ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਮਾਈਕਰੋਬਾਇਓਲੋਜੀ ਵਿਭਾਗ ਨੇ ਸੰਸਥਾ ਵਿਕਾਸ ਯੋਜਨਾ ਦੇ ਸਹਿਯੋਗ ਨਾਲ ਰਾਸ਼ਟਰੀ ਖੇਤੀਬਾੜੀ ਉਚੇਰੀ ਸਿੱਖਿਆ ਪ੍ਰਾਜੈਕਟ ਅਧੀਨ ’ਵਿਸ਼ਵ ਸੂਖਮ ਜੀਵ ਪਿਤਰੀ ਦਿਵਸ 2021’ ਦਾ ਆਯੋਜਨ ਕੀਤਾ।ਸੂਖਮ ਜੀਵ ਸਿਹਤ ਅਤੇ ਬੀਮਾਰੀਆਂ ਦਰਮਿਆਨ ਇਕ ਕੜੀ ਹਨ।ਇਸ ਲਈ ਇਨ੍ਹਾਂ ਦੇ ਅਧਿਐਨ ਦੀ ਮਹੱਤਤਾ ਦਿਨ-ਬਦਿਨ ਵਧਦੀ ਜਾ ਰਹੀ ਹੈ।
ਇਸ ਮੌਕੇ ’ਤੇ ਡਾ. ਨੀਲਮ ਤਨੇਜਾ, ਪ੍ਰੋਫੈਸਰ, ਪੀ ਜੀ ਆਈ, ਚੰਡੀਗੜ੍ਹ ਨੇ ਲੈਕਚਰ ਵੀ ਦਿੱਤਾ ਜਿਸ ਦਾ ਵਿਸ਼ਾ ਸੀ ’ਪੇਟ ਦੇ ਸੂਖਮ ਜੀਵ ਕੁਨਬਾ (ਪਰਿਵਾਰ) ਅਤੇ ਸਿਹਤ ਤੇ ਬੀਮਾਰੀਆਂ ਸੰਬੰਧੀ ਉਨ੍ਹਾਂ ਦੀ ਭੂਮਿਕਾ’।ਉਨ੍ਹਾਂ ਨੇ ਸੂਖਮ ਜੀਵਾਂ ਦੀ ਮਨੁੱਖਾਂ ਅਤੇ ਪਸ਼ੂਆਂ ਵਿਚ ਸਾਰਥਿਕਤਾ ਸੰਬੰਧੀ ਚਰਚਾ ਕੀਤੀ।
ਇਸ ਮੌਕੇ ’ਤੇ ਇਕ ਈ-ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਦਾ ਵਿਸ਼ਾ ਸੀ ’ਸਿਹਤ ਅਤੇ ਉਸ ਨੂੰ ਦਰੁਸਤ ਰੱਖਣ ਵਿਚ ਪਿਤਰੀ ਸੂਖਮ ਜੀਵਾਂ ਦੀ ਭੂਮਿਕਾ’।ਇਸ ਮੁਕਾਬਲੇ ਵਿਚ ਬੀ ਵੀ ਐਸ ਸੀ ਦੇ ਵਿਦਿਆਰਥੀ ਸੰਜੂ ਸਿੰਘ ਨੂੰ ਪਹਿਲਾ, ਹੰਸਮੀਤ ਕੌਰ ਅਤੇ ਆਰਸੀਆ ਮੁਸ਼ਤਾਕ, (ਪੀਐਚ. ਡੀ ਖੋਜਾਰਥੀ) ਦੋਵਾਂ ਨੂੰ ਦੂਸਰਾ ਅਤੇ ਕਰਨਵੀਰ ਸਿੰਘ (ਐਮ ਵੀ ਐਸ ਸੀ ਵਿਦਿਆਰਥੀ) ਨੂੰ ਤੀਸਰਾ ਸਨਮਾਨ ਪ੍ਰਾਪਤ ਹੋਇਆ।ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ ਵੈਟਨਰੀ ਸਾਇੰਸ ਕਾਲਜ ਨੇ ਜੇਤੂਆਂ ਨੂੰ ਮੁਬਾਰਕ ਦਿੱਤੀ ਅਤੇ ਉਨ੍ਹਾਂ ਦੇ ਈ-ਪ੍ਰਮਾਣ ਪੱਤਰ ਵੀ ਭੇਟ ਕੀਤੇ।
ਡਾ. ਦੀਪਤੀ ਨਾਰੰਗ, ਪ੍ਰਮੁੱਖ ਵਿਗਿਆਨੀ ਅਤੇ ਵਿਭਾਗ ਮੁਖੀ ਨੇ ਸੂਖਮ ਜੀਵ ਕੁਨਬੇ (ਪਰਿਵਾਰ) ਦੇ ਵਿਹਾਰ ਅਤੇ ਪ੍ਰਕਿਰਤੀ ਸੰਬੰਧੀ ਜਾਣਕਾਰੀ ਦਿੱਤੀ ਅਤੇ ਮਨੁੱਖੀ ਸਿਹਤ ’ਤੇ ਇਨ੍ਹਾਂ ਦੇ ਪ੍ਰਭਾਵਾਂ ਸੰਬੰਧੀ ਚਰਚਾ ਕੀਤੀ।ਉਨ੍ਹਾਂ ਨੇ ਸੂਖਮ ਜੀਵਾਂ ਦੇ ਵਿਹਾਰ ਬਾਰੇ ਜਾਣਕਾਰੀ ਦੇਣ ਦੀਆਂ ਨਵੀਆਂ ਤਕਨੀਕਾਂ ਬਾਰੇ ਚਾਨਣਾ ਵੀ ਪਾਇਆ ਤਾਂ ਜੋ ਸੂਖਮ ਜੀਵਾਂ ਦੀ ਲਾਗ ਵਾਲੀਆਂ ਬੀਮਾਰੀਆਂ ਸੰਬੰਧੀ ਭੂਮਿਕਾ ਨੂੰ ਪਛਾਣਿਆ ਜਾ ਸਕੇ।ਇਸ ਸੰਬੰਧੀ ਕਈ ਨਵੇਂ ਨਮੂਨੇ, ਨਵੀਨਤਮ ਵਿਸ਼ਲੇਸ਼ਣ ਅਤੇ ਪਹੁੰਚ ਵਿਧੀਆਂ ’ਤੇ ਕਾਰਜ ਕੀਤਾ ਜਾ ਰਿਹਾ ਹੈ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University celebrates 'World Microbiology Day 2021'