ਪਸਾਰ ਸਿੱਖਿਆ ਨਿਰਦੇਸ਼ਾਲਾ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀ , ਲੁਧਿਆਣਾ ਨੇ ਸਕੂਲ ਵਿਦਿਆਰਥੀਆਂ ਲਈ ਖੇਤੀਬਾੜੀ ਸਿੱਖਿਆ ਦਿਵਸ ਦੇ ਮੌਕੇ 'ਤੇ ਈ-ਸੈਮੀਨਾਰ ਕਰਵਾਇਆ। ਤਿੰਨ ਵੱਖ-ਵੱਖ ਸਕੂਲਾਂ ਟੈਗੋਰ ਪਬਲਿਕ ਸਕੂਲ, ਅਗਰ ਨਗਰ, ਲੁਧਿਆਣਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ-ਕੁਲੇਵਾਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁੰਗਰਾਲੀ ਦੇ ਕੁੱਲ 67 ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਭਾਗ ਲਿਆ। ਡਾ.ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਖੁਲਾਸਾ ਕੀਤਾ ਕਿ ਇਹ ਦਿਨ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ (ਆਈ.ਸੀ.ਏ.ਆਰ.), ਨਵੀਂ ਦਿੱਲੀ ਦੀ ਪਹਿਲਕਦਮੀ ਨਾਲ ਮਨਾਇਆ ਜਾਂਦਾ ਹੈ
ਤਾਂ ਜੋ ਵਿਦਿਆਰਥੀਆਂ ਨੂੰ ਸਾਡੇ ਰੋਜ਼ਾਨਾ ਜੀਵਨ ਵਿੱਚ ਖੇਤੀਬਾੜੀ ਅਤੇ ਪਸ਼ੂਧਨ ਦੀ ਮਹੱਤਤਾ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਰਾਹੀਂ ਦੇਸ਼ ਦੀਆਂ ਵੱਖ ਵੱਖ ਖੇਤੀਬਾੜੀ ਅਤੇ ਵੈਟਨਰੀ ਯੂਨੀਵਰਸਿਟੀਆਂ ਵਿੱਚ "ਖੇਤੀਬਾੜੀ ਸਿੱਖਿਆ ਦਿਵਸ" ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਦੇਸ਼ ਵਿਚ ਸਿੱਖਿਆ ਨੂੰ ਮਜ਼ਬੂਤ ਕਰਨਾ ਅਤੇ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਵਿਗਿਆਨ ਵਿਚ ਹੋਣਹਾਰ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨਾ ਹੈ।
ਡਾ.ਆਰ.ਕੇ. ਸ਼ਰਮਾ, ਪ੍ਰੋ. ਅਤੇ ਮੁਖੀ, ਵੈਟਨਰੀ ਅਤੇ ਪਸ਼ੂ ਪਾਲਣ ਅਤੇ ਪਸਾਰ ਸਿੱਖਿਆ ਵਿਭਾਗ ਨੇ ਸਕੂਲ ਦੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਦਾ ਸਵਾਗਤ ਕੀਤਾ ਅਤੇ ਪਸ਼ੂ ਵਿਗਿਆਨ, ਮੱਛੀ ਪਾਲਣ ਵਿਗਿਆਨ ਅਤੇ ਡੇਅਰੀ ਤਕਨਾਲੋਜੀ ਦੇ ਵੈਟਨਰੀ ਯੂਨੀਵਰਸਿਟੀ ਦੇ ਵੱਖ-ਵੱਖ ਪੇਸ਼ੇਵਰ ਕੋਰਸਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ਿਆਂ ਦੇ ਪ੍ਰਤਿਭਾਵਾਨ ਵਿਦਿਆਰਥੀਆਂ ਲਈ ਉੱਦਮਤਾ ਅਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਵੀ ਜਾਣੂ ਕਰਵਾਇਆ। ਡਾ. ਐਸ ਕੇ ਕਾਂਸਲ ਨੇ ਸਬੰਧਤ ਵਿਗਿਆਨ ਵਿਸ਼ਿਆਂ ਦੀ ਮਹੱਤਤਾ ਬਾਰੇ ਜਾਣੂ ਕਰਾਉਂਦਿਆਂ ਕਿਹਾ ਖੇਤੀਬਾੜੀ ਸਾਡੇ ਦੇਸ਼ ਦੇ ਲੋਕਾਂ ਦੀ ਭੋਜਨ ਅਤੇ ਪੋਸ਼ਣ ਸੰਬੰਧੀ ਸੁਰੱਖਿਆ ਨਾਲ ਜੁੜੀ ਹੋਈ ਹੈ।
ਉਨ੍ਹਾਂ ਨੇ ਪਸ਼ੂਧਨ ਕਿੱਤਿਆਂ ਵਿਚ ਸ਼ਾਮਲ ਵੱਖ-ਵੱਖ ਸ਼੍ਰੇਣੀਆਂ ਦੇ ਉੱਦਮੀਆਂ ਅਤੇ ਹਿੱਸੇਦਾਰਾਂ ਲਈ ਯੂਨੀਵਰਸਿਟੀ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ ਵੱਖ ਸਹੂਲਤਾਂ, ਸੇਵਾਵਾਂ ਅਤੇ ਪਸਾਰ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਵਾਲਾਂ ਅਤੇ ਸ਼ੰਕਿਆਂ ਨੂੰ ਸਪਸ਼ਟ ਕੀਤਾ ਗਿਆ । ਡਾ: ਜਸਵਿੰਦਰ ਸਿੰਘ, ਸਹਿਯੋਗੀ ਪ੍ਰੋਫੈਸਰ ਨੇ ਇਸ ਈ-ਸੈਮੀਨਾਰ ਦਾ ਸੰਯੋਜਨ ਕੀਤਾ ਅਤੇ ਸਾਰਿਆਂ ਦਾ ਧੰਨਵਾਦ ਕੀਤਾ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਇਹ ਵੀ ਪੜ੍ਹੋ :- ਫਰੀਦਕੋਟ ਦੇ ਨੌਜਵਾਨ ਪ੍ਰੀਤਪਾਲ ਸਿੰਘ ਦਿੱਲੀ ਆਏ ਕਿਸਾਨਾਂ ਨੂੰ ਮੁਫ਼ਤ ਵਿਚ ਪੁਵਾ ਕੇ ਦੇ ਰਹੇ ਹਨ ਡੀਜ਼ਲ
Summary in English: The Veterinary University made school children aware of the role of livestock and agriculture in daily life