ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਸਾਇੰਸ ਕਾਲਜ ਵੱਲੋਂ 19 ਤੋਂ 24 ਅਪ੍ਰੈਲ 2021 ਦੌਰਾਨ ’ਵਿਸ਼ਵ ਵੈਟਨਰੀ ਹਫ਼ਤਾ’ ਮਨਾਇਆ ਜਾ ਰਿਹਾ ਹੈ।ਇਸ ਸਿਲਸਿਲੇ ਵਿਚ ਯੂਨੀਵਰਸਿਟੀ ਦੇ ਵਨ ਹੈਲਥ ਕੇਂਦਰ ਵੱਲੋਂ ਲਾਈਵਸਟਾਕ ਫਾਰਮ ਨਿਰਦੇਸ਼ਾਲੇ ਦੇ ਸਹਿਯੋਗ ਨਾਲ ਬਰੂਸੀਲੋਸਿਸ ਦੀ ਬਿਮਾਰੀ ਦੇ ਨਿਰੀਖਣ ਸੰਬੰਧੀ ਇਕ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ 60 ਤੋਂ ਵਧੇਰੇ ਵੈਟਨਰੀ ਡਾਕਟਰਾਂ, ਡੇਅਰੀ ਕਿਰਤੀਆਂ ਅਤੇ ਪ੍ਰਯੋਗਸ਼ਾਲਾ ਕਾਮਿਆਂ ਦੇ ਖੂਨ ਦੇ ਨਮੂਨੇ ਲੈ ਕੇ ਜਾਂਚ ਕੀਤੀ ਗਈ।
ਵਨ ਹੈਲਥ ਕੇਂਦਰ ਦੇ ਨਿਰਦੇਸ਼ਕ, ਡਾ. ਜਸਬੀਰ ਸਿੰਘ ਬੇਦੀ ਨੇ ਦੱਸਿਆ ਕਿ ਬਰੂਸੀਲੋਸਿਸ ਅਜਿਹੀ ਬਿਮਾਰੀ ਹੈ ਜੋ ਕਿ ਪਸ਼ੂਆਂ ਤੋਂ ਮਨੁੱਖਾਂ ਨੂੰ ਹੋ ਜਾਂਦੀ ਹੈ।ਇਸ ਲਈ ਇਸ ਬਿਮਾਰੀ ਦੀ ਜਾਂਚ ਸੰਬੰਧੀ ਸਾਨੂੰ ਲਗਾਤਾਰ ਜਾਗਰੂਕ ਅਤੇ ਯਤਨਸ਼ੀਲ ਰਹਿਣਾ ਚਾਹੀਦਾ ਹੈ।
ਡਾ. ਰਜਨੀਸ਼ ਸ਼ਰਮਾ ਨੇ ਡੇਅਰੀ ਕਿਰਤੀਆਂ ਨੂੰ ਇਸ ਬਿਮਾਰੀ ਤੋਂ ਬਚਣ ਸੰਬੰਧੀ ਕਈ ਮੁੱਲਵਾਨ ਸੁਝਾਅ ਦਿੱਤੇ।ਇਸ ਕੈਂਪ ਤੋਂ ਇਲਾਵਾ ਇਸ ਕੇਂਦਰ ਵਲੋਂ ਕਈ ਹੋਰ ਗਤੀਵਿਧੀਆਂ ਕੀਤੀਆਂ ਗਈਆਂ ਜਿਨ੍ਹਾਂ ਵਿਚ ’ਕੋਵਿਡ-19 ਸੰਕਟ ਦੌਰਾਨ ਵੈਟਨਰੀ ਡਾਕਟਰ ਦੀ ਜ਼ਿੰਮੇਵਾਰੀ’ ਵਿਸ਼ੇ ’ਤੇ ਰਾਸ਼ਟਰੀ ਵੈਬੀਨਾਰ ਕਰਵਾਇਆ ਗਿਆ।ਜਿਸ ਵਿਚ ਡਾ. ਬੇਦੀ, ਡਾ. ਰਜਨੀਸ਼ ਸ਼ਰਮਾ ਅਤੇ ਡਾ. ਪੰਕਜ ਢਾਕਾ ਨੇ ਵੱਖ-ਵੱਖ ਵਿਸ਼ਿਆਂ ’ਤੇ ਜਾਗਰੂਕਤਾ ਭਾਸ਼ਣ ਦਿੱਤੇ।ਇਸ ਵੈਬੀਨਾਰ ਵਿਚ 120 ਪ੍ਰਤੀਭਾਗੀਆਂ ਨੇ ਹਿੱਸਾ ਲਿਆ।ਇਸ ਹਫ਼ਤੇ ਦੌਰਾਨ ਆਕਾਸ਼ਵਾਣੀ ਕੇਂਦਰ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਹਿਤ ਵੀ ਇੰਟਰਵਿਊ ਦਿੱਤੀਆਂ ਗਈਆਂ।
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਕਿਹਾ ਕਿ ਇਸ ਚੱਲ ਰਹੀ ਮਹਾਂਮਾਰੀ ਦੇ ਦੌਰ ਵਿਚ ਵੈਟਨਰੀ ਡਾਕਟਰ ਬਹੁਤ ਅਹਿਮ ਯੋਗਦਾਨ ਪਾ ਰਹੇ ਹਨ।ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ ਦੇ ਨਿਰੀਖਣ ਸੰਬੰਧੀ ਵੀ ਸਾਰੇ ਮੁਲਕ ਵਿਚ ਵੈਟਨਰੀ ਡਾਕਟਰ ਲਗਾਤਾਰ ਯਤਨਸ਼ੀਲ ਹਨ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਆਯੋਜਕਾਂ ਦੀ ਇਸ ਉਪਰਾਲੇ ਲਈ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਵੈਟਨਰੀ ਭਾਈਚਾਰੇ ਦੇ ਯਤਨ ਇਸ ਮਹਾਂਮਾਰੀ ਅਤੇ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਬਚਾਅ ਦੇ ਸਿਲਸਿਲੇ ਵਿਚ ਬਹੁਤ ਸਾਰਥਕ ਸਾਬਿਤ ਹੋਣਗੇ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Various welfare and awareness activities carried out by the Veterinary University in the context of 'World Veterinary Day'