ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਸੂ ਪੌਸ਼ਟਿਕਤਾ ਜਾਗਰੂਕਤਾ ਹਫਤਾ 22 ਤੋਂ 26 ਫਰਵਰੀ 2021 ਤੱਕ ਮਨਾਇਆ ਗਿਆ । ਡਾ. ਪ੍ਰਕਾਸ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਇਹ ਖੁਲਾਸਾ ਕੀਤਾ ਕਿ ਪੰਜਾਬ ਵਿੱਚ ਡੇਅਰੀ ਫਾਰਮਿੰਗ ਦਾ ਵੱਡਾ ਹਿੱਸਾ ਅਜੇ ਵੀ ਛੋਟੇ ਕਿਸਾਨਾਂ ਦੇ ਹੱਥਾਂ ਵਿੱਚ ਹੈ।
ਇਹ ਕਿਸਾਨ ਅਕਸਰ ਆਪਣੇ ਪਸ਼ੂਆਂ ਦੀਆਂ ਪੌਸਟਿਕ ਜਰੂਰਤਾਂ ਬਾਰੇ ਜਾਗਰੂਕ ਨਹੀਂ ਹੁੰਦੇ। ਜਾਨਵਰਾਂ ਦੀਆਂ ਵੱਖ ਵੱਖ ਸ਼੍ਰੇਣੀਆਂ ਲਈ ਸੰਤੁਲਿਤ ਰਾਸਨਾਂ ਦੇ ਮਿਸਰਣ ਬਾਰੇ ਸਹੀ ਜਾਣਕਾਰੀ ਦੀ ਘਾਟ, ਅਕਸਰ, ਪਸ਼ੂ ਪਾਲਣ ਕਿੱਤੇ ਨੂੰ ਘਾਟੇਵੰਦ ਬਣਾ ਦਿੰਦੀ ਹੈ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਿਸਾਨਾਂ ਅਤੇ ਹੋਰ ਭਾਈਵਾਲਾਂ ਨੂੰ ਸੰਤੁਲਿਤ ਪੌਸ਼ਟਿਕਤਾ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਦੀ ਜਰੂਰਤ ਦਾ ਮਹੱਤਵ ਦੱਸਿਆ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਣ ਦੇ ਕੁੱਲ ਖਰਚ ਦਾ ਤਕਰੀਬਨ 70% ਖਰਚ ਪਸ਼ੂ ਖੁਰਾਕ ’ਤੇ ਹੀ ਹੋ ਜਾਂਦਾ ਹੈ। ਯੂਨੀਵਰਸਿਟੀ ਨੇ ਇਸ ਤਰ੍ਹਾਂ ਪਸ਼ੂ ਪਾਲਣ ਪੌਸ਼ਟਿਕਤਾ ਜਾਗਰੂਕਤਾ ਹਫਤਾ ਆਯੋਜਿਤ ਕਰ ਕੇ ਉਪਲਬਧ ਸਾਧਨਾਂ ਰਾਹੀਂ ਬਿਹਤਰ ਖੁਰਾਕ ਬਾਰੇ ਦੱਸਣ ਦਾ ਸਾਰਥਕ ਉਪਰਾਲਾ ਕੀਤਾ ਹੈ।
ਜਾਗਰੂਕਤਾ ਹਫਤੇ ਦੀ ਸੁਰੂਆਤ ਕੈਂਪਸ ਵਿਖੇ ’ਉਤਪਾਦਨ ਵਧਾਉਣ ਲਈ ਪਸ਼ੂਧਨ ਪੌਸ਼ਟਿਕਤਾ ਵਿਚ ਨਵੇਂ ਪ੍ਰਚਲਨ’ ਵਿਸੇ ਤੇ ਇੱਕ ਰੋਜਾ ਵਰਕਸਾਪ ਨਾਲ ਕੀਤੀ ਗਈ। ਰਾਜ ਦੇ ਡੇਅਰੀ, ਪੋਲਟਰੀ, ਸੂਰ ਪਾਲਕਾਂ ਸਮੇਤ 120 ਤੋਂ ਵੱਧ ਹਿੱਸੇਦਾਰ, ਮਿਲਕਫੈਡ ਦੇ ਫੀਲਡ ਅਧਿਕਾਰੀ ਅਤੇ ਅਧਿਆਪਕ ਇਸ ਵਿਚ ਸ਼ਾਮਿਲ ਹੋਏ। ਅਗਲਾ ਪ੍ਰੋਗਰਾਮ ਕਪੂਰਥਲਾ ਜ਼ਿਲ੍ਹੇ ਵਿਚ ਮਾਰਕਫੈੱਡ ਦੇ ਫੀਡ ਬਨਾਉਣ ਵਾਲੇ ਪਲਾਂਟ ਦਾ ਦੌਰਾ ਸੀ।ਇਹ ਦੌਰਾ ਡਾ: ਉਦੇਬੀਰ ਸਿੰਘ, ਮੁਖੀ ਪਸ਼ੂ ਆਹਾਰ ਵਿਭਾਗ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ ਸੀ। ਕਿਸਾਨਾਂ ਨੂੰ ਧਾਤਾਂ ਦਾ ਮਿਸ਼ਰਣ ਬਨਾਉਣ ਦੀ ਹੱਥੀਂ ਸਿਖਲਾਈ ਦਾ ਆਯੋਜਨ ਵੀ ਕੀਤਾ ਗਿਆ ਸੀ। ਸਮਾਰੋਹਾਂ ਦੀ ਲੜੀ ਦੌਰਾਨ, ਪਸੂ ਪਾਲਣ ਪਸਾਰ ਸਿੱਖਿਆ ਵਿਭਾਗ ਨੇ ਬਟਾਲਾ ਦੇ ਸ਼ਿਵ ਬਟਾਲਵੀ ਆਡੀਟੋਰੀਅਮ ਵਿਖੇ ਖੇਤਰ ਵਿੱਚ ਕੰਮ ਕਰਦੇ ਵੈਟਨਰੀ ਅਧਿਕਾਰੀਆਂ ਲਈ ਰਿਫਰੈਸਰ ਸਿਖਲਾਈ ਵੀ ਕਰਵਾਈ। ਡਾ. ਰਾਕੇਸ਼ ਸਰਮਾ ਅਤੇ ਡਾ. ਜਸਪਾਲ ਸਿੰਘ ਹੁੰਦਲ ਨੇ ਗੁਰਦਾਸਪੁਰ ਜ਼ਿਲ੍ਹੇ ਦੇ 70 ਅਧਿਕਾਰੀਆਂ ਨੂੰ ਪਸ਼ੂ ਖੁਰਾਕ ਸੰਬੰਧੀ ਨਵੇਂ ਨੁਕਤਿਆਂ ਬਾਰੇ ਦੱਸਿਆ। ਹਫਤੇ ਦੇ ਆਖਰੀ ਦਿਨ ਸੰਤੁਲਿਤ ਖੁਰਾਕ ਸੰਬੰਧੀ ਇੱਕ ਸਿਖਲਾਈ ਪ੍ਰੋਗਰਾਮ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਮਨੂਪੁਰ ਵਿਖੇ ਡੇਅਰੀ ਕਿਸਾਨਾਂ ਲਈ ਆਯੋਜਿਤ ਕੀਤਾ ਗਿਆ। ਕਿਸਾਨਾਂ ਨੂੰ ਖਣਿਜ ਮਿਸਰਣ, ਪਸ਼ੂ ਚਾਟ ਅਤੇ ਪਸੂਆਂ ਦੀ ਫੀਡ ਵਿੱਚ ਬਾਈਪਾਸ ਫੈਟ ਨੂੰ ਸਾਮਿਲ ਕਰਨ ਬਾਰੇ ਦੱਸਿਆ ਗਿਆ।
ਇਸ ਹਫਤੇ ਦੌਰਾਨ, ਕਿ੍ਰਸੀ ਵਿਗਿਆਨ ਕੇਂਦਰ, ਮੁਹਾਲੀ, ਬਰਨਾਲਾ, ਅਤੇ ਤਰਨਤਾਰਨ ਨੇ ਵੀ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਜਾਗਰੂਕਤਾ ਕੈਂਪ ਅਤੇ ਸਿਖਲਾਈ ਪ੍ਰੋਗਰਾਮ ਆਯੋਜਿਤ ਕੀਤੇ।
ਟੀ ਵੀ / ਰੇਡੀਓ ਗੱਲਬਾਤ, ਅਖਬਾਰਾਂ ਦੇ ਲੇਖਾਂ ਆਦਿ ਰਾਹੀਂ ਪਸ਼ੂਆਂ ਦੀ ਖੁਰਾਕ ਸੰਬੰਧੀ ਮੁੱਦਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਉਪ-ਕੁਲਪਤੀ ਨੇ ਵੱਖ-ਵੱਖ ਭਾਈਵਾਲ ਧਿਰਾਂ ਨੂੰ ਸੰਤੁਲਿਤ ਖੁਰਾਕ ਸੰਬੰਧੀ ਜਾਗਰੂਕਤਾ ਦੇਣ ਲਈ ਪਸਾਰ ਸਿੱਖਿਆ ਨਿਰਦੇਸ਼ਾਲੇ ਦੇ ਯਤਨਾਂ ਦੀ ਸਲਾਘਾ ਕੀਤੀ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Veterinary University's "Animal Nutrition Awareness Week" completes