1. Home
  2. ਸਫਲਤਾ ਦੀਆ ਕਹਾਣੀਆਂ

ਇਹ ਹਨ ਪੰਜਾਬ ਦੇ Top 5 Richest Farmers, ਖੇਤੀਬਾੜੀ ਤੋਂ ਕਮਾ ਰਹੇ ਹਨ ਕਰੋੜਾਂ ਰੁਪਏ

ਦੇਸ਼ 'ਚ ਬਹੁਤ ਸਾਰੇ ਅਮੀਰ ਕਿਸਾਨ ਹਨ, ਪਰ ਅੱਜ ਅਸੀਂ ਤੁਹਾਨੂੰ ਪੰਜਾਬ ਦੇ 5 ਸਭ ਤੋਂ ਅਮੀਰ ਕਿਸਾਨਾਂ (Top 5 Richest Farmers) ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਖੇਤੀ ਦੇ ਦਮ 'ਤੇ ਕਰੋੜਾਂ ਰੁਪਏ ਦੀ ਜਾਇਦਾਦ ਬਣਾਈ ਹੈ। ਤਾਂ ਆਓ ਜਾਣਦੇ ਹਾਂ ਹੇਠਾਂ ਦਿੱਤੀ ਖਬਰ ਵਿੱਚ ਉਨ੍ਹਾਂ ਕਿਸਾਨਾਂ ਬਾਰੇ ਵਿਸਥਾਰ ਨਾਲ...

Gurpreet Kaur Virk
Gurpreet Kaur Virk
ਮਿਹਨਤ ਅਤੇ ਸਮਾਰਟ ਵਰਕ ਦੇ ਵਧੀਆ ਉਦਾਹਰਣ

ਮਿਹਨਤ ਅਤੇ ਸਮਾਰਟ ਵਰਕ ਦੇ ਵਧੀਆ ਉਦਾਹਰਣ

Millionair Farmers of Punjab: ਜਿਨ੍ਹਾਂ ਕਿਸਾਨਾਂ ਨੇ ਸਖ਼ਤ ਮਿਹਨਤ ਦੇ ਨਾਲ-ਨਾਲ ਸਮਾਰਟ ਵਰਕ 'ਤੇ ਜ਼ੋਰ ਦਿੱਤਾ ਅਤੇ ਭਾਰਤੀ ਖੇਤੀ ਨੂੰ ਨਵਾਂ ਰੂਪ ਦਿੱਤਾ, ਅੱਜ ਉਹ ਕਿਸਾਨ ਪੰਜਾਬ ਦੇ ਸਭ ਤੋਂ ਅਮੀਰ ਕਿਸਾਨਾਂ ਵਿੱਚ ਗਿਣੇ ਜਾਂਦੇ ਹਨ। ਇਨ੍ਹਾਂ ਹੀ ਨਹੀਂ ਇਹ ਕਾਮਯਾਬ ਕਿਸਾਨ ਅੱਜ ਸਾਡੇ ਬਾਕੀ ਕਿਸਾਨਾਂ ਨੂੰ ਵੀ ਵਧੀਆ ਮਿਸਾਲ ਪੇਸ਼ ਕਰ ਰਹੇ ਹਨ।

ਆਓ ਜਾਣਦੇ ਹਾਂ ਕੁਝ ਅਜਿਹੀਆਂ ਤਕਨੀਕਾਂ ਬਾਰੇ ਜੋ ਇਨ੍ਹਾਂ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਅਪਣਾਈਆਂ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇਨੋਵੇਸ਼ਨ ਵੀ ਉਨ੍ਹੀ ਹੀ ਜ਼ਰੂਰੀ ਹੈ ਜਿਨ੍ਹੀ ਕਿ ਮਿਹਨਤ ਅਤੇ ਇਸੇ ਨੇ ਇਨ੍ਹਾਂ ਕਿਸਾਨਾਂ ਨੂੰ ਪੰਜਾਬ ਵਿੱਚ ਸਭ ਤੋਂ ਅਮੀਰ ਕਿਸਾਨ (Richest Farmers) ਹੋਣ ਦਾ ਦਰਜ ਦਿੱਤਾ ਹੈ।

ਗੁਰਦਿਆਲ ਸਿੰਘ (Gurdayal Singh)

ਗੁਰਦਿਆਲ ਸਿੰਘ (Gurdayal Singh)

1. ਗੁਰਦਿਆਲ ਸਿੰਘ (Gurdayal Singh)

ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ, ਇੱਕ ਅਜਿਹੇ ਸ਼ਕਸ ਜਿੰਨਾ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਸਦਕਾ ਨਾ ਸਿਰਫ਼ ਪੰਜਾਬ ਵਿੱਚ, ਸਗੋਂ ਦੇਸ਼ ਭਰ ਵਿੱਚ ਨਾਮ ਰੌਸ਼ਨ ਕੀਤਾ ਹੈ। ਖੇਤੀਬਾੜੀ ਵਿੱਚ ਆਪਣੀ ਕਾਮਯਾਬੀ ਸਦਕਾ ਹੀ ਕਿਸਾਨ ਗੁਰਦਿਆਲ ਸਿੰਘ ਨੇ ਕ੍ਰਿਸ਼ੀ ਜਾਗਰਣ ਵੱਲੋਂ ਆਯੋਜਿਤ ਸਾਲ ਦੇ ਸਭ ਤੋਂ ਵੱਡੇ ਅਵਾਰਡ ਪ੍ਰੋਗਰਾਮ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਵਿੱਚ ਕੌਮੀ ਪੱਧਰ 'ਤੇ ਸਨਮਾਨ ਪ੍ਰਾਪਤ ਕੀਤਾ ਹੈ। ਦੱਸ ਦੇਈਏ ਕਿ ਅਗਾਂਹਵਧੂ ਕਿਸਾਨ ਗੁਰਦਿਆਲ ਸਿੰਘ ਨੇ ਆਪਣੇ ਸ਼ੁਰੂਆਤੀ ਸਾਲ 1998-99 ਵਿੱਚ ਆਤਮਾ ਖੇਤੀਬਾੜੀ ਵਿਭਾਗ ਕਾਹਨੂੰਵਾਨ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਤਮਾ ਦੇ ਪ੍ਰਦਰਸ਼ਨੀ ਪਲਾਟ ਵਿੱਚ ਪਹਿਲੀ ਵਾਰ 1 ਕਨਾਲ ਰਕਬੇ ਵਿੱਚ ਹਲਦੀ ਦੀ ਖੇਤੀ ਸ਼ੁਰੂ ਕੀਤੀ ਸੀ ਅਤੇ ਅੱਜ ਠੇਕੇ 'ਤੇ ਜ਼ਮੀਨ ਲੈ ਕੇ ਵੀ ਖੇਤੀ ਕੀਤੀ ਜਾ ਰਹੀ ਹੈ। ਜਿਸ 'ਚ ਅੱਜ 15 ਏਕੜ ਵਿੱਚ ਆਮ ਹਲਦੀ, ਪੰਜਾਬ-2, ਅੰਬਾਂ ਹਲਦੀ, ਕਾਲੀ ਹਲਦੀ ਤੇ ਦੇਸੀ ਕਿਸਮਾਂ ਦੀ ਹਲਦੀ ਵੀ ਬਿਜਾਈ ਹੇਠ ਲਿਆਂਦੀ ਹੈ।

ਗੁਰਦਿਆਲ ਸਿੰਘ ਨੇ ਇਸ ਆਯੁਰਵੈਦਿਕ ਕਾਲੀ ਹਲਦੀ ਦੇ ਬੀਜ਼ ਤੇ ਆਮ ਹਲਦੀ ਦੇ ਬੀਜ਼ ਦੇ ਫ਼ਰਕ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਾਲੀ ਹਲਦੀ ਦਾ ਬੀਜ 500 ਰੁਪਏ ਕਿੱਲੋ ਹੈ ਤੇ ਪ੍ਰੋਸੈਸਿੰਗ ਹਲਦੀ ਪਾਊਡਰ 2000 ਰੁਪਏ ਕਿੱਲੋ ਵਿਕਦਾ ਹੈ ਤੇ ਇਸ ਦੇ ਮੁਕਾਬਲੇ ਆਮ ਹਲਦੀ ਦਾ ਬੀਜ 35 ਰੁਪਏ ਕਿੱਲੋ ਤੇ ਪ੍ਰੋਸੈਸਿੰਗ ਹਲਦੀ ਪਾਊਡਰ ਦੀ ਕੀਮਤ 200 ਰੁਪਏ ਕਿੱਲੋ ਵਿਕਦੀ ਹੈ। ਅੱਜ ਗੁਰਦਿਆਲ ਸਿੰਘ ਆਤਮਾ ਖੇਤੀਬਾੜੀ ਵਿਭਾਗ ਕਾਹਨੂੰਵਾਨ ਦੇ ਬਲਾਕ ਫਾਰਮਰ ਸਲਾਹਕਾਰ ਕਮੇਟੀ ਦੇ ਚੇਅਰਮੈਨ, ਮੱਧੂ ਮੱਖੀ ਪਾਲਣ ਪੰਜਾਬ ਬੋਰਡ ਦੇ ਮੈਂਬਰ, ਜ਼ਿਲੇ ਦੇ ਗਵਰਨਿੰਗ ਬੋਰਡ ਤੇ ਜ਼ਿਲ੍ਹਾ ਪੈਦਾਵਾਰ ਕਮੇਟੀ ਦੇ ਮੈਂਬਰ, ਜ਼ਿਲ੍ਹਾ ਬਾਗ਼ਬਾਨੀ ਸਲਾਹਕਾਰ ਕਮੇਟੀ ਦੇ ਮੈਂਬਰ, ਕੇ.ਵੀ.ਕੇ. ਕਮੇਟੀ ਦੇ ਮੈਂਬਰ, ਹੋਰਟੀਕਲਚਰ ਸਟੇਟ ਦੇ ਮੈਂਬਰ, ਗੁਰਦਾਸਪੁਰ ਕੋਆਪਰੇਟਿਵ ਬੈਂਕ ਕਮੇਟੀ ਦੇ ਮੈਂਬਰ, ਪੰਜਾਬ ਦੇ ਜੱਟ ਐਕਸਪੋ ਮੇਲਾ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਹਿਮ ਯੋਗਦਾਨ ਅਹੁਦਿਆਂ ਨੂੰ ਜ਼ਿੰਮੇਵਾਰੀ ਨਾਲ ਨਿਭਾ ਰਹੇ ਹਨ।

ਲਖਵੀਰ ਸਿੰਘ ਖਾਲਸਾ (Lakhvir Singh Khalsa)

ਲਖਵੀਰ ਸਿੰਘ ਖਾਲਸਾ (Lakhvir Singh Khalsa)

2. ਲਖਵੀਰ ਸਿੰਘ ਖਾਲਸਾ (Lakhvir Singh Khalsa)

ਆਪਣੀ ਮਿਹਨਤ ਅਤੇ ਲਗਨ ਸਦਕਾ ਪੰਜਾਬ ਦੇ ਕਿਸਾਨਾਂ ਨੇ ਪੂਰੀ ਦੁਨੀਆਂ ਵਿੱਚ ਆਪਣਾ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਕਿਸਾਨ ਲਖਵੀਰ ਸਿੰਘ ਖਾਲਸਾ ਵੀ ਉਨ੍ਹਾਂ ਕਿਸਾਨਾਂ ਵਿਚੋਂ ਹੀ ਇੱਕ ਹਨ। ਦੱਸ ਦੇਈਏ ਕਿ ਪਿੰਡ ਕੱਖਾਂ ਵਾਲੀ, ਬਲਾਕ- ਲੰਬੀ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਸਨੀਕ ਕਿਸਾਨ ਲਖਵੀਰ ਸਿੰਘ ਖਾਲਸਾ ਕੋਲ ਕੁਲ 30 ਏਕੜ ਜ਼ਮੀਨ ਹੈ, ਜਿਸ 'ਤੇ ਉਹ ਪੂਰੀ ਕਾਮਯਾਬੀ ਨਾਲ ਸਫ਼ਲ ਖੇਤੀ ਕਰਕੇ ਬੀਜ ਉਤਪਾਦਨ ਦਾ ਕੰਮ ਕਰ ਰਹੇ ਹਨ। ਲਖਵੀਰ ਸਿੰਘ ਖਾਲਸਾ ਮੁੱਖ ਤੌਰ 'ਤੇ ਆਪਣੀ ਕੁਲ ਜ਼ਮੀਨ ਵਿੱਚ ਕਣਕ, ਝੋਨਾ, ਬਾਸਮਤੀ, ਸਰ੍ਹੋਂ, ਮੂੰਗੀ ਅਤੇ ਇਸ ਦੇ ਨਾਲ ਸਾਰੀਆਂ ਹੀ ਮੌਸਮੀ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ।

ਇਸ ਤੋਂ ਇਲਾਵਾ ਲਖਵੀਰ ਸਿੰਘ ਖਾਲਸਾ ਨੇ ਆਪਣੇ ਫ਼ਾਰਮ ਤੇ ਕੁਝ ਫ਼ਲਦਾਰ ਰੁੱਖ ਵੀ ਲਗਾਏ ਹੋਏ ਹਨ ਜਿਵੇਂ ਅਮਰੂਦ, ਕਿੰਨੂ, ਅਨਾਰ, ਚੀਕੂ, ਅੰਜੀਰ ਆਦਿ। ਸਾਲ 2008 ਤੋਂ ਲਖਵੀਰ ਸਿੰਘ ਖਾਲਸਾ ਨੇ ਸਹਾਇਕ ਕਿੱਤੇ ਵੱਜੋਂ ਡੇਅਰੀ ਦਾ ਕਿੱਤਾ ਅਪਨਾਇਆ ਹੋਇਆ ਹੈ ਜਿਸ ਵਿੱਚ 6 ਮੂਹਰਾ ਨਸਲ ਦੀਆਂ ਮੱਝਾਂ ਅਤੇ 3 ਐੱਚ. ਐੱਫ਼. ਨਸਲ ਦੀਆਂ ਗਾਵਾਂ ਰੱਖੀਆਂ ਹੋਈਆਂ ਹਨ ਜਿਨਾਂ ਦਾ ਦੁੱਧ ਵੇਚ ਕੇ ਆਪਣੀ ਘਰੇਲੂ ਆਮਦਨ ਵਿੱਚ ਵਾਧਾ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਕਿਸਾਨ ਲਖਵੀਰ ਸਿੰਘ ਖਾਲਸਾ ਨੇ ਆਪਣੇ ਫ਼ਾਰਮ ਨੂੰ ਇੱਕ ਤਜ਼ਰਬਾ ਖੇਤਰ ਬਣਾਇਆ ਹੋਇਆ ਹੈ ਜਿਸ ਵਿੱਚ ਉਹ ਦੂਜੇ ਕਿਸਾਨਾਂ ਨੂੰ ਬੀਜ ਉਤਪਾਦਨ ਨਾਲ ਸੰਬੰਧਤ ਜਾਣਕਾਰੀ ਦਿੰਦਾ ਰਹਿੰਦਾ ਹੈ।

ਇਹ ਵੀ ਪੜ੍ਹੋ : Farmer Kuljinder Singh ਦੇ ਖੇਤੀ ਮਾਡਲ ਨੇ ਕਿਸਾਨਾਂ ਨੂੰ ਦਿਖਾਇਆ ਨਵਾਂ ਰਾਹ

ਗੁਰਪ੍ਰੀਤ ਸਿੰਘ (Gurpreet Singh)

ਗੁਰਪ੍ਰੀਤ ਸਿੰਘ (Gurpreet Singh)

3. ਗੁਰਪ੍ਰੀਤ ਸਿੰਘ (Gurpreet Singh)

ਪੰਜਾਬ ਦੇਸ਼ ਵਿੱਚ ਖੇਤੀ ਦੇ ਖੇਤਰ ਵਿੱਚ ਮੋਹਰੀ ਸੂਬਾ ਮੰਨਿਆ ਜਾਂਦਾ ਹੈ, ਇਹੀ ਕਾਰਨ ਹੈ ਕਿ ਪੰਜਾਬ ਦੇ ਬਹੁਤ ਸਾਰੇ ਕਿਸਾਨ ਖੇਤੀ ਕਰਕੇ ਦੁਨੀਆਂ ਭਰ ਵਿੱਚ ਆਪਣਾ ਨਾਮ ਕਮਾ ਰਹੇ ਹਨ। ਅਜਿਹਾ ਹੀ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਤਹਿਸੀਲ ਅਬੋਹਰ ਦਾ ਕਿਸਾਨ ਗੁਰਪ੍ਰੀਤ ਸਿੰਘ ਹੈ, ਜਿਸ ਨੇ ਖੇਤੀ ਖੇਤਰ ਵਿੱਚ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ। ਦੱਸ ਦੇਈਏ ਕਿ ਕਿਸਾਨ ਗੁਰਪ੍ਰੀਤ ਸਿੰਘ ਉਮਰ 35 ਸਾਲ ਪੁਤਰ ਅਜਾਇਬ ਸਿੰਘ ਵਾਸੀ ਪਿੰਡ ਪੱਟੀ ਸਦੀਕ ਦਾ ਵਸਨੀਕ ਹੈ ਅਤੇ ਇਹ ਪਿੰਡ ਪੰਜਾਬ-ਰਾਜਸਥਾਨ ਦੇ ਨਾਲ ਹੋਣ ਦੇ ਨਾਲ-ਨਾਲ ਪੰਜਾਬ ਦੀਆਂ ਨਹਿਰਾਂ ਦੇ ਆਖੀਰ 'ਤੇ ਵਸਿਆ ਹੋਇਆ ਹੈ। ਇਹ ਇਲਾਕਾ ਪੰਜਾਬ ਦੇ ਹਰ ਜ਼ਿਲ੍ਹੇ ਨਾਲੋ ਆਰਥਿਕ ਤੋਰ 'ਤੇ ਪੱਛੜਿਆ ਹੋਇਆ ਹੈ। ਕਿਸੇ ਸਮੇਂ ਇਸ ਨੂੰ ਪੰਜਾਬ ਦਾ ਕੈਲੇਫੋਰਨੀਆ ਕਿਹਾ ਜਾਂਦਾ ਸੀ, ਪਰੰਤੂ ਸਮੇਂ ਦੇ ਨਾਲ-ਨਾਲ ਸੇਮ ਆਉਣ ਕਰਕੇ ਇਸ ਦੇ ਹੱਥੋਂ ਉਹ ਮਾਣ ਵੀ ਖੁੰਜ ਗਿਆ ਅਤੇ ਇਥੋਂ ਦੀ ਕਿਸਾਨੀ ਸਿਰਫ ਕੁਝ ਫਸਲਾਂ ਤੱਕ ਹੀ ਸੀਮਿਤ ਰਹਿ ਗਈ ਜਿਨਾਂ ਵਿਚੋਂ ਸਰ੍ਹੋਂ, ਕਣਕ, ਗੁਆਰ ਨਰਮਾ ਹਨ ਕਿਉਂਕਿ ਇਥੋਂ ਦੇ ਪਾਣੀ ਖਾਰੇ ਕਿਸਮ ਦੇ ਹਨ ਜਿਹੜੇ ਸਾਨੂੰ ਹਰ ਤਰਾਂ ਦੀ ਫਸਲ ਬੀਜਣ ਦੀ ਅਜਾਦੀ ਨਹੀਂ ਦਿੰਦੇ ਹਨ।

ਉਪਰੋਕਤ ਹਾਲਾਤ ਕਿਸਾਨੀ ਦੇ ਉਲਟ ਹੁੰਦੇ ਹੋਏ ਵੀ ਗੁਰਪ੍ਰੀਤ ਸਿੰਘ ਦੁਆਰਾ ਮਿਹਨਤ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਯੋਗ ਰਹਿਨੁਮਾਈ ਹੇਠ ਫਸਲੀ ਵਿਭਿੰਨਤਾ ਨੂੰ ਅਪਣਾਇਆ ਜਾ ਰਿਹਾ ਹੈ। ਕਈ ਔਕੜਾਂ ਦਾ ਸ਼ਾਹਮਨਾ ਕਰਨ ਦੇ ਬਾਵਜੂਦ ਗੁਰਪ੍ਰੀਤ ਸਿੰਘ ਨੇ ਹਾਰ ਨਹੀਂ ਮੰਨੀ ਅਤੇ ਆਪਣੀ ਮਿਹਨਤ ਅਤੇ ਲਗਨ ਨਾਲ ਵੱਡਾ ਮੁਕਾਮ ਹਾਸਿਲ ਕੀਤਾ। ਜੀ ਹਾਂ, ਗੁਰਪ੍ਰੀਤ ਸਿੰਘ ਨੇ 'ਮਿਲੀਅਨੇਅਰ ਫਾਰਮਰ ਆਫ ਇੰਡੀਆ' ਵਿੱਚ ਕੌਮੀ ਪੱਧਰ 'ਤੇ ਸਨਮਾਨ ਪ੍ਰਾਪਤ ਕਰਕੇ ਹੋਰਨਾਂ ਕਿਸਾਨਾਂ ਲਈ ਵਧੀਆ ਮਿਸਾਲ ਕਾਇਮ ਕੀਤੀ ਹੈ। ਦੱਸਣਯੋਗ ਹੈ ਕਿ ਐਮ.ਏ, ਬੀ.ਐੱਡ ਪਾਸ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਨੂੰ ਆਪਣੀ ਵਿਰਾਸਤੀ ਖੇਤੀ ਨੂੰ ਕਿੱਤੇ ਵਜੋਂ ਅਪਣਾਏ ਜਾਣ ਉੱਤੇ ਪੰਜਾਬ ਸਰਕਾਰ ਵੱਲੋਂ ਵੀ ਰਾਜ ਪੁਰਸਕਾਰ ਮਿਲ ਚੁੱਕੇ ਹਨ।

ਇਹ ਵੀ ਪੜ੍ਹੋ : National Award Winner ਸਫਲ ਕਿਸਾਨ ਗੁਰਮੀਤ ਸਿੰਘ

ਗੁਰਪ੍ਰੀਤ ਸਿੰਘ ਸ਼ੇਰਗਿੱਲ (Gurpreet Singh Shergill)

ਗੁਰਪ੍ਰੀਤ ਸਿੰਘ ਸ਼ੇਰਗਿੱਲ (Gurpreet Singh Shergill)

4. ਗੁਰਪ੍ਰੀਤ ਸਿੰਘ ਸ਼ੇਰਗਿੱਲ (Gurpreet Singh Shergill)

ਬਾਗਬਾਨੀ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕਰਨ ਵਾਲੇ 43 ਸਾਲਾ ਗੁਰਪ੍ਰੀਤ ਸਿੰਘ ਸ਼ੇਰਗਿੱਲ ਅੱਜ ਕਿਸੇ ਪਛਾਣ ਦੇ ਮੁਹਤਾਜ ਨਹੀਂ ਹਨ। ਤੁਹਾਨੂੰ ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਸ਼ੇਰਗਿੱਲ ਪਟਿਆਲਾ ਜ਼ਿਲ੍ਹੇ ਦੇ ਪਿੰਡ ਮਜਾਲ ਖੁਰਦ ਦੇ ਅਗਾਂਹਵਧੂ ਕਿਸਾਨ ਹਨ। ਗੁਰਪ੍ਰੀਤ ਸਿੰਘ ਸ਼ੇਰਗਿੱਲ ਭਾਵੇਂ ਕਿੱਤੇ ਵਜੋਂ ਮਕੈਨੀਕਲ ਇੰਜੀਨੀਅਰ ਹਨ, ਪਰ ਉਨ੍ਹਾਂ ਨੇ ਰੁਜ਼ਗਾਰ ਦੀ ਥਾਂ ਸਵੈ-ਰੁਜ਼ਗਾਰ ਦਾ ਰਾਹ ਚੁਣ ਕੇ ਵਧੀਆ ਨਾਮਣਾ ਖੱਟਿਆ ਹੈ। ਪਿਛੋਕੜ ਵੱਲ ਝਾਤ ਮਾਰੀਏ ਤਾਂ ਗੁਰਪ੍ਰੀਤ ਸਿੰਘ ਸ਼ੇਰਗਿੱਲ ਪੁਰਾਣੇ ਖੇਤੀ ਢਾਂਚੇ ਤੋਂ ਸੰਤੁਸ਼ਟ ਨਹੀਂ ਸਨ, ਇਸ ਲਈ ਉਨ੍ਹਾਂ ਨੇ ਆਪਣੇ ਵਿਹਲੇ ਸਮੇਂ ਵਿੱਚ ਨਵੀਆਂ ਖੇਤੀ ਤਕਨੀਕਾਂ ਬਾਰੇ ਸਾਹਿਤ ਪੜ੍ਹਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਹ ਰਵਾਇਤੀ ਖੇਤੀ ਤੋਂ ਹਟ ਕੇ ਫ਼ਸਲੀ ਵਿਭਿੰਨਤਾ ਵੱਲ ਨੂੰ ਤੁਰ ਪਏ।

ਹਾਲਾਂਕਿ, ਸ਼ੁਰੂਆਤੀ ਪੜਾਵਾਂ ਵਿੱਚ ਗੁਰਪ੍ਰੀਤ ਸਿੰਘ ਸ਼ੇਰਗਿੱਲ ਨੇ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਅਤੇ ਬਾਅਦ ਵਿੱਚ ਮੱਛੀ ਪਾਲਣ ਦਾ ਅਭਿਆਸ ਕੀਤਾ। ਪਰ ਬਾਅਦ ਵਿੱਚ ਆਪਣੇ ਪਰਿਵਾਰ ਦੀ 36 ਏਕੜ ਜ਼ਮੀਨ ਵਿੱਚੋਂ 22 ਏਕੜ ਜ਼ਮੀਨ ਵਿੱਚ ਗੇਂਦੇ ਦੀ ਖੇਤੀ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਗਲੈਡੀਉਲਸ, ਗੁਲਜ਼ਾਫ਼ਰੀ, ਸਟੈਟਾਈਸ ਅਤੇ ਗੁਲਾਬ ਦੀ ਕਾਸ਼ਤ ਵਿੱਚ ਵੀ ਵਧੀਆ ਯੋਗਦਾਨ ਪਾ ਰਹੇ ਹਨ। ਪਰਿਵਾਰ ਦੇ ਮੈਂਬਰਾਂ ਦੀ ਮਦਦ ਨਾਲ ਸ਼ੇਰਗਿੱਲ ਵਿਭਿੰਨ ਖੇਤੀ ਪ੍ਰਣਾਲੀ ਚਲਾ ਰਹੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਤੋਂ ਇਲਾਵਾ ਦੇਸ਼-ਵਿਦੇਸ਼ ਦੇ ਖੇਤੀ ਮਾਹਿਰ ਵੀ ਉਨ੍ਹਾਂ ਦੇ ਖੇਤਾਂ ਦਾ ਦੌਰਾ ਕਰਦੇ ਹਨ।

ਇਹ ਵੀ ਪੜ੍ਹੋ : Naturalization of Agriculture: ਖੇਤੀ ਦਾ ਕੁਦਰਤੀਕਰਨ ਵਕਤ ਦੀ ਲੋੜ

ਹਰਪ੍ਰੀਤ ਸਿੰਘ (Harpreet Singh)

ਹਰਪ੍ਰੀਤ ਸਿੰਘ (Harpreet Singh)

5. ਹਰਪ੍ਰੀਤ ਸਿੰਘ (Harpreet Singh)

ਪਿੰਡ ਕਮਾਲਪੁਰ ਬਲਾਕ ਦਿੜ੍ਹਬਾ ਜਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਕਿਸਾਨ ਹਰਪ੍ਰੀਤ ਸਿੰਘ ਆਪਣੀ ਕੁੱਲ 40 ਏਕੜ ਜਮੀਨ ਤੇ ਪੂਰੀ ਕਾਮਯਾਬੀ ਨਾਲ ਸਫਲ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਤੇ ਬੀਜ ਉਤਪਾਦਨ ਦਾ ਕੰਮ ਕਰ ਰਿਹਾ ਹੈ। ਹਰਪ੍ਰੀਤ ਦੁਆਰਾ ਫਸਲਾਂ ਨੂੰ ਅਨਾਜ ਦੇ ਤੌਰ 'ਤੇ ਮੰਡੀ ਵਿੱਚ ਬਹੁਤ ਘੱਟ ਵੇਚਿਆ ਜਾਂਦਾ ਹੈ। ਹਰਪ੍ਰੀਤ ਸਿੰਘ ਪਿਛਲੇ ਕਈ ਸਾਲਾਂ ਤੋਂ ਕਣਕ-ਝੋਨੇ ਦੇ ਮੁੱਖ ਫਸਲੀ ਚੱਕਰ ਤੋਂ ਇਲਾਵਾ ਗੋਭੀ ਸਰੋਂ, ਮੂੰਗੀ ਅਤੇ ਬਾਸਮਤੀ ਨੂੰ ਵੀ ਆਪਣੇ ਖੇਤਾਂ ਵਿੱਚ ਉਗਾ ਰਿਹਾ ਹੈ। ਹਰਪ੍ਰੀਤ ਸਿੰਘ ਅਨੁਸਾਰ ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ ਅਤੇ ਨਾਈਟਰੋਜਨ (ਯੂਰੀਆ) ਦੀ ਵੀ ਬੱਚਤ ਹੁੰਦੀ ਹੈ ਅਤੇ ਫਸਲ 'ਤੇ ਖਰਚਾ ਵੀ ਬਹੁਤ ਘੱਟ ਆਉਂਦਾ ਹੈ, ਝਾੜ ਵੀ ਵਧੀਆ ਆਉਂਦਾ ਹੈ। ਗੋਭੀ ਸਰੋਂ ਦੀ GSC 7 ਦੀ ਆਲੇ ਦੁਆਲੇ ਦੇ ਲੋਕ ਪਹਿਲਾਂ ਹੀ ਬੂਕਿੰਗ ਕਰਵਾ ਦਿੰਦੇ ਹਨ ਅਤੇ ਘਰੋਂ ਹੀ ਖਰੀਦ ਕੇ ਲੈ ਜਾਂਦੇ ਹਨ ਅਤੇ ਘਰ ਖਾਣ ਲਈ ਮੂੰਗੀ ਵੀ ਹੋ ਜਾਂਦੀ ਹੈ।

ਕਿਸਾਨ ਹਰਪ੍ਰੀਤ ਸਿੰਘ ਆਪਣੇ ਖੇਤ ਰੂੜੀ ਦੀ ਵਰਤੋ ਨਾ ਕਰਕੇ ਵਰਮੀ ਕੰਪੋਸ਼ਟ ਜਮੀਨ ਵਿੱਚ ਪਾਉਂਦਾ ਹੈ ਅਤੇ ਵਰਮੀ ਕੰਪੋਸ਼ਟ ਆਪਣੇ ਫਾਰਮ ਤੇ ਹੀ ਤਿਆਰ ਕਰਦਾ ਹੈ। ਅੱਜ ਸਭ ਤੋਂ ਵੱਡਾ ਮੁੱਦਾ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਨਸ਼ਟ ਕਰਨ ਦਾ ਹੈ ਪਰ ਹਰਪ੍ਰੀਤ ਸਿੰਘ ਪਰਾਲੀ ਨੂੰ ਜਮੀਨ ਵਿੱਚ ਹੀ ਵਾਹ ਦਿੰਦਾ ਹੈ। ਜਿਸ ਨਾਲ ਵਾਤਾਵਰਨ ਵੀ ਦੂਸ਼ਿਤ ਨਹੀਂ ਹੁੰਦਾ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ। ਹਰਪ੍ਰੀਤ ਸਿੰਘ ਦੇ ਫਾਰਮ 'ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵੀ ਦੌਰਾ ਕੀਤਾ। ਹਰਪ੍ਰੀਤ ਸਿੰਘ ਸਫਲ ਬੀਜ ਉਤਪਾਦਕ ਵੀ ਹੈ। ਕਣਕ ਦੀ 826 ਕਿਸਮ ਨੇ ਪਿਛਲੇ ਸਾਲ 27 ਕੁਇੰਟਲ ਝਾੜ ਦੇ ਕੇ ਰਿਕਾਰਡ ਸਥਾਪਿਤ ਕੀਤਾ। ਆਲੇ ਦੁਆਲੇ ਦੇ ਕਿਸਾਨ ਫਾਰਮ ਤੇ ਫਸਲਾਂ ਦੇਖ ਕੇ ਹਰਪ੍ਰੀਤ ਤੋਂ ਬੀਜ ਲੈ ਕੇ ਜਾਂਦੇ ਹਨ।

Summary in English: These are the Top 5 Richest Farmers of Punjab, earning crores of rupees from agriculture

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters