ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਬਹੁ-ਵਿਸ਼ੇਸ਼ਤਾ ਵੈਟਨਰੀ ਹਸਪਤਾਲ ਅਤੇ ਖੇਤਰੀ ਖੋਜ ਤੇ ਸਿਖਲਾਈ ਕੇਂਦਰ, ਸੱਪਾਂਵਾਲੀ ਦੀ ਉਸਾਰੀ ਸੰਬੰਧੀ ਭੂਮੀ ਪੂਜਨ ਵਿਧੀ ਵਿਚ ਹਿੱਸਾ ਲਿਆ।ਵੈਟਨਰੀ ਯੂਨੀਵਰਸਿਟੀ, ਪੰਜਾਬ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਦੇ ਵੱਖੋ-ਵੱਖਰੇ ਖੇਤਰਾਂ ਵਿਚ ਅਜਿਹੇ ਬਹੁ-ਵਿਸ਼ੇਸ਼ਤਾ ਹਸਪਤਾਲ ਸਥਾਪਿਤ ਕਰ ਰਹੀ ਹੈ ਤਾਂ ਜੋ ਪਸ਼ੂ ਪਾਲਣ ਸੰਬੰਧੀ ਸੇਵਾਵਾਂ ਨੂੰ ਸਾਰੇ ਕਿਸਾਨਾਂ ਤਕ ਉਪਲਬਧ ਕੀਤਾ ਜਾ ਸਕੇ।ਇਸੇ ਯਤਨ ਵਿਚ ਪਿੰਡ ਸੱਪਾਂਵਾਲੀ, ਜ਼ਿਲ੍ਹਾ ਅਬੋਹਰ ਵਿਖੇ ਇਸ ਹਸਪਤਾਲ ਦੀ ਉਸਾਰੀ ਆਰੰਭ ਕੀਤੀ ਗਈ ਹੈ।
ਇਸ ਮੌਕੇ ਡਾ. ਇੰਦਰਜੀਤ ਸਿੰਘ ਨਾਲ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਮਿਲਖ਼ ਅਫ਼ਸਰ, ਯੂਨੀਵਰਸਿਟੀ ਦੇ ਅਧਿਕਾਰੀ, ਪੰਚਾਇਤ ਮੈਂਬਰ ਅਤੇ ਪਸ਼ੂ ਪਾਲਣ ਵਿਭਾਗ, ਪੰਜਾਬ ਦੇ ਅਧਿਕਾਰੀ ਵੀ ਸ਼ਾਮਿਲ ਹੋਏ।
ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਇਸ ਕੇਂਦਰ ਦੀ ਸਥਾਪਨਾ ਨਾਲ ਇਸ ਸਰਹੱਦੀ ਖੇਤਰ ਨੂੰ ਬਹੁਤ ਉਨੱਤ ਪਸ਼ੂ ਇਲਾਜ ਸਹੂਲਤਾਂ ਅਤੇ ਸੇਵਾਵਾਂ ਮਿਲਣਗੀਆਂ।ਉਨ੍ਹਾਂ ਕਿਹਾ ਕਿ ਇਸ ਕੇਂਦਰ ਵਿਖੇ ਇਸ ਖੇਤਰ ਦੀਆਂ ਲੋੜਾਂ ਸੰਬੰਧੀ ਖੋਜ ਕੀਤੀ ਜਾਵੇਗੀ ਤਾਂ ਜੋ ਕਿਸਾਨਾਂ ਦਾ ਆਰਥਿਕ ਪੱਧਰ ਵੀ ਉਪਰ ਚੁੱਕਿਆ ਜਾ ਸਕੇ।
ਡਾ. ਸੱਤਿਆਵਾਨ ਨੇ ਇਸ ਲੋਕ ਹਿਤ ਦੇ ਕਾਰਜ ਵਾਸਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਪਿੰਡ ਸੱਪਾਂਵਾਲੀ ਅਤੇ ਗਿੱਦੜਾਂਵਾਲੀ ਦੀ ਪੰਚਾਇਤ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਇਹ ਕੇਂਦਰ ਸਥਾਪਿਤ ਕਰਨ ਲਈ ਯੂਨੀਵਰਸਿਟੀ ਨੂੰ ਜ਼ਮੀਨ ਦਿੱਤੀ ਹੈ। 62 ਕਰੋੜ ਤੋਂ ਵੱਧ ਰਕਮ ਨਾਲ ਸਥਾਪਿਤ ਹੋਣ ਵਾਲੇ ਇਸ ਹਸਪਤਾਲ ਅਤੇ ਕੇਂਦਰ ਵਿਚ ਹਸਪਤਾਲੀ ਸੇਵਾਵਾਂ ਤੋਂ ਇਲਾਵਾ, ਡੇਅਰੀ, ਸੂਰ, ਬੱਕਰੀ ਅਤੇ ਮੱਛੀ ਫਾਰਮ ਵੀ ਸਥਾਪਿਤ ਹੋਣਗੇ ਜਿਥੇ ਕਿਸਾਨਾਂ ਨੂੰ ਪੂਰਣ ਸਿਖਲਾਈ ਵੀ ਦਿੱਤੀ ਜਾਵੇਗੀ।
ਡਾ. ਪ੍ਰਹਿਲਾਦ ਸਿੰਘ ਜੋ ਕਿ ਇਸ ਕੇਂਦਰ ਦੇ ਨੋਡਲ ਅਫ਼ਸਰ ਹਨ ਨੇ ਦੱਸਿਆ ਕਿ ਕੇਂਦਰ ਵਿਖੇ ਆਧੁਨਿਕ ਤਕਨੀਕਾਂ ਨਾਲ ਇਲਾਜ ਅਤੇ ਕਾਰਜ ਕੀਤਾ ਜਾਵੇਗਾ।ਇਸ ਤੋਂ ਇਲਾਵਾ ਯੂਨੀਵਰਸਿਟੀ, ਰਾਜ ਅਤੇ ਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਵਿਖੇ ਤਿਆਰ ਕੀਤੀਆਂ ਤਕਨਾਲੋਜੀਆਂ ਇਸ ਕੇਂਦਰ ਦੇ ਮਾਧਿਅਮ ਰਾਹੀਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਇਹ ਕੇਂਦਰ ਇਸ ਇਲਾਕੇ ਦੇ ਲੋਕਾਂ ਲਈ ਇਕ ਵਰਦਾਨ ਸਾਬਿਤ ਹੋਵੇਗਾ ਅਤੇ ਯੂਨੀਵਰਸਿਟੀ ਦੀਆਂ ਸੇਵਾਵਾਂ ਅਤੇ ਗਿਆਨ ਦਾ ਕੇਂਦਰ ਬਣੇਗਾ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University expands its services with the establishment of a multi-specialty veterinary hospital - Dr. Inderjit Singh, Vice Chancellor