮੀਟਰ ਦੂਰੀ 'ਤੇ ਲਗਾਈਆਂ ਗਈਆਂ ਹਨ, ਜੋ ਕਿ ਕੇਂਦਰੀ ਧੁਰੀ ਉੱਪਰ ਖੇਤ ਵਿੱਚ ਘੁੰਮਦੀਆਂ ਹਨ ਜਿਸਨੂੰ 'ਪਿਵੋਟ' ਕਿਹਾ ਜਾਂਦਾ ਹੈ। ਇਹ ਬੁਨਿਆਦੀ ਢਾਂਚਾ 3 ਏਕੜ ਵਿੱਚ ਫੈਲੇ ਖੇਤੀਬਾੜੀ ਖੇਤਰ ਨੂੰ ਬਿਨਾਂ ਕਿਸੇ ਹੱਥੀਂ ਕਾਰਜ ਦੇ ਗੋਲਾਕਾਰ ਗਤੀ ਵਿੱਚ ਸਿੰਚਾਈ ਕਰਨ ਵਿੱਚ ਮਦਦ ਕਰੇਗਾ ਅਤੇ ਸਿੰਚਾਈ ਨਾਲ ਸਬੰਧਤ ਜ਼ਰੂਰਤਾਂ ਦੇ ਹੱਲ ਵਜੋਂ ਕੰਮ ਕਰੇਗਾ।

ਹੋਰ ਸਹੂਲਤਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਨਵੀਨਤਮ ਸਿੰਚਾਈ ਪ੍ਰਣਾਲੀ ਪਾਣੀ ਦੀ ਢੁਕਵੀਂ ਵਰਤੋਂ ਵਿੱਚ ਮਹੱਤਵਪੂਰਨ ਵਾਧਾ ਕਰੇਗੀ, ਫਸਲਾਂ ਦੀ ਪੈਦਾਵਾਰ ਵਧਾਏਗੀ ਅਤੇ ਆਧੁਨਿਕ ਸਿੰਚਾਈ ਤਰੀਕਿਆਂ ਲਈ ਆਦਰਸ਼ ਵਜੋਂ ਕੰਮ ਕਰੇਗੀ। ਉਨ੍ਹਾਂ ਨੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਾਰੇ ਪਤਵੰਤਿਆਂ, ਵਿਗਿਆਨੀਆਂ, ਅਧਿਕਾਰੀਆਂ, ਕਿਸਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਨਿਰਦੇਸ਼ਕ ਪਸਾਰ ਸਿੱਖਿਆ ਡਾ ਮੱਖਣ ਸਿੰਘ ਭੁੱਲਰ, ਡੀਨ ਪੋਸਟ ਗਰੈਜੂਏਟ ਸਟੱਡੀਜ਼ ਡਾ ਵਿਸ਼ਵਜੀਤ ਸਿੰਘ ਹਾਂਸ, ਮਿਲਖ ਅਧਿਕਾਰੀ ਡਾ ਰਿਸ਼ੀਇੰਦਰਾ ਸਿੰਘ ਗਿੱਲ,ਡੀਨ ਖੇਤੀਬਾੜੀ ਕਾਲਜ ਡਾ ਚਰਨਜੀਤ ਸਿੰਘ ਔਲਖ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ, ਵਧੀਕ ਨਿਰਦੇਸ਼ਕ ਖੋਜ ਡਾ.ਜੀ.ਐਸ.ਮਾਂਗਟ, ਡਾ ਮਹੇਸ਼ ਕੁਮਾਰ ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ.ਪ੍ਰਭਜੋਧ ਸਿੰਘ ਸੰਧੂ, ਫ਼ਸਲ ਵਿਗਿਆਨ ਵਿਭਾਗ ਦੇ ਮੁਖੀ ਡਾ. ਹਰੀ ਰਾਮ ਅਤੇ ਡਾ: ਅਜਮੇਰ ਸਿੰਘ ਬਰਾੜ, ਇੰਚਾਰਜ, ਸੈਂਟਰ ਫਾਰ ਵਾਟਰ ਟੈਕਨਾਲੋਜੀ ਇਸ ਮੌਕੇ ਮੌਜੂਦ ਸਨ।

ਸਰੋਤ: ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University)

Summary in English: Punjab Water Resources Minister inaugurates North India's first modern irrigation system at PAU, Ludhiana

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters