ਪਸ਼ੂਆਂ ਦੀ ਸਿਹਤ ਸੰਭਾਲ ਸੰਬੰਧੀ ਭਾਰਤ ਕੋਲ ਆਪਣਾ ਇਕ ਪਰੰਪਰਾਗਤ ਇਲਾਜ ਢਾਂਚਾ ਅਤੇ ਗਿਆਨ ਉਪਲਬਧ ਹੈ।ਇਸ ਗਿਆਨ ਦੀ ਮਹੱਤਤਾ ਸਮਝਦੇ ਹੋਏ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਸਿਹਤ ਵਿਗਿਆਨ ਅਤੇ ਤਕਨਾਲੋਜੀ ਯੂਨੀਵਰਸਿਟੀ, ਕਰਨਾਟਕਾ ਨਾਲ ਇਕ ਸਹਿਮਤੀ ਪੱਤਰ ’ਤੇ ਸਹੀ ਪਾਈ ਜਿਸ ਅਨੁਸਾਰ ਦੋਵੇਂ ਸੰਸਥਾਵਾਂ ਆਪਣੇ ਵਿਗਿਆਨੀਆਂ ਦੀ ਸਿਖਲਾਈ ਅਤੇ ਜੜ੍ਹੀ ਬੂਟੀ ਔਸ਼ਧੀਆਂ ਤੇ ਖੋਜ ਕਾਰਜ ਵਾਲੇ ਖੇਤਰ ਵਿਚ ਮਿਲ ਕੇ ਕੰਮ ਕਰਨਗੀਆਂ।
ਇਕ ਆਨਲਾਈਨ ਮੀਟਿੰਗ ਵਿਚ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦੀ ਮੌਜੂਦਗੀ ਵਿਚ ਵੈਟਨਰੀ ਯੂਨੀਵਰਸਿਟੀ ਵਲੋਂ ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਕਰਨਾਟਕਾ ਦੀ ਯੂਨੀਵਰਸਿਟੀ ਵਲੋਂ ਸ਼੍ਰੀ ਅਤੁਲ ਕੁਮਾਰ ਗੁਪਤਾ, ਰਜਿਸਟਰਾਰ ਨੇ ਇਸ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ।ਇਸ ਮੌਕੇ ਦੋਵਾਂ ਸੰਸਥਾਵਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਸਾਰੇ ਪ੍ਰਤੀਭਾਗੀਆਂ ਨੂੰ ਜੀ ਆਇਆਂ ਕਿਹਾ ਅਤੇ ਮੀਟਿੰਗ ਦੀ ਕਾਰਵਾਈ ਸੰਭਾਲੀ।ਡਾ. ਗਿੱਲ ਨੇ ਵੈਟਨਰੀ ਯੂਨੀਵਰਸਿਟੀ ਅਤੇ ਡਾ. ਐਮ ਐਨ ਬੀ ਨਾਯਰ ਨੇ ਕਰਨਾਟਕਾ ਦੀ ਯੂਨੀਵਰਸਿਟੀ ਸੰਬੰਧੀ ਸੰਖੇੇਪ ਵਿਚ ਦੱਸਿਆ ਅਤੇ ਕਿਸਾਨਾਂ ਅਤੇ ਸਮਾਜਿਕ ਹਿਤਾਂ ਲਈ ਪਾਏ ਜਾ ਰਹੇ ਯੋਗਦਾਨ ਦੀ ਚਰਚਾ ਕੀਤੀ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਦੋਨਾਂ ਸੰਸਥਾਵਾਂ ਨੂੰ ਇਸ ਸਮਝੌਤੇ ਤਹਿਤ ਇਕੱਠੇ ਕਾਰਜ ਕਰਨ ਸੰਬੰਧੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਭਾਰਤ ਪੁਰਾਤਨ ਕਾਲ ਤੋਂ ਹੀ ਸਿੱਖਿਆ ਦਾ ਕੇਂਦਰ ਰਿਹਾ ਹੈ ਅਤੇ ਔਸ਼ਧੀ ਇਲਾਜ ਸੰਬੰਧੀ ਬਹੁਤ ਗਿਆਨਵਾਨ ਹੈ।ਉਨ੍ਹਾਂ ਕਿਹਾ ਕਿ ਹੁਣ ਉਸ ਗਿਆਨ ਨੂੰ ਮੁੜ ਲੱਭਣ ਤੇ ਵਿਚਾਰਨ ਦੀ ਜ਼ਰੂਰਤ ਹੈ ਤਾਂ ਜੋ ਪਸ਼ੂ ਇਲਾਜ ਦੇ ਸਿਲਸਿਲੇ ਵਿਚ ਉਸ ਨੂੰ ਵਰਤਮਾਨ ਸੰਦਰਭ ਵਿਚ ਵਰਤਿਆ ਜਾ ਸਕੇ।ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਵੈਟਨਰੀ ਯੂਨੀਵਰਸਿਟੀ ਵਿਖੇ ਸੰਨ 2016 ਤੋਂ ਹੀ ਆਯੂਸ਼ ਮੰਤਰਾਲਾ, ਭਾਰਤ ਸਰਕਾਰ ਦੀ ਪਹਿਲ ’ਤੇ ਪਸ਼ੂਆਂ ਸੰਬੰਧੀ ਜੜ੍ਹੀ ਬੂਟੀ ਦਵਾਈਆਂ ਦੀ ਖੋਜ ਵਾਸਤੇ ਕੇਂਦਰ ਸਥਾਪਿਤ ਕੀਤਾ ਹੋਇਆ ਹੈ।
ਸ਼੍ਰੀ ਅਤੁਲ ਗੁਪਤਾ ਨੇ ਕਿਹਾ ਕਿ ਸਾਨੂੰ ਘਰੇਲੂ ਅਤੇ ਚਿੜੀਆਘਰ ਪਸ਼ੂਆਂ, ਮੌਸਮੀ ਤਬਦੀਲੀਆਂ ਅਤੇ ਇਕ ਸਿਹਤ ਦੇ ਸੰਦਰਭ ਵਿਚ ਮਿਲ ਕੇ ਖੋਜ ਕਰਨਾ ਚਾਹੀਦਾ ਹੈ ਅਤੇ ਦੇਸੀ ਜੜ੍ਹੀ ਬੂਟੀਆਂ ਨੂੰ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਦੋਵੇਂ ਸੰਸਥਾਵਾਂ ਦੇ ਵਿਗਿਆਨੀ ਅਤੇ ਹੋਰ ਭਾਈਵਾਲ ਇਸ ਸਾਂਝੇ ਖੋਜ ਕਾਰਜ ਲਈ ਪੂਰੇ ਸਿਰੜ ਨਾਲ ਕਾਰਜ ਕਰਨਗੇ।
ਡਾ. ਸੁਰੇਸ਼ ਕੁਮਾਰ, ਵੈਟਨਰੀ ਫਾਰਮਾਕੋਲੋਜੀ, ਵਿਭਾਗ ਮੁਖੀ ਨੇ ਸਾਰੇ ਮਹਿਮਾਨਾਂ, ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ।ਇਸ ਆਯੋਜਨ ਸੰਬੰਧੀ ਡਾ. ਐਸ ਕੇ ਕੁਮਾਰ, ਵਿਗਿਆਨੀ, ਕਰਨਾਟਕਾ ਯੂਨੀਵਰਸਿਟੀ, ਅਤੇ ਡਾ, ਜਸਵਿੰਦਰ ਸਿੰਘ, ਸਹਿਯੋਗੀ ਪ੍ਰੋਫੈਸਰ, ਵੈਟਨਰੀ ਯੂਨੀਵਰਸਿਟੀ ਨੇ ਵਿਸ਼ੇਸ਼ ਭੂਮਿਕਾ ਨਿਭਾਈ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University signs MoU with University of Health Sciences and Technology