ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ’ਵਨ ਹੈਲਥ’ ਕੇਂਦਰ ਵਲੋਂ ਵਿਸ਼ਵ ਜ਼ੂਨੋਸਿਸ (ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ) ਦਿਵਸ ਦੇ ਸੰਦਰਭ ਵਿਚ ਇਕ ਜਾਗਰੂਕਤਾ ਪੰਦਰਵਾੜਾ ਮਨਾਇਆ ਜਾ ਰਿਹਾ ਹੈ।
ਇਸ ਪੰਦਰਵਾੜੇ ਦੀ ਆਰੰਭਤਾ 06 ਜੁਲਾਈ ਨੂੰ ਕੌਮਾਂਤਰੀ ਈ-ਗੋਸ਼ਠੀ ਨਾਲ ਕੀਤੀ ਗਈ ਜਿਸ ਦਾ ਵਿਸ਼ਾ ਸੀ ’ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ’ਤੇ ਕਾਬੂ ਪਾਉਣ ਸੰਬੰਧੀ ਵਨ ਹੈਲਥ ਦੀ ਪਹੁੰਚ’।ਕੇਂਦਰ ਦੇ ਨਿਰਦੇਸ਼ਕ, ਡਾ. ਜਸਬੀਰ ਸਿੰਘ ਬੇਦੀ ਨੇ ਦੱਸਿਆ ਕਿ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਖੇਤੀਬਾੜੀ ਸੰਬੰਧੀ ਉਚੇਰੀ ਸਿੱਖਿਆ ਦੇ ਕੌਮੀ ਪ੍ਰਾਜੈਕਟ ਅਧੀਨ ਇਹ ਕਾਰਜ ਕੀਤਾ ਗਿਆ।ਗੋਸ਼ਠੀ ਵਿਚ 200 ਤੋਂ ਵਧੇਰੇ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।ਡਾ. ਬੇਦੀ ਨੇ ਜਾਣਕਾਰੀ ਦਿੱਤੀ ਕਿ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਸਮਾਗਮ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕੀਤੀ ਜਦ ਕਿ ਡਾ. ਆਰ ਕੇ ਸਿੰਘ, ਸਾਬਕਾ ਨਿਰਦੇਸ਼ਕ, ਵੈਟਨਰੀ ਖੋਜ ਸੰਸਥਾ, ਇਜ਼ੱਤ ਨਗਰ ਅਤੇ ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਅਤੇ ਇਸ ਪ੍ਰਾਜੈਕਟ ਦੇ ਮੁਖ ਨਿਰੀਖਕ ਪਤਵੰਤੇ ਮਹਿਮਾਨ ਵਜੋਂ ਸ਼ਾਮਿਲ ਹੋਏ।
ਡਾ. ਇੰਦਰਜੀਤ ਸਿੰਘ ਨੇ ਇਸ ਦਿਵਸ ਦੀ ਮਹੱਤਤਾ ਬਾਰੇ ਦੱਸਦੇ ਹੋਏ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਲੋਕਾਂ ਨੂੰ ਜਾਗਰੂਕ ਕਰਨ ਵਿਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ ਹਨ।ਇਸ ਗੋਸ਼ਠੀ ਵਿਚ ਡਾ. ਯਸ਼ਪਾਲ ਸਿੰਘ ਮਲਿਕ, ਐਨੀਮਲ ਬਾਇਓਤਕਨਾਲੋਜੀ ਕਾਲਜ, ਡਾ. ਐਮਿਲੀ ਜੈਨਕਿਨਸ ਤੇ ਡਾ. ਜੋਏ ਰੂਬਿਨ (ਕੈਨੇਡਾ), ਡਾ. ਐਲਫੈਥਰੀਓਸ (ਯੂਨਾਨ), ਡਾ. ਹਾਨਾ ਹੋਲਟ (ਇੰਗਲੈਂਡ), ਡਾ. ਪੀਕਾ (ਡੇਨਮਾਰਕ), ਡਾ. ਪੀਟਰ ਥਾਮਸਨ (ਅਮਰੀਕਾ) ਅਤੇ ਡਾ. ਪਵਿੱਤਰ ਕੌਰ (ਲੁਧਿਆਣਾ) ਮੁੱਖ ਬੁਲਾਰੇ ਸਨ।
ਅਗਲੇ ਦਿਨ ਬਰੂਸੀਲੋਸਿਸ ਬਿਮਾਰੀ ਸੰਬੰਧੀ ਇਕ ਵਿਚਾਰ ਚਰਚਾ ਆਯੋਜਿਤ ਕੀਤੀ ਗਈ ਜਿਸ ਵਿਚ ਡਾ. ਪ੍ਰਵੀਨ ਮਲਿਕ, ਐਨੀਮਲ ਹਸਬੈਂਡਰੀ ਕਮਿਸ਼ਨਰ, ਭਾਰਤ ਸਰਕਾਰ, ਮੁੱਖ ਮਹਿਮਾਨ ਸਨ।ਇਸ ਚਰਚਾ ਵਿਚ ਡਾ. ਐਚ ਐਸ ਕਾਹਲੋਂ, ਸੰਯੁਕਤ ਨਿਰਦੇਸ਼ਕ, ਪਸ਼ੂ ਪਾਲਣ ਵਿਭਾਗ, ਪੰਜਾਬ ਅਤੇ ਡਾ. ਡੀ ਐਸ ਪੂਨੀ, ਮੁੱਖ ਮੈਡੀਕਲ ਅਫ਼ਸਰ, ਪੀ ਏ ਯੂ ਪਤਵੰਤੇ ਮਹਿਮਾਨ ਵਜੋਂ ਸ਼ਾਮਿਲ ਹੋਏ।ਡਾ. ਪ੍ਰਵੀਨ ਨੇ ਭਾਰਤ ਵਿਚ ਬਰੂਸੀਲੋਸਿਸ ਬੀਮਾਰੀ ਨੂੰ ਕਾਬੂ ਕਰਨ ਸੰਬੰਧੀ ਆਪਣੇ ਵਿਚਾਰ ਦਿੱਤੇ ਅਤੇ ਡਾ. ਇੰਦਰਜੀਤ ਸਿੰਘ ਨੇ ਪੰਜਾਬ ਵਿਚ ਇਸ ਬੀਮਾਰੀ ’ਤੇ ਕਾਬੂ ਪਾਉਣ ਵਾਸਤੇ ਆਪਣੀਆਂ ਰਾਵਾਂ ਦਿੱਤੀਆਂ।ਡਾ. ਰਜੇਸ਼ਵਰੀ (ਬੈਂਗਲੁਰੂ) ਅਤੇ ਡਾ. ਪੱਲਬ ਚੌਧਰੀ (ਇੱਜ਼ਤਨਗਰ) ਨੇ ਵੀ ਆਪਣੇ ਭਾਸ਼ਣ ਦਿੱਤੇ।ਡਾ. ਰਜਨੀਸ਼ ਸ਼ਰਮਾ ਪ੍ਰਬੰਧਕੀ ਸਕੱਤਰ ਨੇ ਸਭ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ 20 ਜੁਲਾਈ ਤਕ ਚਲਦੀ ਰਹੇਗੀ ਜਿਸ ਦੇ ਅੰਤਰਗਤ ਕਈ ਨਵੇਂ ਜਾਗਰੂਕਤਾ ਉਪਰਾਲੇ ਕੀਤੇ ਜਾਣਗੇ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: The Veterinary University launched a 15-day awareness campaign in the context of World Zoonosis Day