ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਬੀ ਸੀ ਐਲ ਇੰਡਸਟਰੀਜ਼, ਬਠਿੰਡਾ ਨਾਲ ਇਕ ਸਹਿਮਤੀ ਪੱਤਰ ’ਤੇ ਦਸਤਖ਼ਤ ਕੀਤੇ ਗਏ ਹਨ ਜਿਸ ਦੇ ਮੁਤਾਬਿਕ ਡਿਸਟਿਲਰੀ ਵਿਚ ਵਰਤੇ ਜਾਂਦੇ ਬਚੇ ਅਨਾਜ ਨੂੰ ਸੁਕਾ ਕੇ ਪਸ਼ੂ ਫੀਡ ਤਿਆਰ ਕਰਨ ਸੰਬੰਧੀ ਖੋਜ ਕਾਰਜ ਕੀਤਾ ਜਾਵੇਗਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦੀ ਮੌਜੂਦਗੀ ਵਿਚ ਯੂਨੀਵਰਸਿਟੀ ਵਲੋਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਬੀ ਸੀ ਐਲ ਇੰਡਸਟਰੀਜ਼ ਵਲੋਂ ਸ਼੍ਰੀ ਕੁਸ਼ਲ ਮਿੱਤਲ, ਸੰਯੁਕਤ ਪ੍ਰਬੰਧ ਨਿਰਦੇਸ਼ਕ ਨੇ ਸਮਝੌਤੇ ’ਤੇ ਦਸਤਖ਼ਤ ਕੀਤੇ।ਡਾ. ਇੰਦਰਜੀਤ ਸਿੰਘ ਨੇ ਪਸ਼ੂ ਆਹਾਰ ਵਿਭਾਗ ਦੇ ਵਿਗਿਆਨੀਆਂ ਅਤੇ ਕੰਪਨੀ ਦੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਕਿ ਸਿੱਖਿਆ ਅਤੇ ਉਦਯੋਗ ਦਾ ਇਹ ਸੁਮੇਲ ਬਹੁਤ ਫਾਇਦੇਮੰਦ ਸਾਬਿਤ ਹੋਵੇਗਾ।ਇਸ ਨਾਲ ਨਾ ਸਿਰਫ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਬਲਕਿ ਪਸ਼ੂਆਂ ਨੂੰ ਬਿਹਤਰ ਖੁਰਾਕ ਵੀ ਉਪਲਬਧ ਹੋਵੇਗੀ।
ਨਿਰਦੇਸ਼ਕ ਖੋਜ, ਡਾ. ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਲਗਾਤਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਪਸ਼ੂ ਪਾਲਣ ਦੇ ਖਰਚ ਨੂੰ ਘਟਾਉਣ ਸੰਬੰਧੀ ਕਾਰਜ ਕਰ ਰਹੀ ਹੈ।ਸ਼੍ਰੀ ਮਿੱਤਲ ਨੇ ਕਿਹਾ ਕਿ ਉਨ੍ਹਾਂ ਦੀ ਕੰਪਨੀ ਉਤਰੀ ਭਾਰਤ ਵਿਚ ਖਾਧ ਤੇਲਾਂ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਕੰਪਨੀ ਹੈ ਅਤੇ ਭਾਰਤ ਵਿਚ ਅਨਾਜ ਆਧਾਰਿਤ ਈਥਾਨੋਲ ਪੈਦਾ ਕਰਨ ਵਿਚ ਵੀ ਮੁਹਰਲੀ ਕਤਾਰ ਵਿਚ ਸ਼ਾਮਿਲ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੇ ਉਤਪਾਦ ਤਿਆਰ ਹੁੰਦਿਆਂ ਬਹੁਤ ਕੁਝ ਜੈਵਿਕ ਰਹਿੰਦ-ਖੂੰਹਦ ਵਜੋਂ ਬਚ ਜਾਂਦਾ ਹੈ ਜਿਸ ਨੂੰ ਕਿ ਸੁਕਾ ਲਿਆ ਜਾਂਦਾ ਹੈ।ਪਸ਼ੂ ਆਹਾਰ ਵਿਭਾਗ ਦੇ ਮੁਖੀ, ਡਾ. ਉਦੈਬੀਰ ਸਿੰਘ ਨੇ ਦੱਸਿਆ ਕਿ ਇਹ ਬਚੇ ਪਦਾਰਥ ਪਸ਼ੂਆਂ ਲਈ ਬਹੁਤ ਵਧੀਆ ਪ੍ਰੋਟੀਨ ਦਾ ਸਾਧਨ ਬਣਦੇ ਹਨ ਜਿਸ ਵਿਚ ਪਚਣ ਯੋਗ ਰੇਸ਼ੇ ਵੀ ਕਾਫੀ ਮਾਤਰਾ ਵਿਚ ਪਾਏ ਜਾਂਦੇ ਹਨ।ਇਹ ਪਸ਼ੂ ਦੇ ਹਾਜ਼ਮੇ ਲਈ ਬਹੁਤ ਬਿਹਤਰ ਖੁਰਾਕ ਬਣਦੀ ਹੈ ਅਤੇ ਵਧੇਰੇ ਦੁੱਧ ਦੇਣ ਵਾਲੇ ਪਸ਼ੂਆਂ ਲਈ ਬਹੁਤ ਫਾਇਦੇਮੰਦ ਹੈ।
ਡਾ. ਏ ਪੀ ਐਸ ਸੇਠੀ, ਵਿਭਾਗ ਦੇ ਪ੍ਰਮੁੱਖ ਵਿਗਿਆਨੀ ਨੇ ਦੱਸਿਆ ਕਿ ਇਸ ਉਤਪਾਦ ਵਿਚ ਪਾਈ ਜਾਂਦੀ ਕਾਫੀ ਮਾਤਰਾ ਵਿਚ ਚਿਕਨਾਈ ਪਸ਼ੂਆਂ ਅਤੇ ਪੋਲਟਰੀ ਲਈ ਊਰਜਾ ਦਾ ਵਧੀਆ ਸੋਮਾ ਬਣਦੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਪਸ਼ੂ ਖੁਰਾਕ ਦੀ ਮੱਝਾਂ ਅਤੇ ਮੁਰਗੀਆਂ ’ਤੇ ਪਰਖ ਕੀਤੀ ਜਾਵੇਗੀ ਤਾਂ ਜੋ ਇਨ੍ਹਾਂ ਦੀ ਪੌਸ਼ਟਿਕ ਸਮਰੱਥਾ ਦਾ ਪਤਾ ਲਗ ਸਕੇ।ਇਸ ਮੌਕੇ ’ਤੇ ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ, ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ, ਡਾ. ਸੰਜੀਵ ਕੁਮਾਰ ਉੱਪਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼, ਡਾ. ਅਮਰਜੀਤ ਸਿੰਘ, ਕੰਪਟਰੋਲਰ ਅਤੇ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਵੀ ਮੌਜੂਦ ਸਨ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
ਇਹ ਵੀ ਪੜ੍ਹੋ :- ਵੈਟਨਰੀ ਯੂਨਵਿਰਸਿਟੀ ਵਿਖੇ ਗੁਣਵੱਤਾ ਭਰਪੂਰ ਸਾਫ ਸੁਥਰੇ ਮੀਟ ਉਤਪਾਦ ਬਨਾਉਣ ਲਈ ਦਿੱਤੀ ਗਈ ਸਿਖਲਾਈ
Summary in English: Veterinary University enters into animal feed agreement with BCL Industries