1. Home
  2. ਖਬਰਾਂ

ਝੋਨੇ ਦੀ ਪਰਾਲੀ ਵਿੱਚ Surface Seeder ਨਾਲ ਕਣਕ ਦੀ ਬਿਜਾਈ

ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਵੱਲੋਂ ਝੋਨੇ ਦੀ ਪਰਾਲੀ ਵਿੱਚ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਬਾਬਤ ਖੇਤ ਪ੍ਰਦਰਸ਼ਨੀ ਦਾ ਆਯੋਜਨ।

Gurpreet Kaur Virk
Gurpreet Kaur Virk
ਝੋਨੇ ਦੀ ਪਰਾਲੀ ਵਿੱਚ ਕਣਕ ਦੀ ਬਿਜਾਈ

ਝੋਨੇ ਦੀ ਪਰਾਲੀ ਵਿੱਚ ਕਣਕ ਦੀ ਬਿਜਾਈ

ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੁਕ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਝੋਨੇ ਦੀ ਪਰਾਲੀ ਵਿੱਚ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਬਾਬਤ ਖੇਤ ਪ੍ਰਦਰਸ਼ਨੀ ਦਾ ਆਯੋਜਨ ਮਿਤੀ 6 ਨਵੰਬਰ, 2023 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਲਾਂਬੜਾ ਵਿਖੇ “ਦੀ ਲਾਂਬੜਾ ਕਾਂਗੜੀ ਬਹੁਮੰਤਵੀ ਕੋਆਪਰੇਟਿਵ ਸਹਿਕਾਰੀ ਸਰਵਿਸ ਸੋਸਾਇਟੀ ਲਿਮਿਟਿਡ” ਦੇ ਸਹਿਯੋਗ ਨਾਲ ਕੀਤਾ ਗਿਆ।ਇਹ ਸੋਸਾਇਟੀ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧਿਤ ਮਸ਼ੀਨਾਂ ਲੋੜਵੰਦ ਕਿਸਾਨਾਂ ਨੂੰ ਮਾਮੂਲੀ ਰੇਟਾਂ ਤੇ ਮੁਹੱਈਆ ਵੀ ਕਰਵਾਉਂਦੀ ਹੈ ਅਤੇ ਇਸ ਸਾਲ ਸਰਫੇਸ ਸੀਡਰ ਦੀ ਖਰੀਦ ਵੀ ਕੀਤੀ ਹੈ।

ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ), ਡਾ. ਮਨਿੰਦਰ ਸਿੰਘ ਬੌਂਸ ਨੇ ਹਾਜਿਰ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਇਸ ਗੱਲ ਤੇ ਜੋਰ ਦਿੱਤਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਨਾ ਸਾੜਣ ਅਤੇ ਉਪਲਬਧ ਮਸ਼ੀਨਰੀ ਤੇ ਤਕਨੀਕਾਂ ਰਾਂਹੀ ਇਸ ਦਾ ਯੋਗ ਪ੍ਰਬੰਧ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ। ਡਾ. ਬੌਂਸ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਸਮੂਹਿਕ ਰੂਪ ਵਿੱਚ ਇਸ ਮੁਹਿੰਮ ਨੂੰ ਸਫਲ਼ ਕਰਣ ਲਈ ਪ੍ਰੇਰਿਆ। ਉਹਨਾਂ ਦੱਸਿਆ ਕਿ ਜਿਲੇ ਵਿੱਚ ਪਰਾਲੀ ਪ੍ਰਬੰਧਨ ਸਬੰਧੀ ਸਹਿਕਾਰੀ ਸਭਾਵਾਂ ਤੇ ਗਰੁੱਪਾਂ ਦੇ ਮਸ਼ੀਨਰੀ ਬੈਕਾਂ ਦਾ ਗਠਨ ਕੀਤਾ ਗਿਆ ਹੈ ਅਤੇ ਕਿਸਾਨ ਪਰਾਲੀ ਪ੍ਰਬੰਧਨ ਸਬੰਧਿਤ ਮਸ਼ੀਨਰੀ ਦੀ ਵਰਤੋਂ ਸਾਂਝੇ ਤੌਰ ਤੇ ਕਰਣ ਤਾਂ ਜੋ ਇਸ ਦਾ ਪੂਰਾ ਫਾਇਦਾ ਲਿਆ ਜਾ ਸਕੇ।

ਡਾ. ਅਜੈਬ ਸਿੰਘ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ), ਕ੍ਰਿਸ਼ੀ ਵਿਗਿਆਨ ਕੇਂਦਰ, ਹੁਸ਼ਿਆਰਪੁਰ ਨੇ ਦੱਸਿਆ ਕਿ ਸਰਫੇਸ ਸੀਡਰ ਮਸ਼ੀਨ ਵਿੱਚ ਕਟਰ-ਕਮ-ਸਪਰੈਡਰ (ਸੁਧਾਰਿਆ ਹੋਇਆ ਕਟਰ) ਉੱਪਰ ਆਮ ਬਿਜਾਈ ਡਰਿੱਲ ਦਾ ਉਪਰਲਾ ਹਿੱਸਾ ਪਾਈਪਾਂ ਸਮੇਤ (ਬਿਨਾਂ ਫਾਲਿਆਂ ਤੋਂ) ਲਗਾਇਆ ਗਿਆ ਹੈ। ਇਹ ਮਸ਼ੀਨ ਕੰਬਾਈਨ ਨਾਲ ਕੱਟੇ ਝੋਨੇ ਦੇ ਖੇਤ ਵਿੱਚ ਇੱਕੋ ਸਮੇਂ ਬੀਜ ਅਤੇ ਖਾਦ ਪਾ ਦਿੰਦੀ ਹੈ ਅਤੇ ਨਾਲੋਂ-ਨਾਲ ਝੋਨੇ ਦੇ ਖੜ੍ਹੇ ਕਰਚੇ (4 ਤੋਂ 5 ਇੰਚ ਉੱਚਾ) ਕੱਟ ਕੇ ਇਕਸਾਰ ਖਿਲਾਰ ਦਿੰਦੀ ਹੈ। ਡਾ. ਅਜੈਬ ਨੇ ਜਾਣਕਾਰੀ ਦਿੱਤੀ ਕਿ ਇਹ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚਲ ਸਕਦੀ ਹੈ ਅਤੇ ਇਕ ਘੰਟੇ ਵਿੱਚ 1.5 ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ।ਇਸ ਦੇ ਨਾਲ ਹੀ ਇਹ ਮਸ਼ੀਨ 700 ਤੋਂ 800 ਰੁਪਏ ਵਿੱਚ ਇੱਕ ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ।

ਇਹ ਵੀ ਪੜ੍ਹੋ: Wheat ਦੇ ਬਦਲ ਵਜੋਂ ਦੂਸਰੀਆਂ ਫ਼ਸਲਾਂ ਦਾ ਮੁਲਾਂਕਣ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਹੁਸ਼ਿਆਰਪੁਰ ਤੋਂ ਇੰਜ. ਲਵਲੀ, ਸਹਾਇਕ ਖੇਤੀਬਾੜੀ ਇੰਜੀਨੀਅਰ ਨੇ ਦੱਸਿਆ ਕਿ ਇਸ ਮਸ਼ੀਨ ਦੀ ਖਰੀਦ ਲਈ ਵਿਭਾਗ ਵੱਲੋਂ ਸਬਸਿਡੀ ਵੀ ਦਿੱਤੀ ਗਈ ਹੈ ਅਤੇ ਇਸ ਮਸ਼ੀਨ ਨਾਲ ਵਧੀਆ ਢੰਗ ਨਾਲ ਬਹੁਤ ਘੱਟ ਖਰਚੇ ਤੇ ਕਣਕ ਦੀ ਬਿਜਾਈ ਹੋ ਜਾਂਦੀ ਹੈ।

ਇਸ ਸਮੇਂ ਮਿਤੀ 28 ਅਕਤੂਬਰ, 2023 ਨੂੰ ਸਰਫੇਸ ਸੀਡਰ ਨਾਲ ਬੀਜੀ ਕਣਕ ਦੇ ਪਲਾਟ ਦੀ ਨਿਰੀਖਣ ਵੀ ਕੀਤਾ ਗਿਆ, ਜਿਸ ਦੇ ਵਧੀਆ ਜੰਮ ਪ੍ਰਤੀ ਹਾਜਿਰ ਕਿਸਾਨਾਂ ਅਤੇ ਸੋਸਾਇਟੀ ਦੇ ਸੈਕਟਰੀ, ਸ਼੍ਰੀ ਜਸਵਿੰਦਰ ਸਿੰਘ ਨੇ ਸੰਤੁਸ਼ਟੀ ਪ੍ਰਗਟਾਈ ਅਤੇ ਸਰਫੇਸ ਸੀਡਰ ਮਸ਼ੀਨ ਦੀ ਕਾਰਜਕੁਸ਼ਲਤਾ ਬਾਰੇ ਹਾਮੀ ਭਰੀ।

ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Sowing Wheat with Surface Seeder in Paddy Stubble

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters