ਹਲਕਾਅ ਇਕ ਬਹੁਤ ਹੀ ਨਾਮੁਰਾਦ ਬਿਮਾਰੀ ਹੈ ਜੋ ਕਿ ਪਸ਼ੂਆਂ ਤੋਂ ਮਨੁੱਖਾਂ ਨੂੰ ਹੁੰਦੀ ਹੈ।ਹਰ ਸਾਲ ਵਿਸ਼ਵ ਵਿਚ 59000 ਲੋਕਾਂ ਦੀ ਇਸ ਨਾਲ ਮੌਤ ਹੋ ਜਾਂਦੀ ਹੈ ਜਿਸ ਵਿਚ 20000 ਦੀ ਗਿਣਤੀ ਭਾਰਤ ਵਿਚ ਹੀ ਹੈ।ਇਸ ਬਿਮਾਰੀ ਸੰਬੰਧੀ ਜਾਗਰੂਕਤਾ ਫੈਲਾਉਣ ਹਿਤ ਹਰ ਸਾਲ ਵਿਸ਼ਵ ਵਿਚ 28 ਸਤੰਬਰ ਨੂੰ ’ਵਿਸ਼ਵ ਹਲਕਾਅ ਦਿਵਸ’ ਮਨਾਇਆ ਜਾਂਦਾ ਹੈ।
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਨ ਹੈਲਥ ਕੇਂਦਰ ਵਲੋਂ ਇਕ ਪੂਰੇ ਦਿਨ ਦਾ ਜਾਗਰੂਕਤਾ ਪ੍ਰੋਗਰਾਮ ਇਸ ਦਿਵਸ ਨੂੰ ਸਮਰਪਿਤ ਕੀਤਾ ਗਿਆ।ਵਨ ਹੈਲਥ ਕੇਂਦਰ ਦੇ ਨਿਰਦੇਸ਼ਕ, ਡਾ. ਜਸਬੀਰ ਸਿੰਘ ਬੇਦੀ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪੀ ਏ ਯੂ ਦੇ ਵਿਦਿਆਰਥੀਆਂ ਨੂੰ ਇਕ ਜਾਗਰੂਕਤਾ ਭਾਸ਼ਣ ਦਿੱਤਾ ਗਿਆ।ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕੀਤੀ ਗਈ ਅਤੇ ਉਨ੍ਹਾਂ ਨੂੰ ਇਸ ਬਿਮਾਰੀ ਤੋਂ ਬਚਾਅ ਹਿਤ ਕੀਤੇ ਜਾਣ ਵਾਲੇ ਉਪਰਾਲਿਆਂ ਬਾਰੇ ਆਗਾਹ ਕੀਤਾ ਗਿਆ।ਇਸੇ ਕੇਂਦਰ ਦੇ ਡਾ. ਪੰਕਜ ਢਾਕਾ ਨੇ ਬਿਮਾਰੀ ਦੇ ਬਚਾਅ ਅਤੇ ਇਸ ਨੂੰ ਕਾਬੂ ਕਰਨ ਸੰਬੰਧੀ ਨੀਤੀਆਂ ਦੀ ਚਰਚਾ ਕੀਤੀ।ਡਾ. ਬੇਦੀ ਨੇ ਸਕੂਲ ਦੇ ਪਿ੍ਰੰਸੀਪਲ, ਸ਼੍ਰੀ ਸੰਜੀਵ ਥਾਪਰ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰਨ ਹਿਤ ਆਪਣੇ ਸਕੂਲ ਦਾ ਮੰਚ ਮੁਹੱਈਆ ਕੀਤਾ।
ਕੇਂਦਰ ਵਲੋਂ ਇਸ ਦੇ ਨਾਲ ਹੀ ਇਕ ਕੌਮੀ ਪੱਧਰ ਦਾ ਵਿਚਾਰ ਵਟਾਂਦਰਾ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਜਿਸ ਵਿਚ ਰਾਸ਼ਟਰੀ ਪੱਧਰ ’ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵਾਰਤਾਲਾਪ ਕੀਤੀ ਗਈ।ਇਸ ਦੇ ਪ੍ਰਬੰਧਕੀ ਸਕੱਤਰ, ਡਾ. ਰਣਧੀਰ ਸਿੰਘ ਨੇ ਹਲਕਾਅ ਦਿਵਸ ਦੀ ਮਹੱਤਤਾ ਬਾਰੇ ਸੰਖੇਪ ਵਿਚ ਦੱਸਿਆ।ਪੀ ਜੀ ਆਈ ਦੇ ਡਾ. ਅਸ਼ੀਸ਼ ਭੱਲਾ ਨੇ ’ਹਲਕਾਅ ਦੀ ਬਿਮਾਰੀ ਦੇ ਮਾਰੂਪਨ’ ਬਾਰੇ ਚਾਨਣਾ ਪਾਇਆ।ਡਾ. ਸ਼੍ਰੀ ਕਿ੍ਰਸ਼ਨਾ ਇਸਲੂਰ ਨੇ ’ਪਸ਼ੂਆਂ ਵਿਚ ਹਲਕਾਅ, ਨਿਰੀਖਣ ਅਤੇ ਨਿਗਰਾਨੀ’ ਸੰਬੰਧੀ ਵਿਸ਼ੇ ’ਤੇ ਚਰਚਾ ਕੀਤੀ।ਡਾ. ਜਸਬੀਰ ਸਿੰਘ ਬੇਦੀ ਨੇ ਸਾਰੇ ਮਾਹਿਰ ਬੁਲਾਰਿਆਂ ਅਤੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਜਾਗਰੂਕਤਾ ਸਾਰਾ ਸਾਲ ਹੀ ਲੋਕਾਂ ਨਾਲ ਸਾਂਝੀ ਕੀਤੀ ਜਾਣੀ ਲੋੜੀਂਦੀ ਹੈ।ਉਨ੍ਹਾਂ ਨੇ ਡਾ. ਸਿਮਰਨਪ੍ਰੀਤ ਕੌਰ ਅਤੇ ਡਾ. ਪੰਕਜ ਢਾਕਾ ਵਲੋਂ ਪਾਏ ਯੋਗਦਾਨ ਦੀ ਵੀ ਪ੍ਰਸੰਸਾ ਕੀਤੀ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਕਿਹਾ ਕਿ ਵੈਟਨਰੀ ਡਾਕਟਰ ਹਲਕਾਅ ਦੀ ਬਿਮਾਰੀ ਦੀ ਜਾਗਰੂਕਤਾ ਅਤੇ ਰੋਕਥਾਮ ਸੰਬੰਧੀ ਮੋਹਰੀ ਭੂਮਿਕਾ ਅਦਾ ਕਰ ਰਹੇ ਹਨ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਇਸ ਆਯੋਜਨ ਲਈ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੀ ਜਾਗਰੂਕਤਾ ਨਾਲ ਅਸੀਂ ਸੰਨ 2030 ਤਕ ਕੁੱਤਿਆਂ ਰਾਹੀਂ ਹੋਣ ਵਾਲੀ ਹਲਕਾਅ ਦੀ ਬਿਮਾਰੀ ਨੂੰ ਖਤਮ ਕਰਨ ਵਿਚ ਸਫ਼ਲ ਹੋ ਸਕਾਂਗੇ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Various activities related to World Light Day - 2021 at Veterinary University