1. Home
  2. ਖੇਤੀ ਬਾੜੀ

Wheat ਦੇ ਬਦਲ ਵਜੋਂ ਦੂਸਰੀਆਂ ਫ਼ਸਲਾਂ ਦਾ ਮੁਲਾਂਕਣ

ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ, ਹੁਸ਼ਿਆਰਪੁਰ, ਪਠਾਨਕੋਟ, ਐਸ.ਏ.ਐਸ. ਨਗਰ ਅਤੇ ਐਸ.ਬੀ.ਐਸ. ਨਗਰ...ਇਹ ਪੰਜਾਬ ਦੇ ਕੁਝ ਅਜਿਹੇ ਜ਼ਿਲ੍ਹੇ ਹਨ, ਜਿੱਥੇ ਕਿਸਾਨਾਂ ਕੋਲ ਹਾੜੀ ਦੀ ਦੂਜੀ ਫ਼ਸਲ ਦੀ ਚੋਣ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ।

Gurpreet Kaur Virk
Gurpreet Kaur Virk
ਹਾੜ੍ਹੀ ਦੀਆਂ ਫ਼ਸਲਾਂ ਦਾ ਮੁਲਾਂਕਣ

ਹਾੜ੍ਹੀ ਦੀਆਂ ਫ਼ਸਲਾਂ ਦਾ ਮੁਲਾਂਕਣ

Wheat Substitutes: ਪੰਜਾਬ ਵਿੱਚ ਹਾੜ੍ਹੀ ਰੁੱਤ ਦੀ ਮੁੱਖ ਫਸਲ ਕਣਕ ਹੈ ਜਿਸ ਹੇਠ ਸਾਲ 2021-22 ਦੌਰਾਨ 3526 ਹਜਾਰ ਹੈਕਟੇਅਰ ਰਕਬਾ ਸੀ ਅਤੇ 148.65 ਲੱਖ ਟਨ ਪੈਦਾਵਾਰ ਹੋਈ ਸੀ। ਇਸ ਤੋਂ ਬਾਅਦ ਆਲੂ ਅਤੇ ਮਟਰਾਂ ਹੇਠ ਰਕਬਾ ਕ੍ਰਮਵਾਰ 110 ਅਤੇ 44 ਹਜਾਰ ਹੈਕਟੇਅਰ ਰਿਹਾ ਜਿਸ ਤੋਂ 30.50 ਅਤੇ 4.69 ਲੱਖ ਟਨ ਪੈਦਾਵਾਰ ਹੋਈ। ਹਾੜ੍ਹੀ ਦੀਆਂ ਦੂਜੀਆਂ ਫਸਲਾਂ ਸਰ੍ਹੋਂ, ਜੌਂ, ਛੋਲੇ, ਸੂਰਜਮੁਖੀ ਅਤੇ ਮਸਰ ਦੀ ਕਾਸ਼ਤ ਕ੍ਰਮਵਾਰ 43.9, 5.0, 1.8, 1.3 ਅਤੇ 0.5 ਹਜਾਰ ਹੈਕਟੇਅਰ ਰਕਬੇ ਵਿੱਚ ਕੀਤੀ ਗਈ।

ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ 'ਤੇ ਕੀਤੀ ਜਾਂਦੀ ਹੈ, ਜਦਕਿ ਹਾੜ੍ਹੀ ਦੀਆਂ ਹੋਰ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਿਤ ਹੋਣ ਦੇ ਬਾਵਜੂਦ ਵੀ ਖਰੀਦ ਏਜੰਸੀਆਂ ਵਲੋਂ ਇਹਨਾਂ ਦੀ ਖਰੀਦ ਕੀਤੀ ਨਹੀਂ ਜਾਂਦੀ। ਇਸੇ ਕਰਕੇ ਕਿਸਾਨ ਇਹਨਾਂ ਫਸਲਾਂ ਦੀ ਕਾਸ਼ਤ ਤੋਂ ਗੁਰੇਜ਼ ਕਰਦੇ ਹਨ। ਇਸ ਸਭ ਦੇ ਬਾਵਜੂੂਦ ਕੁੱਝ ਅਜਿਹੇ ਇਲਾਕੇ ਵੀ ਹਨ ਜਿਨ੍ਹਾਂ ਵਿੱਚ ਕਿਸਾਨਾਂ ਨੂੰ ਹਾੜ੍ਹੀ ਦੀਆਂ ਹੋਰ ਫਸਲਾਂ ਦੀ ਚੋਣ ਕਰਨ ਤੋਂ ਇਲਾਵਾ ਦੂਜਾ ਰਸਤਾ ਨਹੀਂ ਰਹਿ ਜਾਂਦਾ। ਕੁੱਝ ਇਲਾਕੇ ਇਹੋ ਜਿਹੇ ਹਨ ਜਿੱਥੇ ਕਣਕ ਦਾ ਝਾੜ ਬਾਕੀ ਪੰਜਾਬ ਦੇ ਔਸਤਨ ਝਾੜ (17.06 ਕੁਇੰਟਲ/ਏਕੜ) ਨਾਲੋ ਕਾਫੀ ਘੱਟ ਆਇਆ ਜਿਵੇਂ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਰੂਪਨਗਰ, ਹੁਸ਼ਿਆਰਪੁਰ, ਪਠਾਨਕੋਟ, ਐਸ.ਏ.ਐਸ. ਨਗਰ ਅਤੇ ਐਸ.ਬੀ.ਐਸ. ਨਗਰ ਵਿੱਚ ਕ੍ਰਮਵਾਰ 13.76, 14.61, 14.66, 14.77, 14.99 ਅਤੇ 15.63 ਕੁਇੰਟਲ ਪ੍ਰਤੀ ਏਕੜ ਦਾ ਝਾੜ ਆਇਆ।

ਦੂਸਰੇ ਪਾਸੇ ਫਰੀਦਕੋਟ (18.54 ਕੁਇੰਟਲ/ਏਕੜ), ਬਰਨਾਲਾ (18.50), ਸ੍ਰੀ ਮੁਕਤਸਰ ਸਾਹਿਬ (18.32), ਮਾਨਸਾ (18.02 ਕੁਇੰ./ਏਕੜ), ਆਦਿ ਵਿੱਚ ਝਾੜ ਜਿਆਦਾ ਰਿਹਾ। ਜਿਨ੍ਹਾਂ ਇਲਾਕਿਆਂ ਵਿੱਚ ਕਣਕ ਦਾ ਝਾੜ ਘੱਟ ਹੈ ਉਥੇ ਹਾੜ੍ਹੀ ਦੀਆਂ ਦੂਸਰੀਆਂ ਫਸਲਾਂ ਦੀ ਕਾਸ਼ਤ ਕਰਕੇ ਚੰਗੀ ਆਮਦਨ ਲਈ ਜਾ ਸਕਦੀ ਹੈ। ਰੂਪਨਗਰ, ਐਸ.ਏ.ਐਸ. ਨਗਰ, ਪਟਿਆਲਾ ਆਦਿ ਜ਼ਿਲ੍ਹਿਆਂ ਵਿੱਚ ਜੌਂਆ ਦੀ ਫਸਲ ਲਾਹੇਵੰਦ ਸਾਬਿਤ ਹੋ ਸਕਦੀ ਹੈ। ਆਮ ਤੌਰ ਤੇ ਜੌਂ ਦੀ ਫਸਲ ਉਹਨਾਂ ਜਮੀਨਾਂ ਤੇ ਕਾਸ਼ਤ ਕੀਤੀ ਜਾਂਦੀ ਹੈ ਜਿੱਥੇ ਪਾਣੀ ਦੀ ਘਾਟ ਹੋਵੇ।

ਘੱਟ ਬਾਰਿਸ਼ ਵਾਲੇ ਇਲਾਕਿਆਂ ਵਿੱਚ ਜਾਂ ਜਿੱਥੇ ਪਾਣੀ ਦੀ ਸਹੂਲਤ ਨਾ ਹੋਵੇ ਉਸ ਜਗਾ੍ਹ ਤੇ ਜੌਆਂ ਦੀ ਫਸਲ ਦੀ ਕਾਸ਼ਤ ਢੁਕਵੀਂ ਮੰਨੀ ਜਾਂਦੀ ਹੈ। ਇਸੇ ਤਰ੍ਹਾਂ ਫਾਜਿਲਕਾ, ਬਠਿੰਡਾ, ਮਾਨਸਾ ਅਤੇ ਐਸ.ਏ.ਐਸ. ਨਗਰ ਵਿੱਚ ਛੋਲਿਆਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਦਾਲਾਂ ਵਿੱਚ ਹੀ ਮਸਰ ਦੀ ਫਸਲ ਦੀ ਕਾਸ਼ਤ ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਐਸ.ਏ.ਐਸ. ਨਗਰ ਵਿੱਚ ਲਾਹੇਵੰਦ ਤਰੀਕੇ ਨਾਲ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਕਣਕ ਵਿੱਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਿਫ਼ਾਰਿਸ਼ਾਂ

ਤੇਲ ਬੀਜ ਫਸਲਾਂ ਰਾਇਆ ਅਤੇ ਤਾਰਾਮੀਰਾ ਦੀ ਕਾਸ਼ਤ ਬਰਾਨੀ ਜ਼ਮੀਨਾਂ ਤੇ ਹੁੰਦੀ ਹੈ। ਸੂਰਜਮੁਖੀ ਦੀ ਫਸਲ ਲਈ ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਜ਼ਮੀਨ ਸਭ ਤੋਂ ਢੁਕਵੀਂ ਹੈ। ਉਹਨਾਂ ਇਲਾਕਿਆਂ ਵਿੱਚ ਜਿੱਥੇ ਕਣਕ ਨਹੀਂ ਬੀਜੀ ਜਾ ਸਕਦੀ, ਹਾੜ੍ਹੀ ਦੀਆਂ ਹੋਰ ਫਸਲਾਂ ਬੀਜ ਕੇ ਮੁਨਾਫਾ ਕਮਾਇਆ ਜਾ ਸਕਦਾ ਹੈ।

ਸਾਲ 2023 ਨੂੰ ਅੰਤਰ-ਰਾਸ਼ਟਰੀ ਮੋਟਾ ਅਨਾਜ ਦਾ ਸਾਲ (International Year of Millets 2023) ਵਾਂਗ ਮਨਾਇਆ ਜਾ ਰਿਹਾ ਹੈ। ਮੋਟੇ ਅਨਾਜ ਵਿੱਚ ਵੱਖ- ਵੱਖ ਫ਼ਸਲਾਂ ਜਿਵੇਂ ਕਿ ਜੌਂ, ਰਾਗੀ, ਬਾਜਰਾ, ਕੰਗਨੀ, ਸਵਾਂਕ, ਕੋਦਰਾ, ਆਦਿ ਆਉਂਦੇ ਹਨ। ਜੌਂ ਦੀ ਫਸਲ ਨੂੰ ਸ਼ੁਰੂ ਵਿੱਚ ਠੰਡਕ ਦੀ ਲੋੜ ਹੁੰਦੀ ਹੈ ਅਤੇ ਫਿਰ ਪੱਕਣ ਸਮੇਂ ਤੱਕ ਗਰਮੀ ਚਾਹੀਦੀ ਹੈ। ਜਿਆਦਾਤਰ ਕਿਸਾਨ ਇਸ ਫਸਲ ਨੂੰ ਕੰਟਰੈਕਟ ਫਾਰਮਿੰਗ ਹੇਠ ਬੀਜਦੇ ਹਨ। ਜੋ ਕੰਪਨੀਆਂ ਮਾਲਟ ਬਣਾਉਦੀਆਂ ਹਨ ਉਹ ਇਸ ਦੀ ਬਿਜਾਈ ਕਰਵਾਉਂਦੀਆਂ ਹਨ।

ਮਾਲਟ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (ਪੀ.ਏ.ਯੂ.) ਵੱਲੋਂ ਪ੍ਰਮਾਣਿਤ ਕੀਤੀ ਗਈ ਕਿਸਮ ਡੀ.ਡਬਲਯੂ.ਆਰ.ਯੂ.ਬੀ.-52 (2008) ਅਤੇ ਡੀ.ਡਬਲਯੂ.ਆਰ.ਬੀ.-123 (2019) ਦੀ ਚੋਣ ਕੀਤੀ ਜਾਂਦੀ ਹੈ ਜਿਸ ਵਿੱਚੋਂ ਕ੍ਰਮਵਾਰ ਲਗਪਗ 17.3 ਅਤੇ 19.4 ਕੁਇੰਟਲ ਪ੍ਰਤੀ ਏਕੜ ਝਾੜ ਮਿਲਦਾ ਹੈ। ਜੌਆਂ ਦੀ ਬਿਜਾਈ ਨਾ ਕੇਵਲ ਕਣਕ-ਝੋਨੇ ਦੇ ਫਸਲੀ ਚੱਕਰ ਦਾ ਤੋੜ ਹੈ ਨਾਲ ਹੀ ਇਹ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵੀ ਠੀਕ ਰੱਖਦੀ ਹੈ। ਜੌਆਂ ਦੀ ਬਿਜਾਈ ਚੰਗੇ ਨਿਕਾਸ ਵਾਲੀਆਂ ਜਮੀਨਾਂ ਅਤੇ ਸੋਧੀਆਂ ਹੋਈਆਂ ਨਿਕਾਸ ਵਾਲੀਆਂ ਜਮੀਨਾਂ ਤੇ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਭਾਰਤ ਦੀਆਂ ਸਭ ਤੋਂ ਵੱਧ ਮੁਨਾਫ਼ਾ ਦੇਣ ਵਾਲੀਆਂ 10 ਫਸਲਾਂ

ਹਾੜ੍ਹੀ ਦੀਆਂ ਫ਼ਸਲਾਂ ਦਾ ਮੁਲਾਂਕਣ

ਹਾੜ੍ਹੀ ਦੀਆਂ ਫ਼ਸਲਾਂ ਦਾ ਮੁਲਾਂਕਣ

ਕੌਮੀ ਪੱਧਰ ‘ਤੇ ਪੰਜਾਬ ਲਈ ਸਿਫ਼ਾਰਿਸ਼ ਕੀਤੀਆਂ ਜੌਂ ਦੀਆਂ ਕਿਸਮਾਂ ਆਰ.ਡੀ. 2849, ਡੀ.ਡਬਲਯੂ.ਆਰ.ਬੀ. 123, ਡੀ.ਡਬਲਯੂ.ਆਰ.ਬੀ. 160, ਡੀ.ਡਬਲਯੂ.ਆਰ.ਬੀ. 182 ਅਤੇ ਡੀ.ਡਬਲਯੂ.ਆਰ.ਬੀ. 137 ਹਨ। ਪੀ.ਏ.ਯੂ. ਵੱਲੋਂ ਜੌਂ ਦੀਆਂ ਹੋਰ ਪ੍ਰਮਾਣਿਤ ਕਿਸਮਾਂ ਪੀ ਐਲ 891, ਪੀ ਐਲ 807 ਅਤੇ ਪੀ ਐਲ 426 ਹਨ।

ਪੰਜਾਬ ਵਿੱਚ ਪੀ.ਏ.ਯੂ. ਦੀ ਸਿਫਾਰਿਸ਼ ਮੁਤਾਬਿਕ ਜੌਆਂ ਦੀ ਕਾਸ਼ਤ ਤੇ ਹੋਣ ਵਾਲੇ ਮੁੱਖ ਕਾਸ਼ਤਕਾਰੀ ਖਰਚੇ ਲੱਗਭਗ 11000 ਰੁਪਏ ਪ੍ਰਤੀ ਏਕੜ ਤੱਕ ਆ ਸਕਦੇ ਹਨ ਅਤੇ ਇਸ ਦੀ ਕਾਸ਼ਤ ਤੋਂ ਕੁੱਲ ਆਮਦਨ 32700 ਰੁਪਏ ਪ੍ਰਤੀ ਏਕੜ ਤੱਕ ਹੋ ਸਕਦੀ ਹੈ। ਇਸ ਤਰ੍ਰਾਂ ਕਿਸਾਨ ਜੌਂਆਂ ਤੋਂ ਨਿਰੋਲ ਆਮਦਨ 21700 ਰੁਪਏੇ ਪ੍ਰਤੀ ਏਕੜ ਤੱਕ ਲੈ ਸਕਦੇ ਹਨ। ਜੌਆਂ ਦੇ ਦਾਣੇ ਪਸ਼ੂਆਂ ਲਈ ਪੌਸ਼ਟਿਕ ਫੀਡ ਤਿਆਰ ਕਰਨ ਲਈ ਵੀ ਵਰਤੇ ਜਾਂਦੇ ਹਨ।

ਹਾੜ੍ਹੀ ਦੀਆਂ ਤੇਲ ਬੀਜ ਫਸਲਾਂ ਵਿੱਚ ਗੋਭੀ ਸਰੋਂ, ਰਾਇਆ, ਤੋਰੀਆ ਅਤੇ ਤਾਰਾਮੀਰਾ ਫਸਲਾਂ ਅਹਿਮ ਹਨ। ਪੰਜਾਬ ਵਿੱਚ ਤਕਰੀਬਨ 44 ਹਜਾਰ ਹੈਕਟੇਅਰ ਰਕਬਾ ਇਹਨਾਂ ਫਸਲਾਂ ਦੀ ਕਾਸ਼ਤ ਥੱਲੇ ਹੈ। ਪੀ.ਏ.ਯੂ. ਵੱਲੋਂ ਰਾਇਆ ਦੀ ਆਰ.ਐਲ.ਸੀ.-3 ਹਾਈਬ੍ਰਿਡ ਅਤੇ ਆਰ.ਸੀ.ਐਚ.-1, ਗੋਭੀ ਸਰ੍ਹੋਂ ਦੀ ਜੀ.ਐਸ.ਸੀ.-6 ਅਤੇ ਜੀ.ਐਸ.ਸੀ.-7, ਅਤੇ ਹਾਈਬ੍ਰਿਡ ਗੋਭੀ ਸਰ੍ਹੋਂ ਦੀ ਪੀ.ਜੀ.ਐਸ.ਐਚ. 1707 ਅਤੇ ਹਾਇਓਲਾ ਪੀ.ਜੀ.ਸੀ. 401 ਪ੍ਰਮੁੱਖ ਪ੍ਰਮਾਣਿਤ ਕਿਸਮਾਂ ਹਨ।

ਇਹ ਵੀ ਪੜ੍ਹੋ:ਸੇਂਜੂ ਹਾਲਤਾਂ ਵਿੱਚ ਕਰੋ Wheat ਦੀਆਂ ਇਨ੍ਹਾਂ 15 ਉੱਨਤ ਕਿਸਮਾਂ ਦੀ ਬਿਜਾਈ

ਹਾੜ੍ਹੀ ਦੀਆਂ ਫ਼ਸਲਾਂ ਦਾ ਮੁਲਾਂਕਣ

ਹਾੜ੍ਹੀ ਦੀਆਂ ਫ਼ਸਲਾਂ ਦਾ ਮੁਲਾਂਕਣ

ਤੋਰੀਆ ਅਤੇ ਗੋਭੀ ਸਰ੍ਹੋਂ ਸਿੰਚਾਈ ਵਾਲੀਆਂ ਜ਼ਮੀਨਾਂ ਵਿੱਚ ਹੀ ਬੀਜੀਆਂ ਜਾਂਦੀਆਂ ਹਨ ਜਦੋਂ ਕਿ ਰਾਇਆ ਅਤੇ ਤਾਰਾਮੀਰਾ ਬਰਾਨੀ ਜਮੀਨਾਂ ਤੇ ਵੀ ਬੀਜਿਆ ਜਾ ਸਕਦਾ ਹੈ। ਕਨੌਲਾ ਗੋਭੀ ਸਰ੍ਹੋਂ ਜਿਸ ਦੇ ਤੇਲ ਵਿੱਚ 2 ਪ੍ਰਤੀਸ਼ਤ ਤੋਂ ਘੱਟ ਇਰੂਸਿਕ ਐਸਿਡ ਹੁੰਦਾ ਹੈ, ਵਪਾਰਿਕ ਪੱਧਰ ਤੇ ਵਿਕਦਾ ਹੈ। ਕਨੌਲਾ ਕਿਸਮਾਂ ਦਾ ਤੇਲ ਮਨੁੱਖੀ ਸਿਹਤ ਲਈ ਅਤੇ ਖਲ਼ ਪਸ਼ੂਆਂ ਦੀ ਖੁਰਾਕ ਲਈ ਵਧੀਆ ਕਿਸਮ ਦੇ ਮੰਨੇ ਗਏ ਹਨ।

ਪੰਜਾਬ ਵਿੱਚ ਕਨੌਲਾ ਗੋਭੀ ਸਰ੍ਹੋਂ ਦੀ ਕਾਸ਼ਤ ਵਿੱਚ ਪੀ.ਏ.ਯੂ. ਦੀ ਸਿਫਾਰਿਸ਼ ਮੁਤਾਬਿਕ ਕੁੱਲ ਖਰਚਾ ਲਗਭਗ 16000 ਰੁਪਏ/ਏਕੜ ਅਤੇ ਇਸ ਦਾ ਔਸਤ ਝਾੜ 7 ਕੁਇੰਟਲ/ਏਕੜ ਮਿਲ ਸਕਦਾ ਹੈ। ਇਸ ਦੀ ਕਾਸ਼ਤ ਦੇ ਹੋਏ ਖਰਚੇ ਤੋਂ ਆਮਦਨ ਲਗਭਗ 40000 ਰੁਪਏ/ਏਕੜ ਮਿਲ ਸਕਦੀ ਹੈ। ਕਨੌਲਾ ਗੋਭੀ ਸਰ੍ਹੋਂ ਦੀ ਨਿਰੋਲ ਆਮਦਨ ਲਗਭਗ 24000 ਰੁਪਏ/ਏਕੜ ਤੱਕ ਹੋ ਸਕਦੀ ਹੈ।

ਸੂਰਜਮੁਖੀ ਦੀ ਫਸਲ ਲਈ ਪੀ.ਏ.ਯੂ. ਵੱਲੋਂ ਪ੍ਰਮਾਣਿਤ ਕਿਸਮਾਂ ਪੀ.ਐਸ.ਐਚ. 2080, ਪੀ.ਐਸ.ਐਚ. 1962, ਡੀ.ਕੇ. 3849 ਅਤੇ ਪੀ.ਐਸ.ਐਚ. 996 ਹਨ। ਸੂਰਜਮੁਖੀ ਦੀ ਬਿਜਾਈ ਜਨਵਰੀ ਮਹੀਨੇ ਦੇ ਅਖੀਰ ਤੱਕ ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਜ਼ਮੀਨਾਂ ਵਿੱਚ ਕਰ ਲੈਣੀ ਚਾਹੀਦੀ ਹੈ। ਪੀ.ਏ.ਯੂ. ਦੀ ਸਿਫਾਰਿਸ਼ ਮੁਤਾਬਿਕ ਸੂਰਜਮੁਖੀ ਦੀ ਕਾਸ਼ਤ ਤੇ ਕੁੱਲ ਖਰਚਾ ਤਕਰੀਬਨ 17000 ਰੁਪਏ/ ਏਕੜ ਅਤੇ ਇਸ ਦਾ ਔਸਤ ਝਾੜ 8 ਕੁਇੰਟਲ/ ਏਕੜ ਮਿਲ ਸਕਦਾ ਹੈ। ਸੂਰਜਮੁਖੀ ਦੀ ਨਿਰੋਲ ਆਮਦਨ ਲਗਭਗ 37400 ਰੁਪਏ/ ਏਕੜ ਤੱਕ ਹੋ ਸਕਦੀ ਹੈ।

ਇਹ ਵੀ ਪੜ੍ਹੋ: Seed Modification: ਫਸਲ ਪ੍ਰਬੰਧਨ ਲਈ ਇੱਕ ਸ਼ੁਰੂਆਤੀ ਕਦਮ

ਹਾੜ੍ਹੀ ਦੀਆਂ ਫ਼ਸਲਾਂ ਦਾ ਮੁਲਾਂਕਣ

ਹਾੜ੍ਹੀ ਦੀਆਂ ਫ਼ਸਲਾਂ ਦਾ ਮੁਲਾਂਕਣ

ਦਾਲ ਬੀਜ ਫਸਲਾਂ ਵਿੱਚ ਹਾੜ੍ਹੀ ਦੀ ਮੁੱਖ ਫਸਲ ਛੋਲੇ ਹਨ ਜਿਸਦਾ ਪੰਜਾਬ ਵਿੱਚ ਕੇਵਲ 1.8 ਹਜਾਰ ਹੈਕਟੇਅਰ ਰਕਬਾ ਹੀ ਹੈ। ਇਸਦਾ ਔਸਤ ਝਾੜ ਲਗਭਗ 7.5 ਕੁਇੰਟਲ ਪ੍ਰਤੀ ਏਕੜ ਤੱਕ ਰਹਿੰਦਾ ਹੈ। ਛੋਲੇ ਘੱਟ ਬਾਰਿਸ਼ ਅਤੇ ਚੰਗੇ ਨਿਕਾਸ ਵਾਲੀ ਰੇਤਲੀ ਜਮੀਨ ਤੇ ਉਗਾਈ ਜਾ ਸਕਦੀ ਹੈ। ਪੀ.ਏ.ਯੂ. ਵੱਲੋਂ ਪ੍ਰਮਾਣਿਤ ਕਿਸਮਾਂ ਵਿੱਚ ਛੋਲਿਆਂ ਦੀ ਪੀ.ਬੀ.ਜੀ.-7, ਪੀ.ਬੀ.ਜੀ.-8, ਜੀ.ਪੀ.ਐਫ.-52 ਅਤੇ ਕਾਬੁਲੀ ਛੋਲਿਆਂ ਵਿੱਚ ਐਲ-552 ਕਿਸਮ ਪ੍ਰਚੱਲਿਤ ਹੈ। ਇਸ ਦੀ ਕਾਸ਼ਤ ਤੇ ਔਸਤ ਖਰਚਾ ਤਕਰੀਬਨ 18000 ਰੁਪਏ/ਏਕੜ ਆਉਂਦਾ ਹੈ ਅਤੇ ਨਿਰੋਲ ਆਮਦਨ ਲਗਭਗ 24500 ਰੁਪਏ/ਏਕੜ ਤੱਕ ਹੋ ਸਕਦੀ ਹੈ।

ਪੰਜਾਬ ਵਿੱਚ ਹਾੜ੍ਹੀ ਦੀ ਦਾਲ ਬੀਜ ਫਸਲ ਮਸਰ ਅਧੀਨ ਰਕਬਾ ਸਿਰਫ 500 ਹੈਕਟੇਅਰ ਹੈ ਅਤੇ ਇਸਦੀ ਪੈਦਾਵਾਰ 300 ਟਨ ਹੈ। ਮਸਰ ਦੀ ਪ੍ਰਮਾਣਿਤ ਕਿਸਮਾਂ ਐਲ.ਐਲ.-1373, ਐਲ.ਐਲ.-931 ਅਤੇ ਐਲ.ਐਲ.-699 ਹਨ। ਇਹ ਫਸਲ ਕੋਰਾ ਅਤੇ ਅੱਤ ਦੀ ਠੰਢ ਸਹਾਰ ਸਕਦੀ ਹੈ ਅਤੇ ਪਾਣੀ ਦੀ ਲੋੜ ਬਾਰਿਸ਼ ਦੇ ਹਿਸਾਬ ਨਾਲ 1 ਤੋਂ 2 ਸਿੰਚਾਈਆਂ ਦੀ ਹੁੰਦੀ ਹੈ। ਮਸਰ ਦੀ ਕਾਸ਼ਤ ਤੇ ਕੁੱਲ ਖਰਚਾ ਲਗਭਗ 12500 ਰੁਪਏ ਪ੍ਰਤੀ/ਏਕੜ ਆ ਸਕਦਾ ਹੈ ਅਤੇ ਤਕਰੀਬਨ 31300 ਰੁਪਏ/ਏਕੜ ਤੱਕ ਕੁੱਲ ਆਮਦਨ ਹੋ ਸਕਦੀ ਹੈ। ਇਸ ਤੋਂ ਨਿਰੋਲ ਆਮਦਨ ਲਗਭਗ 18900 ਰੁਪਏ/ਏਕੜ ਤੱਕ ਮਿਲ ਸਕਦੀ ਹੈ।

ਇਹ ਵੀ ਪੜ੍ਹੋ: Wheat Crop ਦੇ ਪੀਲੇ ਪੈਣ ਦੇ ਮੁੱਖ ਕਾਰਨ ਅਤੇ ਇਲਾਜ

ਇਹਨਾਂ ਫਸਲਾਂ ਤੋਂ ਇਲਾਵਾ ਸਬਜੀਆਂ ਵਿੱਚ ਆਲੂਆਂ ਦੀ ਫਸਲ ਹਾੜ੍ਹੀ ਰੁੱਤ ਵਿੱਚ ਬਹੁਤ ਅਹਿਮ ਹੈ। ਆਲੂਆਂ ਦੀ ਫਸਲ ਥੱਲੇ ਸਾਰੀਆਂ ਸਬਜੀਆਂ ਦੀ ਕਾਸ਼ਤ ਅਧੀਨ ਰਕਬੇ ਦਾ ਲਗਭਗ ਅੱਧਾ ਰਕਬਾ ਹੈ। ਕੁਫਰੀ ਪੁਖਰਾਜ, ਕੁਫਰੀ ਜਯੋਤੀ, ਕੁਫਰੀ ਬਹਾਰ, ਕੁਫਰੀ ਸੰਧੁਰੀ ਅਤੇ ਕੁਫਰੀ ਬਾਦਸ਼ਾਹ ਆਲੂ ਦੀਆਂ ਮੁੱਖ ਕਿਸਮਾਂ ਹਨ। ਕੁਫਰੀ ਚਿਪਸੋਨਾ ਅਤੇ ਕੁਫਰੀ ਫਰਾਈ ਸੋਨਾ ਆਲੂਆਂ ਦੇ ਚਿਪਸ ਅਤੇ ਫਰਾਈਜ ਬਣਾਉਣ ਲਈ ਵਰਤੋਂ ਵਿੱਚ ਆਉਣ ਵਾਲੀਆਂ ਮੁੱਖ ਕਿਸਮਾਂ ਹਨ। ਆਲੂਆਂ ਦੀ ਕਾਸ਼ਤ ਤੋਂ ਲੱਗਭੱਗ 26000 ਰੁਪਏ/ਏਕੜ ਦੀ ਨਿਰੋਲ ਆਮਦਨ ਹੋ ਸਕਦੀ ਹੈ ਪਰ ਇਹ ਇਸਦੀਆਂ ਕੀਮਤਾਂ ਤੇ ਨਿਰਭਰ ਕਰਦਾ ਹੈ ਕਿਉਂਕਿ ਇਸਦੀਆਂ ਕੀਮਤਾਂ ਵਿੱਚ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਹਨ।

ਝੋਨਾ-ਕਣਕ ਦਾ ਫਸਲੀ ਚੱਕਰ ਤੋੜਨ ਲਈ ਅਤੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਪ੍ਰਤੀ ਪੇ੍ਰਰਿਤ ਕਰਨ ਲਈ ਜਰੂਰੀ ਹੈ ਕਿ ਵੱਖ-ਵੱਖ ਫਸਲਾਂ ਦੀ ਖਰੀਦ ਸਹੀ ਮੁੱਲ ਤੇ ਯਕੀਨੀ ਹੋਵੇ ਤਾਂ ਜੋ ਕਿਸਾਨ ਵੱਖ-ਵੱਖ ਫਸਲਾਂ ਦੀ ਕਾਸ਼ਤ ਕਰਨ ਅਤੇ ਆਪਣੀ ਆਮਦਨ ਨੂੰ ਲਾਹੇਵੰਦ ਬਣਾਉਣ। ਉੱਪਰ ਦੱਸੀਆ ਵੱਖ–ਵੱਖ ਹਾੜ੍ਹੀ ਦੀਆਂ ਫਸਲਾਂ ਦੀ ਕਾਸ਼ਤ ਰਾਹੀਂ ਕਿਸਾਨ ਨਾ ਕੇਵਲ ਫਸਲੀ ਵਿਭਿੰਨਤਾ ਅਪਣਾ ਸਕਦਾ ਹੈ ਨਾਲ ਹੀ ਸਰਕਾਰ ਵੱਲੋਂ ਹੱਲਾ ਸ਼ੇਰੀ ਮਿਲਣ ਤੇ ਉਹ ਇਹ ਫਸਲਾਂ ਅਪਣਾ ਕੇ ਆਪਣੀ ਆਮਦਨ ਵਿੱਚ ਵੀ ਵਾਧਾ ਕਰ ਸਕਦਾ ਹੈ।

ਹਰਸਿਮਰਨਜੀਤ ਕੌਰ ਮਾਵੀ ਅਤੇ ਰਾਜ ਕੁਮਾਰ, ਇਕੋਨੋਮਿਕਸ ਐਂਡ ਸ਼ੋਸ਼ਿਆਲੋਜੀ ਵਿਭਾਗ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Evaluation of other crops as wheat substitutes

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters