ਸਫਲ ਕਿਸਾਨ ਅਮਨਦੀਪ ਸਿੰਘ (Successful farmer Amandeep Singh)
Progressive Farmer: ਲੁਧਿਆਣਾ, ਪੰਜਾਬ ਦੇ ਸਭ ਤੋਂ ਮਹੱਤਵਪੂਰਨ ਉਦਯੋਗਿਕ ਕੇਂਦਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸ਼ਹਿਰ ਤਕਰੀਬਨ 7650 ਲੱਖ ਲੀਟਰ ਗੰਦਾ ਪਾਣੀ ਉਤਪੰਨ ਕਰਦਾ ਹੈ ਜੋ ਕਿ ਆਖਿਰ ਵਿੱਚ ਸਤਲੁਜ ਦਰਿਆ ਵਿੱਚ ਮਿਲ ਜਾਂਦਾ ਹੈ। ਫੈਕਟਰੀਆਂ ਅਤੇ ਘਰਾਂ ਵਿੱਚੋਂ ਉਤਪੰਨ ਹੋਣ ਵਾਲੀ ਗੰਦਗੀ ਅਤੇ ਗੰਦਲਾ ਪਾਣੀ ਇਸ ਗੰਦੇ ਪਾਣੀ ਦਾ ਸਰੋਤ ਹਨ। ਇਸ ਗੰਧਲੇ ਪਾਣੀ ਨੂੰ ਜੇਕਰ ਚੰਗੀ ਤਕਨੀਕ ਨਾਲ ਸੋਧਿਆ ਜਾਵੇ ਤਾਂ ਇਹ ਪਾਣੀ ਜ਼ਮੀਨੀ ਸਿੰਚਾਈ ਲਈ ਵਰਤਿਆ ਜਾ ਸਕਦਾ ਹੈ ਅਤੇ ਖੇਤੀ ਦੇ ਕਿੱਤੇ ਨੂੰ ਹੋਰ ਲਾਭਦਾਇਕ ਬਣਾਉਣ ਵਿੱਚ ਯੋਗਦਾਨ ਦੇ ਸਕਦਾ ਹੈ।
ਸੋਧੇ ਹੋਏ ਗੰਧਲੇ ਪਾਣੀ ਦੀ ਮੁੜ ਵਰਤੋਂ ਇੱਕ ਉਦਮੀ ਉਪਰਾਲਾ ਹੈ ਅਤੇ ਇਹ ਕੋਈ ਨਵੀਂ ਸੋਚ ਵਾਲਾ ਕਿਸਾਨ ਹੀ ਕਰ ਸਕਦਾ ਹੈ। ਅਮਨਦੀਪ ਸਿੰਘ ਪਿੰਡ ਲਾਦੀਆਂ ਖੁਰਦ ਜ਼ਿਲ੍ਹਾ ਲੁਧਿਆਣਾ ਵਾਸੀ ਵੱਲੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਦਾ ਯਤਨ ਕੀਤਾ ਗਿਆ ਹੈ।
ਅਮਨਦੀਪ ਸਿੰਘ ਇੱਕ ਨਵੀਂ ਸੋਚ ਵਾਲਾ ਕਿਸਾਨ ਹੈ। ਉਸ ਨੇ ਉਚੇਰੀ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਵੀ ਖੇਤੀਬਾੜੀ ਦੇ ਕਿੱਤੇ ਨੂੰ ਹੀ ਤਰਜੀਹ ਦਿੱਤੀ। ਉਸ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਮਜ਼ਬੂਤ ਸਬੰਧ ਬਣਾਇਆ ਹੈ। ਉਸਨੇ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਖੇਤਰਾਂ ਬਾਰੇ ਜਾਣਕਾਰੀ ਲੈਣ ਲਈ ਖੇਤੀਬਾਰੀ ਅਧਿਕਾਰੀਆਂ ਨਾਲ ਵੀ ਚੰਗੇ ਸਬੰਧ ਬਣਾਏ/ਵਿਕਸਿਤ ਕੀਤੇ ਹਨ। ਉਹ ਬਹੁਤ ਨਵੀਨਤਮ ਸੋਚ ਵਾਲਾ ਹੈ ਅਤੇ ਆਪਣਾ ਖੇਤੀਬਾੜੀ ਵਿੱਚ ਗਿਆਨ ਵਧਾਉਣ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਰਸਾਲੇ ਜਿਵੇਂ ਕਿ ਚੰਗੀ ਖੇਤੀ, ਹਾੜੀ ਅਤੇ ਸਾਉਂਣੀ ਦੀਆਂ ਫਸਲਾਂ ਦੀ ਕਾਸ਼ਤ, ਖੇਤੀ ਸੰਦੇਸ਼ ਆਦਿ ਨਿਯਮਿਤ ਤੌਰ ਤੇ ਪੜ੍ਹਦਾ ਹੈ। ਉਹ ਆਪਣੇ ਪਿੰਡ ਦੀ Cooperative Society (ਸਹਿਯੋਗੀ ਸਮਾਜ) ਦਾ ਮੈਂਬਰ ਵੀ ਹੈ।
ਉਹ ਸਾਲ 2015 ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕਿਸਾਨ ਕਲੱਬ ਦਾ ਮੈਂਬਰ ਬਣਿਆ। ਉਸ ਕੋਲ ਘਰੇਲੂ ਵਰਤੋਂ ਲਈ ਪਸ਼ੂ ਵੀ ਹਨ ਅਤੇ ਇਸ ਰਾਹੀਂ ਉਹ ਵਾਧੂ ਆਮਦਨ ਕਮਾ ਰਿਹਾ ਹੈ। ਉਹ 38 ਏਕੜ ਜਮੀਨ ਤੇ ਕਣਕ ਝੋਨਾ ਦੇ ਫਸਲੀ ਚੱਕਰ ਦੇ ਨਾਲ-ਨਾਲ ਮੱਕੀ, ਆਲੂ, ਸਬਜ਼ੀਆਂ ਦੀ ਖੇਤੀ ਵੀ ਕਰਦਾ ਹੈ। ਉਹ ਸਮਝਦਾ ਹੈ ਕਿ ਖੇਤੀਬਾੜੀ ਮੁੱਖ ਤੌਰ 'ਤੇ ਮਾਨਸੂਨ ਅਤੇ ਭੂਮੀਗਤ ਪਾਣੀ 'ਤੇ ਨਿਰਭਰ ਹੈ ਅਤੇ ਪੰਜਾਬ ਦੇ ਭੂਮੀਗਤ ਪਾਣੀ ਦਾ ਪੱਧਰ ਲਗਾਤਾਰ ਨੀਵਾਂ ਹੋ ਰਿਹਾ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਕਿਰਸਾਨੀ ਨੂੰ ਪਾਣੀ ਦੀ ਲਗਾਤਾਰ ਅਤੇ ਬਹੁਤਾਤ ਵਿੱਚ ਕਮੀ ਨਾਲ ਜੂਝਣਾ ਪੈ ਸਕਦਾ ਹੈ। ਭਵਿੱਖ ਵਿੱਚ ਆਉਣ ਵਾਲੇ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਅਮਨਦੀਪ ਸਿੰਘ ਨੇ ਸੋਧੇ ਹੋਏ ਗੰਦਲੇ ਪਾਣੀ ਦੀ ਸਿੰਚਾਈ ਲਈ ਮੁੜ ਵਰਤੋਂ ਦਾ ਕਦਮ ਚੁੱਕਿਆ।
ਗੰਦੇ ਪਾਣੀ ਦੀ ਸੋਧ ਕੇ ਮੁੜ ਵਰਤੋਂ ਇੱਕ ਨਿਯਮਤ ਅਤੇ ਭਰੋਸੇਮੰਦ ਪਾਣੀ ਦਾ ਸਰੋਤ ਪ੍ਰਦਾਨ ਕਰਦੀ ਹੈ ਅਤੇ ਇਹ ਯਕੀਨੀ ਬਣਾਉਂਦੀ ਹੈ ਕਿ ਸੋਕੇ ਦੇ ਮੌਸਮ ਦੌਰਾਨ ਵੀ ਫਸਲਾਂ ਦੀ ਸਹੀ ਸਿੰਚਾਈ ਹੋ ਸਕੇ। ਉਹ ਇਹ ਵੀ ਦੱਸਦਾ ਹੈ ਕਿ ਸੋਧੇ ਹੋਏ ਪਾਣੀ ਦੀ ਵਰਤੋਂ ਕਰਕੇ ਉਹ ਕਣਕ ਅਤੇ ਝੋਨੇ ਵਿੱਚ ਸਿਫਾਰਸੀ ਮਾਤਰਾ ਤੋਂ ਵੀ ਤਕਰੀਬਨ 50 ਪ੍ਰਤੀਸ਼ਤ ਘੱਟ ਖਾਦਾਂ ਦੀ ਵਰਤੋਂ ਕਰ ਰਿਹਾ ਹੈ। ਨਾਈਟ੍ਰੋਜਨ ਅਤੇ ਫਾਸਫੋਰਸ ਦੋ ਪੋਸ਼ਕ ਤੱਤ ਸੋਧੇ ਹੋਏ ਗੰਦੇ ਪਾਣੀ ਵਿੱਚ ਪਾਏ ਜਾਂਦੇ ਹਨ ਜੋ ਮਿੱਟੀ ਦੀ ਉਪਜਾਊ ਸ਼ਕਤੀ ਵਧਾ ਸਕਦੇ ਹਨ ਅਤੇ ਫਸਲਾਂ ਦੀ ਪੈਦਾਵਾਰ ਵਿੱਚ ਇਜ਼ਾਫਾ ਕਰ ਸਕਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਰਸਾਇਣਕ ਖਾਦਾਂ ਦੀ ਲੋੜ ਘੱਟ ਹੋ ਜਾਂਦੀ ਹੈ, ਜਿਸ ਨਾਲ ਉਤਪਾਦਨ ਖਰਚਾ ਘੱਟ ਹੁੰਦਾ ਹੈ ਅਤੇ ਖੇਤੀਬਾੜੀ ਹੋਰ ਟਿਕਾਊ ਬਣਦੀ ਹੈ।
ਸੋਧੇ ਹੋਏ ਗੰਦਲੇ ਪਾਣੀ ਦੇ ਮਾਪਦੰਡ ਸਿੰਚਾਈ ਲਈ ਵਰਤੋਂ ਵਿੱਚ ਆਉਣ ਵਾਲੇ ਪਾਣੀਆਂ ਦੇ ਮਾਪਦੰਡ ਮੁਤਾਬਿਕ ਹੋਣੇ ਚਾਹੀਦੇ ਹਨ ਅਤੇ ਉਸ ਵਿੱਚ ਭਾਰੀ ਤੱਤਾਂ ਦੀ ਮਾਤਰਾ ਨਾਂ ਦੇ ਬਰਾਬਰ ਵਿੱਚ ਹੋਣੀ ਚਾਹੀਦੀ ਹੈ ਇਸ ਦੇ ਨਾਲ-ਨਾਲ ਉਸ ਵਿੱਚ ਜੀਵਾਣੂਆਂ ਦੀ ਮਾਤਰਾ ਵੀ ਬਹੁਤ ਘੱਟ ਹੋਣੀ ਚਾਹੀਦੀ ਹੈ। ਸੋਧੇ ਹੋਏ ਪਾਣੀ ਦੀ ਮੁੜ ਵਰਤੋਂ ਦੇ ਨਾਲ-ਨਾਲ ਹਰ ਸਾਲ ਮਿੱਟੀ ਅਤੇ ਪਾਣੀ ਦੀ ਪਰਖ ਯਕੀਨੀ ਬਣਾ ਕੇ ਖੇਤੀਬਾੜੀ ਵਿੱਚ ਜਰੂਰਤ ਤੋਂ ਵੱਧ ਖਾਦਾਂ ਦੇ ਉਪਯੋਗ ਤੋਂ ਬਚਿਆ ਜਾ ਸਕਦਾ ਹੈ।
ਪਾਣੀ ਦੇ ਸੁਧਾਰ ਤੋਂ ਪ੍ਰਾਪਤ ਹੋਏ ਤੱਤ ਨਦੀਆਂ ਦੀ ਥਾਂ ਜ਼ਮੀਨ ਵਿੱਚ ਜਾ ਕੇ ਫਸਲਾਂ ਦੀ ਖੁਰਾਕ ਬਣਦੇ ਹਨ ਅਤੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਂਦੇ ਹਨ। ਸਰਕਾਰਾਂ ਵੱਲੋਂ ਪਾਣੀ ਵਿੱਚ ਸੁਧਾਰ ਲਿਆਉਣ ਲਈ ਤਕਨੀਕੀ ਅਤੇ ਮਸ਼ੀਨੀ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਨਾਲ ਗੰਧਲੇ ਪਾਣੀ ਨੂੰ ਸੁਧਾਰ ਪਲਾਟਾਂ ਤੱਕ ਪਹੁੰਚਾਇਆ ਜਾ ਸਕੇ ਅਤੇ ਸੋਧੇ ਹੋਏ ਪਾਣੀ ਨੂੰ ਖੇਤਾਂ ਤੱਕ ਪਹੁੰਚਦਾ ਕੀਤਾ ਜਾ ਸਕੇ।
ਸੋਧੇ ਹੋਏ ਗੰਦਲੇ ਪਾਣੀ ਦੀ ਖੇਤੀ ਵਿੱਚ ਮੁੜ ਵਰਤੋਂ ਸਮੇਂ ਦੀ ਲੋੜ ਹੈ ਜਿਸ ਨੂੰ ਅੱਜ ਦਾ ਅਗਾਂਹ ਵਧੂ ਸੋਚ ਰੱਖਣ ਵਾਲਾ ਅਮਨਦੀਪ ਸਿੰਘ ਸਮਝਦਾ ਹੈ ਅਤੇ ਉਹ ਹੋਰ ਕਿਸਾਨ ਵੀਰਾਂ ਲਈ ਇੱਕ ਪ੍ਰੇਰਣਾ ਸਰੋਤ ਹੈ ਜੋ ਨਾ ਸਿਰਫ ਖਾਦਾਂ ਦੀ ਬੱਚਤ ਕਰ ਰਿਹਾ ਹੈ ਬਲਕਿ ਭੂਮੀ ਗਤਿ ਪਾਣੀ ਦੇ ਸੋਮੇ ਨੂੰ ਬਚਾਉਣ, ਮਿੱਟੀ ਦੀ ਗੁਣਵੱਤਾ ਬਰਕਰਾਰ ਰੱਖਣ ਅਤੇ ਵਾਤਾਵਰਣ ਨੂੰ ਬਚਾਉਣ ਵਿੱਚ ਆਪਣਾ ਪੂਰਨ ਯੋਗਦਾਨ ਦੇ ਰਿਹਾ ਹੈ।
ਸਰੋਤ: *ਲਖਵਿੰਦਰ ਕੌਰ, **ਹਰਸਿਮਰਨ ਕੌਰ,ਅਤੇ *ਸੁਖਜਿੰਦਰ ਸਿੰਘ
*ਪਸਾਰ ਸਿੱਖਿਆ ਵਿਭਾਗ ਅਤੇ **ਮਿੱਟੀ ਵਿਗਿਆਨ ਵਿਭਾਗ
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲ ਕਿਸਾਨ ਦੀ ਕਹਾਣੀ ਬਾਰੇ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸ ਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ [email protected] 'ਤੇ ਈਮੇਲ ਕਰੋ।
Summary in English: Ludhiana Farmer Amandeep Singh gave a message to the punjab farmers by using treated wastewater for irrigation.