ਸਫਲ ਕਿਸਾਨ ਸੁਖਪਾਲ ਸਿੰਘ ਧਾਲੀਵਾਲ
Success Story: ਪੇਸ਼ੇ ਤੋਂ ਇੱਕ ਕਾਮਯਾਬ ਅਗਾਂਹਵਧੂ ਕਿਸਾਨ, ਪਰ ਅਸਲ ਜ਼ਿੰਦਗੀ ਵਿੱਚ ਸੱਚੀ-ਸੁੱਚੀ ਅਤੇ ਰੂਹਾਨੀ ਸ਼ਖ਼ਸੀਅਤ ਦੇ ਮਾਲਿਕ- ਸੁਖਪਾਲ ਸਿੰਘ ਧਾਲੀਵਾਲ, ਜਿਨ੍ਹਾਂ ਨਾਲ ਗੱਲਬਾਤ ਕਰਕੇ ਅਜਿਹਾ ਲੱਗਿਆ ਕਿ ਸੱਚੀ ਰੱਭ ਦੇ ਦਰਸ਼ਨ ਹੋ ਗਏ ਹੋਣ। ਕਿਸੇ ਗੱਲ ਦਾ ਗਿਲਾ ਨਹੀਂ ਤੇ ਕਿਸੇ ਕੰਮ ਦਾ ਕੋਈ ਫਿਕਰ-ਫਾਕਾ ਨਹੀਂ, ਅਜਿਹਾ ਮੰਨੋ ਜਿਵੇਂ ਸੱਚੀ ਰੱਭ ਆਪ ਉਨ੍ਹਾਂ ਨਾਲ ਵਿਚਰ ਰਿਹਾ ਹੋਵੇ ਅਤੇ ਉਨ੍ਹਾਂ ਦੇ ਕੰਮ ਸਿਰੇ ਚਾੜ ਰਿਹਾ ਹੋਵੇ।
ਕ੍ਰਿਸ਼ੀ ਜਾਗਰਣ ਨਾਲ ਖ਼ਾਸ ਗੱਲਬਾਤ ਦੌਰਾਨ ਸੁਖਪਾਲ ਸਿੰਘ ਧਾਲੀਵਾਲ ਨੇ ਆਪਣੀ ਆਪ-ਬੀਤੀ ਸੁਣਾਈ, ਨਾਲ ਹੀ ਇਹ ਗੱਲ ਵੀ ਸਾਂਝੀ ਕੀਤੀ ਕਿ ਜੇ ਮੰਨ ਸਾਫ ਹੋਵੇ ਤਾਂ ਕਿਵੇਂ ਨਾਮੁਮਕਿਨ ਕੰਮ ਵੀ ਆਪਣੇ-ਆਪ ਹੀ ਬਣਨੇ ਸ਼ੁਰੂ ਹੋ ਜਾਂਦੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੀ ਸਫਲ ਕਿਸਾਨੀ ਦੇ ਪਿੱਛੇ ਦੇ ਖੱਟੇ-ਮਿੱਠੇ ਪਲ ਵੀ ਸਾਂਝੇ ਕੀਤੇ ਅਤੇ ਸਮਝਾਇਆ ਕਿ ਕਿਸੇ ਵੀ ਚੀਜ਼ ਦੀ ਚਿੰਤਾ ਕਰਨਾ ਕੋਈ ਹੱਲ ਨਹੀਂ, ਸਗੋਂ ਉਸ ਚਿੰਤਾ ਤੋਂ ਕਿਵੇਂ ਬਾਹਰ ਨਿਕਲਿਆ ਜਾਵੇ ਅਤੇ ਆਪਣੀ ਜ਼ਿੰਦਗੀ ਲਈ ਨਵਾਂ ਰਾਹ ਤਿਆਰ ਕੀਤਾ ਜਾਵੇ।
ਅਗਾਂਹਵਧੂ ਕਿਸਾਨ ਸੁਖਪਾਲ ਸਿੰਘ ਧਾਲੀਵਾਲ ਸਪੁੱਤਰ ਸ. ਨਾਜਰ ਸਿੰਘ ਧਾਲੀਵਾਲ ਵਾਸੀ ਦਿਆਲਪੁਰਾ ਭਾਈ ਕਾ, ਸ਼ੁਰੂ ਤੋਂ ਹੀ ਆਪਣੇ ਪਿਤਾ ਪੁਰਖੀ ਧੰਦੇ ਪ੍ਰਤੀ ਪ੍ਰੇਮ ਅਤੇ ਸਮਰਪਿਤ ਰਹੇ। ਪਰ ਇਨ੍ਹਾਂ ਨੇ ਆਪਣੀ ਰਿਵਾਇਤੀ ਖੇਤੀ ਕਣਕ-ਝੋਨੇ ਨੂੰ ਛੱਡ ਕੇ ਕੁਝ ਵੱਖਰਾ ਕਰਨ ਦਾ ਸੋਚਿਆ, ਜਿਸ ਨਾਲ ਆਮਦਨ ਵਿੱਚ ਤਾਂ ਵਾਧਾ ਹੋਵੇ ਹੀ, ਨਾਲ ਹੀ ਵਾਤਾਵਰਨ ਦੀ ਸੰਭਾਲ ਵੀ ਹੋਵੇ ਅਤੇ ਲੋਕਾਂ ਨੂੰ ਸੇਧ ਵੀ ਦਿੱਤੀ ਜਾ ਸਕੇ। ਇਹ ਸੋਚ ਲੈ ਕਿਸਾਨ ਸੁਖਪਾਲ ਸਿੰਘ ਨੇ ਸਾਲ 1993 ਵਿੱਚ ਪੀ.ਏ.ਯੂ. ਲੁਧਿਆਣਾ ਵਿਖੇ ਯੰਗ ਫਾਰਮਿੰਗ ਦਾ ਤਿੰਨ ਮਹੀਨਿਆਂ ਦਾ ਕੋਰਸ ਕੀਤਾ ਅਤੇ ਪੂਰੀ ਤਰ੍ਹਾਂ ਨਾਲ ਯੂਨੀਵਰਸਿਟੀ ਨਾਲ ਜੁੜ ਗਏ। ਸਾਲ 1996 ਵਿੱਚ ਕਿਸਾਨ ਸੁਖਪਾਲ ਸਿੰਘ ਧਾਲੀਵਾਲ ਨੇ ਫਾਰਮ ਸਲਾਹਕਾਰ ਸੇਵਾ ਕੇਂਦਰ, ਬਠਿੰਡਾ ਨਾਲ ਜੁੜਕੇ ਸਬਜ਼ੀਆਂ ਜਿਵੇਂ ਕੇ ਮਿਰਚ, ਕੱਦੂ, ਫੁੱਲ ਗੋਭੀ, ਕਰੇਲਾ, ਖੀਰਾ, ਟਮਾਟਰ ਅਤੇ ਸ਼ਿਮਲਾ ਮਿਰਚ ਦੀ ਖੇਤੀ ਸ਼ੁਰੂ ਕੀਤੀ, ਜਿਸ ਵਿਚ ਡਾ. ਅਮਰਜੀਤ ਸਿੰਘ ਸੰਧੂ ਅਤੇ ਉਹਨਾਂ ਦੀ ਟੀਮ ਨੇ ਕਿਸਾਨ ਸੁਖਪਾਲ ਸਿੰਘ ਨੂੰ ਆਪਣਾ ਪੂਰਾ ਸਹਿਜੋਗ ਦਿੱਤਾ। ਸਬਜ਼ੀਆਂ ਦੇ ਨਾਲ-ਨਾਲ ਇਸ ਕਿਸਾਨ ਨੇ ਸਹਾਇਕ ਧੰਦੇ ਜਿਵੇਂ ਪਸ਼ੂ ਪਾਲਣ, ਮਧੂ ਮੱਖੀ ਪਾਲਣ, ਅਤੇ ਖੁੰਬਾਂ ਦੀ ਪੈਦਾਵਾਰ ਵੀ ਕੀਤੀ, ਜਿਸ ਨਾਲ ਇਸ ਕਿਸਾਨ ਨੂੰ ਚੰਗਾ ਮੁਨਾਫ਼ਾ ਹੋਇਆ। ਦੱਸ ਦੇਈਏ ਕਿ ਹੁਣ ਤੱਕ ਕਿਸਾਨ ਸੁਖਪਾਲ ਸਿੰਘ ਧਾਲੀਵਾਲ ਵੱਲੋਂ 25 ਕਿਸਾਨਾਂ ਨੂੰ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਅੱਜ ਉਹ ਵੀ ਇਸ ਧੰਦੇ ਤੋਂ ਚੰਗੀ ਕਮਾਈ ਕਰ ਰਹੇ ਹਨ।
ਸਾਲ 2007-2008 ਵਿਚ ਇਨ੍ਹਾਂ ਨੇ 9 ਏਕੜ ਰਕਬਾ ਲੇਜ਼ਰ ਲੈਵਲ ਕਰਵਾ ਕੇ ਤੁਪਕਾ ਸੰਚਾਈ ਸ਼ੁਰੂ ਕੀਤੀ, ਜਿਸ ਨਾਲ 25 ਪ੍ਰਤੀਸ਼ਤ ਪਾਣੀ ਦੀ ਬਚਤ ਤਾਂ ਹੋਈ ਹੀ ਨਾਲ ਹੀ ਸਬਜ਼ੀਆਂ ਦੀ ਪੈਦਾਵਾਰ ਵਿੱਚ ਵੀ ਵਾਧਾ ਹੋਇਆ। ਇਸ ਦੌਰਾਨ ਇਨ੍ਹਾਂ ਵੱਲੋਂ 5 ਏਕੜ ਨਰਮਾ ਵੀ ਤੁਪਕਾ ਸਿੰਚਾਈ 'ਤੇ ਲੱਗਿਆ, ਜਿਸ ਦਾ ਕਿਸਾਨ ਨੂੰ ਚਮਤਾਕਰੀ ਢੰਗ ਨਾਲ ਫਾਇਦਾ ਹੋਇਆ ਅਤੇ ਉਪਜ ਵੀ ਵੱਧ ਨਿਕਲੀ। ਇਸ ਤੋਂ ਇਲਾਵਾ ਸਬਜ਼ੀਆਂ ਦੀ ਵਾਧੂ ਪੈਦਾਵਾਰ ਲਈ ਕਿਸਾਨ ਸੁਖਪਾਲ ਸਿੰਘ ਨੇ ਆਪਣੇ ਇਲਾਕੇ ਵਿਚ ਸਭ ਤੋਂ ਪਹਿਲਾਂ ਸਾਲ 2008 ਵਿਚ 4 ਕਨਾਲਾਂ ਵਿੱਚ ਨੈਟ ਹਾਊਸ ਲਗਾਇਆ, ਜਿਸ ਵਿਚ ਇਨ੍ਹਾਂ ਵੱਲੋਂ ਸ਼ਿਮਲਾ ਮਿਰਚ, ਟਮਾਟਰ ਅਤੇ ਖੀਰੇ ਦੀ ਪੈਦਾਵਾਰ ਕੀਤੀ ਗਈ। ਕਿਸਾਨ ਸੁਖਪਾਲ ਸਿੰਘ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਉਨ੍ਹਾਂ ਵੱਲੋਂ ਕੀਤੀ ਗਈ ਪਹਿਲ ਸਦਕਾ ਅੱਜ ਉਨ੍ਹਾਂ ਦੇ ਪਿੰਡ ਦਿਆਲਪੁਰਾ ਭਾਈ ਕਾ ਵਿੱਚ 22 ਏਕੜ ਨੈਟ ਹਾਊਸ ਹੈ, ਜਿਸ ਵਿਚ ਆਮ ਤੌਰ 'ਤੇ ਖੀਰੇ ਦੀ ਖੇਤੀ ਕੀਤੀ ਜਾਂਦੀ ਹੈ।
ਖੇਤੀਵਾੜੀ ਦੇ ਨਾਲ-ਨਾਲ ਕਿਸਾਨ ਸੁਖਪਾਲ ਸਿੰਘ ਵਾਤਾਵਰਨ ਸੰਭਾਲ ਪ੍ਰਤੀ ਵੀ ਕਾਫੀ ਸੁਚੇਤ ਹਨ, ਜਿਵੇਂ ਕਿ ਇਨ੍ਹਾਂ ਵੱਲੋਂ ਆਪਣੇ ਖੇਤ ਆਲੇ-ਦੁਆਲੇ 800 ਵੱਖਰੇ-ਵੱਖਰੇ ਬੂਟੇ ਲਗਾਏ ਹਨ, ਜਿਸ ਨਾਲ ਵਾਤਾਵਰਨ ਤਾਂ ਸਾਫ ਹੁੰਦਾ ਹੀ ਹੈ ਨਾਲ ਹੀ ਆਲਾ-ਦੁਆਲਾ ਸੁੰਦਰ ਅਤੇ ਮਾਨਮੋਹਕ ਹੋ ਜਾਂਦਾ ਹੈ। ਸਾਲ 2015 ਵਿਚ ਇਸ ਕਿਸਾਨ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇਕ ਛੋਟੀ ਜੇਹੀ ਬਾੜੀ ਲਗਾਈ ਗਈ, ਜੋ ਕਿ ਜੰਗਲ ਦੇ ਸਿਧਾਂਤ 'ਤੇ ਅਧਾਰਿਤ ਹੈ, ਇਸ ਵਿਚ ਔਸ਼ਧੀ ਪੌਦੇ ਅਤੇ ਫ਼ਲਦਾਰ ਬੂਟੇ ਲਗਾਏ ਗਏ ਹਨ।
ਕਿਸਾਨ ਸੁਖਪਾਲ ਸਿੰਘ ਨੇ ਆਪਣੇ ਫਾਰਮ 'ਤੇ ਜ਼ਮੀਨ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਲਈ ਵਾਟਰ ਰਿਚਾਰਜ ਸਿਸਟਮ ਲਗਾਇਆ ਹੈ, ਅਤੇ ਬਾਰਿਸ਼ ਅਤੇ ਨਹਿਰੀ ਪਾਣੀ ਦੀ ਸੰਭਾਲ ਲਈ 4 ਕਨਾਲ ਵਿਚ ਇਕ ਟੈਂਕ ਵੀ ਬਣਾਇਆ ਹੈ ਜਿਸ ਵਿਚ ਪਾਣੀ ਸਟੋਰ ਕੀਤਾ ਜਾਂਦਾ ਹੈ ਅਤੇ ਲੋੜ ਪੈਣ 'ਤੇ ਇਹ ਪਾਣੀ ਸੰਚਾਈ ਲਈ ਵਰਤਿਆ ਜਾਂਦਾ ਹੈ। ਇਸ ਕਾਰਜ ਲਈ ਕਿਸਾਨ ਸੁਖਪਾਲ ਸਿੰਘ ਧਾਲੀਵਾਲ ਨੂੰ ਮਾਰਚ 2008 ਵਿੱਚ ਮੁੱਖ ਮੰਤਰੀ ਪੁਰਸਕਾਰ ਨਾਲ ਪੀ.ਏ.ਯੂ. ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਇਸ ਦੇ ਨਾਲ ਹੀ ਵੱਖ ਵੱਖ ਮੇਲਿਆਂ ਵਿੱਚ ਤਕਰੀਬਨ 55 ਮੁਕਾਬਲੇ ਵੀ ਇਨ੍ਹਾਂ ਵੱਲੋਂ ਜਿੱਤੇ ਗਏ।
ਇਹ ਪ੍ਰਗਤੀਸ਼ੀਲ ਕਿਸਾਨ ਹੇਠਾਂ ਦੱਸੇ ਸੰਸਥਾਵਾਂ ਤੇ ਕਲੱਬ ਵਿੱਚ ਮੈਂਬਰ ਵੱਜੋਂ ਜੁੜੇ:
- ਮੈਂਬਰ ਕਿਸਾਨ ਕਲੱਬ, ਪੀ.ਏ.ਯੂ. ਲੁਧਿਆਣਾ
- ਮੈਂਬਰ ਨੌਜਵਾਨ ਕਿਸਾਨ ਸੰਸਥਾ, ਬਠਿੰਡਾ
- ਮੈਂਬਰ ਚੰਗੀ ਖੇਤੀ ਮਾਸਿਕ ਪੱਤਰ, ਪੀ.ਏ.ਯੂ. ਲੁਧਿਆਣਾ
- ਸਾਬਕਾ ਮੈਂਬਰ ਸਬਜ਼ੀ ਉਤਪਦਕ ਕਮੇਟੀ, ਪੀ.ਏ.ਯੂ. ਲੁਧਿਆਣਾ
- ਮੈਂਬਰ ਫਾਰਮ ਸਲਾਹਕਾਰ ਕਮੇਟੀ (ਆਤਮਾ), ਬਠਿੰਡਾ
- ਮੈਂਬਰ ਪਨਸੀਡ ਕਾਰਪੋਰੇਸ਼ਨ ਪੰਜਾਬ
- ਮੈਂਬਰ ਕੌ-ਅਪ੍ਰੇਟਿਵ ਸੋਸਾਇਟੀ ਦਿਆਲਪੁਰਾ ਭਾਈ ਕਾ, ਬਠਿੰਡਾ
- ਮੈਂਬਰ ਨੈੱਟ ਉਤਪਾਦਕ ਐਸੋਸੀਏਸ਼ਨ, ਪੰਜਾਬ
- ਮੈਂਬਰ ਪੰਜਾਬ ਰਾਜ ਕਿਸਾਨ ਸੇਵਾ ਕਮਿਸ਼ਨ, ਪੰਜਾਬ
- ਮੈਂਬਰ ਗਵਰਨਿੰਗ ਬੋਰਡ ਸੀਡ ਸਰਟੀਫਿਕੇਸ਼ਨ, ਪੰਜਾਬ
ਹਾਸਿਲ ਕੀਤੇ ਪੁਰਸਕਾਰ/ ਇਨਾਮ/ ਮਾਣ ਦਾ ਵੇਰਵਾ
- ਪੀ.ਏ.ਯੂ ਲੁਧਿਆਣਾ ਦੁਆਰਾ 13/03/2008 ਨੂੰ ਮੁੱਖ ਮੰਤਰੀ ਅਵਾਰਡ।
- ਆਤਮਾ ਸਕੀਮ ਅਧੀਨ ਖੇਤੀਬਾੜੀ ਵਿਭਾਗ ਦੁਆਰਾ ਰਾਜ ਪੱਧਰੀ ਪੁਰਸਕਾਰ।
- ਜਫਰਨਾਮਾ ਸਾਹਿਬ ਸਪੋਰਟਸ ਕਲੱਬ ਦਿਆਲਪੁਰਾ ਭਾਈ ਕਾ ਵਲੋਂ ਵਿਸ਼ੇਸ਼ ਸਨਮਾਨ, ਮਈ 2009।
- ਅੰਬੀ ਹਠੂਰ ਇੰਟਰਨੈਸ਼ਨਲ ਕਬੱਡੀ ਕਲੱਬ ਵਲੋਂ ਵਿਸ਼ੇਸ਼ ਸਨਮਾਨ, ਫਰਵਰੀ 2010।
- ਮਾਡਰਨ ਖੇਤੀ ਨਾਭਾ ਵਾਲੇ ਫਰੀਦਕੋਟ ਵਿੱਖੇ ਕਿਸਾਨੀ ਮੇਲੇ ਉੱਪਰ ਪ੍ਰਗਤੀਸ਼ੀਲ ਕਿਸਾਨ ਦੇ ਤੌਰ ਤੇ ਪੰਜਾਬ ਪੱਧਰ ਤੇ ਸਨਮਾਨਤ ਕੀਤਾ।
- ਪਿੰਡ ਦੀ ਪੰਚਾਇਤ ਵੱਲੋਂ ਸਮਾਨਿਤ ਕੀਤਾ ਗਿਆ।
- ਬਾਰਟਾਨੀਆ ਬਿਸਕੁਟ ਵਾਲਿਆਂ ਵਲੋਂ ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ ਪਹਿਲਾ ਇਨਾਮ ਦਿੱਤਾ ਗਿਆ।
- ਜੈਨ ਅਡਵਾਈਜ਼ਰ ਵਲੋਂ 2013 ਵਿੱਚ ਫ਼ਸਲੀ ਵਿਭਿੰਨਤਾ ਲਈ ਸਨਮਾਨਿਤ ਕੀਤਾ
- 2014 ਵਿੱਚ ਕਿਸਾਨ ਕਲੱਬ ਪੀ.ਏ.ਯੂ. ਲੁਧਿਆਣਾ ਵਲੋਂ ਵਿਸ਼ੇਸ ਸਨਮਾਨ।
- ਖੇਤੀਬਾੜੀ ਫ਼ਸਲਾਂ ਅਤੇ ਸਬਜ਼ੀਆਂ ਦੇ ਮੁਕਾਬਲਿਆਂ ਵਿਚੋਂ ਪੀ.ਏ.ਯੂ. ਲੁਧਿਆਣਾ ਅਤੇ ਬਠਿੰਡਾ ਦੇ ਕਿਸਾਨ ਮੇਲਿਆਂ ਵਿਚੋਂ ਕੁਲ 55 ਇਨਾਮ ਪ੍ਰਾਪਤ ਕੀਤੇ।
- ਸੀ.ਪੀ.ਆਰ.ਐਸ., ਬਾਦਸ਼ਾਹਪੁਰ, ਜਲੰਧਰ ਵਾਲੋਂ ਸਮਾਨਿਤ ਕੀਤਾ ਗਿਆ।
ਪਰਿਵਾਰ ਵਲੋਂ ਦਿੱਤੇ ਜਾਂਦੇ ਪੁਰਸਕਾਰ
- ਮਾਤਾ ਗੁਰਦੇਵ ਕੌਰ ਤੇ ਪਿਤਾ ਸ. ਨਾਜਰ ਸਿੰਘ ਪੁਰਸਕਾਰ ਨਾਲ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
- ਪੀ.ਏ.ਯੂ. ਲੁਧਿਆਣਾ ਦੁਆਰਾ ਛੱਪੜਾਂ ਦੇ ਸੁਚੱਜੇ ਪ੍ਰਬੰਧ ਲਈ ਸ ਬਾਬੂ ਸਿੰਘ (ਦੀਦਾਰ ਸਿੰਘ ਵਾਲਾ) ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
- ਅਗਾਂਹਵਧੂ ਕਿਸਾਨਾਂ ਨੂੰ ਪੀ. ਏ.ਯੂ. ਲੁਧਿਆਣਾ ਵਲੋਂ ਸ ਉਜਾਗਰ ਸਿੰਘ ਮੇਮੋਰਿਯਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
- ਅਗਾਂਹਵਧੂ ਕਿਸਾਨਾਂ ਨੂੰ ਪੀ. ਏ.ਯੂ. ਲੁਧਿਆਣਾ ਵਲੋਂ ਸ ਦਲੀਪ ਸਿੰਘ ਮੇਮੋਰਿਯਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
ਸਾਲ 2015 ਵਿੱਚ ਕਿਸਾਨ ਸੁਖਪਾਲ ਸਿੰਘ ਦੀ ਮੁਲਾਕਾਤ ਡਾ. ਸੁਖਵਿੰਦਰ ਸਿੰਘ ਚਾਹਲ (ਸੀ.ਪੀ.ਆਰ.ਐਸ. ਬਾਦਸ਼ਾਹਪੁਰ) ਨਾਲ ਹੋਈ, ਜਿਨ੍ਹਾਂ ਦੀ ਪ੍ਰੇਰਨਾ ਸਦਕਾ ਇਸ ਕਿਸਾਨ ਵੱਲੋਂ 2 ਕਨਾਲ ਤੋਂ ਆਲੂ ਦੀ ਖੇਤੀ ਸ਼ੁਰੂ ਕੀਤੀ ਗਈ ਅਤੇ ਅੱਜ ਇਹ ਕਿਸਾਨ 35 ਏਕੜ ਜ਼ਮੀਨ ਵਿੱਚ ਆਲੂਆਂ ਦਾ ਉੱਚ ਕੁਆਲਟੀ ਬੀਜ ਪੈਦਾ ਕਰ ਰਿਹਾ ਹੈ। ਦੱਸ ਦੇਈਏ ਕਿ 2018 ਤੋਂ 2020 ਤੱਕ ਕਿਸਾਨ ਸੁਖਪਾਲ ਸਿੰਘ ਆਰਜੀ ਨੈਟ ਲਗਾ ਕੇ ਮਿੰਨੀ ਟਿਊਬਰ ਪੈਦਾ ਕਰਦੇ ਸਨ। 2020 'ਚ ਇਨ੍ਹਾਂ ਵੱਲੋਂ 4 ਕਨਾਲ ਵਿਚ ਨੈਟ ਹਾਊਸ ਲਗਾਇਆ ਗਿਆ, ਜਿਸ ਵਿਚ ਇਨ੍ਹਾਂ ਨੇ ਮਿੰਨੀ ਟਿਊਬਰ ਪੈਦਾ ਕਰਨਾ ਸ਼ੁਰੂ ਕੀਤਾ। 2022 ਵਿੱਚ ਸੀ.ਪੀ.ਆਰ.ਐਸ ਦੇ ਡਾ. ਸੁਖਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਦੇ ਸਹਿਯੋਗ ਸਦਕਾ ਮਾਲਵਾ ਖੇਤਰ ਦਾ ਪਹਿਲਾ ਐਰੋਪੋਨਿਕ ਯੂਨਿਟ ਲਗਾਇਆ ਗਿਆ ਅਤੇ ਐਸ.ਡੀ ਬਾਇਓਟੈਕ ਸੀਡਜ਼ ਨਾਮ ਦੀ ਫਰਮ ਦੀ ਸ਼ੁਰੁਆਤ ਕੀਤੀ ਗਈ।
ਜ਼ਿਕਰਯੋਗ ਹੈ ਕਿ ਇਸ ਯੂਨਿਟ ਦੀ ਪੰਜ ਲੱਖ ਮਿੰਨੀ ਟਿਊਬਰ ਪੈਦਾ ਕਰਨ ਦੀ ਸਮਰੱਥਾ ਸੀ। ਕਿਸਾਨ ਸੁਖਪਾਲ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਸਾਲ 2024 ਵਿਚ ਅਸੀਂ 1 ਯੂਨਿਟ ਹੋਰ ਲਗਾਕੇ ਇਸ ਦੀ ਸਮਰੱਥਾ 10 ਲੱਖ ਮਿੰਨੀ ਟਿਊਬਰ ਕੀਤੀ। ਅੱਜ 53 ਸਾਲਾ ਕਿਸਾਨ ਸੁਖਪਾਲ ਸਿੰਘ ਧਾਲੀਵਾਲ ਦਿਆਲਪੁਰਾ ਭਾਈਕਾ ਵਿੱਚ ਸਥਿਤ ਐਸ.ਡੀ. ਬਿਓਟੈਕ ਸੀਡਜ਼ ਕੰਪਨੀ ਵਿੱਚ ਐਮ.ਡੀ. ਵੱਜੋਂ ਕੰਮ ਕਰ ਰਹੇ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰ ਰਹੇ ਹਨ। ਕਿਸਾਨ ਦਾ ਕਹਿਣਾ ਹੈ ਕਿ ਸਾਡਾ ਇਹ ਯੂਨਿਟ ਲਗਾਉਣ ਦਾ ਇੱਕੋ-ਇੱਕ ਮਕਸਦ ਹੈ ਕਿ ਕਿਸਾਨਾਂ ਨੂੰ ਆਲੂਆਂ ਦਾ ਉੱਚ ਕੁਆਲਿਟੀ ਬੀਜ ਦਿੱਤਾ ਜਾਵੇ ਅਤੇ ਕ੍ਰਿਸ਼ੀ ਜਾਗਰਣ ਇਸ ਕਿਸਾਨ ਦੀ ਸੋਚ, ਮਿਹਨਤ ਅਤੇ ਜਜ਼ਬੇ ਨੂੰ ਸਲਾਮ ਕਰਦਾ ਹੈ ਅਤੇ ਉਮੀਦ ਕਰਦਾ ਹੈ ਕਿ ਇਸ ਕਿਸਾਨ ਵੱਲੋਂ ਵਿੱਢੀ ਗਈ ਮੁਹਿੰਮ ਵਿੱਚ ਇਹ ਜ਼ਰੂਰ ਕਾਮਯਾਬ ਹੋਣ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲ ਕਿਸਾਨ ਦੀ ਕਹਾਣੀ ਬਾਰੇ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸ ਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ [email protected] 'ਤੇ ਈਮੇਲ ਕਰੋ।
Summary in English: Bathinda Potato Seed Grower Sukhpal Singh Dhaliwal, See how this 10th pass farmer earned fame in Aeroponic Farming