Krishi Vigyan Kendra, Patiala: ਖੇਤੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਕਿਸਾਨਾਂ ਨੂੰ ਸਹਾਇਕ ਧੰਦੇ ਅਪਨਾਉਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੀਆਂ ਪ੍ਰਮਾਣਿਤ ਤਕਨੀਕਾਂ ਤੋਂ ਜਾਣੂ ਕਰਵਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ 14 ਫਰਵਰੀ, 2024 ਨੂੰ ਹੋਈ।
ਇਸ ਦੀ ਪ੍ਰਧਾਨਗੀ ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨੇ ਕੀਤੀ। ਡਾ. ਜਸਵਿੰਦਰ ਸਿੰਘ, ਨਿਰਦੇਸ਼ਕ, ਯੂਨਿਵਰਸਿਟੀ ਬੀਜ ਫਾਰਮ, ਨਾਭਾ ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ।
ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਦੀਪ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ, ਫਤਿਹਗੜ੍ਹ ਸਾਹਿਬ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਵਿਪਨ ਕੁਮਾਰ ਰਾਮਪਾਲ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ, ਪਟਿਆਲਾ ਦੇ ਮੁੱਖੀ ਡਾ. ਗੁਰਪ੍ਰੀਤ ਕੌਰ ਵੀ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਖੇਤੀਬਾੜੀ, ਬਾਗਬਾਨੀ, ਪਸ਼ੂ-ਪਾਲਣ, ਮੱਛੀ-ਪਾਲਣ, ਵਣ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਰੋਜ਼ਗਾਰ ਵਿਭਾਗ ਦੇ ਅਫਸਰ ਸਾਹਿਬਾਨ, ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਇਸ ਮੀਟਿੰਗ ਵਿਚ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਗੁਰਉਪਦੇਸ਼ ਕੌਰ, ਇੰਚਾਰਜ, ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਦੀ ਅਗਵਾਈ ਹੇਠ ਆਏ ਹੋਏ ਮਹਿਮਾਨਾਂ ਨੂੰ ਕੇਂਦਰ ਦੇ ਤਕਨੀਕੀ ਪਾਰਕ, ਪ੍ਰਦਰਸ਼ਨੀ ਪਲਾਟਾਂ ਅਤੇ ਬੀਜ ਫਾਰਮ ਦਾ ਦੌਰਾ ਕਰਵਾਇਆ ਗਿਆ।
ਮੀਟਿੰਗ ਦੀ ਸ਼ੁਰੂਆਤ ਵਿੱਚ ਡਾ. ਰਜਨੀ ਗੋਇਲ, ਪ੍ਰੋਫੈਸਰ (ਭੋਜਨ ਵਿਗਿਆਨ), ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ-ਆਇਆਂ ਆਖਿਆ। ਇਸ ਉਪਰੰਤ ਡਾ. ਗੁਰਉਪਦੇਸ਼ ਕੌਰ ਨੇ ਕੇਂਦਰ ਵੱਲੋਂ ਲਗਾਏ ਜਾਂਦੇ ਸਿਖਲਾਈ ਕੋਰਸਾਂ, ਖੇਤ ਤਜ਼ਰਬਿਆਂ ਅਤੇ ਹੋਰ ਪਸਾਰ ਗਤੀ-ਵਿਧੀਆਂ ਦੀ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਸਾਲ 2024-25 ਵਿਚ ਆਯੋਜਿਤ ਹੋਣ ਵਾਲੀਆਂ ਸਿਖਲਾਈਆਂ ਸਬੰਧੀ ਕਾਰਜ-ਯੋਜਨਾ ਵੀ ਸਾਂਝੀ ਕੀਤੀ ਅਤੇ ਆਏ ਹੋਏ ਮਹਿਮਾਨਾਂ ਦੇ ਸੁਝਾਅ ਲਏ।
ਮੀਟਿੰਗ ਦੇ ਮੁੱਖ ਮਹਿਮਾਨ ਡਾ. ਮੱਖਣ ਸਿੰਘ ਭੁੱਲਰ ਨੇ ਸਰਫੇਸ ਸੀਡਰ ਵਿਧੀ ਰਾਹੀਂ ਕਣਕ ਦੀ ਬੀਜਾਈ ਬਾਰੇ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ। ਉਨ੍ਹਾਂ ਨੇ ਅਗਾਂਹਵੱਧੂ ਕਿਸਾਨਾਂ ਦੇ ਖੇਤਾਂ ਦੇ ਦੌਰੇ ਕਰਨ ਅਤੇ ਕੁਦਰਤੀ ਸਰੋਤਾਂ ਦੀ ਸੁਚੱਜੀ ਵਰਤੋਂ ਬਾਰੇ ਵੀ ਪ੍ਰੇਰਿਤ ਕੀਤਾ। ਡਾ. ਜਸਵਿੰਦਰ ਸਿੰਘ ਨੇ ਹਾਜ਼ਰੀਨ ਕਿਸਾਨਾਂ ਅਤੇ ਅਧਿਕਾਰੀਆਂ ਨੂੰ ਕ੍ਰਿਸ਼ੀ ਵਿਗਿਆਨ ਕੇਂਦਰ, ਪਟਿਆਲਾ ਵੱਲੋਂ ਆਯੋਜਿਤ ਕੀਤੇ ਜਾਂਦੇ ਪਸਾਰ ਕਾਰਜਾਂ ਨਾਲ ਵੱਧ ਤੋਂ ਵੱਧ ਜੁੜਨ ਲਈ ਉਤਸ਼ਾਹਿਤ ਕੀਤਾ।
ਇਹ ਵੀ ਪੜੋ: 'MFOI' ਕੀ ਹੈ, ਦੇਸ਼-ਦੁਨੀਆ ਵਿੱਚ MFOI ਦੀ ਚਰਚਾ ਕਿਉਂ ਹੋ ਰਹੀ ਹੈ ਅਤੇ ਇਹ ਕਿਸਾਨਾਂ ਲਈ ਕਿਉਂ ਖਾਸ ਹੈ?
ਮੁੱਖ ਖੇਤੀਬਾੜੀ ਅਫਸਰ, ਪਟਿਆਲਾ ਡਾ. ਜਸਵਿੰਦਰ ਸਿੰਘ ਨੇ ਖੇਤੀਬਾੜੀ ਮਹਿਕਮੇ ਵੱਲੋਂ ਦਿੱਤੀਆਂ ਜਾਦੀਆਂ ਸੁਵਿਧਾਵਾਂ ਬਾਰੇ ਦੱਸਿਆ। ਵੱਖ-ਵੱਖ ਵਿਭਾਗਾਂ ਤੋਂ ਆਏ ਪਤਵੰਤਿਆਂ ਨੇ ਵੀ ਇਸ ਵਿਚਾਰ-ਚਰਚਾ ਵਿਚ ਖੁੱਲ ਕੇ ਹਿੱਸਾ ਲਿਆ ਅਤੇ ਲੋੜ ਮੁਤਾਬਕ ਸਿਖਲਾਈ ਕੋਰਸ ਲਾਉਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ, ਸੁਖਦੇਵ ਸਿੰਘ, ਪਰਦੀਪ ਸਿੰਘ, ਨਰਿੰਦਰ ਸਿੰਘ, ਨਾਜਰ ਸਿੰਘ, ਲਖਵਿੰਦਰ ਸਿੰਘ ਅਤੇ ਉੱਦਮੀ ਬੀਬੀਆਂ ਪਾਲ ਕੌਰ, ਗੁਰਪ੍ਰੀਤ ਕੌਰ ਅਤੇ ਭੁਪਿੰਦਰ ਕੌਰ ਨੇ ਫਸਲ ਉਤਪਾਦਨ, ਸਬਜ਼ੀਆਂ ਦੀ ਕਾਸ਼ਤ, ਖੁੰਭ ਉਤਪਾਦਨ, ਫੂਡ ਪ੍ਰੋਸੈਸਿੰਗ ਅਤੇ ਫੁਲਕਾਰੀ ਦਸਤਕਾਰੀ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਸਿਖਲਾਈ ਪ੍ਰਾਪਤ ਉੱਦਮੀ ਕਿਸਾਨ ਵੀਰਾਂ ਅਤੇ ਬੀਬੀਆਂ ਨੇ ਆਪਣੇ ਉੱਤਪਾਦਾਂ ਦੀ ਪ੍ਰਦਰਸ਼ਨੀ ਵੀ ਲਗਾਈ।
Summary in English: Scientific Advisory Committee meeting held at Krishi Vigyan Kendra, Patiala