Renovation: ਦੀਵਾਨ ਟੋਡਰ ਮੱਲ ਦੀ ਹਵੇਲੀ, ਜੋ ਕਿ ਜਹਾਜ਼ ਹਵੇਲੀ ਵਜੋਂ ਜਾਣੀ ਜਾਂਦੀ ਹੈ, ਉਸਦੀ ਇਤਿਹਾਸਕ ਇਮਾਰਤ ਅਤੇ ਧਰੋਹਰ ਲਗਭਗ ਖੰਡਰ ਹੋ ਚੁੱਕੀ ਹੈ। ਹਾਲਤ ਇੰਨੀ ਮਾੜੀ ਹੈ ਕਿ ਇਸ ਦਾ ਇਤਿਹਾਸਕ ਸਰੂਪ ਦਿਨੋਂ-ਦਿਨ ਵਿਗੜਦਾ ਜਾ ਰਿਹਾ ਹੈ, ਇਨ੍ਹਾਂ ਹੀ ਨਹੀਂ ਇਸ ਦਾ ਵੱਡਾ ਹਿੱਸਾ ਡਿੱਗ ਵੀ ਚੁੱਕਾ ਹੈ। ਧਰੋਹਰ ਦੀ ਖਸਤਾ ਹਾਲਤ ਨੂੰ ਦੇਖਦਿਆਂ ਹੁਣ ਪ੍ਰਸ਼ਾਸਨ ਨੇ ਹਵੇਲੀ ਦੀ ਰੈਨੋਵੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਨੇ ਫ਼ਤਹਿਗੜ੍ਹ ਸਾਹਿਬ ਦੀ ਦੀਵਾਨ ਟੋਡਰ ਮੱਲ ਹਵੇਲੀ ਦੇ ਚੱਲ ਰਹੇ ਕੰਮ ਕਾਜ ਦਾ ਐਸਡੀਐਮ ਫ਼ਤਹਿਗੜ੍ਹ ਸਾਹਿਬ ਹਰਪ੍ਰੀਤ ਸਿੰਘ ਅਟਵਾਲ ਅਤੇ ਤਹਿਸੀਲਦਾਰ ਬਾਦਲਦੀਨ ਸਮੇਤ ਜਾਇਜ਼ਾ ਲਿਆ।
ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ ਅਤੇ ਇਹ ਧਰਤੀ ਦਸਮਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨਾਲ ਜੁੜੀ ਹੋਈ ਹੈ।
ਇਹ ਵੀ ਪੜ੍ਹੋ : ਘਰੇਲੂ ਪੱਧਰ 'ਤੇ Fruits-Vegetables ਦੀ ਸਾਂਭ-ਸੰਭਾਲ ਲਈ Training Course
ਉਨ੍ਹਾਂ ਕਿਹਾ ਕਿ ਇਸ ਸਥਾਨ ’ਤੇ ਸਥਿਤ ਇਮਾਰਤਾਂ ਨੂੰ ਪੁਰਾਤਨ ਦਿੱਖ ਦੇ ਕੇ ਨੌਜਵਾਨ ਪੀੜ੍ਹੀ ਲਈ ਵਿਰਾਸਤ ਵਜੋਂ ਸੰਭਾਲਿਆ ਜਾ ਰਿਹਾ ਹੈ ਤਾਂ ਜੋ ਨੌਜਵਾਨ ਪੀੜ੍ਹੀ ਇਸ ਦੀ ਮਹੱਤਤਾ ਤੋਂ ਪ੍ਰੇਰਨਾ ਲੈ ਸਕੇ। ਸ੍ਰੀਮਤੀ ਸ਼ੇਰਗਿੱਲ ਨੇ ਕਿਹਾ ਕਿ ਦੀਵਾਨ ਟੋਡਰ ਮੱਲ ਹਵੇਲੀ ਵਰਗੀਆਂ ਇਤਿਹਾਸਕ ਇਮਾਰਤਾਂ ਸਾਡੇ ਅਮੀਰ ਵਿਰਸੇ ਦੀ ਤਰਜਮਾਨੀ ਕਰਦੀਆਂ ਹਨ, ਜਿਸ ਨੂੰ ਸੰਭਾਲਣਾ ਹਰ ਨਾਗਰਿਕ ਦਾ ਫਰਜ਼ ਹੈ।
ਉਨ੍ਹਾਂ ਕਿਹਾ ਕਿ ਦੀਵਾਨ ਟੋਡਰ ਮੱਲ ਨੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਦੁਨੀਆਂ ਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਸੀ, ਜਿਸ ਦੀ ਮਿਸਾਲ ਦੁਨੀਆਂ ਵਿੱਚ ਕਿਧਰੇ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਦੀਵਾਨ ਟੋਡਰ ਮੱਲ ਦਾ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹੈ ਅਤੇ ਉਨ੍ਹਾਂ ਦੀ ਵਿਰਾਸਤੀ ਹਵੇਲੀ ਸਾਨੂੰ ਅੱਜ ਵੀ ਹੱਕ ਅਤੇ ਸੱਚ ਲਈ ਲੜਨ ਦੀ ਪ੍ਰੇਰਨਾ ਦਿੰਦੀ ਹੈ।
ਇਹ ਵੀ ਪੜ੍ਹੋ : IFFCO Fertilizers ਫਸਲਾਂ ਲਈ ਵਰਦਾਨ, ਕਿਸਾਨਾਂ ਨਾਲ Spray Technology ਸਾਂਝੀ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫ਼ਤਹਿਗੜ੍ਹ ਸਾਹਿਬ ਨੂੰ ਟੂਰਿਜ਼ਮ ਦੇ ਖੇਤਰ ਵਿੱਚ ਮੋਹਰੀ ਬਣਾਉਣ ਲਈ ਇਥੇ ਸਥਿਤ ਪੁਰਾਤਨ ਇਮਾਰਤਾਂ ਜਿਵੇਂ ਕਿ ਦੀਵਾਨ ਟੋਡਰ ਮੱਲ ਹਵੇਲੀ, ਆਮ ਖਾਸ ਬਾਗ, ਸਧਨੇ ਕਸਾਈ ਦੀ ਮਸੀਤ ਅਤੇ ਉਸਤਾਦ ਸ਼ਗਿਰਦ ਵਰਗੀਆਂ ਇਤਿਹਾਸਕ ਇਮਾਰਤਾਂ ਨੂੰ ਮੁੜ ਤੋਂ ਪੁਰਾਤਨ ਦਿੱਖ ਪ੍ਰਦਾਨ ਕਰਨ ਲਈ ਵੱਡੀ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਫ਼ਤਹਿਗੜ੍ਹ ਸਾਹਿਬ (District Public Relations Office Fatehgarh Sahib)
Summary in English: The historic building of Diwan Todarmal Haweli will get an ancient look