ਕਿਸੇ ਵੀ ਪਸ਼ੂ ਪਾਲਣ ਕਿੱਤੇ ਵਿਚ ਕੁੱਲ ਖਰਚੇ ਦਾ ਤਿੰਨ ਚੋਥਾਈ ਖਰਚ ਪਸ਼ੂਆਂ ਦੀ ਖੁਰਾਕ ’ਤੇ ਆਉਂਦਾ ਹੈ।ਇਨ੍ਹਾਂ ਖਰਚ ਹੋਣ ਦੇ ਬਾਵਜੂਦ ਵੀ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਸੰਤੁਲਿਤ ਖੁਰਾਕ ਦੇਣ ਤੋਂ ਪਿੱਛੇ ਰਹਿ ਜਾਂਦੇ ਹਾਂ।ਇਸ ਨੁਕਤੇ ਨੂੰ ਧਿਆਨ ਵਿਚ ਰੱਖਦੇ ਹੋਏ ਗੁਰੂ ਅੰਗਦ ਦੇਵ ਵੈੇਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵਲੋਂ 22 ਤੋਂ 26 ਫਰਵਰੀ ਦੌਰਾਨ ’ਪਸ਼ੂਧਨ ਪੌਸ਼ਟਿਕਤਾ ਜਾਗਰੂਕਤਾ ਹਫ਼ਤਾ’ ਮਨਾਇਆ ਜਾ ਰਿਹਾ ਹੈ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਖੇਤੀਬਾੜੀ ਦੇ ਕੁੱਲ ਘਰੇਲੂ ਉਤਪਾਦ ਵਿਚ ਪੰਜਾਬ ਵਿਚ ਪਸ਼ੂਧਨ ਦਾ ਯੋਗਦਾਨ ਲਗਾਤਾਰ ਵੱਧ ਰਿਹਾ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਲ 2000-01 ਵਿਚ ਜਿਥੇ ਇਹ ਹਿੱਸੇਦਾਰੀ 7884 ਕਰੋੜ ਭਾਵ 29.60% ਸੀ ਉਥੇ ਇਹ ਸਾਲ 2017-18 ਦੌਰਾਨ ਵੱਧ ਕੇ 43261 ਕਰੋੜ ਭਾਵ 37.65% ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਜੇ ਅਜਿਹੇ ਬੁਨਿਆਦੀ ਨੁਕਤਿਆਂ ਸੰਬੰਧੀ ਹੀ ਪੂਰਨ ਗਿਆਨ ਨਹੀਂ ਹੋ ਸਕਿਆ ਜਿਸ ਨਾਲ ਉਨ੍ਹਾਂ ਨੂੰ ਇਹ ਪਤਾ ਲੱਗ ਸਕੇ ਕਿ ਵੱਖੋ-ਵੱਖਰੀ ਉਮਰ ਵਰਗ ਜਾਂ ਨਸਲ ਅਤੇ ਜਾਤੀ ਦੇ ਪਸ਼ੂਆਂ ਲਈ ਕਿਹੜੀ ਖੁਰਾਕ ਵਰਤਣੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਜੁਲਾਈ, ਅਗਸਤ ਅਤੇ ਫਰਵਰੀ, ਮਾਰਚ ਦੇ ਮਹੀਨਿਆਂ ਵਿਚ ਸਾਡੇ ਕੋਲ ਭਰਪੂਰ ਮਾਤਰਾ ਵਿਚ ਹਰਾ ਚਾਰਾ ਹੁੰਦਾ ਹੈ ਅਤੇ ਕਈ ਮਹੀਨਿਆਂ ਵਿਚ ਇਸ ਦੀ ਕਮੀ ਰਹਿੰਦੀ ਹੈ।ਜੇ ਅਸੀਂ ਅਜਿਹੀਆਂ ਸਥਿਤੀਆਂ ਦੀ ਸਹੀ ਵਿਉਂਤਬੰਦੀ ਨਾ ਕਰੀਏ ਤਾਂ ਜਿਥੇ ਉਤਪਾਦਨ ਵਿਚ ਕਮੀ ਆਉਂਦੀ ਹੈ ਉਥੇ ਪ੍ਰਜਣਨ ਸਮੱਸਿਆਵਾਂ ਵੀ ਆਉਂਦੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਹਫ਼ਤੇ ਦੌਰਾਨ ਅਖ਼ਬਾਰਾਂ ਵਿਚ ਵਿਸ਼ੇਸ਼ ਲੇਖ, ਖ਼ਬਰਾਂ ਅਤੇ ਪਸ਼ੂਧਨ ਖੁਰਾਕ ਜਾਗਰੂਕਤਾ ਸੰਬੰਧੀ ਜਾਣਕਾਰੀ ਪ੍ਰਕਾਸ਼ਿਤ ਕਰਵਾਈ ਜਾਵੇਗੀ।ਰੇਡੀਓ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਦੇ ਮਾਧਿਅਮਾਂ ਰਾਹੀਂ ਯੂਨੀਵਰਸਿਟੀ ਦੇ ਮਾਹਿਰ ਕਈ ਮਹੱਤਵਪੂਰਨ ਵਿਸ਼ਿਆਂ ’ਤੇ ਸੰਤੁਲਿਤ ਅਤੇ ਸਹੀ ਖੁਰਾਕ ਸੰਬੰਧੀ ਜਾਣਕਾਰੀ ਦੇਣਗੇ।ਇਸ ਸੰਬੰਧ ਵਿਚ ਸਿਖਲਾਈ ਪ੍ਰੋਗਰਾਮ ਵੀ ਕਰਵਾਏ ਜਾਣਗੇ।ਵਿਗਿਆਨੀਆਂ, ਪਸਾਰ ਮਾਹਿਰਾਂ ਅਤੇ ਵਿਦਿਆਰਥੀਆਂ ਨੂੰ ਖੇਤਰ ਵਿਚ ਫੀਡ ਉਤਪਾਦਕਾਂ ਦੀਆਂ ਉੱਚ ਗੁਣਵੱਤਾ ਵਾਲੀਆਂ ਇਕਾਈਆਂ ਦਾ ਦੌਰਾ ਵੀ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਪਸ਼ੂ ਪਾਲਣ ਕਿੱਤਿਆਂ ਵਿਚ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਪੂਰਨ ਸੰਭਾਵਨਾ ਹੈ।ਇਸ ਨਾਲ ਮਨੁੱਖੀ ਸਿਹਤ ਨੂੰ ਵੀ ਜਿਥੇ ਫਾਇਦਾ ਹੋਵੇਗਾ ਉਥੇ ਰੁਜ਼ਗਾਰ ਦੇ ਅਵਸਰ ਵੀ ਵਧਣਗੇ।ਪਸ਼ੂਆਂ ਦੀ ਉਤਪਾਦਕਤਾ ਬਿਹਤਰ ਹੋਣ ਨਾਲ ਪਸ਼ੂਆਂ ਦੀ ਨਸਲ ਸੁਧਾਰ ਅਤੇ ਸਿਹਤ ਪ੍ਰਬੰਧਨ ਨੂੰ ਵੀ ਬਿਹਤਰ ਕੀਤਾ ਜਾ ਸਕੇਗਾ।ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਉਹ ਆਸ ਕਰਦੇ ਹਨ ਕਿ ਅਜਿਹੇ ਉਪਰਾਲਿਆਂ ਨਾਲ ਕਿਸਾਨਾਂ ਵਿਚ ਜਾਗਰੂਕਤਾ ਵਧੇਗੀ ਅਤੇ ਉਹ ਆਪਣੇ ਪਸ਼ੂਆਂ ਨੂੰ ਪਰੰਪਰਾਗਤ ਖੁਰਾਕ ਦੇ ਨਾਲ-ਨਾਲ ਵਿਗਿਆਨਕ ਵਿਧੀਆਂ ਨਾਲ ਤਿਆਰ ਕੀਤੀ ਜਾ ਰਹੀ ਪੌਸ਼ਟਿਕ ਖੁਰਾਕ ਨੂੰ ਵੀ ਅਪਨਾਉਣਗੇ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University to celebrate 'Livestock Nutrition Awareness Week'