ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਅਧਿਆਪਕ ਜਥੇਬੰਦੀ ਨੇ ਸਰਕਾਰ ਵਲੋਂ ਵੈਟਨਰੀ, ਡਾਕਟਰੀ ਅਤੇ ਨਾਲ ਜੁੜੇ ਪੇਸ਼ਿਆਂ ਦੇ ਨਾਨ-ਪ੍ਰੈਕਟਿਸ ਭੱਤੇ ਨੂੰ ਘਟਾਉਣ ਅਤੇ ਤਨਖਾਹ ਦੇ ਬੁਨਿਆਦੀ ਢਾਂਚੇ ਨਾਲੋਂ ਨਿਖੇੜ ਦੇਣ ਸੰਬੰਧੀ ਆਪਣੀ ਘੋਰ ਨਾਰਾਜ਼ਗੀ ਜ਼ਾਹਿਰ ਕੀਤੀ ਹੈ।
ਜਥੇਬੰਦੀ ਦੀ ਕਾਰਜਕਾਰਨੀ ਨੇ ਇਸ ਸੰਬੰਧੀ ਸਖ਼ਤ ਰੁਖ ਅਪਣਾਉਂਦਿਆਂ ਕਿਹਾ ਹੈ ਕਿ ਇਸ ਭੱਤੇ ਨੂੰ 25 ਪ੍ਰਤੀਸ਼ਤ ਤੋਂ ਘਟਾ ਕੇ 20 ਪ੍ਰਤੀਸ਼ਤ ਕਰਨਾ ਵਾਜ਼ਿਬ ਨਹੀਂ ਹੈ।
ਸਰਕਾਰ ਵਲੋਂ ਇਸ ਨੂੰ ਬੁਨਿਆਦੀ ਤਨਖਾਹ ਦਾ ਹਿੱਸਾ ਵੀ ਨਾ ਰਹਿਣ ਦੇਣਾ ਇਕ ਹੋਰ ਵੱਡੀ ਸੱਟ ਹੈ ਜਿਸ ਨਾਲ ਕਿ ਦੂਸਰੇ ਭੱਤਿਆਂ ਅਤੇ ਪੈਨਸ਼ਨ ਲਾਭ ’ਤੇ ਵੀ ਨਾਂਹ-ਪੱਖੀ ਅਸਰ ਪਵੇਗਾ।ਕਾਰਜਕਾਰਨੀ ਨੇ ਕਿਹਾ ਕਿ ਚਲ ਰਹੀ ਮਹਾਂਮਾਰੀ ਦੌਰਾਨ ਵੈਟਨਰੀ ਡਾਕਟਰਾਂ ਨੇ ਸਵੈ-ਹਿਤਾਂ ਤੋਂ ਉਪਰ ਉਠ ਕੇ ਮਾਨਵਤਾ ਦੀ ਸੇਵਾ ਵਾਸਤੇ ਦਿਨ ਰਾਤ ਕਾਰਜ ਕੀਤਾ ਹੈ ਪਰ ਸਰਕਾਰ ਦੇ ਅਜਿਹੇ ਰਵੱਈਏ ਨਾਲ ਉਨ੍ਹਾਂ ਦੇ ਦਿਲ ਨੂੰ ਭਾਰੀ ਠੇਸ ਲੱਗੀ ਹੈ।
ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਵੈਟਨਰੀ ਡਾਕਟਰਾਂ ਨੂੰ ਇਹ ਭੱਤਾ ਇਸ ਲਈ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦਾ ਸਿੱਖਿਆ ਕਾਲ ਦੂਸਰੇ ਪੇਸ਼ਿਆਂ ਨਾਲੋਂ ਵਧੇਰੇ ਹੁੰਦਾ ਹੈ ਅਤੇ ਨੌਕਰੀ ਵਿਚ ਆਉਂਦਿਆਂ ਉਹ ਦੂਸਰੀ ਨੌਕਰੀਆਂ ਨਾਲੋਂ ਲੇਟ ਹੋ ਚੁੱਕੇ ਹੁੰਦੇ ਹਨ।
ਕਾਰਜਕਾਰਨੀ ਨੇ ਇਸ ਤਜ਼ਵੀਜ ਕੀਤੀ ਸਿਫਾਰਿਸ਼ ਸੰਬੰਧੀ ਨਾਰਾਜ਼ਗਰੀ ਜ਼ਾਹਿਰ ਕਰਦਿਆਂ ਰਾਜ ਦੇ ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਡਾਕਟਰਾਂ ਨੂੰ ਆਪਣੀ ਪੂਰਣ ਹਿਮਾਇਤ ਦਿੰਦਿਆਂ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਆਸ ਕੀਤੀ ਕਿ ਸਰਕਾਰ ਸੂਝ ਤੋਂ ਕੰਮ ਲੈਂਦਿਆਂ ਹੋਇਆਂ ਇਸ ’ਤੇ ਦੁਬਾਰਾ ਵਿਚਾਰ ਕਰੇਗੀ ਅਤੇ ਮੁਲਾਜ਼ਮ ਵਿਰੋਧੀ ਅਜਿਹੀਆਂ ਸਿਫਾਰਸ਼ਾਂ ’ਤੇ ਅਮਲ ਨਹੀਂ ਕਰੇਗੀ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University Teachers' Association supports veterinary doctors in the state