IDEATHON-2023: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਵੱਲੋਂ ‘ਆਈਡੀਆਥੋਨ-2023’ ਦਾ 17 ਜੁਲਾਈ 2023 ਨੂੰ ਆਯੋਜਨ ਕੀਤਾ ਜਾ ਰਿਹਾ ਹੈ। ਇਸ ਦਾ ਵਿਸ਼ਾ ਹੋਵੇਗਾ ‘ਸੁਚੱਜੇ ਪਸ਼ੂਧਨ ਕਿੱਤਿਆਂ ਲਈ ਬਾਇਓਤਕਨਾਲੋਜੀ ਦਾ ਯੋਗਦਾਨ’।
ਡਾ. ਯਸ਼ਪਾਲ ਸਿੰਘ ਮਲਿਕ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਅਤੇ ਇਸ ਆਯੋਜਨ ਦੇ ਪ੍ਰਧਾਨ ਨੇ ਦੱਸਿਆ ਕਿ ਇਹ ਆਯੋਜਨ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਦੇ ਦਿਸ਼ਾ ਨਿਰਦੇਸ਼ ਅਧੀਨ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਸ ਗਤੀਵਿਧੀ ਵਿੱਚ ਵਿਭਿੰਨ ਵਿਸ਼ਿਆਂ ਉਤੇ ਗਿਆਨ ਸਾਂਝਾ ਕੀਤਾ ਜਾਏਗਾ। ਇਹ ਵਿਸ਼ੇ ਹਨ ‘ਪਸ਼ੂ ਸਿਹਤ ਵਿਚ ਬਾਇਓਤਕਨਾਲੋਜੀ’, ‘ਪਸ਼ੂ ਉਤਪਾਦਨ ਵਿਚ ਬਾਇਓਤਕਨਾਲੋਜੀ’, ‘ਵੇਸਟ ਟੂ ਵੈਲਥ: ਬਾਇਓਤਕਨਾਲੋਜੀ ਰਾਹੀਂ ਨਵੇਂ ਉਪਰਾਲੇ’।
ਡਾ. ਮਲਿਕ ਨੇ ਦੱਸਿਆ ਕਿ ਇਹ ਗਤੀਵਿਧੀ ਨੌਜਵਾਨ ਖੋਜਾਰਥੀਆਂ ਨੂੰ ਬਾਇਓਤਕਨਾਲੋਜੀ ਦੇ ਖੇਤਰ ਵਿਚ ਖੋਜ ਕਰਨ ਹਿਤ ਮੰਚ ਪ੍ਰਦਾਨ ਕਰੇਗੀ। ਉਨ੍ਹਾਂ ਕਿਹਾ ਕਿ ਇਸ ਵਾਸਤੇ ਸਾਨੂੰ ਮੁਲਕ ਦੇ ਵੱਖੋ-ਵੱਖਰੇ ਹਿੱਸਿਆਂ ਤੋਂ ਉਭਰਦੇ ਹੋਏ ਖੋਜਾਰਥੀ ਹੁੰਗਾਰਾ ਭਰ ਰਹੇ ਹਨ। ਇਨ੍ਹਾਂ ਖੋਜਾਰਥੀਆਂ ਦੇ ਖੋਜ ਕਾਰਜ ਦਾ ਮੁਲਾਂਕਣ ਰਾਸ਼ਟਰੀ ਪੱਧਰ ਦੀਆਂ ਸ਼ਖ਼ਸੀਅਤਾਂ ਕਰਨਗੀਆਂ।
ਡਾ. ਬਲਬੀਰ ਬਗੀਚਾ ਸਿੰਘ ਧਾਲੀਵਾਲ, ਆਈਡੀਆਥੋਨ ਕਨਵੀਨਰ ਨੇ ਕਿਹਾ ਕਿ ਇਸ ਵਿਚ ਸ਼ਿਰਕਤ ਕਰਨ ਲਈ ਕੋਈ ਫੀਸ ਨਹੀਂ ਹੈ। ਹੁਣ ਤਕ 40 ਤੋਂ ਵਧੇਰੇ ਵਿਦਿਆਰਥੀ ਇਸ ਲਈ ਆਪਣਾ ਨਾਮ ਦਰਜ ਕਰਵਾ ਚੁੱਕੇ ਹਨ। ਡਾ. ਬੀ ਵੀ ਸੁਨੀਲ, ਪ੍ਰਬੰਧਕੀ ਸਕੱਤਰ ਨੇ ਦੱਸਿਆ ਕਿ ਖੋਜ ਦਾ ਸੰਖੇਪ ਸਾਰ ਜਮ੍ਹਾਂ ਕਰਵਾਉਣ ਲਈ ਅੰਤਿਮ ਮਿਤੀ 12 ਜੁਲਾਈ 2023 ਰੱਖੀ ਗਈ ਹੈ।
ਇਹ ਵੀ ਪੜ੍ਹੋ: Campus Interview ਦੌਰਾਨ GADVASU ਵਿਦਿਆਰਥੀਆਂ ਨੂੰ ਮਿਲੀ ਵੱਡੀ ਪ੍ਰਾਪਤੀ
ਇਹ ਆਯੋਜਨ ਆਨਲਾਈਨ ਅਤੇ ਆਫਲਾਈਨ ਦੋਨਾਂ ਢੰਗਾਂ ਨਾਲ ਕਰਵਾਇਆ ਜਾਏਗਾ। ਉਨ੍ਹਾਂ ਇਹ ਵੀ ਦੱਸਿਆ ਕਿ ਆਈਡੀਆਥੋਨ ਦੇ ਵਿਭਿੰਨ ਵਿਸ਼ਿਆਂ ਲਈ ਅੰਡਰ ਗ੍ਰੈਜੂੇੲਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਵੱਖ-ਵੱਖ ਅਤੇ ਹਰੇਕ ਵਿਸ਼ੇ ’ਤੇ ਇਨਾਮ ਦਿੱਤੇ ਜਾਣਗੇ। ਮੁਲਾਂਕਣ ਖੋਜਾਰਥੀ ਦੀ ਪੇਸ਼ਕਾਰੀ, ਵਿਚਾਰ ਦੇ ਨਿਵੇਕਲੇਪਨ ਅਤੇ ਸੰਬੰਧਿਤ ਵਿਸ਼ੇ ਦੀ ਗਹਿਰਾਈ ਨੂੰ ਵੇਖ ਕੇ ਕੀਤਾ ਜਾਵੇਗਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਆਈਡੀਆਥੋਨ ਦੇ ਸਰਪ੍ਰਸਤ ਹੋਣਗੇ। ਉਨ੍ਹਾਂ ਨੇ ਆਯੋਜਕਾਂ ਅਤੇ ਪ੍ਰਤੀਭਾਗੀਆਂ ਨੂੰ ਇਸ ਆਯੋਜਨ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅਜਿਹੇ ਆਯੋਜਨ ਵਿਦਿਆਰਥੀਆਂ ਦੀ ਖੋਜ ਪ੍ਰਤਿਭਾ ਨੂੰ ਨਿਖਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: Veterinary Varsity is going to organize IDEATHON-2023