Success Story: ‘ਮਿਹਨਤ ਸਫ਼ਲਤਾ ਦੀ ਕੁੰਜੀ ਹੈ’, ਕਹਾਵਤ ਨੂੰ ਸਿੱਧ ਕਰ ਦਿਖਾਇਆ ਹੈ ਸ਼੍ਰੀਮਤੀ ਸੋਨੀਆ ਰਾਣੀ ਨੇ ਜੋ ਕਿ ਗੋਨਿਆਣਾ ਮੰਡੀ (ਬਠਿੰਡਾ) ਦੀ ਵਸਨੀਕ ਹੈ। ਸਾਲ 2022 ਵਿੱਚ, ਸੋਨੀਆ ਰਾਣੀ ਨੇ ਪ੍ਰੋਸੈਸਿੰਗ ਨਾਲ ਸਬੰਧਤ 10 ਦਿਨਾਂ ਦਾ ਸਿਖਲਾਈ ਕੋਰਸ ਪੂਰਾ ਕਰਨ ਤੋਂ ਬਾਅਦ ਇਹ ਕਿੱਤਾ ਅਪਣਾਇਆ ਅਤੇ ਹਰ ਪਾਸੇ ਤਾਰੀਫ ਹਾਸਿਲ ਕੀਤੀ। ਆਓ ਜਾਣਦੇ ਹਾਂ ਸੋਨੀਆ ਰਾਣੀ ਦੀ ਕਾਮਯਾਬੀ ਦਾ ਰਾਜ਼...
ਤੁਹਾਨੂੰ ਦੱਸ ਦੇਈਏ ਕਿ ਸੋਨੀਆ ਰਾਣੀ ਦੇ ਪਤੀ ਦੀ ਮੰਡੀ ਵਿੱਚ ਕਰਿਆਨੇ ਦੀ ਦੁਕਾਨ ਹੈ। ਸੋਨੀਆ ਕੁੱਝ ਸਮੇਂ ਤੋਂ ਅਜਿਹੀ ਸਿਖਲਾਈ ਲੈਣ ਦੀ ਭਾਲ ਕਰ ਰਹੀ ਸੀ, ਜਿਸ ਨਾਲ ਕੇ ਉਹ ਆਪਣੇ ਘਰ ਵਿੱਚ ਹੀ ਬਜ਼ੁਰਗਾਂ ਅਤੇ ਬੱਚਿਆਂ ਦੀ ਦੇਖਭਾਲ ਦੇ ਨਾਲ ਨਾਲ ਕੋਈ ਕਿੱਤਾ ਅਪਨਾ ਸਕੇ। ਇੱਕ ਦਿਨ ਉਸਦੀ ਨਿਗ੍ਹਾ ਬਠਿੰਡਾ ਦੇ ਰੋਜ਼-ਗਾਰਡਨ ਵਿੱਚ ਲੱਗੇ ਮੇਲੇ ਦੇ ਇੱਕ ਸਟਾਲ ਜੋ ਕਿ ਆਚਾਰ, ਚਟਣੀਆਂ ਆਦਿ ਉਤਪਾਦਾਂ ਦੀ ਵਿਕਰੀ ਸੰਬੰਧੀ ਸੀ, ਦੇ ਬੈਨਰ 'ਤੇ ਗਈ ਜਿਸ ਤੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਤੋਂ ਸਿਖਲਾਈ ਲੈਣ ਦਾ ਜ਼ਿਕਰ ਸੀ। ਅਗਲੇ ਦਿਨ ਹੀ ਉਸਨੇ ਆਪਣਾ ਅਤੇ ਆਪਣੇ ਪਤੀ ਦਾ ‘ਫ਼ਲ, ਸਬਜ਼ੀਆਂ ਅਤੇ ਦੁੱਧ ਦੀ ਪ੍ਰੋਸੈਸਿੰਗ’ ਸੰਬੰਧੀ ਸਿਖਲਾਈ ਕੋਰਸ ਵਿੱਚ ਭਾਗ ਲੈਣ ਲਈ ਨਾਮ ਦਰਜ ਕਰਵਾਇਆ।
ਪਿਛਲੇ ਸਾਲ ਜੁਲਾਈ, 2022 ਵਿੱਚ ਪਤੀ-ਪਤਨੀ ਦੋਨਾਂ ਨੇ ਹੀ ਆਰਿਆ ਪ੍ਰੋਜੈਕਟ (ARYA PROJECT) ਅਧੀਨ ਪ੍ਰੋਸੈਸਿੰਗ ਸੰਬੰਧੀ ਲਗਾਏ ਗਏ 10 ਦਿਨਾਂ ਸਿਖਲਾਈ ਕੋਰਸ ਵਿੱਚ ਭਾਗ ਲਿਆ। ਜਲਦੀ ਹੀ ਉਸਨੇ ਐਫ.ਐਸ.ਐਸ.ਏ.ਆਈ(FSSAI) ਨੰਬਰ ਲੈਣ ਉਪਰੰਤ ਘਰ ਵਿੱਚ ਹੀ ਵੱਖ-ਵੱਖ ਤਰ੍ਹਾਂ ਦੇ ਆਚਾਰ (ਅੰਬ, ਨਿੰਬੂ, ਕਰੇਲਾ, ਲਸਣ, ਮਿਰਚ ਆਦਿ), ਚਟਣੀਆਂ (ਅੰਬ ਤੇ ਲੌਕੀ), ਸੁਕਾਇਸ਼ (ਅੰਬ, ਨਿੰਬੂ, ਪੰਨਾ ਆਦਿ) ਬਣਾ ਕੇ ਦੁਕਾਨ ਤੇ ਰੱਖੇ। ਉਸਦੇ ਬਣਾਏ ਉਤਪਾਦਾਂ ਦੀ ਰੰਗਤ, ਗੁਣਵੱਤਾ ਅਤੇ ਸਵਾਦ ਨੂੰ ਦੇਖਦੇ ਹੋਏ ਜਲਦੀ ਹੀ ਗਾਹਕਾਂ ਵੱਲੋਂ ਉਸਦੇ ਉਤਪਾਦਾਂ ਦੀ ਮੰਗ ਵਧਣ ਲੱਗੀ ਅਤੇ ਆਰਡਰ ਆਉਣ ਲੱਗੇ।
ਸੋਨੀਆ ਨੇ ਆਚਾਰ, ਚਟਣੀਆਂ, ਸੁਕਾਇਸ਼ ਆਦਿ ਦੀ ਵਿਕਰੀ ਤੋਂ ਚੰਗੀ ਕਮਾਈ ਅਤੇ ਆਪਣੇ ਘਰ ਦੀ ਆਰਥਿਕਤਾ ਨੂੰ ਸੁਧਾਰਨ ਦਾ ਸੁਪਨਾ ਪੂਰਾ ਹੁੰਦਾ ਦੇਖ ਨਵੰਬਰ-ਦਸੰਬਰ, 2022 ਵਿੱਚ ਸਰਦ-ਰੁੱਤ ਦੇ ਫਲਾਂ ਅਤੇ ਸਬਜ਼ੀਆਂ ਆਦਿ ਦੀ ਪ੍ਰੋਸੈਸਿੰਗ ਸੰਬੰਧੀ ਲੱਗੇ 10 ਦਿਨਾਂ ਸਿਖਲਾਈ ਕੋਰਸ ਵਿੱਚ ਭਾਗ ਲਿਆ ਤਾਂ ਜੋ ਆਪਣੇ ਇਸ ਕਿੱਤੇ ਨੂੰ ਹੋਰ ਵਧਾ ਸਕੇ।
ਇਸ ਸਿਖਲਾਈ ਤੋਂ ਬਾਅਦ ਸੋਨੀਆਂ ਨੇ ਆਉਲੇ ਦਾ ਆਚਾਰ, ਚਟਣੀ, ਕੈਂਡੀ, ਮੁਰੱਬਾ, ਗੋਭੀ-ਗਾਜਰ, ਸ਼ਲਗਮ ਦਾ ਆਚਾਰ ਵੀ ਬਣਾ ਕੇ ਸੇਲ ਕੀਤੇ। ਇਸ ਤਰ੍ਹਾਂ ਚੰਗੀ ਚੌਖੀ ਕਮਾਈ ਹੁੰਦੀ ਦੇਖ ਸੋਨੀਆਂ ਨੇ ਜਨਵਰੀ 2023 ਵਿੱਚ ਬੇਕਰੀ-ਕੇਕ, ਬਿਸਕੁੱਟ ਆਦਿ ਬਣਾਉਣ ਬਾਰੇ ਵੀ ਸਿਖਲਾਈ ਲਈ। ਹੁਣ ਉਹ ਆਰਡਰ ਤੇ ਕੇਕ, ਕੁਕੀਜ਼, ਕੱਪ-ਕੇਕ ਅਤੇ ਚਾਕਲੇਟ ਆਦਿ ਬਣਾ ਕੇ ਵੀ ਵੇਚਦੀ ਹੈ। ਇਸ ਤੋਂ ਇਲਾਵਾ ਵੜੀਆਂ, ਬੇਸਨ ਦੇ ਸ਼ਬਜੀ ਵਾਲੇ ਪਕੌੜੇ-ਪਕੌੜੀਆਂ ਆਦਿ ਬਣਾ ਕੇ ਦੁਕਾਨ ਤੇ ਸੇਲ ਕਰਦੀ ਹੈ।
ਪਿਛਲੇ ਸਾਲ ਤੋਂ ਉਹ ਕੇ.ਵੀ.ਕੇ, ਖੇਤਰੀ ਖੋਜ ਕੇਂਦਰ, ਬਠਿੰਡਾ ਜਾਂ ਹੋਰ ਜਿੱਥੇ ਕਿਤੇ ਵੀ ਨੇੜੇ-ਤੇੜੇ ਕੋਈ ਮੇਲਾ ਜਾਂ ਮੌਕਾ ਲੱਗਦਾ, ਉਹ ਆਪਣੇ ਬਣਾਏ ਉਤਪਾਦਾਂ ਦੀ ਸਟਾਲ ਲਗਾ ਕੇ ਚੰਗਾ ਮੁਨਾਫ਼ਾ ਕਮਾ ਲੈਂਦੀ ਹੈ ਅਤੇ ਇਸੇ ਤਰ੍ਹਾਂ ਉਹ ਔਸਤਨ 25,000/- ਰੁਪਏ ਮਹੀਨਾ ਤੱਗ ਕਮਾ ਲੈਂਦੀ ਹੈ।
ਇਹ ਵੀ ਪੜ੍ਹੋ : ਕਿਸਾਨ ਨੇ Youtube Video ਦੇਖ ਕੇ ਸ਼ੁਰੂ ਕੀਤਾ ਇਹ ਧੰਦਾ, ਅੱਜ ਹੋ ਰਹੀ ਹੈ ਲੱਖਾਂ 'ਚ ਕਮਾਈ
ਇੱਥੇ ਹੀ ਬਸ ਨਹੀਂ, ਹੁਣ ਮਈ 2023 ਵਿੱਚ ਉਸਨੇ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਵਿਖੇ ਸਰਫ਼, ਡਿਸ਼-ਵਾਸ਼, ਫਿਨਾਇਲ ਆਦਿ ਬਣਾਉਣ ਸੰਬੰਧੀ ਵੀ ਸਿਖਲਾਈ ਲੈ ਲਈ ਹੈ ਅਤੇ ਜਲਦੀ ਹੀ ਇਹ ਸਭ ਵੀ ਬਣਾ ਕੇ ਦੁਕਾਨ ਤੇ ਸੇਲ ਲਈ ਰੱਖੇਗੀ। ਸੋਨੀਆਂ ਦਾ ਕਹਿਣਾ ਹੈ ਕਿ ਉਹ ਆਪਣੀ ਕਮਾਈ ਤੋਂ ਕਾਫ਼ੀ ਸੰਤੁਸ਼ਟ ਹੈ ਅਤੇ ਇਸਦਾ ਸਿਹਰਾ ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ ਨੂੰ ਦਿੰਦੀ ਹੈ ਜਿਸ ਦੇ ਸੰਪਰਕ ‘ਚ ਆਉਣ ਦੇ ਉਸਦਾ ਇਹ ਸੁਪਨਾ ਸਾਕਾਰ ਹੋਇਆ।
ਇਹ ਵੀ ਪੜ੍ਹੋ : PM Modi ਵੱਲੋਂ ਪੰਜਾਬ ਦੇ Farmer Gurbachan Singh ਦਾ ਜ਼ਿਕਰ, ਕੀਤੀ ਰੱਜ ਕੇ ਤਰੀਫ
ਸੋ ਅੰਤ ਵਿੱਚ ਇਹੀ ਕਹਿਣਾ ਚਾਹੁੰਦੇ ਹਾਂ ਕਿ ‘ਸੋਨੀਆ’ ਦੀ ਸਫ਼ਲਤਾ ਤੋਂ ਪ੍ਰਭਾਵਿਤ ਹੋ ਕੇ ਹੋਰ ਚਾਹਵਾਨ ਬੀਬੀਆਂ ਦੀ ਇਸ ਤਰ੍ਹਾਂ ਦੇ ਕਿੱਤਾ-ਮੁਖੀ ਸਿਖਲਾਈ ਕੋਰਸ ਚ ਭਾਗ ਲੈਣ ਦੀ ਇੱਛਾ ਹੋਵੇ ਤਾਂ ਉਹ ਆਪਣੇ ਜ਼ਿਲੇ ਜਾਂ ਨੇੜੇ ਲਗਦੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰਕੇ ਆਪਣਾ ਨਾਮ ਦਰਜ਼ ਕਰਾ ਸਕਦੀਆਂ ਹਨ। ਸਫ਼ਲਤਾ ਪੂਰਵਕ ਸਿਖਲਾਈ ਲੈਣ ਉਪਰੰਤ ਸਰਟੀਫਿਕੇਟ ਵੀ ਦਿੱਤੇ ਜਾਂਦੇ ਹਨ।
ਜਸਵਿੰਦਰ ਕੌਰ ਬਰਾੜ ਅਤੇ ਗੁਰਦੀਪ ਸਿੰਘ ਸਿੱਧੂ, ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
ਜ਼ਰੂਰੀ ਨੋਟ: ਅਜਿਹੀਆਂ ਹੋਰ ਸਫਲਤਾ ਦੀਆਂ ਕਹਾਣੀਆਂ ਪੜ੍ਹਨ ਲਈ, www.punjabi.krishijagran.com 'ਤੇ ਲੌਗ ਇਨ ਕਰੋ ਤੇ ਸਫਲਤਾ ਦੀਆਂ ਕਹਾਣੀਆਂ ਟੈਬ 'ਤੇ ਕਲਿੱਕ ਕਰੋ। ਜੇਕਰ ਤੁਸੀਂ ਕਿਸੇ ਸਫਲਤਾ ਦੀ ਕਹਾਣੀ ਜਾਣਦੇ ਹੋ ਤੇ ਚਾਹੁੰਦੇ ਹੋ ਕਿ ਅਸੀਂ ਇਸਨੂੰ ਆਪਣੇ ਪਾਠਕਾਂ ਨਾਲ ਸਾਂਝਾ ਕਰੀਏ, ਤਾਂ ਕਿਰਪਾ ਕਰਕੇ ਸਾਨੂੰ punjabi@krishijagran.com 'ਤੇ ਈਮੇਲ ਕਰੋ।
Summary in English: Sonia Rani is a successful women entrepreneur