1. Home
  2. ਸਫਲਤਾ ਦੀਆ ਕਹਾਣੀਆਂ

Organic Farming ਨੇ ਬਦਲੀ Hoshiarpur ਦੀ ਰਹਿਣ ਵਾਲੀ Manjit Kaur ਦੀ ਜ਼ਿੰਦਗੀ, ਇੱਥੇ ਜਾਣੋ Cancer ਤੋਂ ਕੁਦਰਤੀ ਖੇਤੀ ਤੱਕ ਦੇ ਸਫ਼ਰ ਦੀ ਪੂਰੀ ਕਹਾਣੀ

ਅੱਜ ਮਨਜੀਤ ਕੌਰ ਦਾ ਨਾਂ ਵਿਦੇਸ਼ਾਂ ਵਿੱਚ ਗੂੰਜ ਰਿਹਾ ਹੈ ਅਤੇ ਜਿਹੜੀਆਂ ਔਰਤਾਂ ਕਦੇ ਰਸੋਈ ਤੱਕ ਹੀ ਸੀਮਤ ਸਨ, ਉਨ੍ਹਾਂ ਨੂੰ ਮਨਜੀਤ ਕੌਰ ਨੇ ਆਪਣੇ ਨਾਲ ਜੋੜ ਕੇ 20 ਹਜ਼ਾਰ ਰੁਪਏ ਮਹੀਨਾ ਰੁਜ਼ਗਾਰ ਦੇਣ ਦਾ ਕੰਮ ਕੀਤਾ ਹੈ। ਪਰ 10ਵੀਂ ਪਾਸ ਮਨਜੀਤ ਕੌਰ ਦੇ ਹਾਲਾਤ ਅੱਜ ਤੋਂ ਕੁਝ ਸਾਲ ਪਹਿਲਾਂ ਅਜਿਹੇ ਨਹੀਂ ਸਨ। ਦਰਅਸਲ, ਮਨਜੀਤ ਕੌਰ ਦੀ ਜ਼ਿੰਦਗੀ 'ਤੇ ਜਦੋਂ ਦੁੱਖਾਂ-ਤਕਲੀਫ਼ਾਂ ਦਾ ਪਹਾੜ ਟੁੱਟਿਆ ਤਾਂ ਉਨ੍ਹਾਂ ਨੇ ਨਾ ਸਿਰਫ਼ ਇਸ ਸਮੱਸਿਆ ਦਾ ਬਹਾਦਰੀ ਨਾਲ ਸਾਹਮਣਾ ਕੀਤਾ, ਸਗੋਂ ਆਪਣੀ ਕਰੜੀ ਮਿਹਨਤ, ਸੰਜਮ ਅਤੇ ਲਗਨ ਸਦਕਾ ਕਈ ਲੋਕਾਂ ਦੀ ਜ਼ਿੰਦਗੀ ਨੂੰ ਵੀ ਬਦਲ ਦਿੱਤਾ।

Gurpreet Kaur Virk
Gurpreet Kaur Virk
ਜੈਵਿਕ ਖੇਤੀ ਨੇ ਬਦਲੀ ਮਨਜੀਤ ਕੌਰ ਦੀ ਜ਼ਿੰਦਗੀ

ਜੈਵਿਕ ਖੇਤੀ ਨੇ ਬਦਲੀ ਮਨਜੀਤ ਕੌਰ ਦੀ ਜ਼ਿੰਦਗੀ

Success Story: ਸਾਡੀ ਜ਼ਿੰਦਗੀ ਵਿੱਚ ਕਈ ਅਜਿਹੇ ਮੋੜ ਆਉਂਦੇ ਹਨ ਜੋ ਸਾਨੂੰ ਬਹੁਤ ਵੱਡਾ ਸਬਕ ਸਿਖਾਉਂਦੇ ਹਨ ਜਾਂ ਇੰਜ ਕਹਿ ਸਕਦੇ ਹਾਂ ਕਿ ਕਿਸੇ ਮੰਜ਼ਿਲ ਤੱਕ ਪਹੁੰਚਣ ਲਈ ਕੁਦਰਤ ਪਹਿਲਾਂ ਤੋਂ ਹੀ ਇੱਕ ਰਸਤਾ ਤਿਆਰ ਕਰ ਦਿੰਦੀ ਹੈ, ਚਾਹੇ ਉਹ ਕਿੰਨੀਆਂ ਵੀ ਮੁਸ਼ਕਿਲਾਂ ਨਾਲ ਭਰਿਆ ਹੋਵੇ, ਪਰ ਇਕ ਵਾਰ ਜਦੋਂ ਅਸੀਂ ਉਨ੍ਹਾਂ ਮੁਸ਼ਕਿਲਾਂ ਨੂੰ ਪਾਰ ਕਰ ਲੈਂਦੇ ਹਾਂ, ਤਾਂ ਸਫਲਤਾ ਆਪਣੇ ਆਪ ਕਦਮ ਚੁੱਮਦੀ ਹੈ। ਜਿਹੜੇ ਲੋਕ ਅਹਿਜੇ ਹਾਲਾਤਾਂ ਤੋਂ ਸਬਕ ਸਿੱਖ ਕੇ ਆਪਣੀ ਹਿੰਮਤ ਅਤੇ ਜਨੂੰਨ ਨਾਲ ਅੱਗੇ ਵਧਦੇ ਹਨ, ਉਨ੍ਹਾਂ ਦੀ ਕਾਮਯਾਬੀ ਦੀ ਕਹਾਣੀ ਫਿਰ ਕਿਸੇ ਤੋਂ ਲੁਕੀ ਨਹੀਂ ਰਹਿੰਦੀ।

ਕੁਝ ਅਜਿਹਾ ਹੀ ਹੋਇਆ ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਨੀਲਾ ਨਲੋਆ ਦੇ ਰਹਿਣ ਵਾਲੇ ਮਨਜੀਤ ਕੌਰ ਨਾਲ, ਜਿਨ੍ਹਾਂ ਦੀ ਸਫ਼ਲਤਾ ਦੀ ਕਹਾਣੀ ਅਜਿਹੇ ਹੀ ਦੁਖਦ ਮੋੜ ਤੋਂ ਬਾਅਦ ਸ਼ੁਰੂ ਹੋਈ। ਪਰ ਮਨਜੀਤ ਕੌਰ ਨੇ ਇਨ੍ਹਾਂ ਦੁੱਖ-ਤਕਲੀਫ਼ਾਂ ਦਾ ਢੱਟ ਕੇ ਸਾਹਮਣਾ ਕੀਤਾ ਅਤੇ ਆਪਣੀ ਕਰੜੀ ਮਿਹਨਤ, ਸੰਜਮ ਅਤੇ ਲਗਨ ਸਦਕਾ ਉਹ ਕਰ ਦਿਖਾਇਆ, ਜੋ ਕੋਈ ਸੋਚ ਵੀ ਨਹੀਂ ਸਕਤਾ ਸੀ।

ਬੇਸ਼ਕ ਅੱਜ ਮਨਜੀਤ ਕੌਰ ਦਾ ਨਾਂ ਵਿਦੇਸ਼ਾਂ ਵਿੱਚ ਗੂੰਜ ਰਿਹਾ ਹੈ ਅਤੇ ਜਿਹੜੀਆਂ ਔਰਤਾਂ ਕਦੇ ਰਸੋਈ ਤੱਕ ਹੀ ਸੀਮਤ ਸਨ, ਉਨ੍ਹਾਂ ਨੂੰ ਮਨਜੀਤ ਕੌਰ ਨੇ ਆਪਣੇ ਨਾਲ ਜੋੜ ਕੇ 20 ਹਜ਼ਾਰ ਰੁਪਏ ਮਹੀਨਾ ਰੁਜ਼ਗਾਰ ਦੇਣ ਦਾ ਕੰਮ ਕੀਤਾ। ਪਰ 10ਵੀਂ ਪਾਸ ਮਨਜੀਤ ਕੌਰ ਦੇ ਹਾਲਾਤ ਅੱਜ ਤੋਂ ਕੁਝ ਸਾਲ ਪਹਿਲਾਂ ਅਜਿਹੇ ਨਹੀਂ ਸਨ। ਦਰਅਸਲ, ਮਨਜੀਤ ਕੌਰ ਦੇ ਆਰਥਿਕ ਹਾਲਾਤ ਬਹੁਤ ਖਰਾਬ ਸਨ। ਸਮੱਸਿਆ ਇਸ ਲਈ ਵੀ ਜ਼ਿਆਦਾ ਸੀ ਕਿਉਂਕਿ ਮਨਜੀਤ ਕੌਰ ਦੀ ਬੇਟੀ ਕੈਂਸਰ ਦੀ ਬਿਮਾਰੀ ਤੋਂ ਪੀੜਤ ਸੀ। ਜਦੋਂ ਉਹ ਡਾਕਟਰ ਕੋਲ ਗਏ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਫ਼ਸਲਾਂ ਵਿੱਚ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਇਸ ਤੋਂ ਬਾਅਦ ਹੀ ਮਨਜੀਤ ਕੌਰ ਦੀ ਜ਼ਿੰਦਗੀ 'ਚ ਟਰਨਿੰਗ ਪੁਆਇੰਟ ਆਇਆ ਅਤੇ ਸ਼ੁਰੂ ਹੋਇਆ ਉਨ੍ਹਾਂ ਦੀ ਸਫਲਤਾ ਦਾ ਸਫ਼ਰਨਾਮਾ।

ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਬਾਰੇ ਸੁਣਕੇ ਮਨਜੀਤ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੋਚ 'ਤੇ ਗਹਿਰਾ ਪ੍ਰਭਾਅ ਪਇਆ ਅਤੇ ਉਨ੍ਹਾਂ ਦਾ ਝੁਕਾਅ ਜੈਵਿਕ ਖੇਤੀ ਵੱਲ ਹੋ ਗਿਆ। ਮਨਜੀਤ ਕੌਰ ਕੋਲ ਪਰਿਵਾਰ ਦਾ ਸਾਥ ਹੋਣ ਕਰਕੇ ਉਨ੍ਹਾਂ ਲਈ ਜੈਵਿਕ ਖੇਤੀ ਕਰਨਾ ਕਾਫੀ ਸੌਖਾ ਸੀ। ਪਰ ਆਪਣੇ ਪਰਿਵਾਰ ਦੇ ਨਾਲ-ਨਾਲ ਮਨਜੀਤ ਕੌਰ ਨੇ ਹੋਰ ਪਰਿਵਾਰਾਂ ਤੱਕ ਵੀ ਜੈਵਿਕ ਖੇਤੀ ਅਤੇ ਹੋਰ ਪਦਾਰਥਾਂ ਦੀ ਪਹੁੰਚ ਨੂੰ ਯਕੀਨੀ ਬਨਾਉਣ ਦਾ ਨਿਸ਼ਚੈ ਕੀਤਾ। ਹਾਲਾਂਕਿ, ਮਨਜੀਤ ਕੌਰ ਨੂੰ ਇਸ ਦੌਰਾਨ ਕਈ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ। ਮਨਜੀਤ ਕੌਰ ਦੱਸਦੇ ਹਨ ਕਿ ਜਦੋਂ ਮੈਂ ਆਪਣੇ ਦਿਲ ਦੀ ਇੱਛਾ ਕੁਝ ਔਰਤਾਂ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਨੇ ਵੀ ਇਸ ਲੜਾਈ ਵਿੱਚ ਮੇਰਾ ਸਾਥ ਦੇਣ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿੱਚ ਅਸੀਂ ਮਦਰ ਟੈਰੇਸਾ ਗਰੁੱਪ ਬਣਾਇਆ ਅਤੇ ਠੇਕੇ 'ਤੇ ਜ਼ਮੀਨ ਲੈ ਕੇ ਜੈਵਿਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ।

ਮਨਜੀਤ ਕੌਰ ਸੰਨ 2008-09 ਵਿੱਚ ਭੂਮੀ ਅਤੇ ਜਲ ਸੰਭਾਲ ਵਿਭਾਗ, ਹੁਸ਼ਿਆਰਪੁਰ ਵੱਲੋਂ ਸਵੈ ਸਹਾਇਤਾ ਗਰੁੱਪ ਅਤੇ ਕੰਡੀ ਇਲਾਕੇ ਲਈ ਚਲਾਏ ਜਾਣ ਵਾਲੇ ਪ੍ਰੋਜੈਕਟ ਨਾਲ ਜੁੜੇ। ਇਸ ਪ੍ਰੋਜੈਕਟ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵਿਖੇ ਸਿਖਲਾਈ ਕੋਰਸ ਲਗਾਉਣ ਦਾ ਮੌਕਾ ਮਿਲਿਆ। ਕੇ.ਵੀ.ਕੇ. ਵੱਲੋਂ ਲਗਾਏ ਜਾਣ ਵਾਲੇ ਸਾਰੇ ਟ੍ਰੇਨਿੰਗ ਕੋਰਸਾਂ ਵਿੱਚ ਮਨਜੀਤ ਕੌਰ ਨੇ ਹਿੱਸਾ ਲਿਆ। ਇਨ੍ਹਾਂ ਟ੍ਰੇਨਿੰਗਾਂ ਦੌਰਾਨ ਉਨ੍ਹਾਂ ਨੂੰ ਆਪਣੀ ਖੇਤੀ ਨੂੰ ਵਪਾਰਕ ਪੱਧਰ 'ਤੇ ਲੈ ਜਾਣ ਦੇ ਕਈ ਮੁੱਦਿਆਂ ਬਾਰੇ ਤਕਨੀਕੀ ਜਾਣਕਾਰੀ ਮਿਲੀ।

ਮਨਜੀਤ ਕੌਰ ਦਾ ਰੁਝਾਨ ਜੈਵਿਕ ਖੇਤੀ ਵੱਲ ਸੀ ਅਤੇ ਉਨ੍ਹਾਂ ਨੇ ਆਪਣੀ 17 ਏਕੜ ਜ਼ਮੀਨ ਦਾ ਰਕਬਾ ਜੈਵਿਕ ਖੇਤੀ ਹੇਠ ਲਿਆਉਣ ਦਾ ਫੈਸਲਾ ਕੀਤਾ, ਜਿਸ ਵਿੱਚ ਉਨ੍ਹਾਂ ਦੇ ਪਤੀ ਸ. ਤਰਸੇਮ ਸਿੰਘ ਨੇ ਮੁੱਢਲਾ ਤੇ ਭਰਪੂਰ ਯੋਗਦਾਨ ਪਾਇਆ। ਸੰਨ 2013 ਤੋਂ ਹੀ ਗੰਡੋਇਆਂ ਦੀ ਖਾਦ ਬਣਾ ਕੇ ਉਸ ਦੀ ਵਰਤੋਂ ਖੇਤ ਵਿੱਚ ਕੀਤੀ ਜਾ ਰਹੀ ਹੈ। ਆਪਣੇ ਖੇਤਾਂ ਵਿੱਚ ਮੌਸਮੀ ਸਬਜ਼ੀਆਂ ਦੇ ਨਾਲ-ਨਾਲ ਮਨਜੀਤ ਕੌਰ ਨੇ ਦਾਲਾਂ ਦੀ ਕਾਸ਼ਤ ਵੀ ਸ਼ੁਰੂ ਕਰ ਦਿੱਤੀ। ਸਮੇਂ ਦੇ ਨਾਲ ਜੈਵਿਕ ਉਤਪਾਦਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਵਧੀ ਜਿਸ ਕਰਕੇ ਉਨ੍ਹਾਂ ਦੀ ਮੰਗ ਵਿੱਚ ਵੀ ਵਾਧਾ ਹੋਇਆ।

ਇਹ ਵੀ ਪੜ੍ਹੋ : Success Story: ਸੂਰ ਅਤੇ ਮੱਛੀ ਪਾਲਣ ਦਾ ਸਾਂਝਾ ਕਿੱਤਾ ਕਰਨ ਵਾਲੀ ਹਿੰਮਤੀ ਅਤੇ ਉੱਦਮੀ ਔਰਤ Amandeep Kaur Sangha, ਭਵਿੱਖ ਵਿੱਚ Dairy ਅਤੇ Poultry Farm ਸ਼ੁਰੂ ਕਰਨ ਦੀ ਯੋਜਨਾ

ਜੈਵਿਕ ਖੇਤੀ ਦੇ ਨਾਲ ਮਨਜੀਤ ਕੌਰ ਨੇ ਅਚਾਰ, ਚਟਣੀਆਂ, ਪਾਪੜ, ਸੇਵੀਆਂ, ਗੁੜ, ਸ਼ੱਕਰ ਆਦਿ ਉਤਪਾਦ ਵੀ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਕਿਸਾਨ ਮੇਲੇ 'ਤੇ ਸਟਾਲ ਲਗਾਉਣੇ ਸ਼ੁਰੂ ਕਰ ਦਿੱਤੇ, ਜਿਸਦੇ ਨਾਲ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ। ਜੈਵਿਕ ਖੇਤੀ ਦੇ ਵਿੱਚ ਮਨਜੀਤ ਕੌਰ ਦੇ ਯੋਗਦਾਨ ਨੂੰ ਵੇਖਦੇ ਹੋਏ ਉਨ੍ਹਾਂ ਨੂੰ 2018 ਵਿੱਚ ਮਹਿਲਾ ਕਿਸਾਨ (ਜੈਵਿਕ ਖੇਤੀ) ਲਈ ਸਨਮਾਨਿਤ ਵੀ ਕੀਤਾ ਗਿਆ।

ਹੌਲੀ-ਹੌਲੀ ਮਨਜੀਤ ਕੌਰ ਵੱਲੋਂ ਤਿਆਰ ਗੁੜ ਅਤੇ ਸ਼ੱਕਰ ਲੋਕਾਂ ਵਿੱਚ ਪ੍ਰਸਿੱਧ ਹੋ ਗਏ ਅਤੇ ਸਲਾਨਾ ਤਿਆਰ ਮਾਲ ਦੀ ਮਾਤਰਾ ਵਿੱਚ ਵਾਧਾ ਹੋਣ ਲੱਗਾ। ਸਾਲ 2019-20 ਵਿੱਚ 20-25 ਕੁਇੰਟਲ ਗੁੜ ਅਤੇ ਸ਼ੱਕਰ ਤਿਆਰ ਕੀਤਾ ਅਤੇ 75 ਕਿਲੋ ਅਚਾਰ ਤਿਆਰ ਕੀਤਾ ਅਤੇ ਕੁੱਲ ਲਾਭ 2.25 ਲੱਖ ਰੁਪਏ ਹੋਇਆ। ਮਨਜੀਤ ਕੌਰ ਵੱਲੋਂ ਤਿਆਰ ਕੀਤੇ ਉਤਪਾਦ ਜਿਵੇਂ ਅੰਬ ਦਾ ਅਚਾਰ, ਨਿੰਬੂ ਦਾ ਅਚਾਰ, ਮਿਰਚਾਂ ਦਾ ਅਚਾਰ, ਆਂਵਲੇ ਦਾ ਅਚਾਰ, ਹੱਥ ਨਾਲ ਬਣੀਆਂ ਸੇਵੀਆਂ, ਪਾਪੜ ਅਤੇ ਅੰਬ ਦੀ ਚਟਣੀ ਵੀ ਬਹੁਤ ਮਸ਼ਹੂਰ ਹੈ।

ਸ਼ੁਰੂਆਤੀ ਔਕੜਾਂ ਤੋਂ ਬਾਅਦ ਮਨਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਨੇ ਜੈਵਿਕ ਖੇਤੀ, ਗੁੜ ਅਤੇ ਸ਼ੱਕਰ ਦੇ ਉਤਪਾਦਨ ਵਿੱਚ ਆਪਣੇ ਮੰਡੀਕਰਨ ਨਾਲ ਸਫਲਤਾ ਪ੍ਰਾਪਤ ਕਰ ਲਈ। ਮਨਜੀਤ ਕੌਰ ਵੱਲੋਂ ਪਿੰਡ ਦੀਆਂ 20 ਔਰਤਾਂ ਨਾਲ ਮਿਲ ਕੇ 'ਮਦਰ ਟੈਰੇਸਾ ਸੈਲਫ ਹੈਲਪ ਗਰੁੱਪ' ਦੀ ਸ਼ੁਰੁਆਤ ਵੀ ਕੀਤੀ ਗਈ, ਜਿਸ ਵਿੱਚ ਔਰਤਾਂ ਛੋਟੀ ਬਚਤ ਕਰਕੇ ਪੈਸੇ ਜੋੜਦੀਆਂ ਹਨ ਅਤੇ ਲੋੜ ਪੈਣ 'ਤੇ ਲੋਨ ਨਾਲ ਗਰੁੱਪ ਦੇ ਮੈਂਬਰਾਂ ਦੀ ਮਦਦ ਵੀ ਕਰਦੀਆਂ ਹਨ। ਉਹ ਆਪਣੇ ਪਿੰਡ ਅਤੇ ਹੋਰ ਲੋਕਾਂ ਵਿੱਚ ਫਸਲਾਂ ਤੇ ਕੀਟਨਾਸ਼ਕਾਂ ਦੇ ਛਿੜਕਾਅ ਦੇ ਪ੍ਰਭਾਵਾਂ ਬਾਰੇ ਵੀ ਜਾਣੂੰ ਕਰਵਾਉਂਦੀਆਂ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ Top 5 Women Farmers ਦੀ ਸੰਘਰਸ਼ ਅਤੇ ਮਿਹਨਤ ਦੀ Success Story, ਕਈ ਔਂਕੜਾਂ ਤੋਂ ਬਾਅਦ ਵੀ ਨਹੀਂ ਮੰਨੀ ਹਾਰ, ਰੱਚ ਦਿੱਤੀ ਸਫਲਤਾ ਦੀ ਵੱਖਰੀ ਮਿਸਾਲ

ਉੱਦਮੀ ਬੀਬੀ ਸ਼੍ਰੀਮਤੀ ਮਨਜੀਤ ਕੌਰ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

ਉੱਦਮੀ ਬੀਬੀ ਸ਼੍ਰੀਮਤੀ ਮਨਜੀਤ ਕੌਰ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ

ਦੱਸ ਦੇਈਏ ਕਿ ਅਨੇਕਾਂ ਪੁਰਸਕਾਰ ਪ੍ਰਾਪਤ ਸ਼੍ਰੀਮਤੀ ਮਨਜੀਤ ਕੌਰ ਵੱਲੋਂ ਕੁਦਰਤੀ ਖੇਤੀ ਕੀਤੀ ਜਾਂਦੀ ਹੈ। ਉਨ੍ਹਾਂ ਵੱਲੋਂ ਸਾਉਣੀ ਦੇ ਵਿੱਚ ਮੁੱਖ ਤੌਰ 'ਤੇ ਘੀਆ ਕੱਦੂ, ਰਾਮ ਤੋਰੀ, ਬਾਸਮਤੀ, ਮੋਟੇ ਅਨਾਜ, ਬਾਜਰਾ, ਮੱਕੀ ਨੂੰ ਤਰਜੀਹ ਦਿੱਤੀ ਜਾਂਦੀ ਹੈ, ਜਦੋਂਕਿ ਹਾੜੀ ਵਿੱਚ ਕਣਕ, ਸਰ੍ਹੋਂ, ਮਟਰ, ਮਸਰ, ਛੋਲੇ ਆਦਿ ਨੂੰ ਕੁਦਰਤੀ ਅਤੇ ਜੈਵਿਕ ਢੰਗ ਨਾਲ ਤਿਆਰ ਕਰਕੇ ਖੁਦ ਮੰਡੀਕਰਨ ਕੀਤਾ ਜਾਂਦਾ ਹੈ। ਜ਼ਿਕਰਯੋਗ ਹੈ ਕਿ ਫ਼ਸਲ ਉਤਪਾਦਨ ਅਤੇ ਫ਼ਸਲਾਂ ਨਾਲ ਸੰਬੰਧਤ ਕਿੱਤਿਆਂ ਨੂੰ ਉਤਸ਼ਾਹਿਤ ਕਰਨ ਵਾਲੀ ਅਜਿਹੀ ਉੱਦਮੀ ਬੀਬੀ ਸ਼੍ਰੀਮਤੀ ਮਨਜੀਤ ਕੌਰ ਨੂੰ 14 ਮਾਰਚ 2024 ਦੇ ਕਿਸਾਨ ਮੇਲੇ ਵਿੱਚ ਸਰਦਾਰਨੀ ਪ੍ਰਕਾਸ਼ ਕੌਰ ਸਰਾਂ ਯਾਦਗਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਸਮੇਂ ਦੇ ਨਾਲ ਚਲਦੇ ਹੋਏ ਮਨਜੀਤ ਕੌਰ ਨੇ ਮੰਡੀਕਰਨ ਦੇ ਨਵੇਂ ਤਰੀਕੇ ਜਿਵੇਂ ਵਟਸਐਪ, ਫੋਨ 'ਤੇ ਆਰਡਰ ਲੈਣਾ ਅਪਣਾਏ ਹਨ। ਮਨਜੀਤ ਕੌਰ ਦੇ ਖੇਤਾਂ ਦੀ ਜੈਵਿਕ ਸਬਜ਼ੀਆਂ, ਦਾਲਾਂ ਅਤੇ ਹੋਰ ਉਤਪਾਦਾਂ ਦੀ ਮੰਗ ਹੁਸ਼ਿਆਰਪੁਰ ਦੇ ਨਾਲ-ਨਾਲ ਚੰਡੀਗੜ, ਜਲੰਧਰ, ਪਠਾਨਕੋਟ ਅਤੇ ਹੋਰ ਜ਼ਿਲਿਆਂ ਵਿੱਚ ਵੱਧ ਰਹੀ ਹੈ। ਦੂਰ ਦੇ ਆਰਡਰਾਂ ਦੇ ਆਨਲਾਈਨ ਭੁਗਤਾਨ ਨੂੰ ਵੀ ਮਨਜੀਤ ਨੇ ਅਪਣਾਇਆ ਹੈ। ਕਰੋਨਾ ਕਾਲ ਵਿੱਚ ਜਦ ਲੋਕਾਂ ਵਿੱਚ ਆਪਣੇ ਸ਼ਰੀਰ ਦੇ ਰੋਗਾਂ ਦੀ ਲੜਨ ਦੀ ਸ਼ਕਤੀ ਵਧਾਉਣ ਬਾਰੇ ਜਾਗਰੂਕਤਾ ਆਈ ਹੈ ਤਾਂ ਮਨਜੀਤ ਕੌਰ ਵੱਲੋਂ ਤਿਆਰ ਕੀਤੇ ਖੇਤੀ ਉਤਪਾਦਾਂ ਦੀ ਮੰਗ ਵਿੱਚ ਵੀ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : ਇਹ ਹਨ ਪੰਜਾਬ ਦੇ Top 5 Richest Farmers, ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ

ਆਪਣੀ ਰੋਗਾਂ ਤੋਂ ਲੜਨ ਦੀ ਸਰੀਰਕ ਸ਼ਕਤੀ ਨੂੰ ਵਧਾਉਣ ਲਈ ਲੋਕਾਂ ਦਾ ਰੁਝਾਨ ਜੈਵਿਕ ਖੇਤੀ ਵੱਲ ਵਧਿਆ ਹੈ। ਮੰਡੀਕਰਨ ਦੇ ਨਵੇ ਤਰੀਕੇ, ਕਰੜੀ ਮਿਹਨਤ ਅਤੇ ਤਕਨੀਕੀ ਜਾਣਕਾਰੀ ਸਫਲਤਾ ਦੀ ਕੁੰਜੀ ਹਨ ਅਤੇ ਇਨ੍ਹਾਂ ਨੂੰ ਆਪਣਾ ਕੇ ਖੇਤੀ ਨੂੰ ਲਾਹੇਵੰਦ ਬਣਾਇਆ ਜਾ ਸਕਦਾ ਹੈ। ਮਨਜੀਤ ਕੌਰ ਇਨ੍ਹਾਂ ਅਸੂਲਾਂ ਨਾਲ ਆਪਣੀ ਖੇਤੀ ਨੂੰ ਹੋਰ ਅੱਗੇ ਲੈ ਜਾ ਕੇ ਲੋਕਾਂ ਨੂੰ ਬੇਲੋੜੇ ਤੇ ਵਾਧੂ ਖੇਤੀ ਜਹਿਰਾਂ ਦੇ ਦੁਰਪ੍ਰਭਾਵਾਂ ਬਾਰੇ ਜਾਗਰੂਕ ਕਰਨਾ ਚਾਹੁੰਦੇ ਹਨ। ਕ੍ਰਿਸ਼ੀ ਜਾਗਰਣ ਮਨਜੀਤ ਕੌਰ ਨੂੰ ਇਸ ਦੂਰਅੰਦੇਸ਼ੀ ਉੱਦਮ ਅਤੇ ਇੱਕ ਸਫਲ ਕਿਸਾਨ ਔਰਤ ਬਣਨ ਲਈ ਸ਼ੁਭਕਾਮਨਾਵਾਂ ਦਿੰਦਾ ਹੈ।

ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।

Summary in English: Organic farming changed the life of Manjit Kaur from Hoshiarpur, know the full story of her journey from cancer to organic farming here

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters