ਆਜ਼ਾਦੀ ਦੇ ਅੰਮਿ੍ਰਤ ਮਹੋਤਸਵ ਸੰਕਲਪ ਤਹਿਤ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵੈਟਨਰੀ ਮੈਡੀਸਨ ਵਿਭਾਗ ਵਲੋਂ ਇਕ ਤਿੰਨ ਦਿਨਾ ਸਿਖਲਾਈ ਦਾ ਆਯੋਜਨ ਕੀਤਾ ਗਿਆ।ਜਿਸ ਦਾ ਵਿਸ਼ਾ ਸੀ ’ਕੁੱਤਿਆਂ ਵਿਚ ਖੂਨ ਦੀ ਘਾਟ ਅਤੇ ਖੂਨ ਦੇਣ ਸੰਬੰਧੀ ਵਿਹਾਰਕ ਨੁਕਤੇ’।ਉਤਰੀ ਭਾਰਤ ਵਿਚ ਇਹ ਇਸ ਤਰੀਕੇ ਦੀ ਸਭ ਤੋਂ ਪਹਿਲੀ ਸਿਖਲਾਈ ਸੀ।
ਯੂਨੀਵਰਸਿਟੀ ਪਸ਼ੂ ਹਸਪਤਾਲ ਦੀ ਖੂਨ ਦੇਣ ਵਾਲੀ ਇਕਾਈ ਵਲੋਂ ਇਹ ਸਿਖਲਾਈ ਦਿੱਤੀ ਗਈ।ਖੂਨ ਵਿਚੋਂ ਲਾਲ ਲਹੂ ਕਣ, ਪਲੇਟਲੈਟਸ ਅਤੇ ਪਲਾਜ਼ਮਾ ਨੂੰ ਵੱਖ-ਵੱਖ ਕਰਕੇ ਇਸ ਨੂੰ ਤਿੰਨ ਭਾਗਾਂ ਵਿਚ ਤਿੰਨ ਵੱਖਰੇ-ਵੱਖਰੇ ਕੁੱਤਿਆਂ ਨੂੰ ਦਿੱਤਾ ਜਾ ਸਕਦਾ ਹੈ।
ਇਸ ਸਿਖਲਾਈ ਦੇ ਨਿਰਦੇਸ਼ਕ ਅਤੇ ਇਕਾਈ ਦੇ ਇੰਚਾਰਜ, ਡਾ. ਸ਼ੁਕਿ੍ਰਤੀ ਸ਼ਰਮਾ ਨੇ ਕਿਹਾ ਕਿ ਇਹ ਸਿਖਲਾਈ ਖੇਤਰ ਵਿਚ ਕੰਮ ਕਰਦੇ ਵੈਟਨਰੀ ਡਾਕਟਰਾਂ, ਪੋਸਟ ਗ੍ਰੈਜੂਏਟ ਵਿਦਿਆਰਥੀਆਂ ਅਤੇ ਕੁੱਤਿਆਂ ਦੇ ਇਲਾਜ ਸੰਬੰਧੀ ਪ੍ਰੈਕਟਿਸ ਕਰਨ ਵਾਲੇ ਪੇਸ਼ੇਵਰਾਂ ਲਈ ਰੱਖੀ ਗਈ ਸੀ।ਸਿਖਲਾਈ ਵਿਚ ਵਿਭਿੰਨ ਲੈਕਚਰ ਅਤੇ ਪ੍ਰਯੋਗੀ ਗਿਆਨ ਦਿੱਤਾ ਗਿਆ ਜਿਸ ਵਿਚ ਖੂਨ ਦੀ ਕਿਸਮ ਦੀ ਪਛਾਣ, ਖੂਨ ਦਾ ਮਿਲਾਨ ਅਤੇ ਖੂਨਦਾਨੀ ਕੁੱਤੇ ਵਿਚ ਬੀਮਾਰੀਆਂ ਦੀ ਪਛਾਣ ਕਰਨ ਸੰਬੰਧੀ ਮਹੱਤਵਪੂਰਣ ਗਿਆਨ ਸਾਂਝਾ ਕੀਤਾ ਗਿਆ।ਯੂਨੀਵਰਸਿਟੀ ਦੀ ਇਸ ਖੂਨ ਤਬਾਦਲਾ ਇਕਾਈ ਦੀ ਮੁਲਕ ਭਰ ਵਿਚ ਬਹੁਤ ਪ੍ਰਸੰਸਾ ਹੋ ਚੁੱਕੀ ਹੈ।
ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਇਸ ਸਿਖਲਾਈ ਦਾ ਆਰੰਭ ਕੀਤਾ ਸੀ ਅਤੇ ਕਿਹਾ ਕਿ ਕੁੱਤਿਆਂ ਨੂੰ ਖੂਨ ਦੇਣਾ ਇਸ ਵਕਤ ਬਹੁਤ ਵੱਡੀ ਜ਼ਰੂਰਤ ਹੈ।ਸਿਖਲਾਈ ਦੇ ਸਮਾਪਨ ਤੇ ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਨੇ ਕਿਹਾ ਕਿ ਯੂਨੀਵਰਸਿਟੀ ਖੂਨ ਤਬਾਦਲੇ ਦੀ ਇਸ ਸੇਵਾ ਤੋਂ ਇਲਾਵਾ ਪਸ਼ੂਆਂ ਅਤੇ ਜਾਨਵਰਾਂ ਲਈ ਬਹੁਤ ਸੇਵਾਵਾਂ ਉਪਲਬਧ ਕਰਵਾ ਰਹੀ ਹੈ।ਉਨ੍ਹਾਂ ਇਸ ਮੌਕੇ ਇਸ ਕਾਰਜ ਲਈ ਦਾਨੀ ਕੁੱਤੇ ਮੁਹੱਈਆ ਕਰਨ ਵਾਲੇ ਤਾਨਿਆ ਗਰਗ ਅਤੇ ਸੁਧੀਰ ਬਿਸ਼ਟ ਦੀ ਵੀ ਪ੍ਰਸੰਸਾ ਕੀਤੀ ਅਤੇ ਸਨਮਾਨਿਤ ਕੀਤਾ।ਇਨ੍ਹਾਂ ਨੇ 100 ਦੇ ਕਰੀਬ ਕੁੱਤੇ ਖੂਨਦਾਨ ਲਈ ਲਿਆਂਦੇ ਸਨ।ਡਾ. ਸਰਵਪ੍ਰੀਤ ਸਿੰਘ ਘੁੰਮਣ ਨੇ ਇਸ ਸਿਖਲਾਈ ਰਾਹੀਂ ਵੈਟਨਰੀ ਡਾਕਟਰਾਂ ਵਿਚ ਗਿਆਨ ਦਾ ਪਰਸਾਰ ਕਰਨ ਲਈ ਆਯੋਜਕਾਂ ਨੂੰ ਮੁਬਾਰਕਬਾਦ ਦਿੱਤੀ।
ਡਾ. ਸ਼ਰਮਾ ਨੇ ਕੁੱਤਿਆਂ ਦੇ ਮਾਲਕਾਂ ਨੂੰ ਕਿਹਾ ਕਿ ਉਹ ਆਪ ਆਉਣ ਅਤੇ ਕੁੱਤਿਆਂ ਦਾ ਖੂਨ ਦਾਨ ਕਰਨ ਕਿਉਂਕਿ ਕੁੱਤਿਆਂ ਦੇ ਖੂਨ ਦੀ ਵੀ ਕਾਫੀ ਕਮੀ ਹੈ ਅਤੇ ਬਹੁਤ ਸਾਰੇ ਕੁੱਤੇ ਖੂਨ ਦੀ ਘਾਟ ਕਾਰਨ ਹੀ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ।ਉਨ੍ਹਾਂ ਨੇ ਸਾਰੇ ਮਾਹਿਰਾਂ ਅਤੇ ਵੈਟਨਰੀ ਮੈਡੀਸਨ ਵਿਭਾਗ ਦੇ ਅਧਿਆਪਕਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸਿਖਲਾਈ ਸਫ਼ਲਤਾ ਸਹਿਤ ਸੰਪੂਰਨ ਹੋ ਸਕੀ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University completes first training in donating blood to dogs in North India