World Milk Day: ਭਾਰਤੀ ਡੇਅਰੀ ਐਸੋਸੀਏਸ਼ਨ, ਉੱਤਰੀ ਜ਼ੋਨ, ਪੰਜਾਬ ਇਕਾਈ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਤਕਨਾਲੋਜੀ ਦੇ ਸਹਿਯੋਗ ਨਾਲ ਵਿਸ਼ਵ ਦੁੱਧ ਦਿਵਸ 2024 ਮਨਾਇਆ।
ਇਹ ਸਮਾਗਮ "ਜਾਗ ਵਾਲੇ ਡੇਅਰੀ ਉਤਪਾਦਾਂ ਦੇ ਲਾਭ" ਵਿਸ਼ੇ ਅਧੀਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਜਾਗ ਵਾਲੇ ਡੇਅਰੀ ਉਤਪਾਦਾਂ ਦੀ ਖੁਰਾਕੀ ਮਹੱਤਤਾ ਅਤੇ ਮਨੁੱਖੀ ਸਿਹਤ ਸੰਬੰਧੀ ਕਈ ਫਾਇਦਿਆਂ ਨੂੰ ਉਜਾਗਰ ਕੀਤਾ ਗਿਆ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਡੇਅਰੀ ਦੇ ਪੌਸ਼ਟਿਕ ਮੁੱਲ ਨੂੰ ਉਤਸਾਹਿਤ ਕਰਨ ਵਿੱਚ ਵਿਸ਼ਵ ਦੁੱਧ ਦਿਵਸ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਸਿੱਖਿਆ, ਖੋਜ ਅਤੇ ਭਾਈਚਾਰਕ ਸ਼ਮੂਲੀਅਤ ਰਾਹੀਂ ਡੇਅਰੀ ਵਿਗਿਆਨ ਨੂੰ ਅੱਗੇ ਵਧਾਉਣ ਲਈ ਯੂਨੀਵਰਸਿਟੀ ਦੇ ਸਮਰਪਣ ਭਾਵ ਦਾ ਜ਼ਿ਼ਕਰ ਕੀਤਾ। ਡਾ. ਰਾਮ ਸਰਨ ਸੇਠੀ, ਡੀਨ, ਕਾਲਜ ਆਫ ਡੇਅਰੀ ਅਤੇ ਫੂਡ ਸਾਇੰਸ ਟੈਕਨਾਲੋਜੀ, ਨੇ ਦਹੀ, ਲੱਸੀ ਅਤੇ ਪਨੀਰ ਵਰਗੇ ਜਾਗ ਵਾਲੇ ਡੇਅਰੀ ਉਤਪਾਦਾਂ ਦੇ ਲਾਭਾਂ `ਤੇ ਜ਼ੋਰ ਦਿੱਤਾ, ਉਨ੍ਹਾਂ ਨੇ ਇਨ੍ਹਾਂ ਦੇ ਗੁਣਾਂ ਦਾ ਹਵਾਲਾ ਦਿੱਤਾ ਜੋ ਪਾਚਨ, ਪ੍ਰਤੀਰੋਧੀ ਸਮਰੱਥਾ ਅਤੇ ਸਮੁੱਚੀ ਤੰਦਰੁਸਤੀ ਨੂੰ ਸੁਨਿਸ਼ਚਿਤ ਕਰਦੇ ਹਨ। ਉਨ੍ਹਾਂ ਨੇ ਖ਼ਪਤ ਨੂੰ ਉਤਸਾਹਿਤ ਕਰਨ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ ਕੀਤੀ।
ਭਾਰਤੀ ਡੇਅਰੀ ਐਸੋਸੀਏਸ਼ਨ ਦੀ ਪੰਜਾਬ ਇਕਾਈ ਦੇ ਚੇਅਰਮੈਨ ਸ. ਇੰਦਰਜੀਤ ਸਿੰਘ ਸਰਾਂ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਦੱਸਿਆ ਕਿ ਡੇਅਰੀ ਉਦਯੋਗ, ਡੇਅਰੀ ਵਿਕਾਸ ਵਿਭਾਗ, ਵੈਟਨਰੀ ਯੂਨੀਵਰਸਿਟੀ ਅਤੇ ਪੀਏਯੂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਇਲਾਵਾ ਡੇਅਰੀ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਸ਼ਿ਼ਰਕਤ ਕੀਤੀ।
ਇਸ ਸਮਾਗਮ ਵਿੱਚ ਡਾ. ਰਮਿਤ ਮਹਾਜਨ, ਪ੍ਰੋਫੈਸਰ, ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਨੇ ਮਾਨਸਿਕ ਤੰਦਰੁਸਤੀ ਵਿੱਚ ਅੰਤੜੀਆਂ ਦੀ ਸਿਹਤ ਦੀ ਅਹਿਮ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਡਾ. ਕਿਰਨ ਬੈਂਸ, ਡੀਨ, ਕਾਲਜ ਆਫ਼ ਕਮਿਊਨਿਟੀ ਸਾਇੰਸ, ਪੀ.ਏ.ਯੂ, ਨੇ ਅੰਤੜੀਆਂ `ਤੇ ਜਾਗ ਵਾਲੇ ਡੇਅਰੀ ਉਤਪਾਦਾਂ ਦੇ ਪ੍ਰਭਾਵ ਨੂੰ ਉਜਾਗਰ ਕੀਤਾ। ਡਾ. ਜੀ.ਐਸ. ਰਾਜੋਰਈਆ ਨੇ ਬਜ਼ਾਰ ਵਿੱਚ ਜਾਗ ਵਾਲੇ ਦੁੱਧ ਉਤਪਾਦਾਂ ਦੀ ਵਿਭਿੰਨਤਾ ਨੂੰ ਵਧਾਉਣ ਲਈ ਨੀਤੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਇਹ ਵੀ ਪੜ੍ਹੋ : Krishi Vigyan Kendra ਫਤਿਹਗੜ੍ਹ ਸਾਹਿਬ ਵੱਲੋਂ PM KISAN SAMMAN NIDHI ਸਮਾਰੋਹ ਦਾ ਆਯੋਜਨ, ਕਿਸਾਨਾਂ ਨਾਲ ਸਾਂਝੀ ਕੀਤੀ ਇਨ੍ਹਾਂ Fertilizers ਬਾਰੇ ਵਧੀਆ ਜਾਣਕਾਰੀ
ਸਮਾਗਮ ਦੀ ਸਮਾਪਤੀ ਡਾ. ਪੀ.ਕੇ. ਸਿੰਘ, ਸੈਮੀਨਾਰ ਦੇ ਪ੍ਰਬੰਧਕੀ ਸਕੱਤਰ ਦੇ ਧੰਨਵਾਦੀ ਸ਼ਬਦਾਂ ਨਾਲ ਹੋਈ। ਉਨ੍ਹਾਂ ਨੇ ਸਮਾਜ ਦੀ ਬਿਹਤਰੀ ਲਈ ਡੇਅਰੀ ਵਿਗਿਆਨ ਅਤੇ ਤਕਨਾਲੋਜੀ ਨੂੰ ਅੱਗੇ ਵਧਾਉਣ ਲਈ ਅਕਾਦਮਿਕ ਸੰਸਥਾਵਾਂ ਅਤੇ ਉਦਯੋਗ ਸੰਗਠਨਾਂ ਵਿਚਕਾਰ ਸਹਿਯੋਗ ਦੀ ਅਹਿਮ ਭੂਮਿਕਾ `ਤੇ ਜ਼ੋਰ ਦਿੱਤਾ।
Summary in English: Veterinary University of Ludhiana celebrated World Milk Day in collaboration with Dairy Association of India