ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਦੇ ਕਾਲਜ ਆਫ਼ ਫਿਸ਼ਰੀਜ਼ ਦੁਆਰਾ ਇੰਟੈਂਸਿਵ ਐਕੁਆਕਲਚਰ ਟੈਕਨੋਲੋਜੀ ਜਿਵੇਂ ਕਿ ਰੀਸਰਕੁਲੇਟਰੀ ਐਕੁਆਕਲਚਰ ਸਿਸਟਮ (ਆਰਏਐਸ) ਅਤੇ ਬਾਇਓਫਲੋਕ ਅਧਾਰਤ ਐਕੁਆਕਲਚਰ (ਬੀਐਫਏ) 'ਤੇ ਇੱਕ ਓਰੀਐਂਟੇਸ਼ਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਕਾਰਜਸ਼ਾਲਾ ਵਿਚ 19 ਮੱਛੀ ਪਾਲਣ ਵਿਭਾਗ ਦੇ ਵਿਭਿੰਨ ਅਧਿਕਾਰੀਆਂ ਅਤੇ 29 ਕਿਸਾਨ ਉਦਮੀਆਂ ਨੂੰ ਸਿੱਖਿਅਤ ਕੀਤਾ ਗਿਆ।
ਡਾ: ਮੀਰਾ ਡੀ. ਅੰਸਲ, ਡੀਨ ਕਾਲਜ ਆਫ਼ ਫਿਸ਼ਰੀਜ਼ ਨੇ ਦੱਸਿਆ ਕਿ RAS ਅਤੇ BFA ਵਰਗੀਆਂ ਇੰਟੈਂਸਿਵ ਐਕੁਆਕਲਚਰ ਪ੍ਰਣਾਲੀਆਂ ਨੇ ਹਾਲ ਹੀ ਵਿੱਚ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਜਾਂ ਨੌਜਵਾਨਾਂ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਖੇਤਰ ਦੇ ਹਿੱਸੇਦਾਰਾਂ ਦੀਆਂ ਸਿਖਲਾਈ ਲੋੜਾਂ ਨੂੰ ਪੂਰਾ ਕਰਨ ਲਈ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ ਗਡਵਾਸੂ ਵਿਖੇ 'ਸਮਰੱਥਾ ਨਿਰਮਾਣ ਸਰੋਤ ਕੇਂਦਰ' ਦੀ ਸਥਾਪਨਾ ਕੀਤੀ ਗਈ ਹੈ।
ਡਾ: ਮੀਰਾ ਡੀ. ਅੰਸਲ ਨੇ ਕਿਹਾ ਕਿ ਰਵਾਇਤੀ ਆਊਟਡੋਰ ਪੌਂਡ ਐਕੁਆਕਲਚਰ ਪ੍ਰਣਾਲੀਆਂ ਦੇ ਮੁਕਾਬਲੇ, ਇਹਨਾਂ ਅੰਦਰੂਨੀ ਤੀਬਰ ਕਲਚਰ ਪ੍ਰਣਾਲੀਆਂ ਲਈ ਪਾਣੀ ਅਤੇ ਜ਼ਮੀਨ ਦੀ ਲੋੜ ਸਿਰਫ਼ 10-15% ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਰਾਹੀਂ ਗੰਦੇ ਪਾਣੀ ਦੇ ਨਿਕਾਸ ਨੂੰ ਘੱਟ ਕੀਤਾ ਜਾਂਦਾ ਹੈ ਅਤੇ ਸੂਬੇ ਦੀਆਂ ਮੌਸਮੀ ਹਾਲਤਾਂ `ਚ ਉਤਪਾਦਕਤਾ ਨੂੰ 20 ਗੁਣਾ ਤੱਕ ਵਧਾਇਆ ਜਾ ਸਕਦਾ ਹੈ। ਡਾ: ਅੰਸਲ ਨੇ ਕਿਹਾ ਕਿ ਇਹ ਤਕਨਾਲੋਜੀਆਂ ਵਧਦੀ ਆਬਾਦੀ ਲਈ ਭੋਜਨ ਉਤਪਾਦਨ ਦੀ ਭਵਿੱਖੀ ਮੰਗ ਨੂੰ ਪੂਰਾ ਕਰਨ ਲਈ ਇੱਕ ਸੰਭਾਵੀ ਹੱਲ ਪੇਸ਼ ਕਰਦੀਆਂ ਹਨ।
ਇਹ ਵੀ ਪੜ੍ਹੋ: Agriculture with Aquaculture: ਕਿਸਾਨ ਅਪਨਾਉਣ ਖੇਤੀ ਦਾ ਇਹ ਢੰਗ! ਕਮਾਈ 'ਚ ਹੋਵੇਗਾ ਵਾਧਾ!
ਡਾ: ਵਨੀਤ ਇੰਦਰ ਕੌਰ, ਪ੍ਰਿੰਸੀਪਲ ਸਾਇੰਟਿਸਟ (ਮੱਛੀ ਪਾਲਣ) ਅਤੇ ਕੋਆਰਡੀਨੇਟਰ ਨੇ ਦੱਸਿਆ ਕਿ RAS ਅਤੇ BFA 'ਤੇ ਪ੍ਰੈਕਟੀਕਲ ਪ੍ਰਦਰਸ਼ਨ ਦੇ ਨਾਲ ਤਕਨੀਕੀ ਸੈਸ਼ਨ ਕ੍ਰਮਵਾਰ ਡਾ.ਐਸ.ਐਨ.ਦੱਤਾ ਅਤੇ ਡਾ.ਅਮਿਤ ਮੰਡਲ ਦੁਆਰਾ ਕਰਵਾਏ ਗਏ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਭਵਿੱਖ ਵਿਚ ਵੀ ਅਜਿਹੀਆਂ ਕਾਰਜਸ਼ਾਲਾਵਾਂ ਅਤੇ ਸਿਖਲਾਈਆਂ ਪ੍ਰਦਾਨ ਕੀਤੀਆਂ ਜਾਣਗੀਆਂ ਤਾਂ ਜੋ ਵੱਧ ਤੋਂ ਵੱਧ ਚਾਹਵਾਨ ਕਿਸਾਨਾਂ ਅਤੇ ਅਧਿਕਾਰੀਆਂ ਨੂੰ ਸਿੱਖਿਅਤ ਕੀਤਾ ਜਾ ਸਕੇ।
ਡਾ: ਪ੍ਰਕਾਸ਼ ਸਿੰਘ ਬਰਾੜ, ਡਾਇਰੈਕਟਰ ਪਸਾਰ ਸਿੱਖਿਆ, ਗਡਵਾਸੂ ਨੇ ਖੁਰਾਕ ਸੁਰੱਖਿਆ ਵਿੱਚ ਤੀਬਰ ਜਲ-ਪਾਲਣ ਪ੍ਰਣਾਲੀਆਂ ਦੀ ਭਵਿੱਖਮੁਖੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਵਿਧੀਆਂ ਭਵਿੱਖ ਮੁਖੀ ਵਿਧੀਆਂ ਹਨ ਜਿਨ੍ਹਾਂ ਰਾਹੀਂ ਜਿਥੇ ਅਸੀਂ ਭੋਜਨ ਸੁਰੱਖਿਆ ਲਈ ਅਹਿਮ ਯੋਗਦਾਨ ਪਾ ਸਕਦੇ ਹਾਂ ਉਥੇ ਇਨ੍ਹਾਂ ਉਨਤ ਵਿਧੀਆਂ ਨਾਲ ਆਰਥਿਕ ਮੁਨਾਫ਼ਾ ਵੀ ਵਧਾ ਸਕਦੇ ਹਾਂ।
Summary in English: The trend of intensive aquaculture technology has increased among youth