ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਅਧਿਆਪਕ ਜਥੇਬੰਦੀ ਨੇ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਵਿਰੋਧ ਵਿਚ ਯੂਨੀਵਰਸਿਟੀ ਕੈਂਪਸ ਵਿਖੇ ਪ੍ਰਦਰਸ਼ਨ ਕੀਤਾ।ਪ੍ਰਦਰਸ਼ਨ ਦਾ ਇਹ ਸੱਦਾ ਪੰਜਾਬ ਵੈਟਨਰੀ ਅਤੇ ਮੈਡੀਕਲ ਜਥੇਬੰਦੀਆਂ ਵਲੋਂ ਦਿੱਤਾ ਗਿਆ ਸੀ।ਇਸ ਪ੍ਰਦਰਸ਼ਨ ਦੌਰਾਨ ਅਧਿਆਪਕਾਂ ਨੇ ਨਾਨ-ਪ੍ਰੈਕਟਿਸ ਭੱਤਾ ਘਟਾਉਣ ਦੇ ਮੁਲਾਜ਼ਮ ਵਿਰੋਧੀ ਫੈਸਲੇ ਦੀ ਨਿਖੇਧੀ ਕੀਤੀ।
ਵੈਟਨਰੀ ਯੂਨੀਵਰਸਿਟੀ ਅਧਿਆਪਕ ਜਥੇਬੰਦੀ ਨੇ ਕਿਹਾ ਕਿ ਸਰਕਾਰ ਵਲੋਂ ਵੈਟਨਰੀ, ਮੈਡੀਕਲ ਅਤੇ ਦੂਜੇ ਡਾਕਟਰਾਂ ਦੇ ਭੱਤੇ ਨੂੰ ਘਟਾਉਣਾ ਅਤੇ ਬੁਨਿਆਦੀ ਤਨਖਾਹ ਢਾਂਚੇ ਨਾਲੋਂ ਨਿਖੇੜਨਾ ਬਹੁਤ ਮੰਦਭਾਗੀ ਕਾਰਵਾਈ ਹੈ।ਕਾਰਜਕਾਰਨੀ ਨੇ ਇਹ ਭੱਤਾ 25 ਪ੍ਰਤੀਸ਼ਤ ਤੋਂ ਘਟਾ ਕੇ 20 ਪ੍ਰਤੀਸ਼ਤ ਕਰਨ ਸੰਬੰਧੀ ਸਖ਼ਤ ਵਿਰੋਧ ਕੀਤਾ।ਉਨ੍ਹਾਂ ਕਿਹਾ ਕਿ ਇਸ ਭੱਤੇ ਨੂੰ ਤਨਖਾਹ ਢਾਂਚੇ ਨਾਲੋਂ ਨਿਖੇੜ ਦੇਣ ਨਾਲ ਮੁਲਾਜ਼ਮਾਂ ਦੇ ਪੈਨਸ਼ਨਰੀ ਲਾਭ ’ਤੇ ਵੀ ਬਹੁਤ ਨੁਕਸਾਨ ਹੋਵੇਗਾ।
ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਸਮੇਂ ਜਦੋਂ ਡਾਕਟਰ ਆਪਣੀ ਪੂਰੀ ਵਾਹ ਲਾ ਕੇ ਕੰਮ ਕਰ ਰਹੇ ਹਨ ਉਸ ਵੇਲੇ ਸਰਕਾਰ ਦਾ ਇਹ ਵਤੀਰਾ ਬਹੁਤ ਨਾਗਵਾਰ ਹੈ।ਸਰਕਾਰ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਵੈਟਨਰੀ ਡਾਕਟਰਾਂ ਨੂੰ ਇਹ ਭੱਤਾ ਉਨ੍ਹਾਂ ਦੇ ਨੌਕਰੀ ਵਿਚ ਲੇਟ ਆਉਣ ਕਾਰਣ ਦਿੱਤਾ ਜਾਂਦਾ ਹੈ ਕਿਉਂਕਿ ਉਨ੍ਹਾਂ ਦੀ ਸਿੱਖਿਆ ਦਾ ਸਮਾਂ ਲੰਮਾ ਹੋ ਜਾਂਦਾ ਹੈ।
ਨਾਰਾਜ਼ਗੀ ਦੀ ਇਸ ਲਹਿਰ ਵਿਚ ਸਾਰੇ ਪੰਜਾਬ ਦੇ ਵੈਟਨਰੀ ਡਾਕਟਰਾਂ ਨੇ ਅੰਦੋਲਨ ਆਰੰਭਿਆ ਹੋਇਆ ਹੈ ਜਿਸ ਸੰਬੰਧੀ ਵੈਟਨਰੀ ਯੂਨੀਵਰਸਿਟੀ ਦੇ ਡਾਕਟਰ ਵੀ ਪੂਰਣ ਯੋਗਦਾਨ ਪਾ ਰਹੇ ਹਨ।ਜਥੇਬੰਦੀ ਨੇ ਆਸ ਪ੍ਰਗਟਾਈ ਕਿ ਸਰਕਾਰ ਸੂਝ ਤੋਂ ਕੰਮ ਲਏਗੀ ਅਤੇ ਜੇ ਇਹ ਫ਼ੈਸਲਾ ਵਾਪਸ ਨਾ ਲਿਆ ਗਿਆ ਤਾਂ ਇਨ੍ਹਾਂ ਸਿਫਾਰਸ਼ਾਂ ਦੇ ਵਿਰੋਧ ਵਿਚ ਡਾਕਟਰੀ ਸੇਵਾਵਾਂ ਅਤੇ ਅਧਿਆਪਨ ਦਾ ਕੰਮ ਰੋਕ ਦਿੱਤਾ ਜਾਵੇਗਾ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University teachers protest against reduction of non-practice allowance