ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਸਰਜਰੀ ਵਿਭਾਗ ਦੇ ਪੀਐਚ.ਡੀ ਖੋਜਾਰਥੀ ਡਾ. ਪ੍ਰੇਮ ਸਾਈਰਾਮ ਨੂੰ ਯੁਵਾ ਵਿਗਿਆਨੀ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ।ਉਨ੍ਹਾਂ ਨੂੰ ਇਹ ਸਨਮਾਨ ’ਇੰਡੀਅਨ ਵੈਟੋਪੀਆ-2021’ ਕਾਨਫਰੰਸ ਜੋ ਕਿ ਨੈਸ਼ਨਲ ਵੈਟਨਰੀ ਫਾਉਂਡੇਸ਼ਨ ਵੱਲੋਂ ਕਰਵਾਈ ਗਈ ਸੀ ਉਸ ਵਿਚ ਦਿੱਤਾ ਗਿਆ।ਪ੍ਰੇਮ ਸਾਈਰਾਮ ਨੇ ਆਪਣਾ ਖੋਜ ਪੱਤਰ ’ਕੁੱਤਿਆਂ ਵਿਚ ਮੂਹਰਲੀ ਲੱਤ ਟੁੱਟਣ ਸੰਬੰਧੀ ਸਰਜਰੀ ਪ੍ਰਬੰਧਨ’ ਵਿਸ਼ੇ ’ਤੇ ਪੇਸ਼ ਕੀਤਾ।ਇਸ ਖੋਜ ਪੱਤਰ ਵਿਚ ਉਨ੍ਹਾਂ ਦੇ ਨਾਲ ਡਾ. ਤਰੁਣਬੀਰ ਸਿੰਘ ਅਤੇ ਸ਼ਸ਼ੀਕਾਂਤ ਮਹਾਜਨ ਨੇ ਵੀ ਖੋਜ ਯੋਗਦਾਨ ਪਾਇਆ ਸੀ।
ਜੈਪੂਰ ਵਿਖੇ ਹੋਈ ਇਸ ਕਾਨਫਰੰਸ ਦੇ ਆਯੋਜਨ ਵਿਚ ਵੈਟਸਟਰੀਮ ਐਜੂਕੇਸ਼ਨਲ ਪਾਰਟਨਰ ਵੀ ਭਾਈਵਾਲ ਸਨ।ਇਸ ਵਿਚ 200 ਦੇ ਕਰੀਬ ਵਿਗਿਆਨੀਆਂ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੇ ਪੂਰੇ ਮੁਲਕ ਵਿਚੋਂ ਹਿੱਸਾ ਲਿਆ।ਕਾਨਫਰੰਸ ਦਾ ਉਦਘਾਟਨ ਡਾ. ਉਮੇਸ਼ ਸ਼ਰਮਾ, ਪ੍ਰਧਾਨ, ਵੈਟਨਰੀ ਕਾਊਂਸਲ ਆਫ ਇੰਡੀਆ ਨੇ ਕੀਤਾ ਸੀ।
ਵੈਟਨਰੀ ਸਰਜਰੀ ਵਿਭਾਗ ਦੇ ਮੁਖੀ, ਡਾ. ਨਵਦੀਪ ਸਿੰਘ ਨੇ ਖੋਜੀ ਵਿਦਿਆਰਥੀ ਨੂੰ ਮੁਬਾਰਕਬਾਦ ਦਿੱਤੀ ਅਤੇ ਦੱਸਿਆ ਕਿ ਇਸ ਕਾਨਫਰੰਸ ਦਾ ਮੁੱਢਲਾ ਉਦੇਸ਼ ਵੈਟਨਰੀ ਡਾਕਟਰਾਂ ਨੂੰ ਇਕ ਮੰਚ ’ਤੇ ਇਕੱਠਾ ਕਰਕੇ ਨਵੀਨਤਮ ਜਾਣਕਾਰੀ ਮੁਹੱਈਆ ਕਰਨਾ ਸੀ।
ਉਨ੍ਹਾਂ ਖੋਜਾਰਥੀ ਦੇ ਵਿਸ਼ੇ ਸੰਬੰਧੀ ਗੱਲ ਕਰਦਿਆਂ ਕਿਹਾ ਕਿ ਕੁੱਤਿਆਂ ਵਿਚ ਹੱਡੀ ਟੁੱਟਣ ਦੀ ਇਹ ਸਮੱਸਿਆ ਬਹੁਤ ਚੁਣੌਤੀਪੂਰਣ ਪਰੇਸ਼ਾਨੀ ਬਣ ਜਾਂਦੀ ਹੈ ਅਤੇ ਇਸ ਵਿਸ਼ੇ ’ਤੇ ਕੀਤੀ ਖੋਜ ਅਜਿਹੇ ਮਾਮਲਿਆਂ ਨੂੰ ਹੱਲ ਕਰਨ ਵਿਚ ਬਹੁਤ ਸਹਾਈ ਹੋਵੇਗੀ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਵੀ ਵਿਦਿਆਰਥੀ ਦੀ ਪ੍ਰਾਪਤੀ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਨਾਲ ਵਿਭਾਗ ਵਿਚ ਕੰਮ ਕਰਵਾਉਣ ਵਾਲੇ ਵਿਗਿਆਨੀ ਵੀ ਪ੍ਰਸੰਸਾ ਦੇ ਪਾਤਰ ਹਨ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Researcher from Veterinary University received the Young Scientist Award at the National Conference