1. Home
  2. ਸਫਲਤਾ ਦੀਆ ਕਹਾਣੀਆਂ

ਸਾਲ 2010 ਤੋਂ Organic Farming ਨਾਲ ਜੁੜੇ ਕਿਸਾਨ Surjit Singh Rai ਦੀ ਬਦਲੀ ਜ਼ਿੰਦਗੀ, MFOI 2024 ਦੇ National Award ਨਾਲ ਸਨਮਾਨਿਤ

ਕਿਸਾਨ ਸੁਰਜੀਤ ਸਿੰਘ ਰਾਏ ਨੂੰ ਮਿਤੀ 03-12-2024 ਨੂੰ ਦਿੱਲੀ ਵਿਖੇ Millionaire Farmer of India ਦਾ ਨੈਸ਼ਨਲ ਅਵਾਰਡ ਮਿਲਿਆ ਹੈ। ਦੱਸ ਦੇਈਏ ਕਿ ਇਹ ਕਿਸਾਨ ਸਨ 2010 ਤੋਂ ਕੁਦਰਤੀ ਖੇਤੀ ਨਾਲ ਜੁੜਿਆ ਹੋਇਆ ਹੈ।

Gurpreet Kaur Virk
Gurpreet Kaur Virk
ਨੈਸ਼ਨਲ ਅਵਾਰਡੀ ਕਿਸਾਨ ਸੁਰਜੀਤ ਸਿੰਘ ਰਾਏ ਬਣੇ ਕਿਸਾਨਾਂ ਲਈ ਮਿਸਾਲ

ਨੈਸ਼ਨਲ ਅਵਾਰਡੀ ਕਿਸਾਨ ਸੁਰਜੀਤ ਸਿੰਘ ਰਾਏ ਬਣੇ ਕਿਸਾਨਾਂ ਲਈ ਮਿਸਾਲ

Success Story: ਸ. ਸੁਰਜੀਤ ਸਿੰਘ ਰਾਏ ਪਿੰਡ ਲੰਗੇਰੀ, ਬਲਾਕ ਬੰਗਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਕੁਦਰਤੀ ਖੇਤੀ ਦਾ ਅਗਾਂਹਵਧੂ ਕਿਸਾਨ ਹੈ। ਇਸ ਕਿਸਾਨ ਨੇ ਬੀ.ਏ ਦੀ ਪੜਾਈ ਕੀਤੀ ਹੋਈ ਹੈ l ਸੁਰਜੀਤ ਸਿੰਘ ਰਾਏ ਨੂੰ ਮਿਤੀ 03-12-2024 ਨੂੰ ਦਿੱਲੀ ਵਿਖੇ ਮਿਲੀਅਨੇਅਰ ਫਾਰਮਰ ਆਫ ਇੰਡੀਆ ਦਾ ਨੈਸ਼ਨਲ ਅਵਾਰਡ ਮਿਲਿਆ ਹੈ l

ਉਸ ਕੋਲ 5 ਏਕੜ ਆਪਣੀ ਜ਼ਮੀਨ ਹੈ ਅਤੇ 14 ਏਕੜ ਜ਼ਮੀਨ ਠੇਕੇ ਤੇ ਲਈ ਹੋਈ ਹੈ, ਉਸਨੇ ਸਾਲ 2014 ਦੌਰਾਨ ਪੀ.ਏ.ਯੂ ਲੁਧਿਆਣਾ ਵਿਖੇ ਯੰਗ ਫਾਰਮਰਜ਼ ਦਾ ਟਰੇਨਿੰਗ ਕੋਰਸ ਕਰਕੇ ਖੇਤੀਬਾੜੀ ਦੀਆਂ ਬਾਰੀਕੀਆਂ ਬਾਰੇ ਤਕਨੀਕੀ ਜਾਣਕਾਰੀ ਹਾਸਿਲ ਕੀਤੀ।

ਤੁਹਾਨੂੰ ਦੱਸ ਦੇਈਏ ਕਿ ਕਿਸ ਸ. ਸੁਰਜੀਤ ਸਿੰਘ ਰਾਏ ਸਨ 2010 ਤੋਂ ਕੁਦਰਤੀ ਖੇਤੀ ਕਰ ਰਿਹਾ ਹੈ। ਉਸਨੇ ਆਰਗੈਨਿਕ ਫਾਰਮਿੰਗ ਦੀਆਂ ਬਾਰੀਕੀਆਂ ਨੂੰ ਸਮਝਣ ਲਈ ਪਿੰਗਲਵਾੜਾ ਆਰਗੈਨਿਕ ਫਾਰਮ ਜੰਡਿਆਲਾ ਗੁਰੂ, ਜ਼ਿਲ੍ਹਾ ਅੰਮ੍ਰਿਤਸਰ ਅਤੇ ਪੀ. ਏ. ਯੂ. ਆਰਗੈਨਿਕ ਫਾਰਮਿੰਗ ਲੁਧਿਆਣਾ ਵਿਖੇ ਜਾ ਕੇ ਜਾਣਕਾਰੀ ਲਈ। ਉਸਨੇ ਸਾਲ 2020 ਦੌਰਾਨ ਖੇਤੀ ਵਿਰਾਸਤ ਮਿਸ਼ਨ ਵਲੋਂ ਆਯੋਜਿਤ ਆਰਗੈਨਿਕ ਵਰਕਸ਼ਾਪ ਵਿੱਚ ਤਿੰਨ ਦਿਨ ਭਾਗ ਲਿਆ। ਉਸਨੇ ਆਪਣੇ 5 ਏਕੜ ਰਕਬੇ ਵਿੱਚ ਵੱਖ-ਵੱਖ ਫਸਲਾਂ ਲਗਾਉਣ ਦੀ ਪਲਾਨਿੰਗ ਕੀਤੀ ਹੋਈ ਹੈ, ਜਿਸ ਵਿੱਚ ਉਸ ਦੁਆਰਾ ਕਣਕ, ਝੋਨਾ, ਸਰੋਂ, ਗੰਨਾ, ਹਰਾ ਚਾਰਾ, ਚਾਰ ਤਰਾਂ ਦੀ ਹਲਦੀ ਅਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਜਾਂਦੀ ਹੈl

ਕਿਸਾਨ ਸ. ਸੁਰਜੀਤ ਸਿੰਘ ਰਾਏ ਦੁਆਰਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਆਤਮਾ ਸਕੀਮ ਅਧੀਨ ਲਗਾਏ ਜਾਣ ਵਾਲੇ ਟਰੇਨਿੰਗ ਕੈਂਪ, ਐਕਸਪੋਜਰ ਵਿਜਿਟ, ਪਰਾਲੀ ਪ੍ਰਬੰਧਨ, ਪਾਣੀ ਬਚਾਉਣ ਦੇ ਕੈਂਪਾ ਅਤੇ ਫਾਰਮ ਸਕੂਲ ਵਿੱਚ ਜਰੂਰ ਭਾਗ ਲਿਆ ਜਾਂਦਾ ਹੈ। ਉਹ ਜਿਲ੍ਹੇ ਵਿੱਚ ਆਤਮਾ ਸਕੀਮ ਅਧੀਨ ਬਣਾਏ ਗਏ ਨਵਾਂਸ਼ਹਿਰ ਆਰਗੈਨਿਕ ਗਰੁੱਪ ਦਾ ਮੀਡੀਆ ਸੈਕਟਰੀ ਹੈ। ਉਹ ਪੀ.ਏ.ਯੂ. ਆਰਗੈਨਿਕ ਕਿਸਾਨ ਕੱਲਬ, ਕਿਸਾਨ ਕਲੱਬ, ਆਸ ਵੈਲਫੇਅਰ ਸੋਸਾਇਟੀ, ਮਨੁੱਖੀ ਅਧਿਕਾਰ ਮੰਚ, ਭਾਰਤ ਵਿਕਾਸ ਪਰਿਸ਼ਦ, ਪ੍ਰੋਗਰੈਸਿਵ ਡੇਅਰੀ ਫਾਰਮਰਜ਼ ਐਸੋਸੀਏਸ਼ਨ ਪੰਜਾਬ ਦਾ ਮੈਂਬਰ ਹੈ। ਕਿਸਾਨ ਦੁਆਰਾ ਇਹਨਾਂ ਆਰਗੈਨਿਕ ਗਰੁੱਪਾਂ ਅਤੇ ਐਸੋਸੀਏਸ਼ਨਾ ਦੀਆਂ ਮਹੀਨਾਵਾਰ ਮੀਟਿੰਗਾਂ ਵਿੱਚ ਰੈਗੂਲਰ ਭਾਗ ਲਿਆ ਜਾਂਦਾ ਹੈ।

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵਲੋਂ ਆਤਮਾ ਸਕੀਮ ਅਧੀਨ ਸਾਲ 2020 ਦੌਰਾਨ, ਉਸਦੇ ਇੱਕ ਏਕੜ ਰਕਬੇ ਵਿੱਚ ਕਣਕ ਦੀ ਆਰਗੈਨਿਕ ਫਸਲ ਦਾ ਪ੍ਰਦਰਸ਼ਨੀ ਪਲਾਟ ਲਗਾਇਆ ਗਿਆ। ਇਸ ਪ੍ਰਦਰਸ਼ਨੀ ਪਲਾਟ ਵਿੱਚ ਉਸ ਦੁਆਰਾ ਕਣਕ ਦੀਆਂ 3 ਕਿਸਮਾਂ ਜਿਵੇਂ ਕਿ ਬੰਸੀ, ਕਾਲੀ ਕਣਕ ਅਤੇ ਸ਼ਰਬਤੀ ਬੀਜ ਕੇ ਉੱਪਜ ਦੀ ਵਧੀਆ ਕੁਆਲਟੀ ਅਤੇ ਝਾੜ ਪ੍ਰਾਪਤ ਕੀਤਾ ਗਿਆ ਅਤੇ ਕਣਕ ਦਾ ਆਰਗੈਨਿਕ ਬੀਜ ਤਿਆਰ ਕੀਤਾ ਗਿਆ। ਉਸ ਦੁਆਰਾ ਕਣਕ ਦੇ ਬੀਜ ਦੀ ਸੋਧ ਜੈਵਿਕ ਤਰੀਕੇ ਨਾਲ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: MFOI 2024: ਪੰਜਾਬ ਦੇ Litchi King ਸ. ਦਿਲਬਾਗ ਸਿੰਘ ਚੀਮਾ National Award ਨਾਲ ਸਨਮਾਨਿਤ, ਲਾਲੀ ਚੀਮੇ ਤੋਂ ਸਿੱਖੋ ਬਾਗ਼ਬਾਨੀ ਤੋਂ ਵਧੇਰੇ ਲਾਭ ਕਮਾਉਣ ਦੇ ਤਰੀਕੇ

ਆਰਗੈਨਿਕ ਫਸਲਾਂ ਦੀ ਕਾਸ਼ਤ ਦੌਰਾਨ ਉਸ ਵਲੋਂ ਘਰ ਵਿੱਚ ਹੀ ਤਿਆਰ ਦੇਸੀ ਰੂੜੀ, ਕੰਪੋਸਟ, ਗੰਡੋਆ ਖਾਦ, ਬਾਇਓ ਇੰਜਾਇਮ, ਜੀਵ ਅਮ੍ਰਿਤ ਅਤੇ ਪਾਥੀਆਂ ਦੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਉਸ ਦੁਆਰਾ ਫਸਲਾਂ ਵਿੱਚੋਂ ਨਦੀਨਾਂ ਦੀ ਰੋਕਥਾਮ ਖੇਤ ਦੀ ਗੁਡਾਈ ਕਰਕੇ, ਨਦੀਨਾਂ ਨੂੰ ਹੱਥਾਂ ਨਾਲ ਪੁੱਟ ਕੇ ਮਲਚਿੰਗ ਦੀ ਵਰਤੋਂ ਕਰਕੇ, ਫ਼ਸਲੀ ਅਦਲਾ ਬਦਲੀ ਕਰਕੇ ਕੀਤੀ ਜਾਂਦੀ ਹੈ। ਸੁਰਜੀਤ ਸਿੰਘ ਰਾਏ ਦੁਆਰਾ ਘਰ ਵਿੱਚ ਵਰਤਣ ਲਈ ਆਰਗੈਨਿਕ ਕਣਕ ਅਤੇ ਬੀਜ ਰੱਖਣ ਤੋਂ ਇਲਾਵਾ ਬਾਕੀ ਉੱਪਜ ਦੀ ਖਪਤਕਾਰਾਂ ਨੂੰ ਵਧੀਆ ਰੇਟ ਤੇ ਵਿਕਰੀ ਕੀਤੀ ਗਈ।

ਕਿਸਾਨ ਗੰਨੇ ਦੀ ਪ੍ਰੋਸੈਸਿੰਗ ਕਰਕੇ ਗੁੜ, ਸ਼ੱਕਰ ਬਣਾਉਣ, ਸਟੋਰ ਕਰਨ ਅਤੇ ਮਾਰਕਟਿੰਗ ਕਰਨ ਸਬੰਧੀ ਮਾਹਿਰ ਹੈ। ਉਸ ਦੁਆਰਾ ਤਿਆਰ ਕੀਤੇ ਗੁੜ ਅਤੇ ਸ਼ੱਕਰ ਨੂੰ ਖਪਤਕਾਰਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਉਸਨੇ ਮਈ 2020 ਸੀਜ਼ਨ ਦੌਰਾਨ ਆਰਗੈਨਿਕ ਤਰੀਕੇ ਨਾਲ ਲਗਾਈ ਹੋਈ ਟਮਾਟਰਾਂ ਦੀ ਫਸਲ ਵਿੱਚੋਂ ਇੱਕ ਟਮਾਟਰ ਦੇ ਬੂਟੇ ਤੋਂ 54 ਫਲ ਪ੍ਰਾਪਤ ਕੀਤੇ ਜਿਹਨਾਂ ਦਾ ਵਜ਼ਨ 5 ਕਿਲੇ ਦੇ ਕਰੀਬ ਹੋਇਆ। ਉਸ ਦੁਆਰਾ ਔਸ਼ਧੀ ਵਾਲੇ ਬੂਟੇ ਜਿਵੇਂ ਕਿ ਨਿੰਮ, ਧਤੂਰਾ, ਮਨੀਪਲਾਂਟ, ਕੁਆਰ ਗੰਦਲ, ਹਾਰ ਸ਼ਿੰਗਾਰ, ਲੈਮਨ ਘਾਹ, ਪੱਥਰਚੱਟ, ਗੁੜਮਾਰ, ਬੱਚ, ਇਨਸੂਲਿਨ, ਕੜੀਪੱਤਾ, ਪੁਦੀਨਾ, ਅਕਰਕਾਰਾ ਚਾਰ ਪ੍ਰਕਾਰ ਦੀਆ ਤੁਲਸੀ ਦੇ ਬੂਟੇ ਅਤੇ ਫਲਾਂ ਦੇ ਬੂਟੇ, ਜਿਵੇਂ ਕਿ ਅਮਰੂਦ, ਪਪੀਤਾ, ਆਮਲਾ, ਨਿੰਬੂ (ਆਚਾਰੀ, ਬਾਰਾਮਾਸੀ ਅਤੇ ਕਾਗਜੀ), ਅੰਜੀਰ, ਫਾਲਸਾ, ਆੜੂ, ਸੇਬ ਅਤੇ ਜਾਮੁਨ ਲਗਾਏ ਹੋਏ ਹਨ।

ਇਹ ਵੀ ਪੜ੍ਹੋ: ਲੁਧਿਆਣਾ ਦੇ Successful Fish Farmer ਜਸਵੀਰ ਸਿੰਘ ਔਜਲਾ MFOI Award 2024 ਨਾਲ ਸਨਮਾਨਿਤ, ਜਾਣੋ ਇਸ ਕਿਸਾਨ ਦਾ ਫ਼ਸਲੀ ਚੱਕਰ ਤੋਂ ਮੱਛੀ ਪਾਲਣ ਤੱਕ ਦਾ ਸਫ਼ਰ

ਇਹ ਕਿਸਾਨ ਫਸਲਾਂ ਦੀ ਰਹਿੰਦ-ਖੂੰਹਦ ਨੂੰ ਕਦੇ ਵੀ ਅੱਗ ਨਹੀਂ ਲਗਾਉਂਦਾ। ਉਸ ਵਲੋਂ ਫਸਲਾਂ ਦੀ ਰਹਿੰਦ ਖੂੰਹਦ ਅਤੇ ਦਰੱਖਤਾਂ ਦੇ ਪੱਤਿਆਂ ਤੋਂ ਆਪਣੇ ਖੇਤ ਵਿੱਚ ਹੀ ਦੇਸੀ ਕੰਪੋਸਟ ਖਾਦ ਤਿਆਰ ਕੀਤੀ ਜਾਂਦੀ ਹੈ। ਕਿਸਾਨ ਦੁਆਰਾ ਭਾਰਤ ਸਰਕਾਰ ਵਲੋਂ ਅਯੋਜਿਤ ਪੀ. ਏ. ਯੂ. ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਤੋਂ ਇਕ ਮਹੀਨੇ ਦਾ ਪੈਕ ਹਾਊਸ ਵਰਕਰ ਦਾ ਕੋਰਸ ਕੀਤਾ ਹੋਇਆ ਹੈ। ਉਸਨੇ ਡੇਅਰੀ ਡਿਵਲਪਮੈਂਟ ਬੋਰਡ ਦੇ ਟਰੇਨਿੰਗ ਸੈਂਟਰ ਤੋਂ ਡੇਅਰੀ ਫਾਰਮਿੰਗ ਦਾ 40 ਦਿਨ ਦਾ ਕੋਰਸ ਕੀਤਾ ਹੋਇਆ ਹੈ। ਕਿਸਾਨ ਦੁਆਰਾ ਗੁਰੂ ਅੰਗਦ ਦੇਵ ਯੂਨੀਵਰਸਿਟੀ, ਲੁਧਿਆਣਾ ਤੋਂ 15 ਦਿਨਾਂ ਦੀ ਪਸ਼ੂਆਂ ਦੀ ਸਾਂਭ ਸੰਭਾਲ ਅਤੇ ਬੀਮਾਰੀਆਂ ਦੀ ਰੋਕਥਾਮ ਸਬੰਧੀ ਟਰੇਨਿੰਗ ਲਈ ਹੋਈ ਹੈ। ਉਸ ਨੇ ਪਸ਼ੂਆਂ ਦੀ ਫੀਡ ਤਿਆਰ ਕਰਨ ਸਬੰਧੀ ਵੀ ਟਰੇਨਿੰਗ ਕੀਤੀ ਹੋਈ ਹੈ। ਉਸਨੇ ਦਧਾਰੂ ਪਸ਼ੂਆਂ ਵਿੱਚ ਸਾਹੀਵਾਲ ਨਸਲ ਦੀ ਗਾਂ ਸਮੇਤ ਕੁਲ 15 ਪਸ਼ੂ ਰੱਖੇ ਹੋਏ ਹਨ। ਉਸ ਦੁਆਰਾ ਪਸ਼ੂਆਂ ਲਈ ਆਰਗੈਨਿਕ ਚਾਰੇ ਦੀ ਪੈਦਾਵਾਰ ਕੀਤੀ ਜਾਂਦੀ ਹੈ। ਕਿਸਾਨ ਵਲੋਂ ਆਪਣੇ ਪਸ਼ੂਆਂ ਦੀ ਫੀਡ ਵੀ ਆਰਗੋਨਿਕ ਉਪਜ ਦੀ ਵਰਤੋਂ ਕਰਕੇ ਖੁਦ ਹੀ ਤਿਆਰ ਕੀਤੀ ਜਾਂਦੀ ਹੈ।

ਕਿਸਾਨ ਨੇ ਪੀ. ਏ. ਯੂ. ਲੁਧਿਆਣਾ ਤੋਂ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਤਕਨੀਕਾਂ ਸਬੰਧੀ ਟਰੇਨਿੰਗ ਲਈ ਹੋਈ ਹੈ ਅਤੇ ਭਾਰਤ ਸਰਕਾਰ ਤੋਂ ਮੁਢਲੀ ਸਹਾਇਤਾ ਦਾ ਇਕ ਹਫਤੇ ਦਾ ਟ੍ਰੇਨਿੰਗ ਕੋਰਸ, ਭਾਰਤ ਸਰਕਾਰ ਦੁਆਰਾ ਆਯੋਜਿਤ ਐਗਰੀਕਲਚਰ ਐਕਸਟੈਂਸ਼ਨ ਸਰਵਿਸ ਪ੍ਰੋਵਾਈਡਰ ਦਾ ਇੱਕ ਮਹੀਨੇ ਦਾ ਕੋਰਸ ਅਤੇ ਇੱਕ ਸਾਲ ਦਾ ਫਾਇਰ ਅਤੇ ਸੇਫਟੀ ਸਬੰਧੀ ਡਿਪਲੋਮਾ ਕੀਤਾ ਹੋਇਆ ਹੈ। ਉਸ ਦੁਆਰਾ ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਿਖੇ Institutional of Occupational Safety and Health (IOSH) ਸਬੰਧੀ ਟਰੇਨਿੰਗ ਵੀ ਕੀਤੀ ਹੋਈ ਹੈ। ਸਾਲ 2021-22 ਦੌਰਾਨ ਉਸ ਵਲੋਂ ਇੱਕ ਏਕੜ ਰਕਬੇ ਵਿੱਚ ਆਰਗੈਨਿਕ ਝੋਨੇ ਦੀ ਕਾਸ਼ਤ ਕੀਤੀ ਗਈ ਜਿਸ ਵਿੱਚ ਉਸਨੇ 26 ਕੁਇੰਟਲ ਝਾੜ ਪ੍ਰਾਪਤ ਕਰਕੇ ਆਪਣੇ ਤਜਰਬੇ ਨੂੰ ਸਫਲ ਬਣਾਇਆ।

ਸੁਰਜੀਤ ਸਿੰਘ ਰਾਏ ਮੌਜੂਦਾ ਮਾਨਯੋਗ ਸਪੀਕਰ ਸਾਹਿਬ ਪੰਜਾਬ ਸ. ਕੁਲਤਾਰ ਸਿੰਘ ਸੰਧਵਾਂ ਜੀ ਵਲੋਂ ਵੀ ਸਨਮਾਨਿਤ ਹੈ ਅਤੇ ਹੋਰ ਕਈ ਤਰਾਂ ਦੀਆ ਰਜਿਸਟਰਡ ਸਮਾਜ ਸੇਵੀ ਸੰਸਥਾਵਾਂ ਵਲੋਂ ਵੀ ਸਨਮਾਨਿਤ ਹੈ ਉਸਦੇ ਫਾਰਮ ਵਿੱਚ ਸਕੂਲਾਂ ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਕਿਸਾਨ ਵੀ ਕੁਦਰਤੀ ਖੇਤੀ ਸੰਬੰਧੀ ਮੁਫ਼ਤ ਟ੍ਰੇਨਿੰਗ ਲੈਣ ਆਉਂਦੇ ਰਹਿੰਦੇ ਹਨ। ਸੁਰਜੀਤ ਸਿੰਘ ਰਾਏ ਵਾਤਾਵਰਨ ਪ੍ਰੇਮੀ, ਸਮਾਜ ਸੇਵੀ, ਜੈਵਿਕ ਖੇਤੀ ਮਾਹਿਰ ਅਤੇ ਉਘੇ ਲਿਖਾਰੀ ਵੀ ਹਨ। ਅਸੀਂ ਸੁਰਜੀਤ ਸਿੰਘ ਰਾਏ ਦੇ ਜੈਵਿਕ ਖੇਤੀ ਦੇ ਸਫ਼ਰ ਵਿੱਚ ਸ਼ੁੱਭ ਕਾਮਨਾਵਾਂ ਭੇਂਟ ਕਰਦੇ ਹਾਂ।

ਸਰੋਤ: ਦਿਨੇਸ਼ ਦਮਾਥੀਆ

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Organic Farming Changed Farmer Surjit Singh Rai's Life, Honored with the National Award of MFOI 2024

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters