Direct Sowing of Basmati: ਸਖਤ ਮਿਹਨਤ ਅਤੇ ਦ੍ਰਿੜ ਇਰਾਦਾ ਸਫਲਤਾ ਵੱਲ ਲੈ ਜਾਂਦਾ ਹੈ, ਅਜਿਹਾ ਹੀ ਕੁਝ ਉਦਮੀ ਕਿਸਾਨ ਸ਼੍ਰੀ ਬਾਲਕ੍ਰਿਸ਼ਨ ਬਾਰੇ ਕਿਹਾ ਜਾ ਸਕਦਾ ਹੈ। ਜੀ ਹਾਂ, ਕਿਸਾਨ ਬਾਲ ਕ੍ਰਿਸ਼ਨ ਆਪਣੀ ਦੂਰਅੰਦੇਸ਼ੀ ਸੋਚ ਕਾਰਨ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ। ਆਓ ਜਾਣਦੇ ਹਾਂ ਇਸ ਸਫਲ ਕਿਸਾਨ ਦੇ ਸਫਲਤਾ ਦਾ ਰਾਜ਼...
ਤੁਹਾਨੂੰ ਦੱਸ ਦੇਈਏ ਕਿ ਸ਼੍ਰੀ ਬਾਲ ਕ੍ਰਿਸ਼ਨ ਪੁੱਤਰ ਸ਼੍ਰੀ ਜ਼ਿਲੇ ਸਿੰਘ, ਪਿੰਡ ਭੁੱਲਾਂ, ਤਹਿਸੀਲ ਮੂਨਕ, ਜ਼ਿਲਾ ਸੰਗਰੂਰ ਦਾ ਵਸਨੀਕ ਹੈ। ਇਹ ਕਿਸਾਨ ਕੁੱਲ 30 ਏਕੜ ਰਕਬੇ ਵਿੱਚ ਖੇਤੀ ਕਰਦਾ ਹੈ, ਜਿਸ ਵਿੱਚੋਂ ਅੱਠ ਏਕੜ ਠੇਕੇ ’ਤੇ ਹੈ। ਮੁੱਖ ਤੌਰ 'ਤੇ ਉਹ ਬਾਸਮਤੀ-ਕਣਕ ਦੇ ਫਸਲੀ ਚੱਕਰ ਨਾਲ ਕੇਸਰ ਵਿੱਚ ਇੱਕ ਏਕੜ ਪੱਕੇ ਹੋਏ ਬਾਜਰੇ ਅਤੇ 1.5 ਏਕੜ ਹਰੇ ਚਾਰੇ ਦੀ ਬਿਜਾਈ ਕਰਦਾ ਹੈ।
ਉਹ 2005 ਤੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਕਿਸਾਨ ਮੇਲਿਆਂ ਵਿੱਚ ਭਾਗ ਲੈ ਰਿਹਾ ਹੈ ਅਤੇ ਉੱਥੋਂ ਦੇ ਵਿਗਿਆਨੀਆਂ ਦੀਆਂ ਖੇਤੀ ਸਿਫ਼ਾਰਸ਼ਾਂ ਅਤੇ ਸੁਝਾਵਾਂ ਨੂੰ ਅਪਣਾਉਣ ਲਈ ਤਤਪਰ ਰਹਿੰਦਾ ਹੈ।
ਇਹ ਵੀ ਪੜ੍ਹੋ : Ranjit Bagh ਦੀ ਕਿਸਾਨ ਰਣਜੀਤ ਕੌਰ Women Empowerment ਦੀ ਉਦਾਹਰਨ ਬਣੀ
ਵਾਤਾਵਰਣ ਦੀ ਸੰਭਾਲ ਪ੍ਰਤੀ ਭਾਵੁਕ ਸੋਚ ਰੱਖਦਿਆਂ ਪਾਣੀ, ਬਿਜਲੀ ਅਤੇ ਲੇਬਰ ਦੀ ਬੱਚਤ ਦੇ ਉਦੇਸ਼ ਨਾਲ ਉਸ ਨੇ 2020 ਵਿੱਚ ਪਹਿਲੀ ਵਾਰ ਪਿੰਡ ਦੀ ਸਹਿਕਾਰੀ ਸਭਾ ਵੱਲੋਂ ਲਿਆਂਦੀ ਨਵੀਂ ਡੀ ਐਸ ਆਰ ਡਰਿੱਲ ਨਾਲ ਦੋ ਏਕੜ ਰਕਬੇ 'ਚ ਪੂਸਾ ਬਾਸਮਤੀ 1509 ਦੀ ਤਰ-ਵੱਤਰ ਵਿਧੀ ਨਾਲ ਸਿੱਧੀ ਬਿਜਾਈ ਕੀਤੀ। ਪਹਿਲੇ ਸਾਲ ਉਸ ਨੂੰ ਨਦੀਨਾਂ ਅਤੇ ਚੂਹਿਆਂ ਦੀ ਸਮੱਸਿਆ ਨੇ ਪ੍ਰੇਸ਼ਾਨ ਕੀਤਾ ਪਰ ਕ੍ਰਿਸ਼ੀ ਵਿਗਿਆਨ ਕੇਂਦਰ, ਫਾਰਮ ਸਲਾਹਕਾਰ ਸੇਵਾ ਕੇਂਦਰ ਅਤੇ ਨਿੱਜੀ ਤਜ਼ਰਬੇ:
ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਨਾਲ ਉਸ ਨੇ ਇਸ ਮੁਸ਼ਕਲ ਨੂੰ ਹੱਲ ਕੀਤਾ ਅਤੇ ਅਖੀਰ ਵਿੱਚ ਉਸ ਨੂੰ ਸਿੱਧੀ ਬੀਜੀ ਫਸਲ ਦਾ ਚੰਗਾ ਝਾੜ (23 ਕੁੰਇਟਲ ਪ੍ਰਤੀ ਏਕੜ) ਪ੍ਰਾਪਤ ਹੋਇਆ। ਸਾਲ 2021 ਵਿੱਚ ਉਸ ਨੇ ਚਾਰ ਏਕੜ ਅਤੇ 2022 ਵਿੱਚ 13 ਏਕੜ ਰਕਬੇ 'ਤੇ ਬਾਸਮਤੀ ਦੀ ਤਰ-ਵੱਤਰ ਵਿਧੀ ਨਾਲ ਹੀ ਸਿੱਧੀ ਬਿਜਾਈ ਕੀਤੀ। ਇੰਝ ਉਹ ਆਪਣਾ ਲੱਗਭਗ ਅੱਧਾ ਰਕਬਾ ਸਿੱਧੀ ਬਿਜਾਈ ਤਕਨੀਕ ਅਧੀਨ ਲੈ ਗਿਆ।
ਇਹ ਵੀ ਪੜ੍ਹੋ : ਪੈਸੇ ਦੀ ਕਮੀ ਕਾਰਨ ਕਿਸਾਨ ਨੇ ਖੇਤ ਵਿੱਚ ਅਪਣਾਇਆ ਇਹ Desi Jugaad
ਸਾਲ 2022 ਵਿੱਚ ਕਿਸਾਨ ਨੇ ਪੰਜਾਬ ਬਾਸਮਤੀ 7, ਮੁੱਛਲ ਅਤੇ ਬਾਸਮਤੀ 1692 ਦੀ ਕ੍ਰਮਵਾਰ 7, 4 ਅਤੇ 2 ਏਕੜ ਰਕਬੇ ਵਿੱਚ ਸਿੱਧੀ ਬਿਜਾਈ ਕੀਤੀ ਅਤੇ 24-28 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ। ਬਾਲ ਕ੍ਰਿਸ਼ਨ ਦੱਸਦਾ ਹੈ ਕਿ ਹੁਣ ਉਹ ਸਿੱਧੀ ਬਿਜਾਈ ਕਰਨ ਤੋਂ 10 ਦਿਨ ਪਹਿਲਾਂ ਹੀ ਚੂਹਿਆਂ ਨੂੰ ਕਾਬੂ ਕਰਨ ਦੀ ਮੁਹਿੰਮ ਚਲਾ ਦਿੰਦਾ ਹੈ ਅਤੇ ਖੇਤੀ ਮਾਹਿਰਾਂ ਨਾਲ ਜੁੜਣ ਦੀ ਬਦੌਲਤ ਨਦੀਨਾਂ ਦੀ ਪਛਾਣ ਅਤੇ ਨਦੀਨਨਾਸ਼ਕਾਂ ਦੀ ਪ੍ਰਭਾਵੀ ਵਰਤੋਂ ਦਾ ਗਿਆਨ ਵੀ ਹੋ ਗਿਆ ਹੈ।
ਉਸ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੇ ਬਿਜਾਈ ਤੋਂ ਤੁਰੰਤ ਬਾਅਦ ਹੀ ਸਟੌਂਪ 30 ਈ ਸੀ (ਪੈਂਡੀਮੈਥਾਲਿਨ) ਇੱਕ ਲਿਟਰ ਦਾ ਛਿੜਕਾਅ ਕਰ ਦਿੱਤਾ ਅਤੇ ਬਾਅਦ ਵਿੱਚ ਉੱਗੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਲਈ 8 ਗ੍ਰਾਮ ਐਲਮਿਕਸ 20 ਡਬਲਯੂ ਪੀ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ, ਜਿਸ ਨਾਲ ਨਦੀਨਾਂ ਦਾ ਵਧੀਆ ਖਾਤਮਾ ਹੋ ਗਿਆ।
ਇਹ ਵੀ ਪੜ੍ਹੋ : Success Story: ਬਲਦੇਵ ਸਿੰਘ ਬਾਜਵਾ ਨੇ ਆਪਣੇ ਖੇਤਾਂ 'ਚ ਲਗਾਇਆ `ਗੁਰੂ ਨਾਨਕ ਮਿੰਨੀ ਜੰਗਲ`
ਕਿਸਾਨ ਬਾਲ ਕ੍ਰਿਸ਼ਨ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਬਾਸਮਤੀ ਮਗਰੋਂ ਬੀਜੀ ਕਣਕ ਦਾ ਵੀ ਉਸ ਨੂੰ ਕੱਦੂ ਕੀਤੇ ਖੇਤਾਂ ਨਾਲੋਂ 1.25 ਕੁਇੰਟਲ ਪ੍ਰਤੀ ਏਕੜ ਵੱਧ ਝਾੜ ਪ੍ਰਾਪਤ ਹੋਇਆ ਹੈ। ਕਿਸਾਨ ਨੇ ਦੱਸਿਆ ਕਿ ਸਿੱਧੀ ਬਿਜਾਈ ਵਾਲੇ ਖੇਤਾਂ ਵਿੱਚ ਸਰਦੀਆਂ ਦੌਰਾਨ ਵੱਧ ਮੀਂਹ ਦੇ ਬਾਵਜੂਦ ਜਾਂ ਰਾਤ ਦੀ ਵਾਰੀ ਕਾਰਨ ਭਾਰਾ ਪਾਣੀ ਲੱਗਣ ਨਾਲ ਜਾਂ ਵੱਧ ਨਹਿਰੀ ਪਾਣੀ ਲੱਗ ਜਾਣ ਨਾਲ ਪਾਣੀ ਨਹੀਂ ਖੜਦਾ ਬਲਕਿ ਜ਼ਮੀਨ ਵਿੱਚੋਂ ਰਿਸ ਜਾਂਦਾ ਹੈ ਅਤੇ ਜ਼ਮੀਨ ਵਿੱਚ ਵੀ ਵੱਧ ਪਾਣੀ ਰੀਚਾਰਜ ਹੋ ਜਾਂਦਾ ਹੈ। ਇਸ ਤੋਂ ਇਲਾਵਾ ਉਸ ਦੇ ਤਜ਼ਰਬੇ ਮੁਤਾਬਕ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 15-18 ਪ੍ਰਤੀਸ਼ਤ ਤੱਕ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਲੇਬਰ ਦੀ ਵਰਤੋਂ ਵੀ ਘਟਦੀ ਹੈ।
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU)
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Mr. Balakrishna, an enterprising farmer with direct sowing of Basmati