Success Story: ਅਜੋਕਾ ਸਮਾਂ ਖੇਤੀਬਾੜੀ ਨੂੰ ਆਧੁਨਿਕ ਢੰਗ ਨਾਲ ਵਪਾਰਕ ਪੱਧਰ 'ਤੇ ਕਰਨ ਦਾ ਹੈ। ਇਸੇ ਗੱਲ ਨੂੰ ਅਧਾਰ ਮੰਨ ਕੇ ਪਿੰਡ ਮੱਲੇਆਣਾ, ਜ਼ਿਲ੍ਹਾ ਮੋਗਾ ਦੇ ਕਿਸਾਨ ਸ. ਕੰਵਲਜੀਤ ਸਿੰਘ ਅਤੇ ਸ. ਹਰਪ੍ਰੀਤ ਸਿੰਘ ਨੇ ਪੰਜ ਸਾਲ ਪਹਿਲਾਂ ਮਸ਼ਰੂਮ ਦੀ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਅੱਜ ਉਹ ਹੋਰਨਾਂ ਕਿਸਾਨਾਂ ਲਈ ਚੰਗੀ ਮਿਸਾਲ ਬਣ ਗਏ ਹਨ।
ਸ਼ੁਰੂਆਤ ਦੇ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਘਰੇਲੂ ਪੱਧਰ 'ਤੇ ਮਸ਼ਰੂਮ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ ਤਾਂ ਜੋ ਇਸ ਦੀਆਂ ਉਤਪਾਦਨ ਤਕਨੀਕਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਇਆ ਜਾ ਸਕੇ। ਚੌਥੇ ਸਾਲ ਵਪਾਰਕ ਪੱਧਰ 'ਤੇ ਕੰਮ ਸ਼ੁਰੂ ਕੀਤਾ ਅਤੇ ਮੰਡੀਕਰਨ ਦੇ ਨੁਕਤਿਆਂ ਨੂੰ ਸਮਝਿਆ। ਇਸ ਸਾਲ ਉਨ੍ਹਾਂ ਨੇ ਆਪਣਾ ਕੰਪੋਸਟ ਯੂਨਿਟ ਤਿਆਰ ਕੀਤਾ ਅਤੇ 30 ਹਜ਼ਾਰ ਬੈਗ (10 ਕਿਲੋ ਕੰਪੋਸਟ ਮਟੀਰੀਅਲ ਪ੍ਰਤੀ ਬੈਗ) ਨਾਲ ਮਸ਼ਰੂਮ ਦੀ ਖੇਤੀ ਕਰ ਰਹੇ ਹਨ। ਇਸ ਸਮੇਂ ਇਕ ਦਿਨ ਦੀ ਔਸਤ ਪੈਦਾਵਾਰ ਤਕਰੀਬਨ 4 ਤੋਂ 5 ਕੁਇੰਟਲ ਹੋ ਰਹੀ ਹੈ, ਜਿਸ ਦਾ ਮੰਡੀਕਰਨ ਮੋਗਾ, ਜਗਰਾਉ, ਲੁਧਿਆਣਾ ਅਤੇ ਜਲੰਧਰ ਦੀਆਂ ਮੰਡੀਆਂ ਵਿੱਚ ਕੀਤਾ ਜਾ ਰਿਹਾ ਹੈ।
ਸ. ਹਰਪ੍ਰੀਤ ਸਿੰਘ ਦਾ ਸਾਰਾ ਪਰਿਵਾਰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਕੇ.ਵੀ.ਕੇ ਮੋਗਾ ਅਤੇ ਬਰਨਾਲਾ ਨਾਲ ਜੁੜਿਆ ਹੋਇਆ ਹੈ। ਉਹ ਨਵੀਆਂ ਤਕਨੀਕਾਂ ਤੋਂ ਜਾਣੂ ਹੋਣ ਲਈ ਯੂਨੀਵਰਸਿਟੀ ਅਤੇ ਕੇ.ਵੀ.ਕੇ ਦੁਆਰਾ ਆਯੋਜਿਤ ਕੀਤੀਆਂ ਜਾਂਦੀਆਂ ਸਿਖਲਾਈਆਂ ਵਿਚ ਲਗਾਤਾਰ ਹਿੱਸਾ ਲੈ ਰਹੇ ਹਨ। ਸ. ਕੰਵਲਜੀਤ ਸਿੰਘ ਦੇ ਪੁੱਤਰ ਸ. ਰੁਕਿੰਦਰਪ੍ਰੀਤ ਸਿੰਘ ਅਤੇ ਕੰਵਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਦੇ ਪੁੱਤਰ ਹਰਕੀਰਤ ਸਿੰਘ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿਦਿਆਰਥੀ ਹਨ। ਜਿਸ ਕਾਰਨ ਉਨ੍ਹਾਂ ਨੂੰ ਉਤਪਾਦਨ ਸਬੰਧੀ ਕਿਸੇ ਵੀ ਖਾਸ ਤਕਨੀਕੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ।
ਇਸੇ ਤਰ੍ਹਾਂ ਹੋਰ ਕਿਸਾਨ ਵੀ ਆਪਣੇ ਬੱਚਿਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਚੋਂ ਪੜ੍ਹਾ ਕੇ ਨਾ ਸਿਰਫ ਵਧੀਆ ਨੌਕਰੀਆਂ ਪ੍ਰਾਪਤ ਕਰਵਾ ਸਕਦੇ ਹਨ ਬਲਕਿ ਖੇਤੀਬਾੜੀ ਵਿੱਚ ਵੀ ਮੱਲ੍ਹਾਂ ਮਾਰ ਸਕਦੇ ਹਨ। ਸ. ਕੰਵਲਜੀਤ ਸਿੰਘ ਨੇ ਦੱਸਿਆ ਕਿ ਤਕਰੀਬਨ 20 ਮਜ਼ਦੂਰ ਲਗਾਤਾਰ ਉਨ੍ਹਾਂ ਦੇ ਫਾਰਮ 'ਤੇ ਕੰਮ ਕਰ ਰਹੇ ਹਨ ਅਤੇ ਖੁਦ ਕਮਾਈ ਕਰਨ ਦੇ ਨਾਲ-ਨਾਲ ਪਿੰਡ ਵਿੱਚ ਵੀ ਲਗਾਤਾਰ ਰੁਜ਼ਗਾਰ ਦੇ ਰਹੇ ਹਨ। ਮਸ਼ਰੂਮ ਦੇ ਕੰਪੋਸਟ ਲਈ ਤੂੜੀ ਅਤੇ ਮੁਰਗੀ ਖਾਦ ਦਾ ਪ੍ਰਬੰਧ ਆਸ ਪਾਸ ਦੇ ਇਲਾਕੇ ਵਿਚੋਂ ਅਸਾਨੀ ਨਾਲ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਪਠਾਨਕੋਟ ਦੀ Women Entrepreneur ਮਧੂ ਮੋਹਨ ਦੀ Success Story ਬਣੀ ਮਿਸਾਲ
ਮਸ਼ਰੂਮ ਦੀ ਖੇਤੀ ਨੂੰ ਛੋਟੇ ਪੱਧਰ 'ਤੇ ਕਰਕੇ ਵੀ ਰੋਜ਼ਾਨਾ ਵਧੀਆ ਕਮਾਈ ਕੀਤੀ ਜਾ ਸਕਦੀ ਹੈ ਅਤੇ ਥੋੜ੍ਹੀ ਜਿਹੀ ਜਗ੍ਹਾ ਵਿੱਚ ਜੋ ਅਕਸਰ ਘਰ ਵਿੱਚ ਖਾਲੀ ਪਈ ਹੁੰਦੀ ਹੈ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਤਰ੍ਹਾਂ ਛੋਟੇ ਕਿਸਾਨ ਵੀ ਵਧੀਆ ਕਮਾਈ ਕਰ ਸਕਦੇ ਹਨ ਅਤੇ ਆਪਣੇ ਵਿਹਲੇ ਸਮੇਂ ਦਾ ਸਹੀ ਉਪਯੋਗ ਕਰ ਸਕਦੇ ਹਨ।
ਸ. ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਰਿਵਾਰ ਪਿਛਲੇ 28 ਸਾਲ ਤੋਂ ਆਲੂਆਂ ਦੀ ਖੇਤੀ ਕਰ ਰਿਹਾ ਹੈ ਅਤੇ ਮੰਡੀ ਨਾਲ ਸਿੱਧੇ ਤੌਰ 'ਤੇ ਜੁੜਿਆ ਹੋਇਆ ਹੈ। ਜਿਸ ਕਾਰਨ ਉਨ੍ਹਾਂ ਨੂੰ ਮਸ਼ਰੂਮ ਦੇ ਮੰਡੀਕਰਨ ਵਿੱਚ ਬਹੁਤ ਸਹਾਇਤਾ ਮਿਲੀ। ਉਨ੍ਹਾਂ ਇਸ ਗਲ 'ਤੇ ਵੀ ਜ਼ੋਰ ਦਿੱਤਾ ਕਿ ਅਜੋਕੇ ਸਮੇਂ ਵਿੱਚ ਕਿਸਾਨ ਦਾ ਮੰਡੀ ਨਾਲ ਸਿੱਧਾ ਸਬੰਧ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਕਣਕ ਝੋਨੇ ਤੋਂ ਇਲਾਵਾ ਦੂਜੀਆਂ ਫਸਲਾਂ ਦਾ ਉਤਪਾਦਨ ਕਰਦੇ ਹੋਏ ਮੁਨਾਫੇ ਵਿੱਚ ਵਾਧਾ ਕੀਤਾ ਜਾ ਸਕੇ।
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Harpreet Singh, a farmer of Moga, made a fortune in Mushroom Farming, see how he is earning a lot of money every day