1. Home
  2. ਸਫਲਤਾ ਦੀਆ ਕਹਾਣੀਆਂ

Marigold Flowers ਦੀ ਖੇਤੀ ਦਾ ਸਿਰਮੌਰ ਕਿਸਾਨ ਹਰਜਿੰਦਰ ਸਿੰਘ ਬਣਿਆ Agricultural Diversification ਦੀ ਮਿਸਾਲ, ਆਪਣੇ ਪਿਤਾ ਅਤੇ PHD Student ਦੇ ਸਿਰ ਬੰਨਿਆ ਕਾਮਯਾਬੀ ਦਾ ਸਿਹਰਾ

ਦੁਨੀਆਂ ਨਾਲੋਂ ਵੱਖਰੀ ਰਾਹਾਂ 'ਤੇ ਤੁਰਨ ਵਾਲੇ ਲੋਕ ਨਾ ਸਿਰਫ ਵੱਡੀਆਂ ਬੁਲੰਦੀਆਂ ਹਾਸਲ ਕਰਦੇ ਹਨ, ਸਗੋਂ ਉਹ ਬਾਕੀਆਂ ਲਈ ਪ੍ਰੇਰਨਾ ਸਰੋਤ ਵੀ ਬਣਦੇ ਹਨ। ਕੁਝ ਅਜਿਹਾ ਹੀ ਕਰ ਦਿਖਾਇਆ ਹੈ ਬਲਾਕ ਕਾਹਨੂੰਵਾਨ ਦੇ ਕਿਸਾਨ ਹਰਜਿੰਦਰ ਸਿੰਘ ਬੁੱਟਰ ਪਿੰਡ ਗੋਤ ਖ਼ੁਰਦ ਨੇ, ਜਿਨ੍ਹਾਂ ਨੇ ਮੈਰੀਗੋਲਡ ਫੁੱਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਦੇ ਨਾਲ ਪਿਛਲੇ 10 ਸਾਲਾਂ ਤੋਂ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਾ ਲਗਾ ਕੇ ਕਣਕ ਦੀ ਬਿਜਾਈ ਮੱਲਚਿੰਗ ਵਿਧੀ ਰਾਹੀਂ ਕੀਤੀ ਅਤੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਪੰਜਾਬ ਦੇ ਹੋਰਨਾਂ ਕਿਸਾਨਾਂ ਸਾਹਮਣੇ ਵਧੀਆ ਮਿਸਾਲ ਪੇਸ਼ ਕੀਤੀ।

Gurpreet Kaur Virk
Gurpreet Kaur Virk
ਕਿਸਾਨ ਹਰਜਿੰਦਰ ਸਿੰਘ ਖੇਤੀ ਵਿਭਿੰਨਤਾ ਦੀ ਵਧੀਆ ਮਿਸਾਲ

ਕਿਸਾਨ ਹਰਜਿੰਦਰ ਸਿੰਘ ਖੇਤੀ ਵਿਭਿੰਨਤਾ ਦੀ ਵਧੀਆ ਮਿਸਾਲ

Success Story: ਅੱਜ-ਕੱਲ੍ਹ ਕਿਸਾਨ ਕਣਕ-ਝੋਨੇ ਦੇ ਫਸਲੀ ਚੱਕਰ 'ਚੋਂ ਨਿਕਲ ਕੇ ਨਵੇਕਲੀ ਖੇਤੀ ਵੱਲ ਨੂੰ ਵੱਧ ਰਹੇ ਹਨ। ਬਾਕੀਆਂ ਨਾਲੋਂ ਵੱਖਰਾ ਸੋਚਣ ਵਾਲੇ ਇਹ ਕਿਸਾਨ ਬੇਸ਼ਕ ਲੋਕਾਂ ਸਣੇ ਆਪਣੇ ਪਰਿਵਾਰ ਦੁਆਰਾ ਦਿੱਤੇ ਮਿਹਣਿਆਂ ਨੂੰ ਸੁਣਦੇ ਹਨ, ਬਾਵਜੂਦ ਇਸਦੇ ਉਹ ਹੌਂਸਲਾ ਨਹੀਂ ਹਾਰਦੇ ਅਤੇ ਦਿਨ ਰਾਤ ਇੱਕ ਕਰਕੇ ਵੱਡੀਆਂ ਬੁਲੰਦੀਆਂ ਹਾਸਲ ਕਰਦੇ ਹਨ। ਦੁਨੀਆਂ ਨਾਲੋਂ ਵੱਖਰਾ ਸੋਚਣ ਵਾਲੇ ਇਨ੍ਹਾਂ ਕਿਸਾਨਾਂ ਵਿੱਚ ਇੱਕ ਨਾਮ ਹਰਜਿੰਦਰ ਸਿੰਘ ਦਾ ਵੀ ਹੈ, ਜੋ ਮੈਰੀਗੋਲਡ ਫੁੱਲਾਂ ਦੀ ਖੇਤੀ ਕਰਕੇ ਹੋਰਨਾਂ ਕਿਸਾਨਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਕਿਸਾਨ ਹਰਜਿੰਦਰ ਸਿੰਘ ਜਿੱਥੇ ਆਪਣੇ ਪਿਤਾ ਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਹਨ, ਉੱਥੇ ਹੀ ਉਹ ਇਸ ਕਾਮਯਾਬੀ ਦਾ ਸਿਹਰਾ ਆਪਣੇ ਦੋਸਤ ਕੁਲਦੀਪ ਸਿੰਘ ਨੂੰ ਵੀ ਦਿੰਦੇ ਹਨ, ਆਓ ਇਸ ਲੇਖ ਰਾਹੀਂ ਜਾਣਦੇ ਹਾਂ ਕਿਸਾਨ ਹਰਜਿੰਦਰ ਸਿੰਘ ਦੀ ਸਫਲਤਾ ਦੇ ਸਫ਼ਰਨਾਮੇ ਬਾਰੇ ਪੂਰੀ ਜਾਣਕਾਰੀ।

ਹਰਜਿੰਦਰ ਸਿੰਘ ਦਾ ਸ਼ੁਰੂਆਤੀ ਸਫ਼ਰ

ਕਿਸਾਨ ਹਰਜਿੰਦਰ ਸਿੰਘ ਦੇ ਪਿਤਾ ਜੋ ਕਿ ਪਹਿਲਾਂ ਕਾਹਨੂੰਵਾਨ ਪਿੰਡ ਵਿੱਚ ਰਹਿੰਦੇ ਸਨ, ਜੋ ਲੰਮੇ ਦਹਾਕੇ ਤੋਂ ਅਜਿਹੀਆਂ ਕਾਸ਼ਤਾਂ ਨੂੰ ਤਰਜੀਹ ਦਿੰਦੇ ਸਨ। ਉਹਨਾਂ ਵੱਲ ਛੋਟੇ ਹੁੰਦਿਆਂ ਤੋਂ ਦੇਖ-ਦੇਖ ਅਤੇ ਉਨ੍ਹਾਂ ਦੀਆਂ ਲੀਹਾਂ 'ਤੇ ਤੁਰਨਾ ਹੀ ਹਰਜਿੰਦਰ ਦੇ ਅਜਿਹੀ ਕਾਸ਼ਤ ਦੇ ਮਾਰਗ ਦਰਸ਼ਕ ਰਹੇ। ਦੂਜਾ ਉਹਨਾਂ ਦੇ ਦੋਸਤ ਕੁਲਦੀਪ ਸਿੰਘ ਪਿੰਡ ਭਿੱਟੇਵੱਡ ਬਲਾਕ ਕਾਹਨੂੰਵਾਨ ਦੀ ਲੜਕੀ ਡਾ. ਸ਼ਰਨਦੀਪ ਕੌਰ ਪੀ ਐਚ ਡੀ (ਐਗਰੋਨੋਮੀ) ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਵਿਦਿਆਰਥਣ ਬਣੀਂ ਸੇਧਕ। ਜਿਸ ਨੇ ਉਨ੍ਹਾਂ ਨੂੰ ਇਸ ਕਾਸ਼ਤ ਪ੍ਰਤੀ ਗਾਈਡ ਕਰ ਯੂਨੀਵਰਸਿਟੀ ਦੇ ਫੁੱਲਾਂ ਦੇ ਮਾਹਿਰ ਡਾ.ਪਰਮਿੰਦਰ ਸਿੰਘ ਨਾਲ ਰਾਬਤਾ ਬਣਾ ਕੇ ਮੁਲਾਕਾਤ ਕਰਵਾਈ ਤੇ ਉਹਨਾਂ ਨੂੰ ਫੁੱਲਾਂ ਦੀ ਪਨੀਰੀ ਲੈ ਕੇ ਦਿੱਤੀ।

ਕਿਸਾਨੀ ਤਜ਼ਰਬੇ

ਕਿਸਾਨ ਹਰਜਿੰਦਰ ਸਿੰਘ ਬੁੱਟਰ ਨੇ ਫੁੱਲਾਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਂ ਖ਼ੁਦ ਗੁਰਦਾਸਪੁਰ ਤੋਂ ਆਪਣੇ ਮੋਟਰਸਾਈਕਲ 'ਤੇ ਆਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਗਿਆ। ਉਥੋਂ 50 ਪੈਸੇ ਪ੍ਰਤੀ ਬੂਟੇ ਦੇ ਹਿਸਾਬ ਨਾਲ 2000 ਬੂਟਾ ਜੋ ਗੇਂਦੇ ਦੀ ਕਿਸਮ ਪੰਜਾਬ ਨੰ.1 ਲੈ ਕੇ ਆਇਆ। ਮੈਂ ਜੋ ਉਸੇ ਸ਼ਾਮ ਨੂੰ ਹੀ ਖੇਤ ਵਿੱਚ ਲਗਾ ਦਿੱਤੇ ਗਏ। ਉਹਨਾਂ ਕਿਹਾ ਕਿ ਜਦੋਂ ਸਾਡੇ ਨਾਲ ਡਾ. ਪਰਮਿੰਦਰ ਸਿੰਘ ਦਾ ਰਾਬਤਾ ਹੋਇਆ, ਤਾਂ ਉਹਨਾਂ ਸਾਨੂੰ 10 ਦਿਨਾਂ ਦਾ ਸਮਾਂ ਦਿੱਤਾ। ਜਿਸ ਦੌਰਾਨ ਅਸੀਂ ਖੇਤ ਤਿਆਰ ਕੀਤਾ।

ਇਨ੍ਹਾਂ ਕਿਹਾ ਕਿ ਪਹਿਲੀ ਤੁੜਵਾਈ 65 ਦਿਨਾਂ 'ਤੇ ਸ਼ੂਰੂ ਹੋ ਜਾਂਦੀ ਹੈ, ਕਿਉਂਕਿ ਦੋ ਮਹੀਨੇ ਤੇ ਫੁੱਲ ਦਾ ਮਾਰਕਿਟ ਸਾਈਜ਼ ਬਣ ਜਾਂਦਾ ਹੈ। ਇੱਕ ਕਨਾਲ ਵਿਚੋਂ 2 ਕੁਇੰਟਲ ਤੋਂ ਵੱਧ ਫੁੱਲਾਂ ਦੀ ਤੁੜਵਾਈ ਹੁੰਦੀ ਹੈ। ਅਸੀਂ ਕੇਵਲ ਮੋਟੇ ਫੁੱਲ ਤੋੜਦੇ ਹਾਂ ਤੇ ਛੋਟੇ ਸਾਈਜ਼ ਦੇ ਛੱਡ ਦਿੰਦੇ ਹਾਂ। ਜੋ ਅਗਲੇ 15 ਦਿਨਾਂ ਤੱਕ ਛੋਟੇ ਸਾਇਜ ਵੀ ਤੁੜਵਾਈ ਦੇ ਲਾਇਕ ਹੋ ਜਾਂਦਾ ਹੈ। ਸਾਡਾ ਦੋ ਤੁੜਵਾਈਆਂ ਦਾ ਕੁੱਲ 4 ਕੁਇੰਟਲ 95 ਕਿਲੋ ਵੇਟ ਹੋਇਆ। ਮੈਂ ਇਸ ਕਾਸ਼ਤ ਦੀ ਸਮੁੱਚੀ ਦੇਖ ਭਾਲ਼ ਤੇ ਸਾਰੀ ਫ਼ਸਲੀ ਸਿਫਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਪਰਮਿੰਦਰ ਸਿੰਘ ਦੇ ਸੁਝਾਵਾਂ ਮੁਤਾਬਕ ਹੀ ਚੱਲਿਆ।

ਕਿਸਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਪਹਿਲੇ ਸਾਲ ਦੀ ਕਾਸ਼ਤ ਹੋਣ ਕਰਕੇ ਸਾਡਾ ਇੱਤਰ ਬਣਾਉਣ ਵਾਲੀਆਂ ਫਰਮਾਂ ਨਾਲ ਸੰਪਰਕ ਨਹੀਂ ਹੋਇਆ, ਪਰ ਅਗਾਂਹ ਪਹਿਲਾਂ ਸੰਪਰਕ ਕਰਕੇ ਅਸੀਂ ਕੁੱਝ ਤੁੜਵਾਈ ਲਈ ਤੇ ਕੁਝ ਪ੍ਰਫਿਊਮ ਕੰਪਨੀ ਲਈ ਭੇਜਾਂਗੇ। ਅਸੀਂ ਫੁੱਲਾਂ ਦੀ ਕਾਸ਼ਤ ਹੇਠ ਰਕਬਾ 1 ਏਕੜ ਜਾਂ ਇਸ ਤੋਂ ਵੱਧ ਕਰਾਂਗੇ।

ਉਹਨਾਂ ਕਿਹਾ ਕਿ ਸਭ ਤੋਂ ਵੱਧ ਫਾਇਦਾ ਕਿ ਇਸ ਤੇ ਖੇਤੀ ਦਵਾਈਆਂ ਸਪਰੇਅ ਨਹੀਂ ਹੁੰਦੀ। ਦੂਜਾ ਪਾਣੀਂ ਦੀ ਖੱਪਤ ਬਿਲਕੁਲ ਨਾ ਬਰਾਬਰ ਹੈ ਵਧੇਰੇ ਪਾਣੀਂ ਇਸ ਲਈ ਜ਼ਹਿਰ ਹੈ। ਉਹਨਾਂ ਕਿਹਾ ਕਿ ਮੈਨੂੰ ਇਹ ਫ਼ਸਲ ਇੱਕ ਕਨਾਲ 'ਚੋਂ 20 ਹਜ਼ਾਰ ਰੁਪਏ ਵਟਾ ਗਈ, ਜਦਕਿ ਮੁੱਖ ਫ਼ਸਲਾਂ ਕਣਕ ਝੋਨੇ ਨਾਲ ਅਜਿਹੇ ਪੈਸੇ ਥੋੜੇ ਰਕਬੇ ਤੋਂ ਨਹੀਂ ਬਣਨੇ ਸਨ। ਫੁੱਲਾਂ ਦੀ ਤੁੜਵਾਈ ਫ਼ਰਵਰੀ ਤੱਕ ਚੱਲਦੀ ਹੈ। ਸਰਦੀਆਂ ਵਿੱਚ ਦੋ ਹਫ਼ਤੇ ਬਾਅਦ ਹਲਕਾ ਪਾਣੀ ਲਗਾਉਣਾ ਪੈਂਦਾ ਜਦਕਿ ਗਰਮੀ ਵਿੱਚ ਹਫ਼ਤੇ ਬਾਅਦ।

ਇਹ ਵੀ ਪੜ੍ਹੋ: Mushroom Farmer ਬਲਦੇਵ ਸਿੰਘ ਪੰਜਾਬ ਦੇ ਹੋਰ ਖੁੰਬ ਕਾਸ਼ਤਕਾਰਾਂ ਨਾਲੋਂ ਵੱਖਰੇ ਢੰਗ ਨਾਲ ਕਰ ਰਹੇ ਹਨ ਖੇਤੀ, ਆਓ ਜਾਣਦੇ ਹਾਂ ਕਿਸਾਨ ਦੀ Success ਦਾ ਰਾਜ਼

ਮੰਡੀਕਰਨ

ਮੰਡੀ ਦੀ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਡਿਮਾਂਡ ਦੇ ਮੁਤਾਬਕ ਚੱਲਣਾ ਪੈਂਦਾ ਹੈ। ਇਹ ਫ਼ਸਲ ਰਿਸਕ ਵਾਲੀ ਹੈ ਤੇ ਕੋਈ ਵੀ ਕਿਸਾਨ ਰਿਸਕ ਨਹੀਂ ਲੈਂਦਾ। ਕਿਉਂਕਿ ਨਾ ਕੋਈ ਮੰਡੀ, ਨਾ ਫਿਕਸ ਰੇਟ, ਨਾ ਕੋਈ ਵਿਕਣਗਾਹ, ਸਭ ਕੁਝ ਕਿਸਾਨ ਦੀ ਆਪਣੀ ਭੱਜ ਦੌੜ 'ਤੇ ਨਿਰਭਰ ਕਰਦੀ ਹੈ। ਕਿਸਾਨ ਹਰਜਿੰਦਰ ਸਿੰਘ ਨੇ ਕਿਹਾ ਕਿ ਅਸੀਂ ਮੰਡੀਕਰਨ ਲਈ ਕਾਦੀਆਂ, ਬਟਾਲੇ, ਗੁਰਦਾਸਪੁਰ ਦੇ ਦੁਕਾਨਦਾਰਾਂ ਕੋਲ ਵੇਚਦੇ ਹਾਂ। ਉਹਨਾਂ ਕਿਹਾ ਕਿ 1 ਏਕੜ ਰਕਬੇ ਵਿੱਚ ਕੋਈ 100 ਕੁਇਟਲ ਤੱਕ ਝਾੜ ਦੇ ਜਾਂਦਾ ਹੈ। ਉਹਨਾਂ ਕਿਹਾ ਕਿ ਅਸੀਂ ਪਹਿਲੇ ਤਿੰਨੇ ਏਰੀਏ ਦੇ ਬੰਦਿਆਂ ਨਾਲ਼ ਫ਼ੋਨ ਤੇ ਰੇਟ ਬਾਰੇ ਗੱਲਬਾਤ ਕਰਦੇ ਹਾਂ ਜਿਸ ਦਾ ਰੇਟ ਵੱਧ ਹੁੰਦਾ ਫੇਰ ਉਸ ਕੋਲ ਲੈ ਕੇ ਜਾਂਦੇ ਹਾਂ। ਸਾਡੇ ਕੋਲੋਂ ਤਿੰਨੇ ਏਰੀਏ ਦੇ ਬੰਦਿਆਂ ਵੱਲੋਂ 50 ਕਿਲੋ ਹੀ ਹਰ ਹਫ਼ਤੇ ਮੰਗਿਆ ਜਾਂਦਾ।

ਤੁੜਵਾਈ

ਤੁੜਵਾਈ ਦੀ ਗੱਲ ਕਰਦਿਆਂ ਕਿਸਾਨ ਨੇ ਕਿਹਾ ਕਿ ਇਹ ਬਹੁਤ ਬਰੀਕੀ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਬਾਲਟੀਆਂ ਵਿੱਚ ਇਕੱਲਾ-ਇਕੱਲਾ ਫੁੱਲ ਆਰਾਮ ਨਾਲ ਤੋੜਨਾ ਪੈਂਦਾ ਹੈ। ਉਹਨਾਂ ਕਿਹਾ ਕਿ ਸਾਡਾ ਸਾਰਾ ਪਰਿਵਾਰ ਇਸ ਤੁੜਵਾਈ 'ਚ ਸਾਡੇ ਨਾਲ ਸਹਿਯੋਗ ਕਰਦਾ ਹੈ। ਜੇਕਰ ਫੁੱਲਾਂ 'ਚ ਸਿੱਲ ਹੋਵੇ ਜਾਂ ਗਿੱਲਾ ਹੋਵੇ ਤਾਂ ਧੁੱਪ ਲਗਾ ਕੇ ਦੁਪਹਿਰ 1 ਵਜੇ ਤੁੜਵਾਈ ਕਰਦੇ ਹਾਂ। ਫੁੱਲਾਂ ਨੂੰ ਇਕੱਠੇ ਕਰ ਪੱਲੀ ਤੋੜਿਆ ਵਿੱਚ ਲੈ ਕੇ ਜਾਂਦੇ ਹਾਂ।

ਖੇਤੀ ਉਪਰਾਲੇ ਤੇ ਇੰਟਰਕਰੋਪਿੰਗ

ਕਿਸਾਨ ਦਾ ਕਹਿਣਾ ਹੈ ਕਿ ਅਸੀਂ ਦੇਸੀ ਲੱਸਣ ਵਿੱਚ ਮਲਚਿੰਗ ਕੀਤੀ ਹੈ। ਇਸ ਦੇ ਨਾਲ ਸੂਰਜਮੁਖੀ ਵੀ ਅਸੀਂ ਪੀਏਯੂ ਤੋਂ ਬੀਜ਼ ਲੈ ਕੇ ਕਾਸ਼ਤ ਕਰਦੇ ਹਾਂ ਜਿਸ ਦਾ ਤੇਲ ਘਰੇਲੂ ਖੱਪਤ ਲਈ ਵਰਤਦੇ ਹਾਂ ਤੇ ਕੁਝ ਕੁ ਸਕੇ ਸਬੰਧੀਆਂ ਨੂੰ ਦੇ ਦਿੰਦੇ ਹਾਂ। ਖੇਤੀ ਵਿਭਿੰਨਤਾ 'ਚ ਇੰਟਰਕਰੋਪਿੰਗ ਗੰਨੇ ਅਤੇ ਸਰੋਂ ਦੀ ਕੀਤੀ ਗਈ ਹੈ। ਸਬਜ਼ੀਆਂ ਵਿੱਚ ਗੋਭੀ/ਬੈਂਗਣ/ਮਿਰਚ 2 ਕਨਾਲਾਂ ਚ, ਆਲੂ, ਸ਼ਲਗਮ, ਪਾਲਕ, ਧਨੀਆ, ਚੁਕੰਦਰ, ਮੇਥੀ, ਲਗਾਏ। ਇਸ ਦੇ ਨਾਲ ਉਹਨਾਂ ਕਣਕ ਦੀ ਕਿਸਮ 826 ਪੀਏਯੂ ਤੋਂ ਲੈ ਕੇ ਮਲਚਿੰਗ ਵਿਧੀ ਰਾਹੀਂ ਬਿਜਾਈ ਕੀਤੀ।

ਇਹ ਵੀ ਪੜ੍ਹੋ: Progressive Farmer ਸਰਵਣ ਸਿੰਘ ਨੇ ਖੇਤੀ ਜਿਣਸਾਂ ਦੀ Processing ਕਰਕੇ ਪੇਸ਼ ਕੀਤੀ Success Story

ਕਿਸਾਨ ਹਰਜਿੰਦਰ ਸਿੰਘ ਖੇਤੀ ਵਿਭਿੰਨਤਾ ਦੀ ਵਧੀਆ ਮਿਸਾਲ

ਕਿਸਾਨ ਹਰਜਿੰਦਰ ਸਿੰਘ ਖੇਤੀ ਵਿਭਿੰਨਤਾ ਦੀ ਵਧੀਆ ਮਿਸਾਲ

ਵਾਤਾਵਰਨ ਦੇ ਰਾਖੇ

ਅੱਜ ਕਿਸਾਨ ਹਰਜਿੰਦਰ ਸਿੰਘ ਬੁੱਟਰ ਨੇ ਪਿਛਲੇ 10 ਸਾਲਾਂ ਤੋਂ ਫ਼ਸਲੀ ਰਹਿੰਦ ਖੂਹੰਦ ਨੂੰ ਅੱਗ ਨਹੀਂ ਲਗਾਈ ਅਤੇ ਬਿਨਾਂ ਪਰਾਲ਼ੀ ਬਾਹਰ ਕੱਢਿਆ ਸੁਪਰਸੀਡਰ ਨਾਲ਼ ਬਿਜਾਈ ਕੀਤੀ। ਇਸ ਦੇ ਨਾਲ 5 ਪਸ਼ੂ ਪਾਲਣ ਦਾ ਧੰਦਾ ਵੀ ਕਰ ਰਹੇ ਹਨ। ਜਿਸਦਾ ਦੁੱਧ ਕੁਝ ਕੁ ਘਰ ਤੇ ਕੁਝ ਕੁ ਬਾਂਧਾ ਤੇ ਜਾ ਰਿਹਾ ਹੈ। ਅੱਜ ਉਹਨਾਂ ਨੂੰ ਅਜਿਹੀ ਸਖ਼ਤ ਮਿਹਨਤ ਸਦਕਾ ਪੰਜਾਬ ਸਰਕਾਰ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਜੀ ਪਾਸੋਂ ਸਨਮਾਨਿਤ ਕੀਤਾ ਗਿਆ।

ਕਿਸਾਨ ਵੱਲੋਂ ਅਪੀਲ

ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਸਾਨ ਨੇ ਕਿਹਾ ਕਿ ਸਬਜ਼ੀ ਮੰਡੀ ਵਾਂਗ ਫਲਾਵਰ ਖ਼ਰੀਦ ਮੰਡੀ ਵੀ ਅਲੱਗ ਹੋਣੀਂ ਚਾਹੀਦੀ ਹੈ, ਕਿਉਂਕਿ ਕਿਸਾਨ ਦੀ ਲੁੱਟ ਬਹੁਤ ਹੁੰਦੀ ਹੈ। ਕਿਸਾਨ ਜਿੰਨੀ ਮਿਹਨਤ ਕਰਦਾ ਹੈ ਉਨ੍ਹਾਂ ਉਸ ਨੂੰ ਰੇਟ ਨਹੀਂ ਮਿਲਦਾ। ਉਲਟਾ ਦੁਕਾਨਦਾਰ ਸਾਡੇ ਤੋਂ 30-40 ਰੁਪਏ ਖ਼ਰੀਦ ਕੇ ਅਗਾਂਹ 100 ਰੁਪਏ ਵੇਚਦੇ ਹਨ। ਹਰਜਿੰਦਰ ਸਿੰਘ ਨੇ ਦੱਸਿਆ ਕਿ ਰਹਿੰਦੇ ਖੂੰਹਦੇ ਅੱਜ ਕੱਲ੍ਹ ਬਜ਼ਾਰ ਵਿੱਚ ਪਲਾਸਟਿਕ ਫਲਾਵਰ ਵੀ ਫੁੱਲਾਂ ਦੀ ਕਾਸ਼ਤ 'ਤੇ ਖੇਤੀ ਵਿਭਿੰਨਤਾ ਨੂੰ ਖੋਰੂ ਲਗਾ ਰਹੇ ਹਨ, ਸਰਕਾਰ ਨੂੰ ਇਸ ਮੁੱਦੇ ਵੱਲ ਧਿਆਨ ਦੇਣ ਦੀ ਲੋੜ ਹੈ।

ਕਿਸਾਨ ਵੱਲੋਂ ਸਲਾਹ

ਕਿਸਾਨ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਅਜਿਹੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਦੀ ਜ਼ਿਲੇਵਾਰ ਤੇਲ ਤੇ ਪ੍ਰੌਫਿਊਮ ਦੀ ਛੋਟੀ ਇੰਡਸਟਰੀ ਡਿਵੈਲਪ ਕਰਨ ਦੀ ਲੋੜ ਹੈ, ਜਿਸ ਨਾਲ ਪੇਂਡੂ ਖੇਤਰ 'ਚ ਇੱਤਰ ਬਣਾਉਣ ਲਈ ਨੋਜਵਾਨਾਂ ਲਈ ਰੋਜ਼ਗਾਰ ਦੇ ਵਸੀਲੇ ਬਣਨਗੇ। ਇਹ ਫ਼ਸਲ 'ਚ ਪਾਣੀ, ਦਵਾਈ, ਬਿਮਾਰੀ, ਕੀਟਾ ਆਦਿ ਦੀ ਖਪਾਈ ਜਾਂ ਖਪਤ ਨਹੀਂ। ਅਸੀਂ ਇਸ ਫ਼ਸਲ 'ਤੇ ਗੋਡਾਈ, ਤੁੜਵਾਈ ਤੇ 4-5 ਬੰਦਿਆਂ ਨੂੰ ਰੋਜ਼ਗਾਰ ਵੀ ਦਿੱਤਾ ਹੈ। ਫੁੱਲਾਂ ਦੀ ਕਾਸ਼ਤ ਸਬੰਧੀ ਜਾਣਕਾਰੀ ਲਈ ਕਿਸਾਨ ਨੇ ਆਪਣਾਂ ਨੰਬਰ 94632- 28618 ਜਾਰੀ ਕੀਤਾ। ਇਸ ਲੇਖ ਪ੍ਰਤੀ ਤੁਹਾਡਾ ਕੋਈ ਸੁਝਾਅ ਹੋਵੇ ਤਾਂ ਵਿਭਾਗ ਦੇ ਨੰਬਰ 98150 - 82401 (ਕਮਲਇੰਦਰਜੀਤ ਬਾਜਵਾ) 'ਤੇ ਸੰਪਰਕ ਕਰੋ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Harjinder Singh, the leading farmer of Marigold Flowers farming, became an example of Agricultural Diversification, credit for his success to his father and PHD Student.

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters