ਅਜਿਹਾ ਜਾਪ ਰਿਹਾ ਹੈ ਕਿ ਪੰਜਾਬ ਸੂਬੇ ਵਿੱਚ ਬੀਤੇ ਤਕਰੀਬਨ ਦੋ ਮਹੀਨੇ ਤੋਂ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚਲਾਏ ਜਾ ਰਹੇ ਅੰਦੋਲਨ ਦਾ ਹੱਲ ਜਲਦ ਮਿਲਣ ਵਾਲਾ ਹੈ। ਇਸ ਮਸਲੇ ਨੂੰ ਹੱਲ ਸੁਲਝਾਉਣ ਦੇ ਲਈ ਹੁਣ ਖੁਦ ਕੇਂਦਰ ਸਰਕਾਰ ਵਿੱਚ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲ ਰਹੇ ਰਾਜਨਾਥ ਸਿੰਘ ਅੱਗੇ ਆਏ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਦੀਵਾਲੀ ਤੋਂ ਬਾਅਦ ਕਿਸਾਨਾਂ ਨਾਲ ਮੀਟਿੰਗ ਜ਼ਰੀਏ ਗੱਲ ਬਾਤ ਕਰ ਇਸ ਮਸਲੇ ਦਾ ਹੱਲ ਕੱਢਣ ਲਈ ਤਿਆਰ ਹੈ। ਇਸ ਦੇ ਸੰਬੰਧ ਵਿੱਚ ਉਨ੍ਹਾਂ ਨੇ ਕਿਸਾਨ ਆਗੂ ਦੇ ਫ਼ੋਨ ਜ਼ਰੀਏ ਗੱਲ ਬਾਤ ਕੀਤੀ। ਤਕਰੀਬਨ 20 ਮਿੰਟ ਤੋਂ ਵੀ ਜ਼ਿਆਦਾ ਸਮੇਂ ਤੱਕ ਹੋਈ ਇਸ ਗੱਲ ਬਾਤ ਦੌਰਾਨ ਰਾਜਨਾਥ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਵਾਇਆ ਕਿ ਦੀਵਾਲੀ ਤੋਂ ਬਾਅਦ ਕਿਸਾਨਾਂ ਨਾਲ ਮੀਟਿੰਗ ਉਨ੍ਹਾਂ ਦੀ ਕੋਠੀ ਵਿਖੇ ਹੀ ਕੀਤੀ ਜਾਵੇਗੀ।
ਇਸ ਮੀਟਿੰਗ ਦੇ ਵਿੱਚ ਕਿਸਾਨ ਆਗੂਆਂ ਦੇ ਨਾਲ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੀ ਸ਼ਾਮਲ ਹੋਣਗੇ। ਕਿਸਾਨਾਂ ਦਾ ਕੇਂਦਰ ਸਰਕਾਰ ਨਾਲ ਇਸ ਮੀਟਿੰਗ ਨੂੰ ਕਰਵਾਉਣ ਦਾ ਸਿਹਰਾ ਪੰਜਾਬ ਦੇ ਸਾਬਕਾ ਮੰਤਰੀ ਸੁਰਜੀਤ ਕੁਮਾਰ ਜਿਆਣੀ ਸਿਰ ਜਾਂਦਾ ਹੈ। ਜੋ ਇਸ ਸਾਰੇ ਮਸਲੇ ਦਾ ਹੱਲ ਕੱਢਣ ਦੇ ਲਈ ਗ੍ਰਹਿ ਮੰਤਰੀ ਦੇ ਨਿਵਾਸ ਵਿਖੇ ਪਹੁੰਚੇ ਹੋਏ ਸਨ। ਜਿੱਥੇ ਸੁਰਜੀਤ ਸਿੰਘ ਜਿਆਣੀ ਨੇ ਰਾਜਨਾਥ ਸਿੰਘ ਅਤੇ ਨਰੇਂਦਰ ਸਿੰਘ ਤੋਮਰ ਨਾਲ ਗੱਲ ਬਾਤ ਕਰ ਇਸ ਮਸਲੇ ਦਾ ਹੱਲ ਕੱਢਣ ਲਈ ਆਖਿਆ ਸੀ। ਇਸ ਦਾ ਹੀ ਸਿੱਟਾ ਹੈ ਕਿ ਹੁਣ ਖੁਦ ਗ੍ਰਹਿ ਮੰਤਰੀ ਇਸ ਮਸਲੇ ਨੂੰ ਸੁਲਝਾਉਣ ਲਈ ਅੱਗੇ ਆਏ ਹਨ।
ਜਿਸ ਦੇ ਚੱਲਦਿਆਂ ਰਾਜਨਾਥ ਸਿੰਘ ਨੇ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨਾਲ ਕਾਫੀ ਦੇਰ ਫ਼ੋਨ ਜ਼ਰੀਏ ਗੱਲ ਬਾਤ ਕਰ ਇਸ ਸਮੱਸਿਆ ਦਾ ਨਿਪਟਾਰਾ ਕਰਨ ਦਾ ਭਰੋਸਾ ਦਵਾਇਆ। ਜਿਸ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਨੇ ਇਹ ਮੰਗ ਕੀਤੀ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਇਸ ਮੀਟਿੰਗ ਲਈ ਸੱਦਾ ਲਿਖਤੀ ਰੂਪ ਵਿੱਚ ਦੇਣ ਦੀ ਗੱਲ ਸਵੀਕਾਰ ਕਰਨ।
ਸੁਰਜੀਤ ਕੁਮਾਰ ਜਿਆਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਉਹ ਕਿਸਾਨਾਂ ਨਾਲ ਮੀਟਿੰਗ ਕਰਨ ਤੋਂ ਕਦੇ ਪਿੱਛੇ ਨਹੀਂ ਹਟੇ, ਕਿਸਾਨ ਜਿੰਨੀ ਵਾਰੀ ਚਾਹੁੰਣ ਉਨੀਂ ਵਾਰੀ ਮੀਟਿੰਗ ਕਰ ਸਕਦੇ ਹਨ। ਦੀਵਾਲੀ ਤੋਂ ਬਾਅਦ ਹੋਣ ਵਾਲੀ ਮੀਟਿੰਗ ਵਿੱਚ ਕਿਸਾਨਾਂ ਦੇ ਨਾਲ ਪੰਜਾਬ ਦੇ ਭਾਜਪਾ ਲੀਡਰ ਵੀ ਮੌਜੂਦ ਰਹਿਣਗੇ ਤਾਂ ਜੋ ਇਸ ਮਸਲੇ ਨੂੰ ਜਲਦ ਤੋਂ ਜਲਦ ਹੱਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ :- ਬੀਜ ਸੋਧ ਕੇ ਹਾੜੀ ਦੀਆਂ ਫਸਲਾਂ ਦੇ ਕੀੜੇ - ਮਕੌੜੇ ਅਤੇ ਬਿਮਾਰੀਆਂ ਤੋਂ ਬਚਾਅ ਕਰੋ
Summary in English: The good news recently came from the Center about farmers' bills