ਇੰਡੀਅਨ ਐਸੋਸੀਏਸ਼ਨ ਆਫ਼ ਵੈਟਰਨਰੀ ਪਬਲਿਕ ਹੈਲਥ ਸਪੈਸ਼ਲਿਸਟਸ ਦੀ ਅੰਤਰਰਾਸ਼ਟਰੀ ਗੋਸ਼ਠੀ
IAVPHS-2025 Conference: ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਸੈਂਟਰ ਫਾਰ ਵਨ ਹੈਲਥ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇੰਡੀਅਨ ਐਸੋਸੀਏਸ਼ਨ ਆਫ਼ ਵੈਟਰਨਰੀ ਪਬਲਿਕ ਹੈਲਥ ਸਪੈਸ਼ਲਿਸਟਸ ਦੀ ਅੰਤਰਰਾਸ਼ਟਰੀ ਗੋਸ਼ਠੀ ਦੌਰਾਨ ਵੱਖ-ਵੱਖ ਖੇਤਰਾਂ ਵਿੱਚ ਤਿੰਨ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਅਤੇ ਸੱਤ ਸਰਵੋਤਮ ਪੋਸਟਰ ਪੇਸ਼ਕਾਰੀ ਪੁਰਸਕਾਰ ਪ੍ਰਾਪਤ ਕਰਕੇ ਨਾਮ ਰੌਸ਼ਨ ਕੀਤਾ।
ਡਾ. ਇਕਰਾ ਆਰਿਫ਼, ਪੀਐਚ.ਡੀ. ਖੋਜਾਰਥੀ ਨੇ ਸਰਵੋਤਮ ਪੀਐਚ.ਡੀ. ਥੀਸਿਸ ਪੁਰਸਕਾਰ ਜਿੱਤਿਆ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀ ਡਾ. ਜਯੇਸ਼ ਨੇ ਸੈਂਟਰ ਫਾਰ ਵਨ ਹੈਲਥ ਲਈ ਇੱਕ ਸਰਵੋਤਮ ਲੋਗੋ ਡਿਜ਼ਾਈਨ ਕਰਨ ਲਈ ਪੁਰਸਕਾਰ ਜਿੱਤਿਆ।
ਅਕਾਦਮਿਕ ਪ੍ਰਾਪਤੀਆਂ ਵਿੱਚ ਵਾਧਾ ਕਰਦੇ ਹੋਏ, ਸੈਂਟਰ ਫਾਰ ਵਨ ਹੈਲਥ ਦੇ ਨਿਰਦੇਸ਼ਕ ਡਾ. ਜਸਬੀਰ ਸਿੰਘ ਬੇਦੀ ਅਤੇ ਡਾ. ਸਿਮਰਨਪ੍ਰੀਤ ਕੌਰ ਨੂੰ ਕ੍ਰਮਵਾਰ ਵੱਕਾਰੀ ਡਾ. ਏ.ਟੀ. ਸ਼ੇਰੀਕਰ ਆਊਟਸਟੈਂਡਿੰਗ ਪਬਲਿਕ ਹੈਲਥ ਵੈਟਰੀਨੇਰੀਅਨ ਪੁਰਸਕਾਰ ਅਤੇ ਡਾ. ਆਰ. ਕੇ. ਅਗਰਵਾਲ ਫੂਡ ਸੇਫਟੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਯੂਨੀਵਰਸਿਟੀ ਦੇ ਮਾਣ ਨੂੰ ਹੋਰ ਵਧਾਉਂਦੇ ਹੋਏ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੂੰ ਵੈਟਨਰੀ ਪਬਲਿਕ ਹੈਲਥ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਜੀਵਨ ਪ੍ਰਾਪਤੀ ਸਨਮਾਨ ਪ੍ਰਦਾਨ ਕੀਤਾ ਗਿਆ।
ਇਸ ਸੈਂਟਰ ਨੇ ਕਾਰਜਕਾਰੀ ਕਮੇਟੀ ਵਿੱਚ ਵੀ ਮਹੱਤਵਪੂਰਨ ਪ੍ਰਤੀਨਿਧਤਾ ਪ੍ਰਾਪਤ ਕੀਤੀ। ਡਾ. ਗਿੱਲ ਨੂੰ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ, ਡਾ. ਬੇਦੀ ਨੂੰ ਉਪ-ਪ੍ਰਧਾਨ ਵਜੋਂ, ਜਦੋਂ ਕਿ ਡਾ. ਸਿਮਰਨਪ੍ਰੀਤ ਕੌਰ ਅਤੇ ਡਾ. ਦੀਪਾਲੀ ਕਲੰਭੇ ਨੂੰ ਕਾਰਜਕਾਰੀ ਕਮੇਟੀ ਦੇ ਮੈਂਬਰ ਘੋਸ਼ਿਤ ਕੀਤਾ ਗਿਆ।
ਇਸ ਕਾਨਫਰੰਸ ਦੌਰਾਨ ਵਿਖਾਏ ਗਏ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ, ਵੱਕਾਰੀ ਮਾਨਤਾਵਾਂ ਅਤੇ ਲੀਡਰਸ਼ਿਪ ਭੂਮਿਕਾਵਾਂ ਨੇ ਯੂਨੀਵਰਸਿਟੀ ਦੇ ਕੌਮੀ ਰੁਤਬੇ ਨੂੰ ਹੋਰ ਮਜ਼ਬੂਤ ਕੀਤਾ ਜਿਸ ਨਾਲ ਵਨ ਹੈਲਥ ਸਿੱਖਿਆ ਅਤੇ ਖੋਜ ਵਿੱਚ ਉੱਤਮਤਾ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਹੁੰਦੀ ਹੈ।
ਸਰੋਤ: ਗਡਵਾਸੂ (GADVASU)
Summary in English: Students and teachers glorify the name of Veterinary University at the international conference