High Level Meeting: ਪੀਏਯੂ (PAU) ਵਿੱਚ ਪੰਜਾਬ ਦੀ ਖੇਤੀ ਨੀਤੀ ਬਣਾਉਣ ਲਈ ਨਾਮਜ਼ਦ ਕੀਤੀ ਕਮੇਟੀ ਦੀ ਉੱਚ ਪੱਧਰੀ ਮੀਟਿੰਗ ਹੋਈ। ਇਸ ਵਿੱਚ ਨੀਤੀ ਦੇ ਨਿਰਮਾਣ ਲਈ ਖੇਤੀ ਮਾਹਿਰਾਂ ਦੇ ਸੁਝਾਵਾਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਦੌਰਾਨ ਪੰਜਾਬ ਦੀਆਂ ਖੇਤੀ ਚੁਣੌਤੀਆਂ ਅਤੇ ਉਨ੍ਹਾਂ ਦੇ ਹੱਲ ਲਈ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੇ ਨਵੀਆਂ ਕਿਸਮਾਂ ਦੀ ਖੋਜ ਤੋਂ ਲੈ ਕੇ ਕਾਸ਼ਤ ਤਕਨੀਕਾਂ, ਉਤਪਾਦਨ ਵਿਧੀਆਂ, ਬਦਲਵੇਂ ਤਰੀਕੇ, ਮੰਡੀਕਰਨ, ਪ੍ਰੋਸੈਸਿੰਗ ਅਤੇ ਖੇਤੀ ਵਣਜ ਬਾਰੇ ਵਿਚਾਰਾਂ ਕੀਤੀਆਂ।
ਮੀਟਿੰਗ ਵਿੱਚ ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਤੋਂ ਇਲਾਵਾ ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ, ਝੋਨੇ ਦੇ ਸੰਸਾਰ ਪ੍ਰਸਿੱਧ ਮਾਹਿਰ ਅਤੇ ਵਿਸ਼ਵ ਭੋਜਨ ਪੁਰਸਕਾਰ ਜੇਤੂ ਡਾ. ਗੁਰਦੇਵ ਸਿੰਘ ਖੁਸ਼, ਅਮਰੀਕਾ ਦੀ ਕੈਨਸਾਸ ਯੂਨੀਵਰਸਿਟੀ ਦੇ ਕਣਕ ਮਾਹਿਰ ਡਾ. ਬਿਕਰਮ ਸਿੰਘ ਗਿੱਲ ਅਤੇ ਵਧੀਕ ਖੇਤੀਬਾੜੀ ਸਕੱਤਰ ਸ਼੍ਰੀ ਰਾਹੁਲ ਗੁਪਤਾ ਆਈ ਏ ਐਸ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ। ਇਸ ਤੋਂ ਬਿਨਾਂ ਪੀ ਏ ਰ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ, ਪੰਜਾਬ ਰਿਮੋਟ ਸੈਂਸਿੰਗ ਸੈਂਟਰ ਅਤੇ ਪੋਸਟ ਹਾਰਵੈਸਟਿੰਗ ਸੈਂਟਰ ਦੇ ਮਾਹਿਰ ਵੀ ਸ਼ਾਮਿਲ ਹੋਏ।
ਇਹ ਵੀ ਪੜ੍ਹੋ : PAU ਵੱਲੋਂ 24 ਅਤੇ 25 ਮਾਰਚ ਨੂੰ Ludhiana Kisan Mela
ਪੀਏਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਖੇਤੀਬਾੜੀ ਨੀਤੀ ਦੇ ਨਿਰਮਾਣ ਲਈ ਬਣੀ ਕਮੇਟੀ ਅਤੇ ਇਸਦੀ ਮੰਸ਼ਾ ਬਾਰੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਫਰਵਰੀ ਵਿੱਚ ਹੋਈ ਸਰਕਾਰ ਕਿਸਾਨ ਮਿਲਣੀ ਦੌਰਾਨ ਪੰਦਰਾਂ ਹਜ਼ਾਰ ਕਿਸਾਨਾਂ ਵੱਲੋਂ ਵੱਡੀ ਪੱਧਰ ਤੇ ਸਰਕਾਰ ਅਤੇ ਮਾਹਿਰਾਂ ਲਈ ਸੁਝਾਅ ਆਏ। ਉਨ੍ਹਾਂ ਸਾਰੇ ਸੁਝਾਵਾਂ ਨੂੰ ਇਕ ਅੰਕੜੇ ਦੀ ਸ਼ਕਲ ਦੇ ਕੇ ਪੰਜਾਬ ਦੀ ਖੇਤੀ ਦੇ ਸੁਧਾਰਯੋਗ ਖੇਤਰਾਂ ਦੀ ਨਿਸ਼ਾਨਦੇਹੀ ਲਈ 11 ਮੈਂਬਰਾਂ ਦੀ ਇਕ ਕਮੇਟੀ ਗਠਿਤ ਕੀਤੀ ਗਈ ਹੈ।
ਇਸ ਕਮੇਟੀ ਨੇ ਹੁਣ ਮਾਹਿਰਾਂ ਦੇ ਸੁਝਾਵਾਂ ਦੇ ਅਧਾਰ ਤੇ ਤਜਵੀਜ਼ਾਂ ਦੇਣੀਆਂ ਹਨ ਤਾਂ ਤਾਂ ਜੋ ਪਹਿਲੀ ਵਾਰ ਪੰਜਾਬ ਦੀ ਖੇਤੀ ਨੀਤੀ ਬਣਾਈ ਜਾ ਸਕੇ। ਵਾਈਸ ਚਾਂਸਲਰ ਨੇ ਕਿਹਾ ਕਿ ਪੀ ਏ ਯੂ ਦਾ ਮੰਤਵ ਹੈ ਕਿ ਕਿਸਾਨੀ ਨੂੰ ਸੰਯੁਕਤ ਖੇਤੀ ਪ੍ਰਣਾਲੀ ਕਿਸਾਨਾਂ ਤਕ ਪਹੁੰਚਾਈ ਜਾਵੇ ਤੇ ਵੱਧ ਤੋਂ ਵੱਧ ਕਿਸਾਨਾਂ ਨੂੰ ਇਸ ਨਾਲ ਜੋੜਿਆ ਜਾਵੇ। ਉਨ੍ਹਾਂ ਦੱਸਿਆ ਕਿ ਸਵੈ ਸੇਵੀ ਸਮੂਹਾਂ ਅਤੇ ਖੇਤੀ ਉਦਯੋਗਾਂ ਨੂੰ ਵੀ ਇਸ ਪ੍ਰਕਿਰਿਆ ਵਿਚ ਜੋੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਇਹ ਵੀ ਪੜ੍ਹੋ : Crop Residue: ਫਸਲਾਂ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਰਾਹੀਂ ਕਿਸਾਨਾਂ ਲਈ ਬਿਹਤਰ ਖੇਤੀ ਲਾਭ
ਡਾ. ਸੁਖਪਾਲ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਦੀ ਖੇਤੀਬਾੜੀ ਨੀਤੀ ਦਾ ਉਦੇਸ਼ ਪੰਜਾਬ ਦੇ ਪਾਣੀ ਦੀ ਸੰਭਾਲ ਦੇ ਨਾਲ ਨਾਲ ਖੇਤੀ ਨੂੰ ਹੋਰ ਮੁਨਾਫ਼ੇਯੋਗ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਉਦੇਸ਼ ਦੀ ਪੂਰਤੀ ਲਈ ਖੇਤੀ ਨੀਤੀ ਵਿਚ ਜ਼ਰੂਰੀ ਤਜਵੀਜਾਂ ਸ਼ਾਮਿਲ ਕੀਤੀਆਂ ਜਾਣਗੀਆਂ। ਡਾ. ਸੁਖਪਾਲ ਸਿੰਘ ਨੇ ਉਤਪਾਦਿਤ ਜਿਣਸਾਂ ਦੇ ਮਿਆਰ ਅਤੇ ਮੰਡੀਕਰਨ ਲਈ ਠੋਸ ਨੀਤੀ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਪੰਜਾਬ ਦੀ ਖੇਤੀ ਦਾ ਬਦਲਵਾਂ ਢਾਂਚਾ ਉਸਾਰਿਆ ਜਾ ਸਕੇ।
ਡਾ. ਗੁਰਦੇਵ ਸਿੰਘ ਖੁਸ਼ ਨੇ ਇਸ ਮੌਕੇ ਆਪਣੇ ਵੱਡਮੁੱਲੇ ਸੁਝਾਅ ਦਿੱਤੇ। ਉਨ੍ਹਾਂ ਕਿਹਾ ਕਿ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਬਦਲ ਕੇ ਹੀ ਖੇਤੀ ਵਿਭਿੰਨਤਾ ਅਤੇ ਟਿਕਾਊ ਪ੍ਰਬੰਧ ਕਾਇਮ ਕੀਤਾ ਜਾ ਸਕੇਗਾ। ਉਨ੍ਹਾਂ ਨੇ ਕਣਕ ਦਾ ਢੁਕਵਾਂ ਬਦਲ ਸਰ੍ਹੋਂ ਨੂੰ ਦੱਸਦਿਆਂ ਇਸਦੀਆਂ ਕਿਸਮਾਂ ਤੇ ਹੋਰ ਕਾਰਜ ਕਰਨ ਤੇ ਨਵੀਆਂ ਕਿਸਮਾਂ ਪੈਦਾ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਡਾ. ਖੁਸ਼ ਨੇ ਝੋਨੇ ਦਾ ਬਦਲ ਸੋਇਆਬੀਨ ਨੂੰ ਦੱਸਦਿਆਂ ਇਸ ਫ਼ਸਲ ਦੀ ਉਤਪਾਦਨ ਸਮਰੱਥਾ ਨੂੰ ਵਧਾਉਣ ਲਈ ਬ੍ਰੀਡਿੰਗ ਮਾਹਿਰਾਂ ਨੂੰ ਡਟ ਕੇ ਕਾਰਜ ਕਰਨ ਦਾ ਸੱਦਾ ਦਿੱਤਾ।
ਕੈਨਸਾਸ ਯੂਨੀਵਰਸਿਟੀ ਦੇ ਕਣਕ ਮਾਹਿਰ ਡਾ. ਬਿਕਰਮ ਸਿੰਘ ਗਿੱਲ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਕਣਕ ਝੋਨੇ ਤੋਂ ਬਾਹਰ ਆਉਣਾ ਹੀ ਪਵੇਗਾ। ਉਨ੍ਹਾਂ ਨੇ ਪੰਜ ਸਰੋਤਾਂ ਧਰਤੀ, ਸੂਰਜੀ ਧੁੱਪ, ਹਵਾ, ਪਾਣੀ ਅਤੇ ਜਰਮ ਪਲਾਜ਼ਮ ਸੰਭਾਲਣ ਲਈ ਸੱਦਾ ਦਿੱਤਾ। ਡਾ. ਗਿੱਲ ਨੇ ਕਿਹਾ ਕਿ ਖੇਤੀ ਨਾਲ ਜੁੜੀਆਂ ਸਾਰੀਆਂ ਸਾਂਝੀਆਂ ਧਿਰਾਂ ਨੂੰ ਨੀਤੀਆਂ ਦਾ ਹਿੱਸਾ ਬਣਾਇਆ ਜਾਵੇ। ਨਾਲ ਹੀ ਉਨ੍ਹਾਂ ਕਣਕ ਦੀ ਉੱਚ ਪੋਸ਼ਣ ਸਮਰੱਥਾ ਦੀ ਗੱਲ ਕੀਤੀ ਪਰ ਨਾਲ ਹੀ ਇਸਦੀਆਂ ਗਲੂਤਿਨ ਮੁਕਤ ਕਿਸਮਾਂ ਦੀ ਖੋਜ ਵੱਲ ਤੁਰਨ ਨੂੰ ਅਜੋਕੇ ਸਮੇਂ ਦੀ ਲੋੜ ਕਿਹਾ।
ਇਸ ਮੌਕੇ ਰਿਮੋਟ ਸੈਸਿੰਗ ਮਾਹਿਰ ਡਾ. ਅਨਿਲ ਸੂਦ ਨੇ ਖੇਤੀਬਾੜੀ ਨੂੰ ਨਵੀਂ ਦਿਸ਼ਾ ਵੱਲ ਮੋੜਾ ਦੇਣ ਲਈ ਤਕਨਾਲੋਜੀ ਦੀ ਵਰਤੋਂ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਮਸਨੂਈ ਬੌਧਿਕਤਾ ਕਰਕੇ ਤਰੀਕੇ ਅਪਨਾਉਣੇ ਬੜੇ ਜ਼ਰੂਰੀ ਹਨ। ਇਸ ਨਾਲ ਮਨੁੱਖੀ ਸ਼ਕਤੀ ਨੂੰ ਸਿੱਖਿਅਤ ਕਰਨ ਵਿੱਚ ਸਹਾਇਤਾ ਮਿਲੇਗੀ।
ਇਹ ਵੀ ਪੜ੍ਹੋ : Farmers' Income: ਕਿਸਾਨਾਂ ਦੀ ਆਮਦਨ ਵਧਾਉਣ ਲਈ ਲਾਹੇਵੰਦ ਸੁਰੱਖਿਅਤ ਖੇਤੀ ਅਤੇ ਸੂਖਮ ਸਿੰਚਾਈ
ਪੰਜਾਬ ਪੋਸਟ ਹਾਰਵੈਸਟ ਸੈਂਟਰ ਤੋਂ ਡਾ ਬੀ ਵੀ ਸੀ ਮਹਾਜਨ ਨੇ ਪੰਜਾਬ ਵਿੱਚ ਫ਼ਸਲਾਂ ਦੀ ਵਾਢੀ ਤੋਂ ਬਾਅਦ ਮੁੱਲ ਵਾਧੇ ਅਤੇ ਪ੍ਰੋਸੈਸਿੰਗ ਦੀਆਂ ਸੰਭਾਵਨਾਵਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਡਾ ਮਹਾਜਨ ਨੇ ਪ੍ਰੋਸੈਸਿੰਗ ਨੂੰ ਇਕ ਲੜੀ ਵਜੋਂ ਵਿਕਸਿਤ ਕਰਨ ਦੇ ਨਾਲ ਨਾਲ ਖੇਤ ਪੱਧਰ ਤੇ ਪ੍ਰੋਸੈਸਿੰਗ ਨੂੰ ਇਕ ਵਿਹਾਰ ਬਣਾਉਣ ਸੰਬੰਧੀ ਸਿਫਾਰਿਸ਼ਾਂ ਨੀਤੀ ਵਿੱਚ ਸ਼ਾਮਿਲ ਕਰਨ ਲਈ ਕਿਹਾ।
ਖੇਤੀ ਕਾਰੋਬਾਰ ਪ੍ਰਬੰਧਨ ਸਕੂਲ ਦੇ ਨਿਰਦੇਸ਼ਕ ਡਾ ਰਮਨਦੀਪ ਸਿੰਘ ਨੇ ਖੇਤੀ ਵਿਚ ਕਾਰੋਬਾਰੀ ਰੁਚੀਆਂ ਦੇ ਵਿਕਾਸ ਬਾਰੇ ਆਪਣੇ ਸੁਝਾਅ ਦਿੱਤੇ। ਖੇਤੀ ਇੰਜਨੀਅਰਿੰਗ ਕਾਲਜ ਦੇ ਡੀਨ ਡਾ. ਐਚ ਐਸ ਸਿੱਧੂ ਨੇ ਸਿੰਚਾਈ ਲਈ ਨਹਿਰੀ ਪਾਣੀ ਦੀ ਵਰਤੋਂ ਬਾਰੇ ਤੇਲੰਗਾਨਾ ਮਾਡਲ ਬਾਰੇ ਇਕ ਪੇਸ਼ਕਾਰੀ ਦਿੱਤੀ। ਉਨ੍ਹਾਂ ਇਸੇ ਅਧਾਰ ਤੇ ਸਿੰਚਾਈ ਤਲਾਬਾਂ ਦੇ ਨਿਰਮਾਣ ਦੀ ਗੱਲ ਕੀਤੀ।
ਵਧੀਕ ਨਿਰਦੇਸ਼ਕ ਖੋਜ ਡਾ. ਗੁਰਸਾਹਿਬ ਸਿੰਘ ਮਨੇਸ ਨੇ ਪੰਜਾਬ ਦੀਆਂ ਨਹਿਰਾਂ ਦੀ ਸੰਭਾਲ ਲਈ ਯੋਗ ਕਾਰਜ ਕਰਨ ਦਾ ਸੱਦਾ ਦਿੱਤਾ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਇਸ ਮੌਕੇ ਖੇਤੀ ਜਾਣਕਾਰੀ ਨੂੰ ਕਿਸਾਨਾਂ ਤਕ ਪਹੁੰਚਾਉਣ ਲਈ ਵਰਤੀਆਂ ਜਾਣ ਵਾਲੀਆਂ ਤਕਨੀਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਸਮਾਗਮ ਦਾ ਸੰਚਾਲਨ ਕਰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਖੇਤੀ ਨੀਤੀ ਨੂੰ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ ਅਨੁਕੂਲ ਬਣਾਉਣ ਦੀ ਲੋੜ ਬਾਰੇ ਵਿਚਾਰ ਦਿੱਤੇ। ਉਨ੍ਹਾਂ ਨਾਲ ਹੀ ਖੇਤੀ ਮੁਹਾਰਤ ਸਿਖਲਾਈ ਨੂੰ ਵੱਧ ਤੋਂ ਵੱਧ ਕਿਸਾਨਾਂ ਤਕ ਪਹੁੰਚਾਉਣ ਲਈ ਢੁਕਵੀਆਂ ਯੋਜਨਾਵਾਂ ਦੇ ਵਿਕਾਸ ਬਾਰੇ ਵੀ ਗੱਲ ਕੀਤੀ। ਖੇਤੀਬਾੜੀ ਦੇ ਵਧੀਕ ਸਕੱਤਰ ਸ਼੍ਰੀ ਰਾਹੁਲ ਗੁਪਤਾ ਆਈ ਏ ਐੱਸ ਨੇ ਇਨ੍ਹਾਂ ਸੁਝਾਵਾਂ ਅਤੇ ਤਜਵੀਜਾਂ ਨੂੰ ਬਹੁਤ ਮੁੱਲਵਾਨ ਕਿਹਾ ਤੇ ਆਸ ਪ੍ਰਗਟਾਈ ਕਿ ਖੇਤੀ ਨੀਤੀ ਦੇ ਨਿਰਮਾਣ ਸਮੇਂ ਇਨ੍ਹਾਂ ਸੁਝਾਵਾਂ ਦੀ ਰੌਸ਼ਨੀ ਨਾਲ ਹੀ ਰਹੇਗੀ।
Summary in English: Tips From Experts: Suitable substitute for wheat is mustard and substitute for paddy is soybean: PAU