Success Story: ਮੌਸਮ 'ਚ ਹੋ ਰਹੀ ਲਗਾਤਾਰ ਤਬਦੀਲੀ ਕਿਸਾਨਾਂ ਲਈ ਵੱਡੀ ਮੁਸੀਬਤ ਬਣੀ ਹੋਈ ਹੈ। ਜੀ ਹਾਂ, ਕਦੇ ਬਰਸਾਤ ਕਾਰਨ ਤੇ ਕਦੇ ਗਰਮੀ ਕਾਰਨ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਇੱਕ ਅਜਿਹੇ ਖੇਤੀ ਮਾਡਲ ਦੀ ਲੋੜ ਹੈ ਜੋ ਵਾਤਾਵਰਨ ਪੱਖੀ ਹੋਣ ਦੇ ਨਾਲ-ਨਾਲ ਕਰਜ਼ਾ ਮੁਕਤ ਵੀ ਹੋਵੇ, ਤਾਂ ਜੋ ਸਾਡੇ ਕਿਸਾਨ ਕੁਦਰਤੀ ਆਫ਼ਤਾਂ ਨਾਲ ਚੰਗੀ ਤਰ੍ਹਾਂ ਨਜਿੱਠ ਸਕਣ ਅਤੇ ਉਨ੍ਹਾਂ ਨੂੰ ਵੱਡਾ ਨੁਕਸਾਨ ਨਾ ਝੱਲਣਾ ਪਵੇ।
ਅੱਜ ਅਸੀਂ ਤੁਹਾਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਾਲਾ ਨੰਗਲ ਦੇ ਇੱਕ ਅਜਿਹੇ ਕਿਸਾਨ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ, ਜਿਨ੍ਹਾਂ ਦੇ ਖੇਤੀ ਮਾਡਲ ਨੇ ਕਿਸਾਨਾਂ ਵਿੱਚ ਉਮੀਦ ਪੈਦਾ ਕੀਤੀ ਹੈ ਕਿ ਹੁਣ ਉਨ੍ਹਾਂ ਦੀਆਂ ਫਸਲਾਂ ਬਰਬਾਦ ਨਹੀਂ ਹੋਣਗੀਆਂ। ਦੱਸ ਦੇਈਏ ਕਿ ਕਿਸਾਨ ਕੁਲਜਿੰਦਰ ਸਿੰਘ ਦਾ ਖੇਤੀ ਮਾਡਲ ਕਿਸਾਨਾਂ ਨੂੰ ਕਰਜ਼ਾ ਮੁਕਤ, ਵਾਤਾਵਰਣ ਪੱਖੀ ਅਤੇ ਲਾਹੇਵੰਦ ਖੇਤੀ ਬਾਰੇ ਜਾਚ ਦਿੰਦਾ ਹੈ। ਸਿਰਫ 5 ਏਕੜ ਦੀ ਮਾਲਕੀ ਵਾਲੇ ਇਸ ਮਿਹਨਤੀ ਕਿਸਾਨ ਨੇ ਲੀਕ ਤੋਂ ਹਟ ਕੇ ਖੇਤੀ ਕਰਦਿਆਂ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਹੁਣ ਕਿਸਾਨ ਉਨ੍ਹਾਂ ਦੀ ਖੇਤੀ ਦਾ ਨਮੂਨਾ ਦੇਖਣ ਲਈ ਦੂਰੋਂ-ਦੂਰੋਂ ਆਉਂਦੇ ਹਨ।
ਬਟਾਲਾ ਸ਼ਹਿਰ ਦੇ ਗੁਰਦਾਸਪੁਰ ਬਾਈਪਾਸ ਨੇੜੇ ਪਿੰਡ ਕਾਲਾ ਨੰਗਲ ਦੇ ਕਿਸਾਨ ਕੁਲਜਿੰਦਰ ਸਿੰਘ ਦੀ ਜ਼ਮੀਨ ਜਰਨੈਲੀ ਰੋਡ ਦੇ ਬਿਲਕੁਲ ਨਾਲ ਲੱਗਦੀ ਹੈ। ਦੱਸ ਦੇਈਏ ਕਿ ਕੁਲਜਿੰਦਰ ਸਿੰਘ ਵੀ ਪਹਿਲਾਂ ਆਮ ਕਿਸਾਨਾਂ ਵਾਂਗ ਕਣਕ-ਝੋਨੇ ਦੀ ਬਿਜਾਈ ਕਰਦੇ ਸਨ, ਪਰ ਫਸਲੀ ਚੱਕਰ ਕਾਰਨ ਉਨ੍ਹਾਂ ਨੂੰ ਬਹੁਤੀ ਬਚਤ ਨਹੀਂ ਹੁੰਦੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕੁਝ ਨਵਾਂ ਕਰਨ ਦੀ ਸੋਚੀ।
ਕਿਸਾਨ ਕੁਲਜਿੰਦਰ ਸਿੰਘ ਨੇ ਤਿੰਨ ਸਾਲ ਪਹਿਲਾਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਅਤੇ ਖੇਤੀ ਮਾਹਿਰਾਂ ਦੀ ਸਲਾਹ ਤੇ ਪ੍ਰੇਰਨਾ ਨਾਲ ਉਨ੍ਹਾਂ ਨੇ ਸਭ ਤੋਂ ਪਹਿਲਾਂ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਆਪਣਾ ਰਕਬਾ ਕੱਢ ਕੇ ਸਬਜ਼ੀਆਂ, ਕਮਾਦ, ਬਾਗਬਾਨੀ, ਹਲਦੀ ਦੀ ਖੇਤੀ, ਅਚਾਰ, ਗੁੜ ਤਿਆਰ ਕਰਨਾ, ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਕਿੱਤਾ ਸ਼ੁਰੂ ਕੀਤਾ। ਇਸ ਲਈ ਉਨ੍ਹਾਂ ਨੇ ਬਕਾਇਦਾ ਖੇਤੀਬਾੜੀ ਵਿਭਾਗ ਕੋਲੋਂ ਸਿਖਲਾਈ ਵੀ ਲਈ।
ਇਹ ਵੀ ਪੜ੍ਹੋ : ਅਤਿੰਦਰਪਾਲ ਸਿੰਘ ਨੇ Agriculture ਦੀ ਪੜ੍ਹਾਈ ਤੋਂ ਬਾਅਦ ਖੇਤੀ ਖੇਤਰ 'ਚ ਬਣਾਈ ਵੱਖਰੀ ਪਛਾਣ
ਕਿਸਾਨ ਕੁਲਜਿੰਦਰ ਸਿੰਘ ਦੀ ਮਿਹਨਤ ਰੰਗ ਲਿਆਈ ਅਤੇ ਵੇਖਦਿਆਂ ਹੀ ਵੇਖਦਿਆਂ ਉਨ੍ਹਾਂ ਨੇ ਨਵਾਂ ਖੇਤੀ ਮਾਡਲ ਖੜਾ ਕਰ ਦਿੱਤਾ। ਇਸ ਸਮੇਂ ਕਿਸਾਨ ਕੁਲਜਿੰਦਰ ਸਿੰਘ ਕੋਲ ਇੱਕ ਏਕੜ ਕਮਾਦ, ਇੱਕ ਏਕੜ ਬਾਸਮਤੀ, ਅੱਧਾ ਕਿੱਲੋ ਕਿੰਨੂ ਅਤੇ ਨਿੰਬੂ ਦਾ ਬਾਗ, ਇੱਕ ਏਕੜ ਗੋਭੀ, ਕੁਝ ਰਕਬੇ ਵਿੱਚ ਪਸ਼ੂਆਂ ਲਈ ਚਾਰਾ ਅਤੇ ਸ਼ਹਿਦ ਦੀਆਂ 45 ਪੇਟੀਆਂ ਹਨ। ਸਰਦੀਆਂ ਵਿੱਚ ਕਮਾਦ ਦੀ ਫ਼ਸਲ ਤੋਂ ਕਿਸਾਨ ਕੁਲਜਿੰਦਰ ਸਿੰਘ ਗੁੜ ਤਿਆਰ ਕਰਦੇ ਹਨ।
ਇਸੇ ਤਰਾਂ ਉਹ ਹਲਦੀ ਅਤੇ ਸ਼ਹਿਦ ਨੂੰ ਪ੍ਰੋਸੈੱਸ ਕਰਕੇ ਉਸਦੀ ਪੈਕਿੰਗ ਕਰਕੇ ਵੇਚਦੇ ਹਨ। ਮੌਸਮ ਦੇ ਹਿਸਾਬ ਨਾਲ ਫ਼ਲ ਤੇ ਸਬਜ਼ੀਆਂ ਤੋਂ ਉਨ੍ਹਾਂ ਨੂੰ ਲਗਾਤਾਰ ਆਮਦਨ ਹੁੰਦੀ ਰਹਿੰਦੀ ਹੈ। ਕਿਸਾਨ ਕੁਲਜਿੰਦਰ ਸਿੰਘ ਦੀ ਉੱਪਜ ਦੀ ਖਾਸ ਗੱਲ ਇਹ ਹੈ ਕਿ ਉਹ ਕਿਸੇ ਵੀ ਫ਼ਸਲ ਉੱਪਰ ਜ਼ਹਿਰਾਂ ਦਾ ਛਿੜਕਾਅ ਨਹੀਂ ਕਰਦੇ ਅਤੇ ਉਨ੍ਹਾਂ ਦੇ ਉਤਪਾਦ ਪੂਰੀ ਤਰਾਂ ਆਰਗੈਨਿਕ ਹੁੰਦੇ ਹਨ।
ਇਹ ਵੀ ਪੜ੍ਹੋ : ਇਸ ਅਗਾਂਹਵਧੂ ਕਿਸਾਨ ਨੇ ਖਾਦਾਂ ਦਾ ਖਰਚਾ ਅੱਧਾ ਕਰਨ ਦਾ ਦੱਸਿਆ ਤਰੀਕਾ, ਬਣਿਆ ਕਿਸਾਨਾਂ ਲਈ ਮਿਸਾਲ
ਕਿਸਾਨ ਕੁਲਜਿੰਦਰ ਸਿੰਘ ਨੇ ਆਪਣੇ ਖੇਤਾਂ ਵਿੱਚ ਅੰਮ੍ਰਿਤਸਰ-ਪਠਾਨਕੋਟ ਜਰਨੈਲੀ ਸੜਕ ਉੱਪਰ `ਕਿਸਾਨ ਹੱਟ` ਨਾਮ ਦਾ ਆਪਣਾ ਸੇਲਿੰਗ ਪੁਆਇੰਟ ਵੀ ਬਣਾਇਆ ਹੋਇਆ ਹੈ, ਜਿਥੇ ਉਹ ਆਪਣੇ ਖੇਤਾਂ ਵਿੱਚ ਤਿਆਰ ਉਤਪਾਦਾਂ ਨੂੰ ਵੇਚਦੇ ਹਨ। ਉਨ੍ਹਾਂ ਦੇ ਉਤਪਾਦ ਉੱਚ ਗੁਣਵਤਾ ਅਤੇ ਤਾਜ਼ਾ ਹੋਣ ਕਾਰਨ ਗ੍ਰਾਹਕ ਏਥੋਂ ਸਮਾਨ ਲੈਣ ਨੂੰ ਤਰਜੀਹ ਦਿੰਦੇ ਹਨ।
ਜ਼ਿਕਰਯੋਗ ਹੈ ਕਿ ਕਿਸਾਨ ਕੁਲਜਿੰਦਰ ਸਿੰਘ ਸਾਰੀ ਖੇਤੀ ਆਪਣੇ ਹੱਥੀਂ ਕਰਦੇ ਹਨ। ਕੁਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਦੋਂ ਦਾ ਉਨ੍ਹਾਂ ਨੇ ਕਣਕ-ਝੋਨੇ ਦੇ ਫਸਲੀ ਚੱਕਰ ਵਿਚੋਂ ਨਿਕਲ ਕੇ ਇਹ ਖੇਤੀ ਮਾਡਲ ਅਪਣਾਇਆ ਹੈ, ਓਦੋਂ ਤੋਂ ਉਨ੍ਹਾਂ ਦੀ ਆਮਦਨ ਵੀ ਵਧੀ ਹੈ ਅਤੇ ਹੁਣ ਸਾਰਾ ਸਾਲ ਹੀ ਉਨ੍ਹਾਂ ਨੂੰ ਕਮਾਈ ਹੁੰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਸਾਥੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਕਣਕ-ਝੋਨੇ ਦੇ ਫਸਲੀ ਚੱਕਰ ਵਿੱਚੋਂ ਨਿਕਲ ਕੇ ਹੋਰ ਫਸਲਾਂ ਦੀ ਬਿਜਾਈ ਕਰਨ, ਜਿਸ ਨਾਲ ਉਨ੍ਹਾਂ ਦੀ ਆਮਦਨੀ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਚੋਖਾ ਵਾਧਾ ਹੋ ਸਕੇ।
ਸਰੋਤ: ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਗੁਰਦਾਸਪੁਰ (District Public Relations Office, Gurdaspur)
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Farmer Kuljinder Singh's farming model showed farmers a new way