ਸੰਯੁਕਤ ਕਿਸਾਨ ਮੋਰਚਾ ਦੀ ਗੁਰੂਦੁਆਰਾ ਸ੍ਰੀ ਰਕਾਬਗੰਜ ਸਾਹਿਬ ’ਚ ਸੋਮਵਾਰ ਯਾਨੀ ਕੇ 14 ਨਵੰਬਰ ਨੂੰ ਦੇਸ਼ ਪੱਧਰੀ ਮੀਟਿੰਗ ਹੋਈ। ਇਸ `ਚ ਦੇਸ਼ ਭਰ ਦੀਆਂ ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਹਿੱਸਾ ਲਿਆ। ਇਸ ਮੀਟਿੰਗ `ਚ 70 ਤੋਂ ਵੱਧ ਆਗੂ ਹਾਜ਼ਿਰ ਰਹੇ। ਇਸ ਮੀਟਿੰਗ `ਚ ਸੰਯੁਕਤ ਕਿਸਾਨ ਮੋਰਚੇ ਨੇ ਫ਼ੈਸਲਾ ਕੀਤਾ ਹੈ ਕਿ ਉਹ 19 ਨਵੰਬਰ ਨੂੰ ‘ਫਤਿਹ ਦਿਵਸ’ ਵਜੋਂ ਮਨਾਉਣਗੇ। ਇਹ ਓਹੀ ਦਿਨ ਹੈ ਜਿਸ ਦਿਨ ਪ੍ਰਧਾਨ ਮੰਤਰੀ ਨੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕੀਤਾ ਸੀ।
ਤੁਹਾਨੂੰ ਦੱਸ ਦੇਈਏ ਕਿ 26 ਨਵੰਬਰ 2020 ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਲੱਖਾਂ ਕਿਸਾਨ ਦਿੱਲੀ ਵੱਲ ਰਵਾਨਾ ਹੋਏ ਸੀ। ਜਿਸਦੇ ਚਲਦਿਆਂ ਸੰਯੁਕਤ ਮੋਰਚੇ ਨੇ ਫ਼ੈਸਲਾ ਕੀਤਾ ਹੈ ਕਿ ਆਉਣ ਵਾਲੀ 26 ਨਵੰਬਰ ਨੂੰ ਹਰ ਸੂਬੇ ਦੇ ਰਾਜ ਭਵਨ ਵੱਲ ਮਾਰਚ ਕਰਕੇ ਰਾਜਪਾਲ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਨ੍ਹਾਂ ਮੰਗ ਪੱਤਰਾਂ `ਚ ਸੰਯੁਕਤ ਕਿਸਾਨ ਮੋਰਚੇ ਦੀਆਂ ਕੇਂਦਰੀ ਮੰਗਾਂ ਦੇ ਨਾਲ ਨਾਲ ਸਬੰਧਤ ਸੂਬੇ ਦੀਆਂ ਮੰਗਾਂ ਵੀ ਸ਼ਾਮਲ ਹੋਣਗੀਆਂ।
ਇਸ ਮੀਟਿੰਗ ਦੌਰਾਨ ਜਥੇਬੰਦੀਆਂ ਦੇ ਆਗੂਆਂ ਨੇ ਦਿੱਲੀ ਦੀਆਂ ਹੱਦਾਂ ’ਤੇ ਚੱਲੇ ਕਿਸਾਨ ਅੰਦੋਲਨ `ਤੇ ਚਰਚਾ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਲੀ ਦੀਆਂ ਹੱਦਾਂ ’ਤੇ ਚੱਲੇ ਕਿਸਾਨ ਅੰਦੋਲਨ ਨੂੰ ਖਤਮ ਹੋਏ ਇੱਕ ਸਾਲ ਹੋਣ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਵੱਲੋਂ ਮੋਰਚੇ ਨਾਲ ਕੀਤੇ ਗਏ ਸਮਝੌਤੇ ਵਾਲੇ ਜ਼ਿਆਦਾਤਰ ਵਾਅਦੇ ਅਜੇ ਵੀ ਪੂਰੇ ਨਹੀਂ ਹੋਏ ਹਨ। ਆਪਣੀਆਂ ਇਨ੍ਹਾਂ ਅਧੂਰੀਆਂ ਮੰਗਾਂ ਦੇ ਚਲਦਿਆਂ ਹੀ ਕਿਸਾਨ ਮੋਰਚੇ ਦੀ ਲੀਡਰਸ਼ਿਪ ਨੇ ਅੱਗੇ ਦੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ ਕਿਸਾਨ ਨੇਤਾ ਰਾਕੇਸ਼ ਟਿਕੇਤ
11 ਦਸੰਬਰ 2021 ਨੂੰ ਜਿੱਤ ਤੋਂ ਬਾਅਦ ਕਿਸਾਨ ਫਤਿਹ ਮਾਰਚ ਕਰਦਿਆਂ ਆਪਣੇ ਪਿੰਡਾਂ ਨੂੰ ਪਰਤ ਗਏ ਸਨ। ਇਸ ਕਰਕੇ ਆਉਣ ਵਾਲੀ 11 ਦਸੰਬਰ ਦਾ ਦਿਨ ਮੋਰਚੇ ਦੀ ਜਿੱਤ ਵਜੋਂ ਮਨਾਇਆ ਜਾਵੇਗਾ ਤੇ 1 ਤੋਂ 11 ਦਸੰਬਰ ਤੱਕ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਮੰਗ ਪੱਤਰ ਦਿੱਤੇ ਜਾਣਗੇ।
ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਲੀ ਮੀਟਿੰਗ 8 ਦਸੰਬਰ ਨੂੰ ਹੋਵੇਗੀ। ਇਸ `ਚ ਜਥੇਬੰਦੀਆਂ ਦੇ ਆਗੂਆਂ ਵੱਲੋਂ ਅੰਦੋਲਨ ਦੇ ਅਗਲੇ ਪੜਾਅ ਦਾ ਫ਼ੈਸਲਾ ਤੇ ਐਲਾਨ ਕੀਤਾ ਜਾਵੇਗਾ। ਇਸ ਮੀਟਿੰਗ `ਚ ਮੁੱਖ ਤੌਰ `ਤੇ ਕਰਜ਼ਾ ਮੁਕਤੀ ਤੇ ਐੱਮ.ਐੱਸ.ਪੀ (MSP) ਦੀ ਗਾਰੰਟੀ ਲਈ ਸੰਘਰਸ਼ ਦੀ ਤਿਆਰੀ ਦਾ ਵੇਰਵਾ ਦਿੱਤਾ ਜਾਵੇਗਾ।
Summary in English: "Victory Day" will be celebrated by the Sanyukt Kisan Morcha on November 19.